“ਪਾਠ ਪੁਸਤਕਾਂ “

ss1

 “ਪਾਠ ਪੁਸਤਕਾਂ ” ਵਿਜੈ ਗਰਗ

ਪਹਿਲੀ ਕਿਸਮ ਦੀ ਕਿਤਾਬਾਂ ਦਾ ਸਬੰਧ ਵਿਦਿਆਰਥੀ ਦੇ ਪਾਠ ਕ੍ਰਮ ਨਾਲ ਹੁੰਦਾ ਹੈ। ਇਹ ਵਿਸ਼ੇਸ਼ ਤੌਰ ਤੇ ਲਿਖੀਆਂ ਤੇ ਵਿਉਂਤੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਪਾਠ ਕ੍ਰਮ ਦੇ ਨਿਸ਼ਚਿਤ ਹਿੱਸੇ ਨੂੰ ਸਿਲਸਿਲੇ ਵਾਰ ਸਾਹਮਣੇ ਰੱਖ ਕੇ ਲਿਖਿਆ ਜਾਂਦਾ ਹੈ। ਇਨ੍ਹਾਂ ਵਿੱਚ ਵਿਦਿਆਰਥੀ ਦੇ ਗਿਆਨ ਵਿੱਚ ਵਾਧਾ ਕਰਨ ਲਈ ਜਾਣਕਾਰੀਆਂ ਨੂੰ ਸਹੀ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ। ਅਧਿਆਪਕ ਇਨ੍ਹਾਂ ਪਾਠ ਪੁਸਤਕਾਂ ਦੀ ਸਮਗਰੀ ਨੂੰ ਪਾਠ ਕ੍ਰਮ ਨੂੰ ਅਸਾਨ ਕਰਨ ਲਈ, ਪਾਠ ਕ੍ਰਮ ਨੂੰ ਸਮਝਣ ਲਈ, ਵਿਦਿਆਰਥੀਆਂ ਲਈ ਆਪਣੀ ਪਾਠ ਯੋਜਨਾ ਦਾ ਅਧਾਰ ਬਣਾਉਂਦਾ ਹੈ। ਸਰਕਾਰੀ ਏਜੰਸੀਆਂ ਜਾਂ ਸਕੂਲ ਬੋਰਡ ਆਪਣੀ ਲੋੜ ਤੇ ਸਹੂਲਤ ਅਨੁਸਾਰ ਲਿਖਵਾਉਂਦਾ ਤੇ ਛਪਵਾਉਂਦਾ ਹੈ, ਪਰ ਨਿੱਜੀ ਪਬਲਿਸ਼ਰਾਂ ਨੂੰ ਵੀ ਆਪਣੇ ਤਰੀਕੇ ਨਾਲ ਪਾਠ ਪੁਸਤਕਾਂ ਛਾਪਣ ਤੇ ਵੇਚਣ ਦੀ ਖੁਲ੍ਹ ਦਿਤੀ ਹੋਈ ਹੈ। ਪਾਠ ਪੁਸਤਕਾਂ ਦੀ ਇੱਕ ਹੋਰ ਵਿਸ਼ੇਸ਼ਤਾਈ ਉਨ੍ਹਾਂ ਨੂੰ ਖਾਸ ਬਣਾਉਂਦੀ ਹੈ, ਤੇ ਉਹ ਹੈ ਗਿਆਨ ਦੇ ਸਾਧਨ ਹੋਣਾ, ਪਾਠ ਪੁਸਤਕਾਂ ਬੱਚੇ ਲਈ ਗਿਆਨ ਦੇ ਸਾਧਨ ਵੱਜੋਂ ਕੰਮ ਕਰਦੀਆਂ ਹਨ।
ਦੂਜੀ ਕਿਸਮ ਦੀਆਂ ਪੁਸਤਕਾਂ ਉਹ ਪੁਸਤਕਾਂ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਵਿਦਿਆਰਥੀ ਆਪਣੇ ਗਿਆਨ ਦੇ ਵਿਸਤਾਰ ਲਈ ਕਰਦੇ ਹਨ। ਇਹ ਪੁਸਤਕਾਂ ਸਿੱਧੇ ਤੌਰ ਤੇ ਪਾਠ ਕ੍ਰਮ ਉਪਰ ਅਧਾਰਤ ਨਹੀਂ ਹੁੰਦੀਆਂ ਪਰਤੂੰ ਇਨ੍ਹਾਂ ਵਿੱਚ ਸਬੰਧਤ ਵਿਸ਼ਿਆਂ ਉਪਰ ਖੁਲ੍ਹੀ ਜਾਣਕਾਰੀ ਦਿੱਤੀ ਹੁੰਦੀ ਹੈ। ਹਰ ਵਿਦਿਆਰਥੀ ਨੂੰ ਅਜਿਹੀਆਂ ਪੁਸਤਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਕਸਰ ਅਧਿਆਪਕ ਇਨ੍ਹਾਂ ਪੁਸਤਕਾਂ ਦਾ ਹਵਾਲਾ ਦਿੰਦੇ ਹਨ ਤੇ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਦੇ ਹਨ ਕਿ ਉਹ ਇਨ੍ਹਾਂ ਪੁਸਤਕਾਂ ਦੀ ਮਦਦ ਨਾਲ ਆਪਣੇ ਗਿਆਨ ਦਾ ਅਧਾਰ ਮਜ਼ਬੂਤ ਕਰਨ। ਇਹ ਪੁਸਤਕਾਂ ਮਹਿੰਗੀਆਂ ਹੋਣ ਕਰਕੇ ਸਕੂਲ ਵਿੱਚ ਸਕੂਲ ਦੇ ਪੁਸਤਕਾਲੇ ਵਿਚ ਮੋਜੂਦ ਹੁੰਦੀਆਂ ਹਨ ਤੇ ਵਿਦਿਆਰਥੀ ਲੋੜ ਪੈਣ ਉਪਰ ਇਨ੍ਹਾਂ ਦੀ ਵਰਤੋਂ ਕਰਦੇ ਰਹਿੰਦੇ ਹਨ। ਪੁਸਤਕਾਲੇ ਚੋਂ ਪੁਸਤਕ ਲੈ ਕੇ ਪੜ੍ਹਨਾ ਚਾਹੀਦਾ ਹੈ ਤੇ ਆਪਣੀ ਵਰਤੋਂ ਤੋਂ ਬਾਦ ਵਾਪਸ ਕਰ ਦੇਣੀਆਂ ਚਾਹੀਦੀਆਂ ਹਨ। ਇਨ੍ਹਾਂ ਪੁਸਤਕਾਂ ਨੂੰ ਗਿਆਨ ਦੇ ਸਰੋਤ ਵੀ ਕਿਹਾ ਜਾ ਸਕਦਾ ਹੈ।
ਤੀਜੀ ਕਿਸਮ ਦੀ ਪੁਸਤਕਾਂ ਸਹਾਇਕ ਪੁਸਤਕਾਂ ਜਾਂ ਗਾਈਡਾਂ ਹੁੰਦੀਆਂ ਹਨ ਜੋ ਬਜ਼ਾਰ ਵਿੱਚ ਉਪਲਭਦ ਹੁੰਦੀਆਂ ਹਨ। ਅਸਲ ਵਿੱਚ ਇਹ ਪਾਠ ਪੁਸਤਕ ਵਿੱਚ ਦਿੱਤੇ ਅਭਿਆਸਾਂ ਦਾ ਹੱਲ ਹੁੰਦੀਆਂ ਹਨ। ਪਾਠ ਪੁਸਤਕ ਵਿੱਚ ਦਿਤੇ ਗਏ ਅਭਿਆਸ ਆਪ ਹੱਲ ਕਰਨ ਦੀ ਬਜਾਏ ਵਿਦਿਆਰਥੀ ਇਨ੍ਹਾਂ ਦੀ ਮਦਦ ਨਾਲ ਆਪਣਾ ਕੰਮ ਚਲਾ ਸਕਦੇ ਹਨ। ਮੇਰੀ ਨਜ਼ਰ ਵਿੱਚ ਇਹ ਪੁਸਤਕਾਂ ਵਿਦਿਆਰਥੀ ਲਈ ਓਨੀਆਂ ਹੀ ਘਾਤਕ ਹਨ ਜਿੰਨਾ ਨਸ਼ਾ। ਗਾਈਡਾਂ ਪੜ੍ਹ ਕੇ ਕੰਮ ਚਲਾਉਣ ਵਾਲੇ ਵਿਦਿਆਰਥੀ ਲੋੜ ਪੈਣ ਉਪਰ ਠੁਸ ਹੋ ਜਾਂਦਾ ਹੈ। ਉਨ੍ਹਾਂ ਦਾ ਰਟਿਆ ਹੋਇਆ ਗਿਆਨ ਕਿਸੇ ਕੰਮ ਨਹੀਂ ਆਉਂਦਾ।
ਹੁਣ ਵਿਚਾਰਨ ਵਾਲੀ ਗੱਲ ਹੈ ਕਿ ਪਾਠ ਪੁਸਤਕਾਂ ਦੀ ਕੀ ਕੀਮਤ ਹੁੰਦੀ ਹੈ। ਮਾਂਪੇ ਅਕਸਰ ਸ਼ਿਕਾਇਤ ਕਰਦੇ ਵੇਖੇ ਜਾ ਸਕਦੇ ਹਨ ਕਿ ਕਿਤਾਬਾਂ ਉਨ੍ਹਾਂ ਦੀ ਜੇਬ ਉਪਰ ਭਾਰ ਪਾਉਂਦੀਆਂ ਹਨ ਪਰ ਕਿਤਾਬ ਦੀ ਅਸਲ ਕੀਮਤ ਵਿਦਿਆਰਥੀ ਹੀ ਜਾਣ ਸਕਦੇ ਹਨ ਜਿਨ੍ਹਾਂ ਦੇ ਹੱਥਾਂ ਵਿੱਚ ਇਹ ਗਿਆਨ ਦਾ ਸਾਧਨ ਹੁੰਦੀਆਂ ਹਨ। ਇਹ ਹਰ ਵਿਦਿਆਰਥੀ ਦੀ ਬਹੁਤ ਹੀ ਨਿੱਜੀ ਵਸਤੂ ਹੁੰਦੀਆਂ ਹਨ। ਉਹ ਇਨ੍ਹਾਂ ਨੂੰ ਪੜ੍ਹਦੇ ਹਨ ਤੇ ਇਨ੍ਹਾਂ ਤੋਂ ਬਹੁਤ ਕੁਝ ਸਿੱਖਦੇ ਹਨ।
ਦੇਖਣ ਨੂੰ ਇੱਕੋ ਜਿਹੀਆਂ ਲਗਦੀਆਂ ਪੁਸਤਕਾਂ ਹਰ ਵਿਦਿਆਰਥੀ ਲਈ ਵੱਖੋ ਵਖਰਾ ਮਹੱਤਵ ਰੱਖਦੀਆਂ ਹਨ। ਇਹ ਮੈਨੂੰ 1895 ਦੀ ਛਪੀ ਮਿਲਟਨ ਦੀ ਪੈਰਾਡਾਈਜ਼ ਲਾਸਟ ਤੋਂ ਪਤਾ ਲੱਗਿਆ ਜਿਸ ਨੂੰ 1896 ਵਿੱਚ ਜਿਸ ਨੇ ਆਪਣੇ ਕੋਰਸ ਵਿੱਚ ਪੜ੍ਹਿਆ ਉਸ ਦਾ ਨਾਂ ਉਸ ਉਪਰ ਲਿਖਿਆ ਹੋਇਆ ਸੀ ਤੇ ਇਸ ਕਿਤਾਬ ਦੇ ਹਾਸ਼ੀਏ ਵਿੱਚ ਉਸ ਕੁੜੀ ਨੇ ਪੈਨਸਿਲ ਨਾਲ ਆਪਚੇ ਨੋਟਸ ਵੀ ਲਿਖੇ ਹੋਏ ਸਨ। ਇਸ ਕਿਤਾਬ ਨੂੰ ਕੁੱਲ ਚਾਰ ਜਣਿਆ ਨੇ ਪੜ੍ਹਿਆ। ਹਰੇਕ ਨੇ ਆਪਣੇ ਨੋਟਸ ਲਿਖੇ। ਹਰੇਕ ਦੇ ਨੋਟਸ ਇੱਕ ਦੂਸਰੇ ਨਾਲ ਮੇਲ ਨਹੀਂ ਖਾਂਦੇ।
ਪਾਠ ਪੁਸਤਕਾਂ ਵਿਦਿਆਰਥੀਆਂ ਦੀ ਸੋਚ ਨੂੰ ਬਦਲਦੀਆਂ ਹਨ ਤੇ ਉਹ ਬਾਲ ਮਨ ਵਿੱਚ ਬਹੁਤ ਜ਼ਿਆਦਾ ਦੇਰ ਤੱਕ ਜੀਵਤ ਪ੍ਰਭਾਵ ਦੇ ਰੂਪ ਵਿੱਚ ਜੀਉਂਦੀਆਂ ਰਹਿੰਦੀਆਂ ਹਨ। ਬੱਚੇ ਵੱਡੇ ਹੋ ਕੇ ਉਨ੍ਹਾਂ ਪਾਠ ਪੁਸਤਕਾਂ ਦੇ ਪੰਨਿਆਂ ਨੂੰ ਯਾਦ ਕਰਦੇ ਦੇਖੇ ਗਏ ਹਨ। ਗੁਲਿਸਤਾਂ ਬੋਸਤਾਂ (ਸ਼ੇਖ ਸਾਅਦੀ) ਕਿਸੇ ਵੇਲੇ ਸਕੂਲ ਦੀ ਪਾਠ ਪੁਸਤਕ ਹੀ ਸੀ। ਚੰਗੀਆਂ ਪਾਠ ਪੁਸਤਕਾਂ ਬੱਚਿਆਂ ਦੀ ਜ਼ਿੰਦਗੀ ਨੂੰ ਨਵੀਂ ਸੇਧ ਦੇ ਸਕਦੀਆਂ ਹਨ। ਇਹ ਉਨ੍ਹਾਂ ਨੂੰ ਸੁਤੇ ਸਿਧ ਹੀ ਗਿਆਨ ਦੇ ਦਿਸਦੇ ਤੇ ਅਣਦਿਸਦੇ ਸਿਰਿਆਂ ਨਾਲ ਜੋੜਦੀਆਂ ਹਨ। ਇਸ ਲਈ ਪਾਠ ਪੁਸਤਕਾਂ ਦੇ ਸਿਲਸਿਲੇ ਵਿੱਚ ਕਿਸੇ ਕੰਜੂਸੀ ਦੀ ਗੁੰਜਾਇਸ਼ ਨਹੀਂ ਹੁੰਦੀ।
ਜੇ ਪਾਠ ਪੁਸਤਕਾਂ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਣ, ਭਾਵ ਉਨ੍ਹਾਂ ਦੀ ਸੁੱਚਜੀ ਵਰਤੋਂ ਕੀਤੀ ਜਾਏ ਤਾਂ ਕਿਸੇ ਵੀ ਕੀਮਤ ਉਪਰ ਇਹ ਮਹਿੰਗੀ ਨਹੀਂ ਹੁੰਦੀ। ਸਿੱਖਿਆ ਦੇ ਖੇਤਰ ਵਿੱਚ ਇਹ ਉਹ ਨਿਵੇਸ਼ ਹੈ ਜਿਸ ਨੇ ਬੱਚੇ ਦੀ ਜ਼ਿੰਦਗੀ ਵਿੱਚ ਹਰ ਦਿਨ ਨਵੀਂ ਸਫਲਤਾ ਦੇ ਦੀਵੇ ਜਗਾਉਣੇ ਹੁੰਦੇ ਹਨ। ਚੰਗੀਆਂ ਪਾਠ ਪੁਸਤਕਾਂ ਲੇਖਕ ਕੋਲੋਂ ਬਹੁਤ ਮਿਹਨਤ ਤੇ ਲਗਨ ਮੰਗਦੀਆਂ ਹਨ ਤੇ ਕਈ ਵਾਰੀ ਇਨ੍ਹਾਂ ਨੂੰ ਲਿਖਣ ਵਿੱਚ ਕਈ ਕਈ ਸਾਲ ਲੱਗ ਜਾਂਦੇ ਹਨ। ਪੰਜਾਬੀ ਦੀ ਚਰਚਿਤ ਪਾਠ ਪੁਸਤਕ ਸਭਰੰਗ ਦੀ ਤਿਆਰੀ ਵਿੱਚ ਪੰਜ ਸਾਲ ਲੱਗੇ। ਇਸ ਵਾਸਤੇ ਸਾਰੀ ਦੁਨੀਆ ਦੀਆਂ ਭਾਸ਼ਾ ਅਧਿਆਪਨ ਵਿਧੀਆਂ ਨੂੰ ਸਮਝਿਆ, ਪਰਖਿਆ ਤੇ ਪੜਤਾਲਿਆਂ ਗਿਆ। ਭਾਸ਼ਾ ਅਧਿਆਪਨ ਦੀ ਜਿਹੜੀ ਵਿਧੀ ਬ੍ਰਿਟੇਨ ਵਿੱਚ ਪ੍ਰਚਲਤ ਹੈ ਉਸ ਦੀ ਕਾਰਜ ਸ਼ੈਲੀ ਨੂੰ ਅਧਾਰ ਬਣਾ ਕੇ ਇਹ ਪਾਠ ਪੁਸਤਕ ਲਿਖੀ ਗਈ। ਇਸ ਪਾਠ ਪੁਸਤਕ ਦਾ ਇੱਕ ਇੱਕ ਪਾਠ ਉਚੇਚੇ ਤੌਰ ਤੇ ਲਿਖਿਆ ਤੇ ਤਿਆਰ ਕੀਤਾ ਗਿਆ। ਪਿਛਲੇ ਪੰਦਰਾਂ ਸਾਲਾਂ ਤੋਂ ਇਹ ਪਾਠ ਪੁਸਤਕ ਚੱਲ ਰਹੀ ਹੈ। ਇਸ ਪਾਠ ਪੁਸਤਕ ਨੇ ਪੰਜਾਬੀ ਦੇ ਅਧਿਆਪਨ ਦਾ ਰੌਂ ਹੀ ਬਦਲ ਕੇ ਰੱਖ ਦਿਤਾ।
ਪਾਠ ਕ੍ਰਮ ਤੇ ਪਾਠ ਪੁਸਤਕ ਤੋਂ ਬਾਦ ਪਾਠ ਯੋਜਨਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਹ ਉਹ ਵਿਉਂਬੰਦੀ ਹੈ ਜਿਸ ਦੇ ਅਨੁਸਾਰ ਕੋਈ ਵੀ ਅਧਿਆਪਕ ਆਪਣੇ ਪਾਠ ਕ੍ਰਮ ਦੇ ਪਾਠ ਉਦੇਸ਼ਾਂ ਦੀ ਪੂਰਤੀ ਕਰਨ ਲਈ ਮਿਹਨਤ ਕਰਦਾ ਹੈ। ਕੋਈ ਵੀ ਪਾਠ ਕਿਵੇਂ ਪੜ੍ਹਾਇਆ ਜਾਣਾ ਹੈ ਤੇ ਇਸ ਉਪਰ ਕਿੰਨੇ ਦਿਨ ਲਗਾਉਣੇ ਹਨ ਇਹ ਉਸ ਪਾਠ ਵਿਉਂਬੰਦੀ ਉਪਰ ਨਿਰਭਰ ਹੁੰਦਾ ਹੈ। ਹਰ ਸਕੂਲ ਦੀ ਆਪੋ ਆਪਣੀ ਅਧਿਆਪਨ ਵਿਧੀ ਹੁੰਦੀ ਹੈ। ਮਾੜੀ ਵਿਉਂਬੰਦੀ ਸੱਭ ਕਾਸੇ ਦਾ ਕਬਾੜਾ ਕਰ ਸਕਦੀ ਹੈ ਤੇ ਇਸ ਦੀ ਭਿਣਕ ਵੀ ਮਾਂਪਿਆਂ ਨੂੰ ਨਹੀਂ ਪੈਂਦੀ। ਉਨ੍ਹਾਂ ਕੋਲ ਇਸ ਨੂੰ ਜਾਚਣ ਤੇ ਮਾਪਣ ਦਾ ਕੋਈ ਪੈਮਾਨਾ ਨਹੀਂ ਹੁੰਦਾ।
ਇਸ ਲਈ ਸਕੂਲ ਬੜੀ ਲਗਨ ਭਰਪੂਰ ਸਮਰਪਿਤ ਸੇਵਾ ਹੈ। ਇਸ ਨੂੰ ਸਹੀ ਤਰੀਕੇ ਨਾਲ ਨਿਭਾਉਣਾ ਕਿਸੇ ਵੀ ਸਕੂਲ ਮੁੱਖੀ ਦਾ ਅਸਲੀ ਫਰਜ਼ ਹੁੰਦਾ ਹੈ। ਉਹ ਆਪਣੇ ਅਧਿਆਪਕਾਂ ਦੀ ਟੀਮ ਦਾ ਕਪਤਾਨ ਹੁੰਦਾ ਹੈ ਤੇ ਉਹ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਲੋੜੀਂਦੀ ਅਗਵਾਈ ਪ੍ਰਦਾਨ ਕਰਦਾ ਹੈ ਤੇ ਇਸ ਕੰਮ ਵਿੱਚ ਦਰ ਪੇਸ਼ ਮੁਸ਼ਕਲਾਂ ਨੂੰ ਢੁਕਵੇਂ ਤਰੀਕੇ ਨਾਲ ਹੱਲ ਕਰਦਾ ਹੈ।
ਚੰਗਾ ਹੋਵੇ ਜੇ ਪੁਰਾਣੀਆਂ ਕਿਤਾਬਾਂ ਨੂੰ ਰੱਦੀ ਦੇ ਭਾਅ ਕਬਾੜੀਏ ਕੋਲ ਵੇਚਣ ਦੀ ਬਜਾਏ ਸਕੂਲਾਂ ਵਿੱਚ ਇਨ੍ਹਾਂ ਦਾ ਬੁਕ-ਬੈਂਕ ਬਣਾਇਆ ਜਾਵੇ। ਲੋੜ ਪੈਣ ਉਪਰ ਇਹ ਵਿਦਿਆਰਥੀਆਂ ਨੂੰ ਮੁਫਤ ਉਪਲਭਦ ਹੋਣੀਆਂ ਚਾਹੀਦੀਆਂ ਹਨ। ਹਰ ਸਕੂਲ ਵਿੱਚ ਪੁਰਾਣੀਆਂ ਕਿਤਾਬਾਂ ਲੈਣ ਦਾ ਬੰਦੋਬਸਤ ਹੋਣਾ ਚਾਹੀਦਾ ਹੈ। ਚੰਗਾ ਹੋਵੇ ਜੇ ਇਹ ਕਿਤਾਬਾਂ ਵਿਸ਼ਾ ਕ੍ਰਮ ਅਨੁਸਾਰ ਰੱਖੀਆਂ ਜਾਣ ਤੇ ਇਨ੍ਹਾਂ ਵਿੱਚ ਸਿਰਫ ਚੰਗੀ ਹਾਲਤ ਵਿੱਚ ਹੀ ਕਿਤਾਬਾਂ ਨੂੰ ਥਾਂ ਦਿਤੀ ਜਾਵੇ।
ਸਕੂਲ ਜਾਂਦੇ ਵਿਦਿਆਰਥੀ ਕੋਲ ਉਸ ਦੀ ਆਪਣੀਆਂ ਪਾਠ ਪੁਸਤਕਾਂ ਹੋਣੀਆਂ ਚਾਹੀਦੀਆਂ ਹਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਵਿਦਿਆਰਥੀ ਦੇ ਮੋਢਿਆਂ ਉਪਰ ਇੱਕ ਭਾਰੀ ਭਰਕਮ ਬਸਤਾ ਲੱਦ ਦਿਤਾ ਜਾਵੇ। ਬਸਤੇ ਵਿੱਚ ਵਾਧੂ ਕਿਤਾਬਾਂ ਨਹੀਂ ਹੋਣੀਆਂ ਚਾਹੀਦੀਆਂ। ਸਕੂਲ ਵੱਲੋਂ ਸੁਝਾਈਆਂ ਗਈਆਂ ਕਿਤਾਬਾਂ ਦੀ ਗਿਣਤੀ ਸੀਮਤ ਹੋਣੀ ਚਾਹੀਦੀ ਹੈ। ਫਾਲਤੂ ਪੁਸਤਕਾਂ ਸੱਚ ਮੁੱਚ ਹੀ ਵਿਦਿਆਰਥੀ ਉਪਰ ਫਾਲਤੂ ਭਾਰ ਬਣ ਜਾਂਦੀਆਂ ਹਨ। ਚੰਗਾ ਹੋਵੇ ਜੇ ਇਸ ਬਾਰੇ ਸਕੂਲ ਦੇ ਪ੍ਰਿੰਸੀਪਲ ਨਾਲ ਰਾਏ ਮਸ਼ਵਰਾ ਕਰ ਲਿਆ ਜਾਵੇ। ਹੋਰ ਵੀ ਚੰਗਾ ਹੋਵੇ ਜੇ ਇਸ ਸਬੰਧ ਵਿੱਚ ਢੁਕਵੇਂ ਸੁਝਾਅ ਤੇ ਸਲਾਹ ਅਕਤੂਬਰ ਦੇ ਮਹੀਨੇ ਵਿੱਚ ਦਿੱਤੀ ਜਾਵੇ ਤਾਂ ਸਕੂਲ ਆਪਣੀ ਗ਼ਲਤੀ ਨੂੰ ਸੁਧਾਰਨ ਦਾ ਬੰਦੋਬਸਤ ਕਰ ਸਕੇ। ਜ਼ਿਆਦਾਤਰ ਸਕੂਲ ਦਸੰਬਰ ਦੇ ਦੂਜੇ ਜਾਂ ਤੀਜੇ ਹਫਤੇ ਤੱਕ ਪੁਸਤਕਾਂ ਨੂੰ ਚੁਣਨ ਦਾ ਕੰਮ ਸ਼ੁਰੂ ਕਰ ਦਿੰਦੇ ਹਨ।
ਪਾਠ ਪੁਸਤਕਾਂ ਦੀ ਕੀਮਤ ਬਾਰੇ ਇਹ ਕਹਿਣਾ ਜ਼ਿਆਦਾ ਸਹੀ ਹੋਵੇਗਾ ਕਿ ਸਿਆਣਾ ਦਾ ਕਿਹਾ ਤੇ ਔਲੇ ਦਾ ਖਾਧਾ ਬਾਦ ਵਿੱਚ ਪਤਾ ਲਗਦਾ ਹੈ। ਪਾਠ ਪੁਸਤਕਾਂ ਨੀਂਹ ਦੀਆਂ ਉਨ੍ਹਾਂ ਇੱਟਾਂ ਵਾਂਗ ਹੁੰਦੀਆਂ ਜਿਨ੍ਹਾਂ ਉਪਰ ਬੱਚੇ ਦੇ ਵਿਕਾਸ ਦੀ ਪੂਰੀ ਇਮਾਰਤ ਉਸਰਨੀ ਹੈ।

ਵਿਜੈ ਗਰਗ

Share Button

Leave a Reply

Your email address will not be published. Required fields are marked *