Wed. Jul 17th, 2019

ਪਾਕਿਸਤਾਨ ਦੀ ਨਾਮਵਰ ਕਵਿੱਤਰੀ ਫਹਿਮੀਦਾ ਰਿਆਜ਼ ਦੇ ਦੇਹਾਂਤ ਤੇ ਅਦਬੀ ਹਲਕਿਆਂ ਚ ਸੋਗ ਦੀ ਲਹਿਰ

ਪਾਕਿਸਤਾਨ ਦੀ ਨਾਮਵਰ ਕਵਿੱਤਰੀ ਫਹਿਮੀਦਾ ਰਿਆਜ਼ ਦੇ ਦੇਹਾਂਤ ਤੇ ਅਦਬੀ ਹਲਕਿਆਂ ਚ ਸੋਗ ਦੀ ਲਹਿਰ

ਲੁਧਿਆਣਾ 22 ਨਵੰਬਰ (ਗੁਰਭਿੰਦਰ ਗੁਰੀ): ਪਾਕਿਸਤਾਨ ਦੀ ਉਰਦੂ ਕਵਿੱਤਰੀ ਤੇ ਨਾਵਲ ਗੋਦਾਵਰੀ ਦੀ ਲੇਖਿਕਾ ਫਹਿਮੀਦਾ ਰਿਆਜ਼ ਲਾਹੌਰ (ਪਾਕਿਸਤਾਨ) ਵਿਖੇ ਸੁਰਗਵਾਸ ਹੋ ਗਏ ਹਨ।
ਦੇਸ਼ ਵੰਡ ਤੋਂ ਪਹਿਲਾਂ ਮੇਰਠ(ਯੂ ਪੀ) ਚ 1946 ਚ ਜਨਮੇ ਫਹਿਮੀਦਾ ਔਰਤਾਂ ਤੇ ਮਾਨਵ ਅਧਿਕਾਰਾਂ ਦੀ ਬੁਲੰਦ ਪਹਿਰੇਦਾਰ ਤੇ ਜੁਅਰਤਮੰਦ ਸ਼ਾਇਰਾ ਸਨ।
ਮੌਲਾਨਾ ਅੱਤਿਆਚਾਰ ਦੇ ਖਿਲਾਫ਼ ਆਵਾਜ਼ ਚੁੱਕਣ ਵਾਲੀ ਫਹਿਮੀਦਾ ਰਿਆਜ਼ ਨੂੰ ਸਭ ਤੋਂ ਪਹਿਲਾਂ ਭਾਰਤ ਚ ਅੰਮ੍ਰਿਤਾ ਪ੍ਰੀਤਮ ਨੇ ਵੀਹਵੀਂ ਸਦੀ ਦੇ ਸਤਵੇਂ ਦਹਾਕੇ ਅੰਦਰ ਨਾਗਮਣੀ ਮੈਗਜ਼ੀਨ ਚ ਪੇਸ਼ ਕੀਤਾ ਸੀ। ਉਦੋਂ ਉਹ ਜ਼ਿਆ ਉਲ ਹੱਕ ਸਰਕਾਰ ਖਿਲਾਫ਼ ਬੋਲਣ ਲਿਖਣ ਕਰਕੇ ਪਤੀ ਦੀ ਗ੍ਰਿਫਤਾਰੀ ਉਪਰੰਤ ਬੱਚਿਆਂ ਸਮੇਤ ਜਲਾਵਤਨ ਹੋ ਕੇ ਭਾਰਤ ਆ ਗਈ ਸੀ। ਉਸ ਨੇ ਬੀ ਬੀ ਸੀ ਤੇ ਰੇਡੀਓ ਪਾਕਿਸਤਾਨ ਲਈ ਵੀ ਕੰਮ ਕੀਤਾ। ਉਸ ਦੀ ਇੱਕ ਕਿਤਾਬ (reflections in a cracked mirror)ਤਿੜਕੇ ਸ਼ੀਸ਼ੇ ਚ ਅਕਸ ਵੀ ਬੜੀ ਹਰਮਨ ਪਿਆਰੀ ਹੋਈ।
ਜ਼ਿਆ ਰਾਜ ਮੁੱਕਣ ਮਗਰੋਂ ਸੱਤ ਸਾਲ ਭਾਰਤ ਚ ਰਹਿ ਕੇ ਉਹ ਪਾਕਿਸਤਾਨ ਪਰਤੀ।
ਉਸ ਦੀ ਕਾਵਿ ਕਿਤਾਬ ਪੱਥਰ ਕੀ ਜ਼ਬਾਨ ਨੇ ਉਰਦੂ ਸਾਹਿੱਤ ਚ ਹਲਚਲ ਪੈਦਾ ਕੀਤੀ। ਮੌਲਾਨਾ ਰੂਮੀ ਦੀਆਂ ਮਸਨਵੀਆਂ ਨੂੰ ਉਰਦੂ ਚ ਅਨੁਵਾਦ ਕਰਨ ਵਾਲੀ ਉਹ ਪਹਿਲੀ ਸ਼ਾਇਰਾ ਬਣੀ। ਭਾਰਤ ਵਿੱਚ ਹਿੰਦੂ ਪੱਤਾ ਖੇਡਣ ਵਾਲਿਆਂ ਦੇ ਖ਼ਿਲਾਫ਼ ਉਸ ਦੀ ਦਮਦਾਰ ਕਵਿਤਾ ਤੁਮ ਭੀ ਹਮ ਜੈਸੇ ਨਿਕਲੇ ਨੇ ਤਹਿਲਕਾ ਮਚਾ ਦਿੱਤਾ ਸੀ।
ਉਰਦੂ ਸਾਹਿਤ ਦਾ ਪਾਕਿਸਤਾਨ ਚ ਸਰਵੋਤਮ ਇਨਾਮ 2014 ਚ ਹਾਸਲ ਕਰਨ ਵਾਲੀ ਉਹ ਮਾਣ ਮੱਤੀ ਲੇਖਕ ਸੀ।
ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਜਨਰਲ ਸਕੱਤਰ ਡਾ: ਸੁਰਜੀਤ ਸਿੰਘ,ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ, ਮੀਤ ਪ੍ਰਧਾਨ ਗੁਲਜ਼ਾਰ ਪੰਧੇਰ,ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ, ਡਾ: ਗੁਰਇਕਬਾਲ ਸਿੰਘ, ਜਸਵੰਤ ਜਫ਼ਰ, ਸਵਰਨਜੀਤ ਸਵੀ, ਤੇਜ ਪ੍ਰਤਾਪ ਸਿੰਘ ਸੰਧੂ, ਤ੍ਰੈਲੋਚਨ ਲੋਚੀ,ਮਨਜਿੰਦਰ ਧਨੋਆ, ਡਾ: ਜਗਵਿੰਦਰ ਜੋਧਾ,ਉਰਦੂ ਕਵੀ ਸਰਦਾਰ ਪੰਛੀ ਤੇ ਤਰਸੇਮ ਨੂਰ ਨੇ ਵੀ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *

%d bloggers like this: