ਪਹਿਲਾ ਕੇਸਾਧਾਰੀ ਸਿੱਖ ਖਿਡਾਰੀ ਹਾਕੀ ਟੂਰਨਾਮੈਂਟ ਜਰਖੜ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸ਼ੁਰੂ

ss1

ਪਹਿਲਾ ਕੇਸਾਧਾਰੀ ਸਿੱਖ ਖਿਡਾਰੀ ਹਾਕੀ ਟੂਰਨਾਮੈਂਟ ਜਰਖੜ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸ਼ੁਰੂ
ਜਰਖੜ ਅਕੈਡਮੀ ਅਤੇ ਪੀਆਈਐੱਸ ਮੋਹਾਲੀ ਵੱਲੋਂ ਜੇਤੂ ਸ਼ੁਰੂਆਤ

ਲੁਧਿਆਣਾ (ਪ੍ਰੀਤੀ ਸ਼ਰਮਾ) ਅੰਤਰਰਾਸ਼ਟਰੀ ਸਿੱਖ ਸਪੋਰਟਸ ਕਾਊਂਸਲ ਵੱਲੋਂ ਜਰਖੜ ਹਾਕੀ ਅਕੈਡਮੀ ਦੇ ਸਹਿਯੋਗ ਨਾਲ ਨੌਂਜਵਾਨ ਖਿਡਾਰੀਆਂ ਨੂੰ ਸਿੱਖੀ ਨਾਲ ਜੋੜਨ ਅਤੇ ਹਾਕੀ ਪ੍ਰਤੀ ਪ੍ਰੇਰਿਤ ਕਰਨ ਦੇ ਇਰਾਦਿਆਂ ਨਾਲ ਪਹਿਲਾ ਕੇਸਾਧਾਰੀ ਸਿੱਖ ਖਿਡਾਰੀ ਅੰਡਰ 19 ਟੂਰਨਾਮੈਂਟ ਅੱਜ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਨੀਲੇ ਰੰਗ ਦੀ ਨਵੀਂ ਐਸਟ੍ਰੋ ਤਰਫ਼ ‘ਤੇ ਧੂਮ ਧੜੱਕੇ ਨਾਲ ਸ਼ੁਰੂ ਹੋਇਆ।
ਇਸ ਟੂਰਨਾਮੈਂਟ ਵਿਚ ਉੱਤਰੀ ਭਾਰਤ ਵਿਚੋਂ ਨਾਮੀ ਅੱਠ ਅਕੈਡਮੀਆਂ ਹਿੱਸਾ ਲੈ ਰਹੀਆਂ ਹਨ। ਜਿਨਾਂ ਵਿਚ ਐੱਮਬੀਐੱਸ ਅਕੈਡਮੀ ਜੰਮੂ ਕਸ਼ਮੀਰ, ਬਾਬਾ ਫਰੀਦ ਅਕੈਡਮੀ ਫਰੀਦਕੋਟ, ਪੀਆਈਐੱਸ ਅਕੈਡਮੀ ਮੋਹਾਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਮਾਤਾ ਸਾਹਿਬ ਕੌਰ ਅਕੈਡਮੀ ਜਰਖੜ, ਬਾਬਾ ਉੱਤਮ ਸਿੰਘ ਅਕਾਦਮੀਖਡੂਰ ਸਾਹਿਬ, ਗਰੇਵਾਲ ਅਕਾਦਮੀ ਕਿਲਾ ਰਾਏਪੁਰ, ਚੰਡੀਗੜ ਅਕੈਡਮੀ 42 ਸੈਕਟਰ ਦੇ ਨਾਂਅ ਸ਼ਾਮਲ ਹਨ।
ਅੱਜ ਬਾਅਦ ਦੁਪਹਿਰ ਇਸ ਟੂਰਨਾਮੈਂਟ ਦਾ ਉਦਘਾਟਨ ਜਥੇਦਾਰ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ ਪੰਜਾਬ ਨੇ ਕੀਤਾ ਜਦੋਂ ਕਿ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਬਾਈ ਸੁਰਜੀਤ ਸਿੰਘ ਸਾਹਨੇਵਾਲ ਮੁੱਖ ਸੇਵਾਦਾਰ ਗੁਰਦੁਆਰਾ ਮੰਜੀ ਸਾਹਿਬ ਜਰਖੜ ਵੱਲੋਂ ਕੀਤੀ ਗਈ। ਇਸ ਮੌਕੇ ਉਨਾਂ ਨੇ ਵੱਖ-ਵੱਖ ਟੀਮਾਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਉਨਾਂ ਬੋਲਦਿਆਂ ਜਥੇਦਾਰ ਗਾਬੜੀਆ ਨੇ ਆਖਿਆ ਕਿ ਸਿੱਖ ਸਪੋਰਟਸ ਕੌਂਸਲ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਅਜਿਹੇ ਉਪਰਾਲਿਆਂ ਨਾਲ ਸਾਡੀ ਨੌਜਵਾਨ ਪੀੜੀ ਜਿੱਥੇ ਨਸ਼ਿਆਂ ਤੋਂ ਦੂਰ ਹੋਵੇਗੀ, ਉਥੇ ਹੀ ਉਹ ਪੰਜਾਬੀਆਂ ਦੇ ਖੂਨ ਵਿਚ ਰਚੀ ਕੌਮੀ ਖੇਡ ਹਾਕੀ ਪ੍ਰਤੀ ਵੀ ਪ੍ਰੇਰਿਤ ਹੋਵੇਗੀ।
ਗਾਬੜੀਆ ਨੇ ਕਿਹਾ ਕਿ ਸਿੱਖਾਂ ਨੇ ਜਿੱਥੇ ਕੁਰਬਾਨੀਆਂ ਭਰਿਆ ਇਤਿਹਾਸ ਸਿਰਜਿਆ ਉਥੇ ਹਾਕੀ ਖੇਡ ਦੇ ਵਿਚ ਵੀ ਇਨਾਂ ਨੇ ਇਤਿਹਾਸ ਸਿਰਜਿਆ। ਇਸ ਮੌਕੇ ਉਨਾਂ ਨੇ ਟੂਰਨਾਮੈਂਟ ਦੇ ਪ੍ਰਬੰਧਕਾਂ ਲਈ 11 ਹਜ਼ਾਰ ਦੀ ਵਿੱਤੀ ਸਹਾਇਤਾ ਦਿੱਤੀ। ਇਸ ਮੌਕੇ ਅਕਾਲ ਸਹਾਏ ਗਤਕਾ ਅਕੈਡਮੀ ਦੇ ਨਿਹੰਗ ਸਿੰਘ ਬੱਚਿਆਂ ਨੇ ਆਪਣੀ ਕਰਤੱਬ ਦਿਖਾ ਕੇ ਸਿੱਖ ਸੱਭਿਆਚਾਰ ਦੀ ਤਸਵੀਰ ਪੇਸ਼ ਕੀਤੀ।
ਇਸ ਮੌਕੇ ਸਿੱਖ ਸਪੋਰਟਸ ਕੌਂਸਲ ਦੇ ਡਾਇਰੈਕਟਰ ਕਰਨੈਲ ਸਿੰਘ ਪੀਰ ਮੁਹੰਮਦ, ਪ੍ਰਧਾਨ ਜਸਵੀਰ ਸਿੰਘ ਮੋਹਾਲੀ, ਅੰਮ੍ਰਿਤਪਾਲ ਸਿੰਘ, ਸਕੱਤਰ ਮਹਾਂਬੀਰ ਸਿੰਘ, ਗੁਰਦੀਪ ਸਿੰਘ, ਮਨਮੋਹਨ ਸਿੰਘ, ਜਗਰੂਪ ਸਿੰਘ ਜਰਖੜ ਡਾਇਰੈਕਟਰ ਜਰਖੜ ਹਾਕੀ ਅਕੈਡਮੀ, ਡਾ. ਜਗਜੀਤ ਸਿੰਘ ਜਰਖੜ, ਸ਼ਿੰਗਾਰਾ ਸਿੰਘ ਜਰਖੜ, ਪਰਮਜੀਤ ਸਿੰਘ ਨੀਟੂ, ਗੁਰਸਿਕੰਦਰ ਸਿੰਘ ਪ੍ਰਗਟ, ਜੀਪੀ ਸਿੰਘ ਮੋਹਾਲੀ, ਸੁਖਦੇਵ ਸਿੰਘ ਖੰਨਾ, ਮਨਦੀਪ ਕੌਰ ਸੰਧੂ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਰਮਨਦੀਪ ਕੌਰ ਪੰਜਾਬੀ ਯੂਨੀਵਰਸਿਟੀ, ਪ੍ਰੋ. ਰਾਜਿੰਦਰ ਸਿੰਘ, ਕਰਮਜੀਤ ਸਿੰਘ ਬੱਗਾ, ਗੁਰਦੀਪ ਸਿੰਘ ਲੀਲ, ਕਰਮਜੀਤ ਸਿੰਘ ਬੱਗਾ, ਬਲਵਿੰਦਰ ਸਿੰਘ ਬਤਾਲਾ, ਬਲਕਾਰ ਸਿੰਘ ਹਾਕੀ ਕੋਚ ਖਡੂਰ ਸਾਹਿਬ ਆਦਿ ਤੋਂ ਇਲਾਵਾ ਹੋਰ ਇਲਾਕੇ ਦੀਆਂ ਸ਼ਖ਼ਸੀਅਤਾਂ ਹਾਜ਼ਰ ਸਨ।
ਅੱਜ ਦੇ ਉਦਘਾਟਨੀ ਮੈਚ ਵਿਚ ਮੋਹਾਲੀ ਅਕੈਡਮੀ ਨੇ ਐੱਮਬੀਐੱਸ ਜੰਮੂ-ਕਸ਼ਮੀਰ ਅਕੈਡਮੀ ਨੂੰ 11-1 ਨਾਲ ਹਰਾਇਆ, ਜਦੋਂ ਕਿ ਦੂਜੇ ਮੈਚ ਵਿਚ ਜਰਖੜ ਅਕੈਡਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅਕੈਡਮੀ ਨੂੰ 5-1 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੱਧੇ ਸਮੇਂ ਤੱਕ ਜੇਤੂ ਟੀਮ 3-0 ਨਾਲ ਅੱਗੇ ਸੀ। ਜੇਤੂ ਟੀਮ ਵੱਲੋਂ ਰਘਬੀਰ ਸਿੰਘ ਨੇ 2, ਮਨਪ੍ਰੀਤ ਸਿੰਘ 2, ਕਰਨਵੀਰ ਸਿੰਘ 1 ਗੋਲ ਕੀਤਾ ਜਦੋਂ ਕਿ ਐੱਸਜੀਪੀਸੀ ਵੱਲੋਂ ਜਗਦੀਪਕ ਸਿੰਘ ਨੇ ਆਖ਼ਰੀ ਵਿਚ ਮਿੰਟ ਵਿਚ ਇੱਕੋ ਹੀ ਗੋਲ ਕੀਤਾ।
3 ਦਸੰਬਰ ਐਤਵਾਰ ਨੂੰ ਚਾਰ ਮੈਚ ਖੇਡੇ ਜਾਣਗੇ, ਜਿਨਾਂ ਵਿਚ ਪਹਿਲਾ ਮੈਚ ਐੱਸਜੀਪੀਸੀ ਅਤੇ ਮੋਹਾਲੀ ਅਕੈਡਮੀ ਵਿਚਕਾਰ 2 ਵਜੇ, ਦੂਜਾ ਮੈਚ ਚੰਡੀਗੜ ਅਕੈਡਮੀ ਅਤੇ ਖਡੂਰ ਸਾਹਿਬ ਵਿਚਕਾਰ 3 ਵਜੇ, ਤੀਜਾ ਮੈਚ ਜਰਖੜ ਅਕੈਡਮੀ ਅਤੇ ਜੰਮੂ-ਕਸ਼ਮੀਰ ਅਕੈਡਮੀ ਵਿਚਕਾਰ 4 ਵਜੇ ਅਤੇ ਚੌਥਾ ਮੈਚ ਕਿਲਾ ਰਾਏਪੁਰ ਅਕੈਡਮੀ ਅਤੇ ਬਾਬਾ ਫ਼ਰੀਦਕੋਟ ਅਕੈਡਮੀ ਵਿਚਕਾਰ 5 ਵਜੇ ਖੇਡਿਆ ਜਾਵੇਗਾ।

Share Button

Leave a Reply

Your email address will not be published. Required fields are marked *