ਪਹਿਲਾ ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਜਰਖੜ : ਮੋਹਾਲੀ, ਕਿਲ੍ਹਾ ਰਾਏਪੁਰ ਅਤੇ ਜਰਖੜ ਅਕੈਡਮੀ ਦਾ ਜੇਤੂ ਸਿਲਸਿਲਾ ਜਾਰੀ

ss1

ਪਹਿਲਾ ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਜਰਖੜ : ਮੋਹਾਲੀ, ਕਿਲ੍ਹਾ ਰਾਏਪੁਰ ਅਤੇ ਜਰਖੜ ਅਕੈਡਮੀ ਦਾ ਜੇਤੂ ਸਿਲਸਿਲਾ ਜਾਰੀ

ਲੁਧਿਆਣਾ (ਕਾਹਲੋਂ): ਅੰਤਰਰਾਸ਼ਟਰੀ ਸਿੱਖ ਸਪੋਰਟਸ ਕੌਂਸਲ ਵੱਲੋਂ ਜਰਖੜ ਅਕੈਡਮੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਪਹਿਲਾ ਕੇਸਾਧਾਰੀ ਸਿੱਖ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਕਿਲ੍ਹਾ ਰਾਏਪੁਰ, ਮੋਹਾਲੀ ਅਤੇ ਜਰਖੜ ਅਕੈਡਮੀ ਨੇ ਆਪਣੀ ਜੇਤੂ ਲੈਅ ਨੂੰ ਬਰਕਰਾਰ ਰੱਖਿਆ। ਅੱਜ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਵਿਖੇ ਨੀਲੇ ਰੰਗ ਦੀ ਨਵੀਂ ਐਸਟ੍ਰੋ ਟਰਫ ‘ਤੇ ਫਲੱਡ ਲਾਈਟਾਂ ਦੀ ਰੋਸ਼ਨੀ ਵਿਚ ਰੋਮਾਂਚਿਕ ਮੈਚਾਂ ਵਿਚ ਜਿੱਥੇ ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ ਨੇ ਬਾਬਾ ਉੱਤਮ ਸਿੰਘ ਅਕੈਡਮੀ ਖਡੂਰ ਨੂੰ 4-2 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਅੱਧੇ ਸਮੇਂ ਤੱਕ 2-0 ਨਾਲ ਅੱਗੇ ਸੀ ਪਰ ਦੂਜੇ ਅੱਧ ਵਿਚ ਕਿਲ੍ਹਾ ਰਾਏਪੁਰ ਦੀ ਟੀਮ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਪਾਸਾ ਆਪਣੇ ਵੱਲ ਪਲਟ ਦਿੱਤਾ। ਕਿਲ੍ਹਾ ਰਾਏਪੁਰ ਵੱਲੋਂ ਪ੍ਰਗਟ ਸਿੰਘ ਨੇ 3 ਗੋਲ ਅਤੇ ਰਣਜੋਧ ਸਿੰਘ ਨੇ ਇੱਕ ਗੋਲ ਕੀਤੀ, ਜਦੋਂ ਕਿ ਖਡੂਰ ਸਾਹਿਬ ਦੀ ਟੀਮ ਵੱਲੋਂ ਪ੍ਰਭਜੋਤ ਸਿੰਘ ਬਲਕਾਰ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਜਦਕਿ ਕਿਲ੍ਹਾ ਰਾਏਪੁਰ ਦੇ ਪ੍ਰਗਟ ਸਿੰਘ ਨੂੰ ਮੈਨ ਆਫ਼ ਦਿ ਮੈਚ ਐਲਾਨਿਆ।

ਅੱਜ ਦੂਜੇ ਮੈਚ ਵਿਚ ਪੀਆਈਐੱਸ ਮੋਹਾਲੀ ਅਕੈਡਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅਕੈਡਮੀ ਨੂੰ 6-4 ਨਾਲ ਹਰਾਇਆ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 3-3 ‘ਤੇ ਬਰਾਬਰ ਸਨ। ਮੋਹਾਲੀ ਵੱਲੋਂ ਸ਼ਰਨਜੀਤ ਸਿੰਘ ਨੇ ਚਾਰ ਗੋਲ ਅਤੇ ਰਮਨਦੀਪ ਸਿੰਘ ਦੋ ਗੋਲ ਕੀਤੇ। ਜਦੋਂ ਕਿ ਐੱਸਜੀਪੀਸੀ ਦੀ ਟੀਮ ਵੱਲੋ ਜਗਦੀਪਕ ਸਿੰਘ, ਅਜੈਪਾਲ ਸਿੰਘ ਅਤੇ ਰੌਬਿਨ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਇਸ ਦੌਰਾਨ ਮੋਹਾਲੀ ਦੇ ਸ਼ਰਨਜੀਤ ਸਿੰਘ ਨੂੰ ‘ਮੈਨ ਆਫ਼ ਦਿ ਮੈਚ’ ਵਜੋਂ ਹਾਕੀ ਸਟਿੱਕ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਆ ਗਿਆ।

ਅੱਜ ਦੇ ਤੀਜੇ ਮੈਚ ਵਿਚ ਚੰਡੀਗੜ੍ਹ 42 ਸੈਕਟਰ ਅਕੈਡਮੀ ਅਤੇ ਖਡੂਰ ਸਾਹਿਬ ਅਕੈਡਮੀ ਵਿਚਕਾਰ ਖੇਡਿਆ ਗਿਆ ਰੋਮਾਂਚ ਭਰਪੂਰ ਮੁਕਾਬਲਾ 3-3 ਗੋਲਾਂ ‘ਤੇ ਬਰਾਬਰ ਖੇਡਿਆ ਗਿਆ। ਇਸ ਦੌਰਾਨ ਜਰਖੜ ਅਕੈਡਮੀ ਨੇ ਜੰਮੂ-ਕਸ਼ਮੀਰ ਅਕੈਡਮੀ ਨੂੰ ਇੱਕ ਤਰਫ਼ਾ ਮੈਚ ਵਿਚ 9-1 ਨਾਲ ਕਰਾਰੀ ਮਾਤ ਦਿੱਤੀ।

ਅੱਜ ਦੇ ਮੈਚਾਂ ਦੌਰਾਨ ਬਾਈ ਸੁਰਜੀਤ ਸਿੰਘ ਸਾਹਨੇਵਾਲ ਮੁੱਖ ਸੇਵਾਦਾਰ ਗੁਰਦੁਆਰਾ ਮੰਜੀ ਸਾਹਿਬ ਜਰਖੜ, ਮਹਾਂਬੀਰ ਸਿੰਘ ਚੰਡੀਗੜ੍ਹ, ਜਸਪਾਲ ਸਿੰਘ ਪ੍ਰਧਾਨ ਐੱਸਆਈਆਰ ਸੁਸਾਇਟੀ, ਪ੍ਰੋ. ਰਾਜਿੰਦਰ ਸਿੰਘ ਖ਼ਾਲਸਾ ਕਾਲਜ ਲੁਧਿਆਣਾ ਤੋਂ ਇਲਾਵਾ ਬੀਬੀ ਮਨਦੀਪ ਕੌਰ ਸੰਧੂ ਪ੍ਰਧਾਨ ਸਿੱਖ ਸਟੂਡੈਂਟਸ ਵੁਮੈਨ ਵਿੰਗ ਨੇ ਮੁੱਖ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ।

ਇਸ ਮੌਕੇ ਸੁਰਜੀਤ ਸਿੰਘ ਲਤਾਲਾ, ਜਗਰੂਪ ਸਿੰਘ ਜਰਖੜ, ਖੇਡ ਲੇਖਕ ਅਮਰੀਕ ਸਿੰਘ ਭਾਗੋਵਾਲੀਆ, ਜਸਵੀਰ ਸਿੰਘ ਪ੍ਰਧਾਨ ਸਿੱਖ ਸਪੋਰਟਸ ਕੌਂਸਲ, ਜਗਦੀਪ ਸਿੰਘ ਸੀਰੋਂ ਕਲਾਂ, ਹਰਜੀਤ ਸਿੰਘ ਸੀਰੋਂ ਕਲਾਂ, ਹਰਮਿੰਦਰ ਪਾਲ ਸਿੰਘ, ਗੁਰਸਤਿੰਦਰ ਸਿੰਘ ਪ੍ਰਗਟ, ਰਜਨੀਸ਼ ਸਿੰਘ ਚੰਡੀਗੜ੍ਹ, ਗੁਰਦੀਪ ਸਿੰਘ ਕਿਲ੍ਹਾ ਰਾਏਪੁਰ, ਪ੍ਰੇਮ ਸਿੰਘ ਰਾਮਪੁਰ, ਤੇਜਿੰਦਰ ਸਿੰਘ ਲਾਡੀ, ਗੁਰਮਿੰਦਰ ਸਿੰਘ, ਰਵਨੀਤ ਸਿੰਘ ਜੰਗੀ ਚੰਡੀਗੜ੍ਹ ਤੋਂ ਇਲਾਵਾ ਹੋਰ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।

ਭਲਕੇ 4 ਦਸੰਬਰ ਨੂੰ ਲੀਗ ਦੌਰ ਦੇ ਆਖਰੀ ਚਾਰ ਮੈਚ ਖੇਡੇ ਜਾਣਗੇ, ਜਿਨ੍ਹਾਂ ਵਿਚ ਚੰਡੀਗੜ੍ਹ ਅਕੈਡਮੀ ਬਨਾਮ ਕਿਲ੍ਹਾ ਰਾਏਪੁਰ 2 ਵਜੇ, ਐੱਸਜੀਪੀਸੀ ਅਕੈਡਮੀ ਬਨਾਮ ਐੱਮਬੀਐੱਸ ਅਕੈਡਮੀ ਜੰਮੂ 3 ਵਜੇ, ਜਰਖੜ ਅਕੈਡਮੀ ਅਤੇ ਮੋਹਾਲੀ ਅਕੈਡਮੀ ਵਿਚਕਾਰ 4 ਵਜੇ, ਬਾਬਾ ਫ਼ਰੀਦ ਅਕੈਡਮੀ ਫ਼ਰੀਦਕੋਟ ਬਨਾਮ ਖਡੂਰ ਸਾਹਿਬ ਅਕੈਡਮੀ 5 ਵਜੇ ਮੈਚ ਹੋਵੇਗਾ।

Share Button

Leave a Reply

Your email address will not be published. Required fields are marked *