Sun. Jun 16th, 2019

ਪਾਕਿ ‘ਚ ਗੁਰਦੁਆਰਾ ਸਾਹਿਬ ਢਾਹ ਕੇ ਨਿੱਜੀ ਪਲਾਜ਼ਾ ਬਣਾਉਣ ਦੀ ਘਟਨਾ ਨਿੰਦਣਯੋਗ : ਗਿਆਨੀ ਗੁਰਬਚਨ ਸਿੰਘ

ਪਾਕਿ ‘ਚ ਗੁਰਦੁਆਰਾ ਸਾਹਿਬ ਢਾਹ ਕੇ ਨਿੱਜੀ ਪਲਾਜ਼ਾ ਬਣਾਉਣ ਦੀ ਘਟਨਾ ਨਿੰਦਣਯੋਗ : ਗਿਆਨੀ ਗੁਰਬਚਨ ਸਿੰਘ

amritsarਪਾਕਿਸਤਾਨ ‘ਚ ਸਾਹੀਵਾਲ ਵਿਖੇ ਭੂ ਮਾਫੀਆ ਵਲੋਂ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਉਸ ਜਗ੍ਹਾ ਉੱਪਰ ਆਪਣੇ ਨਿੱਜੀ ਸੁਆਰਥਾਂ ਨੂੰ ਮੁੱਖ ਰੱਖਦਿਆਂ ਪਲਾਜ਼ਾ ਬਣਾਇਆ ਜਾ ਰਿਹਾ ਹੈ,ਇਸ ਗੱਲ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹ ਬੜੇ ਅਫਸੋਸ ਦੀ ਗੱਲ ਹੈ ਜੋ ਬਹੁਤ ਨਿੰਦਣਯੋਗ ਘਟਨਾ ਵੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਸੱਚਾ ਮੁਸਲਮਾਨ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਦਾ, ਸਾਰੇ ਧਰਮ ਇਨਸਾਨੀਅਤ ਹੀ ਸਿਖਾਉਂਦੇ ਹਨ ਭਾਵੇਂ ਕੋਈ ਸਿੱਖ, ਹਿੰਦੂ ਜਾਂ ਮੁਸਲਮਾਨ ਹੋਵੇ, ਧਰਮੀ ਬੰਦਾ ਤਾਂ ਸਭ ਧਰਮਾਂ ਨੂੰ ਇਕੋ ਜਿਹਾ ਹੀ ਸਮਝਦਾ ਹੈ।
ਸਿੰਘ ਸਾਹਿਬ ਜੀ ਨੇ ਕਿਹਾ ਕਿ ਪਾਕਿਸਤਾਨ ‘ਚ ਰਹਿੰਦੀਆਂ ਸਿੱਖ ਸੰਗਤਾਂ ਇਕ-ਮੁੱਠ ਹੋ ਕੇ ਇਸ ਘਟਨਾ ਦਾ ਵਿਰੋਧ ਕਰਨ ਅਤੇ ਪਾਕਿਸਤਾਨ ਸਰਕਾਰ ਦੇ ਨਾਲ ਰਾਫਤਾ ਕਾਇਮ ਕਰ ਕੇ ਇਸ ਘਟਨਾ ਸਬੰਧੀ ਗੱਲਬਾਤ ਕਰਨ। ਪਾਕਿਸਤਾਨ ਸਰਕਾਰ ਇਸ ਮੰਦਭਾਗੀ ਘਟਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਵਿਅਕਤੀਆਂ ‘ਤੇ ਸਖਤ ਕਾਰਵਾਈ ਕਰੇ ਜਿਸ ਨਾਲ ਅੱਗੋਂ ਵਾਸਤੇ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਕਾਰਵਾਈ ਕਰਨ ਦਾ ਹੌਸਲਾ ਨਾ ਕਰ ਸਕੇ। ਪਾਕਿਸਤਾਨ ਗੁ. ਪ੍ਰ. ਕਮੇਟੀ ਜ਼ਰੂਰੀ ਢੁੱਕਵੇਂ ਉਪਰਾਲੇ ਕਰ ਕੇ ਗੁਰਦੁਆਰਾ ਸਾਹਿਬਾਨਾਂ ਦੀ ਰਾਖੀ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਕਿ ਕੋਈ ਵੀ ਗੁਰੂ-ਘਰ ਦੀ ਇਮਾਰਤ ਨੂੰ ਨੁਕਸਾਨ ਨਾ ਪਹੁੰਚਾ ਸਕੇ।
ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਧਰਮ ਤਾਂ ਰੋਜ਼ ਵਾਹਿਗੁਰੂ ਅੱਗੇ ਅਰਦਾਸ ਕਰਦਿਆਂ ਸਰਬੱਤ ਦਾ ਭਲਾ ਮੰਗਦਾ ਹੈ ਪਰ ਪਤਾ ਨਹੀਂ ਕਿਉਂ ਸਿੱਖਾਂ ਨੂੰ ਹੀ ਨਿਸ਼ਾਨਾ ਬਣਾ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਗੁਰਦੁਆਰਾ ਡਾਂਗਮਾਰ ਸਾਹਿਬ ਜੋ ਸਿੱਕਮ ‘ਚ ਹੈ ਅਤੇ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਉਥੇ ਬੁੱਧ ਧਰਮ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਉੱਪਰ ਕਬਜ਼ਾ ਕਰਨ ਦੀ ਘਟਨਾ ਵਾਪਰੀ ਹੈ ਜਿਸ ਲਈ ਸ਼੍ਰੋ. ਗੁ. ਪ੍ਰ. ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰ. ਕਮੇਟੀ ਵਲੋਂ ਕਾਰਵਾਈ ਹੋ ਰਹੀ ਹੈ। ਸਿੰਘ ਸਾਹਿਬ ਜੀ ਨੇ ਸ਼੍ਰੋ. ਗੁ. ਪ੍ਰ. ਕਮੇਟੀ ਅਤੇ ਦਿੱਲੀ ਸਿੱਖ ਗੁ. ਪ੍ਰ. ਕਮੇਟੀ ਨੂੰ ਕਿਹਾ ਕਿ ਤੁਰੰਤ ਇਸ ਕੇਸ ਸਬੰਧੀ ਕੇਂਦਰ ਸਰਕਾਰ ਨਾਲ ਰਾਫਤਾ ਕਾਇਮ ਕਰ ਕੇ ਜਲਦੀ ਤੋਂ ਜਲਦੀ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਆਜ਼ਾਦ ਕਰਵਾਇਆ ਜਾਵੇ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ 25 ਅਕਤੂਬਰ 2017 ਨੂੰ ਦਿੱਲੀ ਵਿਖੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ 25 ਅਕਤੂਬਰ ਨੂੰ ਆਰਐੱਸਐੱਸ ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਵੱਲੋਂ ਦਿੱਲੀ ‘ਚ ਆਯੋਜਿਤ ਕੀਤੇ ਜਾਣ ਵਾਲੇ ਇਸ ਧਾਰਮਿਕ ਪ੍ਰੋਗਰਾਮ ਨੂੰ ਬਾਈਕਾਟ ਕਰ ਰਹੇ ਹਨ। ਸਿੱਖਾਂ ਨੂੰ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਕਿਹਾ ਗਿਆ ਸੀ ਸਮੁੱਚੀ ਸਿੱਖ ਕੌਮ ਇਸ ਪ੍ਰੋਗਰਾਮ ‘ਚ ਇਸ ਲਈ ਹਿੱਸਾ ਨਹੀਂ ਲੈਣਗੇ, ਕਿਉਂਕਿ ਅਕਾਲ ਤਖ਼ਤ ਸਾਹਿਬ ਨੇ 2004 ‘ਚ ਇਕ ਹੁਕਮਨਾਮਾ ਜਾਰੀ ਕਰਕੇ ਕਿਹਾ ਸੀ ਕਿ ਉਹ ਆਰਐੱਸਐੱਸ ਅਤੇ ਰਾਸ਼ਟਰੀ ਸਿੱਖ ਸੰਗਤ ਨੂੰ ਸਿੱਖ ਵਿਰੋਧੀ ਮੰਨਦੀ ਹੈ। ਕੱਟੜਪੰਥੀ ਸਿੱਖ ਨੇਤਾਵਾਂ ਵੱਲੋਂ ਆਰਐੱਸਐੱਸ ਨੂੰ ਸਿੱਖਾਂ ਦੀ ਦੁਸ਼ਮਣ ਕਰਾਰ ਦਿੱਤਾ ਜਾਂਦਾ ਹੈ, ਇਸ ਕਰਕੇ ਉਨ੍ਹਾਂ ਦੇ ਕਿਸੇ ਸਮਾਗਮ ਵਿਚ ਕਿਸੇ ਸਿੱਖ ਨੂੰ ਸ਼ਿਰਕਤ ਨਹੀਂ ਕਰਨੀ ਚਾਹੀਦੀ।

Leave a Reply

Your email address will not be published. Required fields are marked *

%d bloggers like this: