Sun. Aug 18th, 2019

ਪਾਰਟੀ ਪ੍ਰਚਾਰ ਦੇ ਵਾਲ ਪੇਂਟਿੰਗ ਅਤੇ ਹੋਰਡਿੰਗ/ਬੈਨਰ ਤੁਰੰਤ ਉਤਾਰ ਦਿੱਤੇ ਜਾਣ ਨਹੀਂ ਤਾਂ ਇਸ ਨੂੰ ਡਿਫੇਸਮੈਂਟ ਐਕਟ ਦੀ ਉਲੰਘਣਾ ਮੰਨਿਆ ਜਾਵੇਗਾ- ਸ. ਭੁਪਿੰਦਰ ਸਿੰਘ ਰਾਏ

ਪਾਰਟੀ ਪ੍ਰਚਾਰ ਦੇ ਵਾਲ ਪੇਂਟਿੰਗ ਅਤੇ ਹੋਰਡਿੰਗ/ਬੈਨਰ ਤੁਰੰਤ ਉਤਾਰ ਦਿੱਤੇ ਜਾਣ ਨਹੀਂ ਤਾਂ ਇਸ ਨੂੰ ਡਿਫੇਸਮੈਂਟ ਐਕਟ ਦੀ ਉਲੰਘਣਾ ਮੰਨਿਆ ਜਾਵੇਗਾ- ਸ. ਭੁਪਿੰਦਰ ਸਿੰਘ ਰਾਏ

untitled-1ਬਰਨਾਲਾ 05 ਦਸੰਬਰ ( ਗੁਰਭਿੰਦਰ ਗੁਰੀ ) ਸਮੂਹ ਰਾਜਨੀਤਿਕ ਪਾਰਟੀਆਂ ਵੱਲੋਂ ਜ਼ਿਲੇ ਵਿੱਚ ਸਰਕਾਰੀ ਬਿਲਡਿੰਗਾਂ, ਬਿਜਲੀ ਦੇ ਖੰਭੇ, ਪੁਲਾਂ ਅਤੇ ਦਰੱਖਤਾਂ ਆਦਿ ਉੱਪਰ ਲਗਾਏ ਗਏ ਪਾਰਟੀ ਪ੍ਰਚਾਰ ਦੇ ਵਾਲ ਪੇਂਟਿੰਗ ਅਤੇ ਹੋਰਡਿੰਗ/ਬੈਨਰ ਤੁਰੰਤ ਉਤਾਰ ਦਿੱਤੇ ਜਾਣ ਨਹੀਂ ਤਾਂ ਇਸ ਨੂੰ ਡਿਫੇਸਮੈਂਟ ਐਕਟ ਦੀ ਉਲੰਘਣਾ ਮੰਨਿਆ ਜਾਵੇਗਾ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਜਾਵੇਗਾ। ਇਹ ਜਾਣਕਾਰੀ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ ਨੇ ਅੱਜ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੁਲਾਈ ਗਈ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨਾਂ ਕਿਹਾ ਕਿ ਨਿੱਜੀ ਇਮਾਰਤਾਂ ਤੇ ਲਗਾਏ ਗਏ ਹੋਰਡਿੰਗ/ਬੈਨਰ ਆਦਿ ਦੀ ਮਕਾਨ ਮਾਲਕਾਂ ਦੀ ਪ੍ਰਵਾਨਗੀ ਲੈਣੀ ਲਾਜ਼ਮੀ ਹੈ। ਉਨਾਂ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਨਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਸਰਕਾਰੀ ਇਮਾਰਤਾਂ ਤੇ ਵੀ ਹੋਰਡਿੰਗ/ਬੈਨਰ ਉਤਾਰਣਾ ਉਨਾਂ ਦੀ ਨਿੱਜੀ ਜਿੰਮੇਵਾਰੀ ਹੋਵੇਗੀ। ਸ. ਰਾਏ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਾਜਸੀ ਪਾਰਟੀਆਂ ਤੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਸੁਵਿਧਾ, ਸਮਾਧਾਨ ਤੇ ਸੁਗਮ ਨਾਮ ਹੇਠ ਤਿੰਨ ਐਪ ਜਾਰੀ ਕੀਤੀਆਂ ਗਈਆਂ ਹਨ ਜਿਨਾਂ ਨਾਲ ਵੋਟਰਾਂ ਤੇ ਰਾਜਨੀਤਿਕ ਪਾਰਟੀਆਂ ਨੂੰ ਵੱਡਾ ਲਾਭ ਮਿਲੇਗਾ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਨੇ ਸੂਚਨਾ ਤਕਨਾਲੋਜੀ ਦੀ ਸਹਾਇਤਾ ਨਾਲ ਰਾਜਨੀਤਿਕ ਪਾਰਟੀਆਂ, ਉਮੀਦਵਾਰਾਂ ਤੇ ਵੋਟਰਾਂ ਦਾ ਕੰਮ ਕਾਫੀ ਆਸਾਨ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਇਹ ਤਿੰਨੋਂ ਐਪ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਤਿਆਰ ਕੀਤੀਆਂ ਗਈਆਂ ਹਨ ਜੋ ਕਿ ਚੋਣਾਂ ਸਬੰਧੀ ਵੱਖ-ਵੱਖ ਕੰਮਾਂ ਲਈ ਵਰਤੀਆਂ ਜਾ ਸਕਣਗੀਆਂ। ਉਨਾਂ ਦੱਸਿਆ ਕਿ ਇਨਾਂ ਐਪਸ ਰਾਹੀਂ ਆਨ ਲਾਈਨ ਸ਼ਿਕਾਇਤ ਦਰਜ ਕਰਵਾਉਣ ਦੇ ਨਾਲ-ਨਾਲ ਉਮੀਦਵਾਰਾਂ ਵੱਲੋਂ ਗੱਡੀਆਂ ਅਤੇ ਇਸ਼ਤਿਹਾਰ ਦੀ ਪ੍ਰਵਾਨਗੀ ਸਮੇਤ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ। ਸ. ਰਾਏ ਨੇ ਦੱਸਿਆ ਕਿ ਸਮਾਧਾਨ ਅਜਿਹਾ ਸਾਫਟਵੇਅਰ ਹੈ ਜਿਸ ਨਾਲ ਚੋਣਾਂ ਦੌਰਾਨ ਚੋਣਾਂ ਸਬੰਧੀ ਕਿਸੇ ਵੀ ਕਿਸਮ ਦੀ ਕੋਈ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਨਾਂ ਦੱਿਸਆ ਕਿ ਇਸ ਐਪ ‘ਤੇ ਦਸਤਾਵੇਜ਼ਾਂ ਨਾਲ ਸ਼ਿਕਾਇਤ ਅਪਲੋਡ ਕਰਨ ਉਪਰੰਤ ਇੱਕ ਕੋਡ ਜਾਰੀ ਕੀਤਾ ਜਾਵੇਗਾ ਜਿਸ ਨਾਲ ਕੀਤੀ ਗਈ ਸ਼ਿਕਾਇਤ ‘ਤੇ ਹੋਈ ਕਾਰਵਾਈ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਸ ਐਪ ਰਾਹੀਂ ਕੀਤੀ ਗਈ ਸ਼ਿਕਾਇਤ ‘ਤੇ 72 ਘੰਟੇ ਦੇ ਅੰਦਰ ਕਾਰਵਾਈ ਯਕੀਨੀ ਬਣਾਈ ਜਾਵੇਗੀ ਅਤੇ ਇਸ ਵਿੱਚ ਕਿਸੇ ਕਿਸਮ ਦੀ ਢਿੱਲ ਹੋਣ ‘ਤੇ ਸਬੰਧਿਤ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋ ਜਾਵੇਗਾ ਅਤੇ ਚੋਣ ਕਮਿਸ਼ਨ ਕੋਲ ਵੀ ਇੱਕ ਅਲਰਟ ਮੈਸੇਜ ਪਹੁੰਚ ਜਾਵੇਗਾ। ਉਨਾਂ ਦੱਸਿਆ ਕਿ ਐਪ ਰਾਹੀਂ ਸ਼ਿਕਾਇਤ ਕਰਨ ਵਾਲੇ ਸ਼ਿਕਾਇਤ ਕਰਤਾ ਦੇ ਮੋਬਾਇਲ ‘ਤੇ ਵੀ ਐਸ.ਐਮ.ਐਸ. ਭੇਜਿਆ ਜਾਵੇਗਾ। ਜ਼ਿਲਾ ਚੋਣ ਅਫਸਰ ਨੇ ਹੋਰ ਦੱਸਿਆ ਕਿ ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ ਨੂੰ ਲਾਊਡ ਸਪੀਕਰ, ਰੈਲੀਆਂ, ਰੈਲੀ ਦਾ ਸਥਾਨ, ਹੈਲੀਕਾਪਟਰ ਜਾਂ ਜਹਾਜ਼ ਦੀ ਲੈਡਿੰਗ, ਚੋਣ ਖੇਤਰ ਵਿੱਚ ਚੱਲਣ ਵਾਲੀਆਂ ਗੱਡੀਆਂ, ਬੈਨਰ ਤੇ ਝੰਡਿਆਂ ਸਬੰਧੀ ਮਨਜ਼ੂਰੀ ਲੈਣ ਦੀ ਲੋੜ ਹੁੰਦੀ ਹੈ । ਉਨਾਂ ਹੋਰ ਦੱਸਿਆ ਕਿ ਸੁਵਿਧਾ ਐਪ ਰਾਹੀਂ ਉਮੀਦਵਾਰ 24 ਘੰਟੇ ਅੰਦਰ ਇਹ ਪ੍ਰਵਾਨਗੀ ਹਾਸਲ ਕਰ ਸਕਦੇ ਹਨ। ਉਨਾਂ ਦੱਸਿਆ ਕਿ ਚੋਣ ਅਧਿਕਾਰੀ ਨੂੰ ਜੇਕਰ ਪ੍ਰਵਾਨਗੀ ਦੇਣ ਵਿੱਚ ਕੋਈ ਦਿੱਕਤ ਪੇਸ਼ ਆਉਂਦੀ ਹੋਵੇਗੀ ਤਾਂ ਉਸ ਦਾ ਕਾਰਨ ਵੀ ਆਨ ਲਾਈਨ ਕਰਨਾ ਜਰੂਰੀ ਹੋਵੇਗਾ। ਉਨਾਂ ਹੋਰ ਦੱਸਿਆ ਕਿ ਉਮੀਦਵਾਰ ਚੋਣ ਕਮਿਸ਼ਨ ਦੀ ਵੈਬਸਾਈਟ ‘ਤੇ ਜਾ ਕੇ ਵੀ ਆਪਣੇ ਬਿਨੈ ਪੱਤਰ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਉਨਾਂ ਹੋਰ ਦੱਸਿਆ ਕਿ ਸੁਗਮ ਐਪ ਦਾ ਇਸਤੇਮਾਲ ਵਿਧਾਨ ਸਭਾ ਚੋਣਾਂ ਦੇ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਗੱਡੀਆਂ ਦੇ ਬੰਦੋਬਸਤ ਲਈ ਕੀਤਾ ਜਾਵੇਗਾ। ਸ. ਰਾਏ ਨੇ ਦੱਸਿਆ ਕਿ ਅਜ਼ਾਦਾਨਾ, ਨਿਰਪੱਖ ਅਤੇ ਬੇਖ਼ੌਫ਼ ਮਾਹੌਲ ਵਿੱਚ ਚੋਣਾਂ ਕਰਵਾਉਣ ਲਈ ਵੋਟਰਾਂ ਦੇ ਸੁਝਾਅ ਅਤੇ ਸ਼ਿਕਾਇਤਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਇਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਤਿੰਨ ਐਪ ਤਿਆਰ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਸੁਵਿਧਾ, ਸਮਾਧਾਨ ਤੇ ਸੁਗਮ ਐਪ ਦੇ ਸਰਲ ਰੂਪ ਵਿੱਚ ਵੋਟਰਾਂ ਨੂੰ ਉੱਚ ਗੁਣਵੱਤਾ ਵਾਲੀ ਸਿੰਗਲ ਵਿੰਡੋ ਸੁਵਿਧਾ ਉਪਲਬਧ ਕਰਵਾਈ ਗਈ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐੱਸ.ਐੱਸ.ਪੀ. ਸ. ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਿਤੇ ਵੀ ਕੋਈ ਨਸ਼ਾ ਵੰਡਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ 100 ਜਾਂ 181 ਨੰਬਰ ਤੇ ਦਿੱਤੀ ਜਾਵੇ।ਇਸ ਮੌਕੇ ਹੋਰਨਾਂ ਤੋ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਪਾਲ ਕੌਰ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰਵੀਨ ਕੁਮਾਰ, ਐਸ.ਡੀ.ਐਮ. ਬਰਨਾਲਾ ਅਮ੍ਰਿਤਾ ਸਿੰਘ, ਸਹਾਇਕ ਕਮਿਸ਼ਨਰ ਵਰਿੰਦਰ ਸਿੰਘ, ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਰੁਪਿੰਦਰ ਸਿੰਘ ਸੰਧੂ, ਤਹਿਸੀਲਦਾਰ ਚੋਣ ਨਰੇਸ਼ ਕਿਰਨ, ਜ਼ਿਲਾ ਸੂਚਨਾ ਅਫ਼ਸਰ ਨੀਰਜ ਗਰਗ, ਪਰਮਜੀਤ ਸਿੰਘ ਖਾਲਸਾ, ਬੀਰ ਇੰਦਰ ਸਿੰਘ ਜੈਲਦਾਰ, ਜ਼ਿਲਾ ਪ੍ਰਧਾਨ ਭਾਜਪਾ ਗੁਰਮੀਤ ਸਿੰਘ ਹੰਢਿਆਇਆ, ਉਜਾਗਰ ਸਿੰਘ ਬੀਹਲਾ, ਸਕੱਤਰ ਸੀ.ਪੀ.ਆਈ.ਐਮ. ਜਸਵੰਤ ਸਿੰਘ, ਆਮ ਆਦਮੀ ਪਾਰਟੀ ਤੋਂ ਧੀਰਜ ਕੁਮਾਰ, ਹਰਿੰਦਰ ਸਿੱਧੂ, ਐਡਵੋਕੇਟ ਸਰਬਜੀਤ ਸਿੰਘ ਨੰਗਲ, ਸੁਰਜੀਤ ਸਿੰਘ ਅਤੇ ਕਰਮਜੀਤ ਸਿੰਘ ਖੁੱਡੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: