ਪਸ਼ੂ ਪਾਲਣ ਮੇਲਾ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਸੁਨੇਹੇ ਨਾਲ ਹੋਇਆ ਸੰਪੂਰਨ

ss1

ਪਸ਼ੂ ਪਾਲਣ ਮੇਲਾ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਸੁਨੇਹੇ ਨਾਲ ਹੋਇਆ ਸੰਪੂਰਨ

ਲੁਧਿਆਣਾ, (ਪ੍ਰੀਤੀ ਸ਼ਰਮਾ)-ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਲਗਾਇਆ ਗਿਆ ਪਸ਼ੂ ਪਾਲਣ ਮੇਲਾ ਅੱਜ ਪਸ਼ੂ ਪਾਲਣ ਕਿੱਤਿਆਂ ਵਿਚ ਨਵੇਂ ਢੰਗਾਂ, ਤਕਨੀਕਾਂ ਅਤੇ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਸੁਨੇਹੇ ਨਾਲ ਸੰਪੂਰਨ ਹੋ ਗਿਆ। ਮੇਲੇ ਦੇ ਦੂਜੇ ਦਿਨ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਵਧੀਕ ਮਹਾਂਨਿਰਦੇਸ਼ਕ, ਡਾ. ਅਸ਼ੋਕ ਕੁਮਾਰ, ਪੱਛਮੀ ਬੰਗਾਲ ਪਸ਼ੂ ਅਤੇ ਮੱਛੀ ਵਿਗਿਆਨ ਯੂਨੀਵਰਸਿਟੀ ਦੇ ਉਪ-ਕੁਲਪਤੀ, ਪ੍ਰੋ. ਪੁਰਨੇਂਦੂ ਬਿਸਵਾਸ ਅਤੇ ਸ. ਕਾਹਨ ਸਿੰਘ ਪੰਨੂ, ਆਈ.ਏ.ਐਸ, ਚੈਅਰਮੈਨ, ਪੰਜਾਬ ਪ੍ਰਦੂਸ਼ਣ ਕੰਟੋਰਲ ਬੋਰਡ, ਪਤਵੰਤੇ ਮਹਿਮਾਨ ਸਨ। ਡਾ. ਬਲਦੇਵ ਸਿੰਘ ਢਿੱਲੋਂ, ਉਪ-ਕੁਲਪਤੀ, ਪੀ.ਏ.ਯੂ ਅਤੇ ਸ. ਇੰਦਰਜੀਤ ਸਿੰਘ, ਨਿਰਦੇਸ਼ਕ ਡੇਅਰੀ ਵਿਕਾਸ ਵਿਭਾਗ, ਪੰਜਾਬ ਨੇ ਵੀ ਮੇਲੇ ਦੀ ਸੋਭਾ ਵਧਾਈ।
ਡਾ. ਅਮਰਜੀਤ ਸਿੰਘ ਨੰਦਾ, ਉਪ ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਜਿੱਥੇ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ ਉੱਥੇ ਪਸਾਰ ਮਾਧਿਅਮਾਂ ਰਾਹੀਂ ਪਸ਼ੂ ਪਾਲਣ ਧੰਦਿਆਂ ਨੂੰ ਵੀ ਉਤਸਾਹਿਤ ਕਰ ਰਹੀ ਹੈ। ਉਨਾਂ ਕਿਹਾ ਕਿ ਖੇਤੀ ਅਤੇ ਪਸ਼ੂ ਪਾਲਣ ਕਿੱਤਿਆਂ ਵਿੱਚ ਵਿਭਿੰਨਤਾ ਦਾ ਅਰਥ ਪਸ਼ੂ ਪਾਲਣ ਸਬੰਧੀ ਕਿੱਤਿਆਂ ਨੂੰ ਨਵੀਂ ਜੁਗਤ ਅਤੇ ਨਵੇਂ ਮਾਪਦੰਡਾਂ ਨਾਲ ਅਪਣਾ ਕੇ ਇਨਾਂ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣਾ ਹੈ।ਯੂਨੀਵਰਸਿਟੀ ਜਿੱਥੇ ਵੱਧ ਸਰਮਾਏ ਨਾਲ ਕੀਤੇ ਜਾ ਸਕਣ ਵਾਲੇ ਵਪਾਰਕ ਪੱਧਰ ਦੇ ਪਸ਼ੂ ਪਾਲਣ ਕਿੱਤਿਆਂ ਲਈ ਹਰ ਤਰਾਂ ਦੀ ਜਾਣਕਾਰੀ, ਸਿਖਲਾਈ, ਸੇਵਾ ਤੇ ਸਹੂਲਤਾਂ ਦੇ ਰਹੀ ਹੈ, ਉਥੇ ਯੂਨੀਵਰਸਿਟੀ ਦਾ ਧਿਆਨ ਇਸ ਗੱਲ ਤੇ ਵੀ ਕੇਂਦਰਿਤ ਹੈ ਕਿ ਦਰਮਿਆਨੀ ਤੇ ਨਿਮਨ ਵਰਗ ਦੀ ਕਿਸਾਨੀ ਦੇ ਲੋਕਾਂ ਲਈ ਵੀ ਬਰਾਬਰ ਦੇ ਹੀ ਮੌਕੇ ਉਪਲੱਬਧ ਹੋਣ ਤਾਂ ਜੋ ਉਹ ਆਪਣੇ ਸੀਮਿਤ ਸਾਧਨਾਂ ਤੇ ਪੂੰਜੀ ਨਾਲ ਵੀ ਪਸ਼ੂ ਪਾਲਣ ਧੰਦਿਆਂ ਦਾ ਫਾਇਦਾ ਉਠਾ ਸਕਣ। ਡਾ. ਹਰੀਸ਼ ਕੁਮਾਰ ਵਰਮਾ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਹਿੰਦੀ ਭਾਸ਼ਾ ਵਿਚ ਪੁਸਤਕ ’ਜੂਨੋਸਿਸ’ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਲਂ ਪ੍ਰਕਾਸ਼ਿਤ ਕੀਤੇ ਗਏ ਵਿਭਿੰਨ ਕਿਤਾਬਚੇ ਲੋਕ-ਅਰਪਣ ਕੀਤੇ ਗਏ। ਉਨਾਂ ਦੱਸਿਆ ਕਿ ਸਾਡੇ ਕੁਝ ਵਿਭਾਗ ਤਾਂ ਸਿੱਧੇ ਤੌਰ ’ਤੇ ਪਸ਼ੂ ਪਾਲਣ ਸਬੰਧੀ ਸੇਵਾਵਾਂ ਦਿੰਦੇ ਹਨ ਜਦਕਿ ਕੁਝ ਵਿਭਾਗ ਪਸ਼ੂ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਨਵੇਂ ਉਤਪਾਦ ਤਿਆਰ ਕਰਨ ਸਬੰਧੀ ਦੱਸਦੇ ਹਨ। ਉਨਾਂ ਕਿਹਾ ਕਿ ਇਸ ਤਰਾਂ ਦੇ ਕੰਮਾਂ ਨਾਲ ਘਰ ਬੈਠਿਆਂ ਹੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਇਨਾਂ ਕਿੱਤਿਆਂ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਇਨਾਂ ਨੂੰ ਸੁਆਣੀਆਂ ਵੀ ਆਰਾਮ ਨਾਲ ਕਰ ਸਕਦੀਆਂ ਹਨ ਅਤੇ ਆਪਣੇ ਘਰੇਲੂ ਕੰਮਾਂ ਨੂੰ ਵੀ ਨਾਲ ਨਾਲ ਚਲਾ ਸਕਦੀਆਂ ਹਨ। ਉਨਾਂ ਕਿਹਾ ਕਿ ਸਜਾਵਟੀ ਮੱਛੀਆਂ, ਮੱਛੀਆਂ ਲਈ ਐਕਵੇਰੀਅਮ, ਬੋਤਲ ਬੰਦ ਸੁਗੰਧਿਤ ਦੁੱਧ, ਲੱਸੀ, ਪਨੀਰ, ਮੀਟ ਅਤੇ ਆਂਡਿਆਂ ਦੇ ਆਚਾਰ, ਕੋਫਤੇ, ਪੈਟੀਆਂ, ਬਾਲ ਅਤੇ ਮੱਛੀ ਦੇ ਕੀਮੇ ਤੋਂ ਤਿਆਰ ਕੀਤੀਆਂ ਕਈ ਤਰਾਂ ਦੀਆਂ ਸੁਆਦੀ ਵੰਨਗੀਆਂ ਬਣਾਈਆਂ ਜਾ ਸਕਦੀਆਂ ਹਨ।ਯੂਨੀਵਰਸਿਟੀ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵੱਲੋਂ 30 ਤੋਂ ਵਧੇਰੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ ਗਏ ਸਨ।ਪਸ਼ੂਧਨ ਉਤਪਾਦ ਤੇ ਤਕਨਾਲੋਜੀ ਵਿਭਾਗ ਵੱਲੋਂ ਵੱਖ-ਵੱਖ ਕਿਸਮ ਦੇ ਮੀਟ ਅਤੇ ਆਂਡਿਆਂ ਦੇ 36 ਉਤਪਾਦ ਤਿਆਰ ਕੀਤੇ ਗਏ ਸਨ ਜਦਕਿ ਫ਼ਿਸ਼ਰੀਜ਼ ਕਾਲਜ ਵੱਲੋਂ 10 ਉਤਪਾਦ ਪ੍ਰਦਰਸ਼ਿਤ ਕੀਤੇ ਗਏ ਸਨ।
ਡਾ. ਵਰਮਾ ਨੇ ਕਿਹਾ ਕਿ ਨੌਜਵਾਨ ਉੱਦਮੀ, ਬੱਕਰੀ ਤੇ ਸੂਰ ਪਾਲਣ ਦਾ ਕਿੱਤਾ ਬਹੁਤ ਸੁਚੱਜੇ ਤਰੀਕੇ ਨਾਲ ਕਰ ਸਕਦੇ ਹਨ। ਇਹ ਘੱਟ ਲਾਗਤ ਤੇ ਬਿਹਤਰ ਕਮਾਈ ਵਾਲੇ ਕਿੱਤੇ ਹਨ ਅਤੇ ਇਨਾਂ ਦੇ ਮਾਸ ਦੀ ਬਾਜ਼ਾਰ ਵਿੱਚ ਬਹੁਤ ਮੰਗ ਹੈ। ਡਾ. ਵਰਮਾ ਨੇ ਦੱਸਿਆ ਕਿ ਪਸ਼ੂ ਪਾਲਕ ਇਨਾਂ ਧੰੰਦਿਆਂ ਨੂੰ ਬਿਹਤਰ ਬਨਾਉਣ ਅਤੇ ਵਿਗਿਆਨਕ ਤਕਨੀਕਾਂ ਨੂੰ ਅਪਨਾਉਣ ਵਿੱਚ ਬੇਹਦ ਰੁਚੀ ਜਾਹਿਰ ਕਰ ਰਹੇ ਸਨ। ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗਾਂ ਨੇ ਆਪਣਾ ਗਿਆਨ ਤੇ ਜਾਣਕਾਰੀਆਂ ਪਸ਼ੂ ਪਾਲਕਾਂ ਨੂੰ ਦਿੱਤੀਆਂ।ਪਸ਼ੂ ਆਹਾਰ ਵਿਭਾਗ ਨੇ ਪਸ਼ੂਆਂ ਦੇ ਸੁਚੱਜੇ ਖੁਰਾਕ ਪ੍ਰਬੰਧ ਲਈ ਕਈ ਨਵੀਆਂ ਤਕਨੀਕਾਂ ਜਿਵੇਂ ਬਾਈਪਾਸ ਫੈਟ ਅਤੇ ਬਾਈਪਾਸ ਪ੍ਰੋਟੀਨ ਆਦਿ ਵਿਕਸਿਤ ਕੀਤੀਆਂ ਹਨ। ਪਸ਼ੂ ਆਹਾਰ ਤਿਆਰ ਕਰਨ ਵਾਸਤੇ ਪਸ਼ੂ ਪਾਲਕਾਂ ਨੂੰ ਸੰਤੁਲਿਤ ਮਿਕਦਾਰ ਬਾਰੇ ਦੱਸਿਆ ਗਿਆ। ਪਸ਼ੂ ਪ੍ਰਜਨਣ ਵਿਭਾਗ ਨੇ ਪਸ਼ੂਆਂ ਦੇ ਨਾ ਠਹਿਰਣ, ਵਾਰ ਵਾਰ ਫਿਰ ਜਾਣ ਆਦਿ ਵਰਗੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਨਾਂ ਮੁਸ਼ਕਿਲਾਂ ’ਤੇ ਕਾਬੂ ਪਾਉਣ ਵਾਸਤੇ ਜਾਗਰੂਕ ਕੀਤਾ। ਮਸਨੂਈ ਗਰਭਦਾਨ ਦੇ ਫਾਇਦਿਆਂ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਫਿਸ਼ਰੀਜ ਕਾਲਜ, ਵੱਲੋ ਵੱਖ-ਵੱਖ ਕਿਸਮਾਂ ਦੀਆਂ ਪਾਲਣਯੋਗ ਮੱਛੀਆਂ ਜਿਵੇਂ ਕਿ ਕਾਰਪ ਮੱਛੀ, ਕੈਟ ਮੱਛੀ, ਝੀਂਗਾ ਮੱਛੀ ਅਤੇ ਸਜਾਵਟੀ ਮੱਛੀਆਂ ਦੀ ਪ੍ਰਦਰਸ਼ਨੀ ਲਗਾਈ ਗਈ। ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵੱਲੋਂ ਦੁੱਧ ਦੀ ਗੁਣਵੱਤਾ ਵਧਾ ਕੇ ਮਿੱਠੀ ਤੇ ਨਮਕੀਨ ਲੱਸੀ, ਦੁੱਧ, ਪਨੀਰ, ਬਰਫੀ ਤੇ ਹੋਰ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ।ਪਸ਼ੂ ਉਤਪਾਦ ਤਕਨਾਲੋਜੀ ਵਿਭਾਗ ਵੱਲੋਂ ਮੀਟ ਦੇ ਉਤਪਾਦ ਤਿਆਰ ਕੀਤੇ ਗਏ। ਯੂਨੀਵਰਸਿਟੀ ਦੇ ਜਨਤਕ ਸਿਹਤ ਵਿਭਾਗ ਨੇ ਲੋਕਾਂ ਨੂੰ ਅਤੇ ਪਾਲਤੂ ਜਾਨਵਰ ਰੱਖਣ ਵਾਲੇ ਮਾਲਕਾਂ ਨੂੰ ਪਸ਼ੂਆਂ ਤੋਂ ਜਾਨਵਰਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਬਾਰੇ ਆਗਾਹ ਕੀਤਾ। ਪਸ਼ੂਆਂ ਦੀ ਸਿਹਤ ਸਮੱਸਿਆਵਾਂ ਲਈ ਕੰਮ ਕਰਦੇ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਦੇ ਮਾਹਿਰਾਂ ਨੇ ਪਸ਼ੂ ਪਾਲਕਾਂ ਨੂੰ ਦੱਸਿਆ ਕਿ ਉਹ ਕਿਸੇ ਵੀ ਤਰਾਂ ਦੀ ਸਕੈਨਿੰਗ, ਅਪਰੇਸ਼ਨ ਸਬੰਧੀ, ਕਲੀਨੀਕਲ ਜਾਂ ਦਵਾਈ ਸਬੰਧੀ ਜਾਂਚ ਕਰਵਾ ਸਕਦੇ ਹਨ। ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ‘ਡੇਅਰੀ ਫਾਰਮਿੰਗ’, ‘‘ਪਸ਼ੂਆਂ ਦੀਆਂ ਸਿਹਤ ਸੰਭਾਲ ਅਤੇ ਪਾਲਣ ਸਬੰਧੀ ਸਿਫਾਰਿਸ਼ਾਂ’, ਮਹੀਨੇਵਾਰ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’, ਯੂਨੀਵਰਸਿਟੀ ਡਾਇਰੀ ਅਤੇ ਪਸ਼ੂ ਖੁਰਾਕ ਕੈਲੰਡਰ ਅਤੇ ਕੱਟਿਆਂ ਵੱਛਿਆਂ ਦੀ ਦੇਖਭਾਲ ਸੰਬੰਧੀ ਕੈਲੰਡਰ ਬਾਰੇ ਪਸ਼ੂ ਪਾਲਕਾਂ ਨੇ ਵਿਸ਼ੇਸ਼ ਰੁਚੀ ਵਿਖਾਈ।ਵੱਡੀ ਤਾਦਾਦ ਵਿੱਚ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਪਸ਼ੂ ਪਾਲਕ ਆਪਣਾ ਗਿਆਨ ਵਧਾਉਣ ਲਈ ਲੈ ਕੇ ਗਏ ਜਦਕਿ ਕਾਫੀ ਪਸ਼ੂ ਪਾਲਕਾਂ ਨੇ ‘ਵਿਗਿਆਨਕ ਪਸ਼ੂ ਪਾਲਣ’ ਰਸਾਲੇ ਲਈ ਚੰਦਾ ਜਮਾਂ ਕਰਾਇਆ।ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗਾਂ, ਦਵਾਈਆਂ, ਮਸ਼ੀਨਰੀ, ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮਹਿਕਮਿਆਂ ਤੇ ਯੂਨੀਵਰਸਿਟੀ ਨਾਲ ਜੁੜ ਕੇ ਕੰਮ ਕਰ ਰਹੀਆਂ ਜੱਥੇਬੰਦੀਆਂ ਦੇ 100 ਤੋਂ ਵਧੇਰੇ ਸਟਾਲ ਲੱਗੇ ਹੋਏ ਸਨ। ਇਨਾਂ ਸਟਾਲਾਂ ਵਿੱਚੋਂ ਉਦਯੋਗਿਕ ਸ਼੍ਰੇਣੀ ਵਿਚ ਪੰਜਾਬ ਡੇਅਰੀ ਵਿਕਾਸ ਬੋਰਡ ਨੂੰ ਪਹਿਲਾ, ਬਾਣੀ ਮਿਲਕ ਪ੍ਰਾਡਕਟਸ ਅਤੇ ਗੋਦਰੇਜ਼ ਐਗਰੋ ਵੈਟ ਦੋਵਾਂ ਨੂੰ ਦੂਸਰਾ ਅਤੇ ਗੁਡਵਿਲ ਹਾਈਬ੍ਰਿਡ ਸੀਡਜ਼, ਕਾਂਸਲ ਐਗਰੋ ਫੀਡ ਅਤੇ ਮੈਨਕਾਈਂਡ ਫਾਰਮਾ ਤਿੰਨਾਂ ਨੂੰ ਤੀਜਾ ਇਨਾਮ ਤੇ ਪ੍ਰਮਾਣ ਪੱਤਰ ਦੇ ਕੇ ਨਿਵਾਜਿਆ ਗਿਆ। ਯੂਨੀਵਰਸਿਟੀ ਸ਼੍ਰੇਣੀ ਵਿਚ ਪਥਾਲੋਜੀ ਵਿਭਾਗ ਨੂੰ ਪਹਿਲਾ, ਵੈਟਨਰੀ ਹਸਪਤਾਲ ਅਤੇ ਕਾਲਜ ਆਫ ਡੇਅਰੀ ਸਾਇੰਸ ਤੇ ਤਕਨਾਲੋਜੀ ਨੂੰ ਦੂਜਾ, ਖੇਤਰੀ ਖੋਜ ਕੇਂਦਰ ਤਲਵਾੜਾ, ਕੇ.ਵੀ.ਕੇ, ਮੋਹਾਲੀ ਅਤੇ ਫਾਰਮਾਕੋਲੋਜੀ ਵਿਭਾਗ ਨੂੰ ਤੀਸਰਾ ਇਨਾਮ ਪ੍ਰਾਪਤ ਹੋਇਆ। ਯੂਨੀਵਰਸਿਟੀ ਦੀ ਦੇਖ ਰੇਖ ਵਿੱਚ ਕੰਮ ਕਰ ਰਹੀਆਂ ਪਸ਼ੂ ਪਾਲਣ ਕਿੱਤਿਆਂ ਦੀਆਂ ਐਸੋਸੀਏਸ਼ਨਾਂ ਦੇ ਮੈਂਬਰ ਬਣਨ ਵਿੱਚ ਵੀ ਪਸ਼ੂ ਪਾਲਕਾਂ ਨੇ ਆਪਣੀ ਚੰਗੀ ਰੁਚੀ ਵਿਖਾਈ।

Share Button

Leave a Reply

Your email address will not be published. Required fields are marked *