ਪਾਰਟੀ ਦੇ ਪੱਖ ‘ਚ ਪ੍ਰਚਾਰ ਨਹੀਂ ਕਰਨਗੇ ਘੁਬਾਇਆ

ss1

ਪਾਰਟੀ ਦੇ ਪੱਖ ‘ਚ ਪ੍ਰਚਾਰ ਨਹੀਂ ਕਰਨਗੇ ਘੁਬਾਇਆ

ਜਲੰਧਰ  – ਅਕਾਲੀ ਦਲ ਦੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਰਾਜ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਦੇ ਪੱਖ ‘ਚ ਚੋਣ ਪ੍ਰਚਾਰ ਤੋਂ ਖੁਦ ਨੂੰ ਦੂਰ ਰੱਖਣਗੇ। ਘੁਬਾਇਆ ਨੇ ਫੈਸਲਾ ਲਿਆ ਹੈ ਕਿ ਉਹ ਅਕਾਲੀ ਦਲ ਦੇ ਉਮੀਦਵਾਰਾਂ ਦੇ ਪੱਖ ‘ਚ ਪ੍ਰਚਾਰ ਨਹੀਂ ਕਰਨਗੇ, ਸਗੋਂ ਘਰ ‘ਚ ਹੀ ਬੈਠਣਗੇ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਤੀ ਵਫ਼ਾਦਾਰੀ ਦੇ ਬਾਵਜੂਦ ਉਨ੍ਹਾਂ ਨੂੰ ਨੁੱਕਰੇ ਲਗਾ ਦਿੱਤਾ ਗਿਆ, ਇਸ ਲਈ ਉਨ੍ਹਾਂ ਨੇ ਘਰ ਹੀ ਬੈਠਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਂ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਵੀ ਨਹੀਂ ਮਿਲਿਆ। ਇਸ ਦੇ ਬਾਵਜੂਦ ਉਹ ਚੁੱਪ ਰਹੇ।
ਜ਼ਿਕਰਯੋਗ ਹੈ ਕਿ ਘੁਬਾਇਆ ਦੇ ਪੁੱਤਰ ਦਵਿੰਦਰਪਾਲ ਸਿੰਘ ਅਤੇ ਉਨ੍ਹਾਂ ਦੇ ਭਰਾ ਮੁੰਸਾ ਸਿੰਘ ਨੇ ਹੁਣੇ-ਹੁਣੇ ਕਾਂਗਰਸ ਦਾ ਪੱਲਾ ਫੜ ਲਿਆ ਸੀ। ਰਾਏ ਸਿੱਖ ਬਰਾਦਰੀ ਨਾਲ ਜੁੜੇ ਦੋਹਾਂ ਨੇਤਾਵਾਂ ਨੂੰ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਦਿੱਲੀ ‘ਚ ਕਾਂਗਰਸ ਵਿਚ ਸ਼ਾਮਿਲ ਕਰਵਾਇਆ ਸੀ।
ਅਕਾਲੀ ਸੰਸਦ ਮੈਂਬਰ ਘੁਬਾਇਆ ਚਾਹੁੰਦੇ ਸਨ ਕਿ ਵਿਧਾਨ ਸਭਾ ਚੋਣਾਂ ਵਿਚ ਬਾਦਲਾਂ ਵੱਲੋਂ ਉਨ੍ਹਾਂ ਦੇ ਇਕ ਪਰਿਵਾਰਕ ਮੈਂਬਰ ਨੂੰ ਟਿਕਟ ਦਿੱਤੀ ਜਾਵੇ ਪਰ ਦੋਵੇਂ ਬਾਦਲ ਇਸ ਦੇ ਲਈ ਤਿਆਰ ਨਹੀਂ ਹੋਏ। ਉਨ੍ਹਾਂ ਦਾ ਬੇਸ਼ੱਕ ਕਾਂਗਰਸ ਵਿਚ ਜਾਣ ਦਾ ਕੋਈ ਇਰਾਦਾ ਨਹੀਂ ਹੈ ਪਰ ਉਹ ਅਕਾਲੀ ਦਲ ਵਿਚ ਰਹਿੰਦੇ ਹੋਏ ਵੀ ਚੋਣਾਂ ‘ਚ ਅਕਾਲੀ ਉਮੀਦਵਾਰਾਂ ਦੇ ਪੱਖ ਵਿਚ ਪ੍ਰਚਾਰ ਕਰਨ ਤੋਂ ਗੁਰੇਜ਼ ਕਰਨਗੇ। ਘੁਬਾਇਆ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਲਗਾਤਾਰ ਉਪ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਹੇਠਲੇ ਅਧਿਕਾਰੀਆਂ ਹੱਥੋਂ ਜ਼ਲੀਲ ਹੋਣਾ ਪਿਆ ਪਰ ਇਸ ਦੇ ਬਾਵਜੂਦ ਮੈਂ ਪਾਰਟੀ ਛੱਡਣ ਦਾ ਕੋਈ ਫੈਸਲਾ ਨਹੀਂ ਲਿਆ।
ਘੁਬਾਇਆ ਪਹਿਲਾਂ ਜਲਾਲਾਬਾਦ ਤੋਂ ਵਿਧਾਇਕ ਹੁੰਦੇ ਸਨ। 2009 ‘ਚ ਉਨ੍ਹਾਂ ਨੇ ਸੁਖਬੀਰ ਦੀ ਖਾਤਿਰ ਆਪਣੀ ਸੀਟ ਖਾਲੀ ਕਰ ਦਿੱਤੀ ਸੀ। ਬਾਅਦ ਵਿਚ ਉਨ੍ਹਾਂ ਨੂੰ ਫਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ ‘ਚ ਟਿਕਟ ਦਿੱਤੀ ਗਈ, ਜਿਸ ਵਿਚ ਉਹ ਜੇਤੂ ਹੋਏ। ਬਾਅਦ ‘ਚ ਉਨ੍ਹਾਂ ਦੇ ਰਿਸ਼ਤੇ ਉਪ ਮੁੱਖ ਮੰਤਰੀ ਨਾਲ ਵਿਗੜ ਗਏ।
ਰਾਏ ਸਿੱਖ ਬਰਾਦਰੀ ਨਾਲ ਘੁਬਾਇਆ ਸੰਬੰਧ ਰੱਖਦੇ ਹਨ, ਜਿਨ੍ਹਾਂ ਦਾ ਨਾ ਸਿਰਫ ਜਲਾਲਾਬਾਦ, ਫਾਜ਼ਿਲਕਾ ਸਗੋਂ ਫਿਰੋਜ਼ਪੁਰ ਦੀਆਂ ਕਈ ਸੀਟਾਂ ‘ਤੇ ਵੀ ਚੰਗਾ-ਖਾਸਾ ਪ੍ਰਭਾਵ ਮੰਨਿਆ ਜਾਂਦਾ ਹੈ। ਲਗਭਗ ਅੱਧਾ ਦਰਜਨ ਸੀਟਾਂ ‘ਤੇ ਤਾਂ ਰਾਏ ਸਿੱਖ ਬਰਾਦਰੀ ਦੀਆਂ ਵੋਟਾਂ ਕਿਸੇ ਵੀ ਉਮੀਦਵਾਰ ਦੀ ਹਾਰ-ਜਿੱਤ ਵਿਚ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ।
ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦਾ ਘੁਬਾਇਆ ਦੇ ਬੇਟੇ ਦਵਿੰਦਰਪਾਲ ਸਿੰਘ ਨੂੰ ਫਾਜ਼ਿਲਕਾ ਤੋਂ ਟਿਕਟ ਦਿੱਤੀ ਜਾ ਸਕਦੀ ਹੈ। ਚਾਹੇ ਅਕਾਲੀ ਸੰਸਦ ਮੈਂਬਰ ਅਕਾਲੀ ਦਲ ਦੇ ਪੱਖ ਵਿਚ ਪ੍ਰਚਾਰ ਨਹੀਂ ਕਰਨਗੇ ਪਰ ਘੁਬਾਇਆ ਪਰਿਵਾਰ ਦਾ ਮੰਨਣਾ ਹੈ ਕਿ ਅਕਾਲੀ ਸੰਸਦ ਮੈਂਬਰ ਆਪਣੇ ਬੇਟੇ ਦਵਿੰਦਰਪਾਲ ਨੂੰ ਕਾਂਗਰਸ ਦੀ ਟਿਕਟ ਮਿਲਣ ‘ਤੇ ਉਨ੍ਹਾਂ ਦਾ ਸਾਥ ਜ਼ਰੂਰ ਦੇਣਗੇ। ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ, ਸਗੋਂ ਅਕਾਲੀ ਦਲ ਦੇ ਅੰਦਰ ਸ਼ਬਦੀ ਜੰਗ ਹੀ ਚੱਲ ਰਹੀ ਹੈ।

Share Button

Leave a Reply

Your email address will not be published. Required fields are marked *