ਪਾਕਿਸਤਾਨ ਦੇ ਹਾਈ ਕਮਿਸ਼ਨਰ ਵਲੋਂ ਕੈਪਟਨ ਨਾਲ ਮੀਟਿੰਗ – ਵਪਾਰ ਤੇ ਸੰਪਰਕ ਨੂੰ ਬੜ੍ਹਾਵਾ ਦੇਣ ਦੀ ਲੋੜ ਬਾਰੇ ਸਹਿਮਤੀ

ss1

ਪਾਕਿਸਤਾਨ ਦੇ ਹਾਈ ਕਮਿਸ਼ਨਰ ਵਲੋਂ ਕੈਪਟਨ ਨਾਲ ਮੀਟਿੰਗ – ਵਪਾਰ ਤੇ ਸੰਪਰਕ ਨੂੰ ਬੜ੍ਹਾਵਾ ਦੇਣ ਦੀ ਲੋੜ ਬਾਰੇ ਸਹਿਮਤੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਨੂੰ ਘਟਾਉਣ ਅਤੇ ਬੇਹਤਰ ਸਬੰਧਾਂ ਨੂੰ ਯਕੀਨੀ ਬਣਾਉਣ ਵਾਸਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਆਪਸੀ ਸੰਪਰਕ ਬਣਾਏ ਜਾਣ ਦਾ ਸੱਦਾ ਦਿੱਤਾ ਹੈ।
ਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੁਹੇਲ ਮੁਹੰਮਦ ਨਾਲ ਦੁਪਹਿਰ ਦੇ ਖਾਣੇ ਉੱਤੇ ਇਕ ਗੈਰ ਰਸਮੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਹਾਲ ਹੀ ਦੇ ਸਮੇਂ ਦੌਰਾਨ ਸਰਹੱਦ ’ਤੇ ਤਣਾਅ ਪੈਦਾ ਹੋਣ ਕਰ ਕੇ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਦੇ ਘੱਟਣ ’ਤੇ ਚਿੰਤਾ ਪ੍ਰਗਟ ਕੀਤੀ ਹੈ।
ਕੈਪਟਨ ਅਮਰਿੰਦਰ ਸਿੰਘ ਅਤੇ ਸੁਹੇਲ ਮੁਹੰਮਦ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟ ਕੀਤੀ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਵਪਾਰ ’ਚ ਕਮੀ ਦੋਵੇਂ ਦੇਸ਼ਾਂ ਦੇ ਹਿੱਤਾਂ ਲਈ ਨੁਕਸਾਨਦੇਹ ਹੈ। ਉਨ੍ਹਾਂ ਨੇ ਲੋਕ ਕੇਂਦ੍ਰਿਤ ਕਦਮਾਂ ਰਾਹੀਂ ਤਣਾਅ ਨੂੰ ਘਟਾਉਣ ਵਾਸਤੇ ਦੋਵੇਂ ਦੇਸ਼ਾਂ ਵਿਚਕਾਰ ਠੋਸ ਕੋਸ਼ਿਸ਼ਾਂ ਕੀਤੇ ਜਾਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਕੈਪਟਨਾ ਅਮਰਿੰਦਰ ਸਿੰਘ ਨੇ ਭਾਰਤ-ਪਾਕਿ ਪੰਜਾਬ ਖੇਡਾਂ ਦੀ ਮੁੜ ਸੁਰਜੀਤੀ ’ਤੇ ਜ਼ੋਰ ਦਿੱਤਾ ਜੋ ਕਿ ਉਨ੍ਹਾਂ ਦੇ ਪਿਛਲੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਦੋਵੇਂ ਪੰਜਾਬਾਂ ਦੇ ਵਿਚਕਾਰ ਲੋਕਾਂ ਦੇ ਆਪਸੀ ਸਬੰਧਾਂ ਨੂੰ ਬੜ੍ਹਾਵਾ ਦੇਣ ਲਈ ਖੇਡਾਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਇਹ ਖੇਡਾਂ ਸਾਲ 2004 ਦੌਰਾਨ ਪਟਿਆਲਾ ਤੋਂ ਸ਼ੁਰੂ ਕੀਤੀਆਂ ਗਈਆਂ ਸਨ। ਇਨ੍ਹਾਂ ਵਿਚ ਹਾਕੀ, ਸਾਇਕਲਿੰਗ, ਅਥਲੈਟਿਕਸ, ਜਿਮਨਾਸਟਿਕ, ਪੋਲੋ, ਹੈਂਡਬਾਲ, ਕੁਸ਼ਤੀ, ਬੈਡਮਿੰਟਨ, ਵਾਲੀਬਾਲ, ਸ਼ੂਟਿੰਗ, ਕਬੱਡੀ ਅਤੇ ਰੱਸਾ-ਕਸ਼ੀ ਸਣੇ ਇਕ ਦਰਜਨ ਖੇਡਾਂ ਦੇ ਮੁਕਾਬਲੇ ਸ਼ੁਰੂ ਕੀਤੇ ਗਏ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਖੇਡਾਂ ਵਿਚ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਖਿਡਾਰੀਆਂ ਨੇ ਭਰਪੂਰ ਉਤਸ਼ਾਹ ਦਿਖਾਇਆ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਰੋਹਾਂ ਨਾਲ ਆਮ ਤੌਰ ’ਤੇ ਸ਼ਾਤੀ ਦੀਆਂ ਕੋਸ਼ਿਸ਼ਾਂ ਉੱਤੇ ਬਹੁਤ ਜ਼ਿਆਦਾ ਹਾਂ ਪੱਖੀ ਪ੍ਰਭਾਵ ਪੈਂਦਾ ਹੈ।
ਪਾਕਿਸਤਾਨ ਦੇ ਹਾਈ ਕਮਿਸ਼ਨਰ ਦਾ ਵੀ ਦੋਵੇਂ ਦੇਸ਼ਾਂ ਦੇ ਲੋਕਾਂ ਵਿਚਕਾਰ ਸੰਪਰਕ ਨੂੰ ਵਧਾਏ ਜਾਣ ਦਾ ਵੀ ਵਿਚਾਰ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਇਸ ਖਿੱਤੇ ਵਿਚ ਲੰਮੇ ਸਮੇਂ ਲਈ ਸ਼ਾਤੀ ਅਤੇ ਸਥਿਰਤਾ ਲਿਆਉਣ ਲਈ ਰਾਹ ਪੱਧਰਾ ਕਰਨ ਵਾਸਤੇ ਮਦਦ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇ ਦੇਸ਼ਾਂ ਦੇ ਵਿਕਾਸ ਅਤੇ ਪ੍ਰਗਤੀ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਉਹ ਲੋਕਾਂ ਦੀ ਭਲਾਈ ਨੂੰ ਬੜ੍ਹਾਵਾ ਦੇਣ ਵਾਸਤੇ ਸਦਭਾਵਨਾ ਦੀ ਭਾਵਨਾ ਨਾਲ ਕਾਰਜ ਕਰ ਸਕਦੇ ਹਨ।
ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਦੋਵਾਂ ਦੇਸ਼ਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਇਸ ਮਕਸਦ ਵਿਚ ਤੇਜ਼ੀ ਲਿਆਉਣ ਲਈ ਅਥਾਰਟੀਜ਼ ਕੋਲੋ ਵੱਖ ਵੱਖ ਪ੍ਰਵਾਨਗੀਆਂ ਲੋੜੀਂਦੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਅਤੇ ਸੁਹੇਲ ਮੁਹੰਮਦ ਦੋਵਾਂ ਨੇ ਸ਼ਾਤੀ ਪ੍ਰਕ੍ਰਿਆ ਨੂੰ ਮਜ਼ਬੂਤ ਬਣਾਉਣ ਅਤੇ ਦੋਵੇ ਦੇਸ਼ਾਂ ਵਿਚਕਾਰ ਆਰਥਿਕ ਅਤੇ ਸਮਾਜਿਕ ਵਿਕਾਸ ਦੀਆਂ ਬੁਨਿਆਦਾਂ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਦੋਵਾਂ ਆਗੂਆਂ ਨੇ ਇਸ ਗੱਲ ’ਤੇ ਸਹਮਤੀ ਪ੍ਰਗਟ ਕੀਤੀ ਕਿ ਭਾਰਤ ਤੇ ਪਾਕਿਸਤਾਨ ਬਦਲ ਰਹੇ ਵਿਸ਼ਵ ਵਿਚ ਆਪਣੇ ਆਪ ਨੂੰ ਇਕ ਦੂਜੇ ਤੋਂ ਅਲੱਗ ਰੱਖੇ ਜਾਣ ਨੂੰ ਸਹਿਣ ਨਹੀ ਕਰ ਸਕਦੇ ਕਿਉਂਕਿ ਦੋਵੇਂ ਦੇਸ਼ਾਂ ਨੂੰ ਬਹੁਤ ਸਾਰੀਆਂ ਸਾਂਝੀਆਂ ਚੁਣੌਤੀਆਂ ਅਤੇ ਸਾਂਝੇ ਦੁਸ਼ਮਣ ਦਰਪੇਸ਼ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕੱਠੇ ਹੋ ਕੇ ਕੰਮ ਕਰਨਾ ਦੋਵਾਂ ਦੇਸ਼ਾਂ ਦੇ ਹਿੱਤ ਵਿਚ ਹੈ। ਇਸ ਕਰਕੇ ਦੋਵਾਂ ਨੂੰ ਇਨ੍ਹਾਂ ਚੁਣੌਤੀਆਂ ਦਾ ਟਾਕਰਾ ਸਾਂਝੀ ਭਾਵਨਾ ਨਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚ ਸਾਂਝੀਆਂ ਇਤੀਹਾਸਕ ਜੜ੍ਹਾਂ ਹਨ ਅਤੇ ਦੋਵੇਂ ਦੇਸ਼ਾਂ ਦੇ ਲੋਕ ਸੁਖਾਲੇ ਹੀ ਇਕ ਦੂਜੇ ਦੇ ਨਾਲ ਇਕੱਠੇ ਹੋ ਕੇ ਕਾਰਜ ਕਰ ਸਕਦੇ ਹਨ।
ਪਾਕਿਸਤਾਨ ਦੇ ਹਾਈ ਕਮਿਸ਼ਨਰ ਇਸ ਗੱਲ ਦੇ ਸਹਮਤੀ ਪ੍ਰਗਟ ਕੀਤੀ ਕਿ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਵਿਕਾਸ ਦੇ ਸਾਂਝੇ ਮੰਚ ਮੁਹਈਆ ਕਰਵਾਉਣ ਲਈ ਸਰਕਾਰ ਪੱਧਰ ’ਤੇ ਕੋਸ਼ਿਸਾਂ ਕੀਤੇ ਜਾਣਾ ਮਹੱਤਵਪੂਰਨ ਹੈ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ‘ ਏ ਰਿਡਜ ਟੂ ਫਾਰ-ਵਾਰ ਇਨ ਦ ਕਾਰਗਿਲ’ ਸਣੇ ਕਿਤਾਬਾਂ ਦਾ ਇਕ ਸੈਟ ਸੁਹੇਲ ਮੁਹੰਮਦ ਨੂੰ ਭੇਂਟ ਕੀਤਾ।
ਇਸ ਮੌਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਡੀਜੀਪੀ ਸੁਰੇਸ਼ ਅਰੋੜਾ, ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ।

Share Button

Leave a Reply

Your email address will not be published. Required fields are marked *