ਪਾਵਰਕਾਮ ਦੇ ਲੱਛਣਾ ਤੋਂ ਅੱਕੇ ਕਿਸਾਨਾਂ ਨੇ ਕੀਤਾ ਚੱਕਾ ਜਾਮ

ss1

ਪਾਵਰਕਾਮ ਦੇ ਲੱਛਣਾ ਤੋਂ ਅੱਕੇ ਕਿਸਾਨਾਂ ਨੇ ਕੀਤਾ ਚੱਕਾ ਜਾਮ
ਸਿਖਰ ਦੁਪਿਹਰੇ ਪੁਲਿਸ ਨੂੰ ਪਾਈਆਂ ਭਾਜੜ੍ਹਾਂ

1-7
ਬੁਢਲਾਡਾ 30, ਜੂਨ(ਤਰਸੇਮ ਸ਼ਰਮਾਂ): ਇੱਥੇ ਅੱਜ ਛੋਟੇ ਗਰੀਬ ਕਿਸਾਨਾਂ ਦੇ ਟਿਊਬਵੈੱਲ ਮੋਟਰ ਕੂਨੈਕਸ਼ਨ ਚਾਲੂ ਕਰਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੀ ਅਗਵਾਈ ਵਿੱਚ ਐਕਸੀਅਨ ਪਾਵਰਕਾਮ ਦੇ ਦਫਤਰ ਸਾਹਮਣੇ ਪਿਛਲੇ ਤਿੰਨ ਦਿਨਾਂ ਤੋਂ ਕਿਸਾਨਾ ਦੇ ਚੱਲ੍ਹ ਰਹੇ ਦਿਨ ਰਾਤ ਦੇ ਧਰਨੇ ਵਿੱਚ ਇੱਕਠੇ ਹੋਏ ਸੈਕੜੇ ਕਿਸਾਨਾਂ ਨੇ ਅੱਜ ਬੁਢਲਾਡਾ ਦੇ ਚੰਡੀਗੜ੍ਹਬਠਿੰਡਾ ਅਤੇ ਰਤੀਆ ਮੁੱਖ ਮਾਰਗ ਤੇ ਜਾਮ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਜਿਸ ਕਰਕੇ ਪੀ ਆਰ ਟੀ ਸੀ ਬੱਸ ਡਿੱਪੂ ਦੀਆਂ ਬੱਸਾਂ ਸਮੇਤ ਪ੍ਰਾਈਵੇਟ ਬੱਸਾਂ ਅਤੇ ਹੋਰ ਵਾਹਨ ਆਪਣੇ ਰੂਟਾਂ ਤੋਂ ਪਛੜ੍ਹ ਗਏ। ਕਿਸਾਨਾਂ ਵੱਲੋਂ ਲਾਏ ਗਏ ਜਾਮ ਮੌਕੇ ਤਹਿਸੀਲ ਦੇ ਚਾਰੇ ਥਾਣਿਆਂ ਬੋਹਾਂ, ਬਰੇਟਾ, ਸਦਰ ਅਤੇ ਸਿਟੀ ਬੁਢਲਾਡਾ ਦੇ ਵੱਡੀ ਗਿਣਤੀ ਪੁਲਿਸ ਮੁਲਾਜਮ ਤਾਇਨਾਤ ਸਨ। ਲੰਬੇ ਰੂਟਾਂ ਦੀਆਂ ਬੱਸਾਂ ਵਾਲੇ ਇਸ ਮੁੱਖ ਮਾਰਗ ਤੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਜੱਥੇਬੰਦੀ ਦੇ ਵੱਖ ਵੱਖ ਬੁਲਾਰਿਆਂ ਦਾ ਕਹਿਣਾ ਸੀ ਕਿ ਪਾਵਰਕਾਮ ਅਤੇ ਪੰਜਾਬ ਸਰਕਾਰ ਦੋਵੇਂ ਹੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ ਤੇ ਸੰਕਟ ਵਿੱਚ ਫਸੇ ਕਿਸਾਨਾਂ ਦੀ ਉਨ੍ਹਾ ਵੱਲੋਂ ਸਾਰ ਲੈਣ ਦੀ ਵਿਹਲ ਹੀ ਨਹੀਂ ਹੈ। ਕਿਸਾਨ ਆਗੂਆ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਪਾਵਰਕਾਮ ਅਧਿਕਾਰੀਆਂ ਅਤੇ ਸਰਕਾਰ ਦਾ ਵਤੀਰਾ ਕਿਸਾਨਾਂ ਪ੍ਰਤੀ ਇਸੇ ਤਰ੍ਹਾ ਦਾ ਰਿਹਾ ਤਾਂ ਕਿਸਾਨ ਜੱਥੇਬੰਦੀ ਡਕੋਦਾਂ ਆਪਣੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਪਾਵਰਕਾਮ ਦੇ ਅਧਿਕਾਰੀ ਅਤੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਦੀ ਬਜਾਏ ਆਪਣੀਆ ਹੀ ਮੀਟਿੰਗਾਂ ਵਿੱਚ ਰੁੱਝੇ ਹੋਏ ਹਨ। ਉਹਨਾਂ ਕਿਹਾ ਕਿ ਠੋਸ ਰੂਪ ਵਿੱਚ ਛੋਟੇ ਕਿਸਾਨਾਂ ਦੇ ਟਿਊਬਵੈੱਲ ਮੋਟਰ ਕੂਨੈਕਸ਼ਨਾਂ ਦਾ ਸਮਾਨ ਜਾਰੀ ਕਰਨ ਲਈ ਮਹਿਕਮਾ ਪਾਵਰਕਾਮ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆਂ ਜਾ ਰਿਹਾ। ਜਿਸ ਕਰਕੇ ਲੰਬੇ ਸਮੇਂ ਦੀ ਉਡੀਕ ਬਾਅਦ ਕਿਸਾਨ ਪਾਵਰਕਾਮ ਦੇ ਦਫਤਰ ਅੱਗੇ ਧਰਨਾਂ ਲਾਉਣ ਲਈ ਮਜਬੂਰ ਹੋਏ। ਬੁਲਾਰਿਆਂ ਦਾ ਕਹਿਣਾ ਸੀ ਕਿ ਪਿੰਡਾਂ ਦੇ ਢਾਈ ਏਕੜ ਅਤੇ ਪੰਜ ਏਕੜ ਦੀ ਮਾਲਕੀ ਵਾਲੇ ਆਰਥਿਕ ਪੱਖੋਂ ਕਮਜੋਰ ਕਿਸਾਨਾਂ ਨੇ ਆਪਣਾ ਸਾਰਾ ਕੁਝ ਵੇਚ ਵੱਟ ਕੇ ਮੋਟਰ ਕੂਨੈਕਸ਼ਨਾਂ ਦੀ ਝਾਕ ਵਿੱਚ ਕਰੋੜਾ ਰੁਪਏ ਪਾਵਰਕਾਮ ਦੇ ਖਜ਼ਾਨੇ ਵਿੱਚ ਪਾ ਦਿੱਤੇ ਹਨ ਪ੍ਰੰਤੂ ਹੁਣ ਪਾਵਰਕਾਮ ਕਿਸਾਨਾਂ ਦੇ ਮੋਟਰ ਕੂਨੈਕਸ਼ਨ ਚਾਲੂ ਨਾ ਕਰਨ ਲਈ ਟਾਲਮਟੋਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਤੀਜੇ ਦਿਨ ਚੱਕਾ ਜਾਮ ਕਰਨ ਦਾ ਕਿਸਾਨਾਂ ਦਾ ਕੋਈ ਮਨਸਾ ਨਹੀਂ ਸੀ ਪ੍ਰੰਤੂ ਪਾਵਰਕਾਮ ਦੇ ਲੱਛਣਾ ਨੂੰ ਦੇਖ ਕੇ ਕਿਸਾਨਾਂ ਵੱਲੋਂ ਚੱਕਾ ਜਾਮ ਕਰਨਾ ਪਿਆ। ਉਹਨਾਂ ਕਿਹਾ ਕਿ ਕੱਲ੍ਹ ਨੂੰ ਦਿੱਤੇ ਜਾਣ ਵਾਲੇ ਧਰਨੇ ਦਾ ਮੋੜਾ ਕਿਸੇ ਹੋਰ ਪਾਸੇ ਵੱਲ੍ਹ ਕੱਟਿਆ ਜਾਵੇਗਾ। ਅੱਜ ਦੇ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਜੱਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਸੂਬਾ ਸੀਨੀਅਰ ਮੀਤ ਪ੍ਰਧਾਨ ਦਰਬਾਰਾ ਸਿੰਘ, ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਗੁਲਜਾਰ ਸਿੰਘ ਗੁਰਨਾ, ਮਹਿੰਦਰ ਸਿੰਘ ਭੈਣੀ, ਰਾਮਫਲ ਸਿੰਘ ਚੱਕ ਅਲੀਸ਼ੇਰ, ਲਛਮਣ ਸਿੰਘ, ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ, ਮਹਿੰਦਰ ਸਿੰਘ ਕੁਲਰੀਆਂ, ਜੁਗਰਾਜ ਸਿੰਘ ਗੋਰਖਨਾਥ, ਗੁਰਜੰਟ ਸਿੰਘ ਮਘਾਣੀਆ ਸ਼ਾਮਿਲ ਸਨ। ਜਦੋਂਕਿ ਇਸ ਧਰਨੇ ਵਿੱਚ ਸੁਖਵੀਰ ਸਿੰਘ ਖਾਰਾ ਨੇ ਤੁੰਬੀ ਦੀਆਂ ਵੱਖ ਵੱਖ ਤਰਜ਼ਾ ਤੇ ਕਿਸਾਨਾਂ ਨੂੰ ਕਿਸਾਨੀ ਘੋਲਾਂ ਸੰਬੰਧੀ ਗੀਤ ਅਤੇ ਵਾਰਾਂ ਗਾ ਕੇ ਨਿਹਾਲ ਕੀਤਾ।

Share Button

Leave a Reply

Your email address will not be published. Required fields are marked *