Sat. Sep 21st, 2019

ਪਰਿਵਾਰ ਬਿਨਾਂ ਜੀਵਨ ਦੀ ਹਰ ਖੁਸ਼ੀ ਅਧੂਰੀ

ਪਰਿਵਾਰ ਬਿਨਾਂ ਜੀਵਨ ਦੀ ਹਰ ਖੁਸ਼ੀ ਅਧੂਰੀ

ਪਰਿਵਾਰ ਸਮਾਜ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ ਕਿਉਂਕਿ ਪਰਿਵਾਰ ਅੰਦਰ ਇੱਕ ਛੋਟਾ ਸਮਾਜ ਵਸਦਾ ਹੁੰਦਾ ਹੈ।ਖੂਨ ਦੇ ਰਿਸ਼ਤਿਆਂ ਨਾਲ ਜੁਡ਼ੇ ਇੱਕੋ ਘਰ ਦੇ ਵੱਖ ਵੱਖ ਮੈਂਬਰ ਜਦੋਂ ਇੱਕੋ ਘਰ ਵਿੱਚ ਇਕੱਠੇ ਰਹਿੰਦੇ ਹਨ ਤਾਂ ਉਸਨੂੰ ਪਰਿਵਾਰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਹਰ ਵਿਅਕਤੀ ਦਾ ਕੋਈ ਨਾ ਕੋਈ ਪਰਿਵਾਰ ਜਰੂਰ ਹੁੰਦਾ ਹੈ
ਸੰਨ 1994 ਵਿਚ ਸੰਯੁਕਤ ਰਾਸ਼ਟਰ ਅਮਰੀਕਾ ਨੇ 15 ਮਈ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵਿਸਵ ਪਰਿਵਾਰ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦੀ ਘੋਸ਼ਣਾ ਕੀਤੀ ਜਿਸਦਾ ਮੁੱਖ ਮਕਸਦ ਇਹ ਸੀ ਕਿ ਲੋਕ ਪਰਿਵਾਰ ਦੀ ਅਹਿਮੀਅਤ ਨੂੰ ਸਮਝਣ
ਉਦੋਂ ਤੋਂ ਹੀ ਹਰ ਸਾਲ 15 ਮਈ ਨੂੰ ਅੰਤਰਰਾਸ਼ਟਰੀ ਪੱਧਰ ਤੇ ਵਿਸ਼ਵ ਪਰਿਵਾਰ ਦਿਵਸ ਮਨਾਇਆ ਜਾਂਦਾ ਹੈ।

ਪਰਿਵਾਰ ਦਾ ਮਹੱਤਵ
ਹਰ ਪ੍ਰਾਣੀ ਜੀਵ ਜੰਤੂ ਸਭ ਨੂੰ ਹੀ ਪਰਿਵਾਰ ਵਿੱਚ ਰਹਿਣਾ ਬੜਾ ਭਾਉਂਦਾ ਹੈ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਚਾਹੇ ਬੰਦਾ ਦਿੱਲੀ ਦੱਖਣ ਗਾਹ ਆਵੇ ਪਰ ਜੋ ਸ਼ਾਂਤੀ ਆਪਣੇ ਪਰਿਵਾਰ ਵਿੱਚ ਮਿਲਦੀ ਹੈ ਉਹ ਦੁਨੀਆ ਦੇ ਕਿਸੇ ਕੋਨੇ ‘ਚ ਵੀ ਮਹਿਸੂਸ ਨਹੀਂ ਹੁੰਦੀ। ਇਹ ਕਹਾਵਤ ਬਿਲਕੁਲ ਸੱਚ ਹੈ ਜੋ ਸਹਿਜਤਾ, ਅਪਣਾਪਨ ਅਸੀਂ ਆਪਣੇ ਪਰਿਵਾਰ ਵਿੱਚ ਮਹਿਸੂਸ ਕਰਦੇ ਹਾਂ, ਉਹ ਹੋਰ ਕਿਤੋਂ ਨਹੀਂ ਮਿਲ ਸਕਦਾ। ਪਰਿਵਾਰ ਵਿੱਚ ਰਹਿੰਦਿਆਂ ਇਨਸਾਨ ਬਹੁਤ ਸਾਰੇ ਸੰਸਕਾਰ ਸਿਖਦਾ ਹੈ ਜੋ ਉਸਦੇ ਚਰਿੱਤਰ ਦਾ ਨਿਰਮਾਣ ਕਰਨ ਦੇ ਨਾਲ -ਨਾਲ ਉਸਨੂੰ ਨਿਮਰਤਾ, ਇੱਕ ਦੂਜੇ ਦੀ ਸਹਾਇਤਾ ਕਰਨਾ, ਸਭ ਦਾ ਆਦਰ ਕਰਨਾ, ਪਿਆਰ ਦੀ ਭਾਵਨਾ, ਚੰਗਾ ਵਤੀਰਾ, ਵਾਤਾਵਰਨ ਅਨੁਸਾਰ ਢਲਣਾ ਆਦਿ ਜਿਹੇ ਗੁਣ ਸਿਖਦਾ ਹੈ।
ਜੀਵਨ ਦੀਆਂ ਖੁਸ਼ੀਆਂ ਪਰਿਵਾਰ ਬਿਨਾਂ ਅਧੂਰੀਆਂ ਜਾਪਦੀਆਂ ਹਨ ਅਤੇ ਦੁੱਖ ਦੂਣ ਸਵਾਏ ਲਗਦੇ ਹਨ।

ਕੁੱਝ ਵਰ੍ਹੇ ਪਹਿਲਾਂ ਪਰਿਵਾਰ ਦਾ ਰੂਪ
ਜੇਕਰ ਪਿਛਲੇ ਸਮੇਂ ਵਿੱਚ ਝਾਤ ਮਾਰੀਏ ਤਾਂ ਇਕ ਪਰਿਵਾਰ ਵਿੱਚ ਦਾਦਾ- ਦਾਦੀ, ਚਾਚਾ-ਚਾਚੀ, ਤਾਇਆ- ਤਾਈ, ਮਾਤਾ- ਪਿਤਾ, ਬੱਚੇ ਆਦਿ ਇਕੱਠੇ ਰਹਿੰਦੇ ਸਨ। ਸਾਰੇ ਭੈਣ ਭਾਈ ਬਿਨਾਂ ਕਿਸੇ ਭੇਦ -ਭਾਵ ਦੇ ਆਪਸ ‘ਚ ਪਿਆਰ ਨਾਲ ਰਹਿੰਦੇ ਸਨ। ਬੱਚੇ ਦਾਦਾ -ਦਾਦੀ ਜਾਂ ਪਰਿਵਾਰ ਦੇ ਹੋਰ ਵੱਡਿਆਂ ਤੋੰ ਬਾਤਾਂ ਸੁਣਦੇ, ਉਹਨਾਂ ਕੋਲ ਬੈਠ ਕੇ ਪਾਠ ਕਰਦੇ ਅਤੇ ਕੁਦਰਤੀ ਖੇਡਾਂ ਖੇਡਦੇ।ਜਿਸ ਕਾਰਨ ਬੱਚੇ ਸੰਭਾਲਣ ਵਾਲੀ ਵੀ ਕੋਈ ਸਮੱਸਿਆ ਨਹੀਂ ਸੀ ਆਉਂਦੀ। ਹਰ ਚੰਗੇ ਗੁਣ ਦਾ ਵਿਕਾਸ ਪਰਿਵਾਰ ਵਿੱਚ ਰਹਿ ਕੇ ਹੁੰਦਾ। ਘਰ ਦੀ ਸਾਰੀ ਆਰਥਿਕ ਜਿੰਮੇਵਾਰੀ ਘਰ ਦੇ ਮੁਖੀਆ ਦੇ ਹੱਥ ਵਿੱਚ ਹੁੰਦੀ ਅਤੇ ਪੂਰੇ ਘਰ ਦੀ ਸਥਿਤੀ ਸਹੀ ਰੂਪ ‘ਚ ਚਲਦੀ ਰਹਿੰਦੀ। ਸਾਰੇ ਵੱਡਿਆਂ ਦਾ ਆਦਰ ਕਰਦੇ ਅਤੇ ਪਰਿਵਾਰ ਵਿੱਚ ਸੁਖੀ ਜੀਵਨ ਬਤੀਤ ਕਰਦੇ ਸਨ।

ਅੱਜ ਦੇ ਸਮੇਂ ‘ਚ ਪਰਿਵਾਰ ਦਾ ਰੂਪ
ਅੱਜ ਦੇ ਸਮੇਂ ਵਿੱਚ ਪਰਿਵਾਰ ਦਾ ਰੂਪ ਬਹੁਤ ਹੀ ਛੋਟਾ ਹੋ ਗਿਆ ਹੈ। ਅੱਜ ਪਰਿਵਾਰ ਦਿਨ- ਬ -ਦਿਨ ਟੁੱਟ ਰਹੇ ਹਨ।
ਜਿਸ ਪਰਿਵਾਰ ਵਿੱਚ ਕਿਸੇ ਸਮੇਂ 10 ਜਾਂ ਇਸਤੋਂ ਵੀ ਵੱਧ ਜੀਅ ਹੋਇਆ ਕਰਦੇ ਸਨ। ਅੱਜ ਉਸ ਪਰਿਵਾਰ ਵਿੱਚ ਸਿਰਫ ਮਾਤਾ- ਪਿਤਾ ਅਤੇ ਬੱਚੇ ਹੁੰਦੇ ਹਨ। ਬੱਚੇ ਵੀ ਓਨਾ ਸਮੇਂ ਲਈ ਹੀ ਹੁੰਦੇ ਹਨ, ਜਿਨ੍ਹਾਂ ਸਮਾਂ ਵੱਡੇ ਹੋ ਕੇ ਵਿਆਹੇ ਨਹੀਂ ਜਾਂਦੇ । ਵਿਆਹ ਬਾਅਦ ਉਹ ਆਪਣੇ ਮਾਤਾ- ਪਿਤਾ ਤੋਂ ਅਲੱਗ ਹੋ ਜਾਂਦੇ ਹਨ। ਜਿਸ ਨਾਲ ਪਰਿਵਾਰ ਖਿੰਡ ਜਾਂਦਾ ਹੈ। ਜਿੱਥੇ ਇੱਕ ਪਰਿਵਾਰ ਵਿੱਚ ਇਕੱਠੇ ਵੀ ਰਹਿੰਦੇ ਹਨ ਤਾਂ ਉੱਥੇ ਜਿਆਦਾਤਰ ਪਰਿਵਾਰਾਂ ਵਿੱਚ ਆਪਸੀ ਝਗੜਿਆਂ ਕਾਰਨ ਬੋਲ -ਬਾਣੀ ਬੰਦ ਹੁੰਦੀ ਹੈ। ਮਾਪੇ ਬੱਚਿਆਂ ਨੂੰ ਦਾਦਾ – ਦਾਦੀ ਤੋਂ ਬੁਲਾਉਣ ਤੋਂ ਵਰਜਦੇ ਹਨ। ਅੱਜ ਦੇ ਸਮੇਂ ਵਿੱਚ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ।

ਪਰਿਵਾਰ ਟੁੱਟਣ ਦੇ ਕਾਰਨ
ਮਨੁੱਖ ਜਿਨ੍ਹਾਂ ਅੱਗੇ ਵਧ ਰਿਹਾ ਹੈ ਕਦਰਾਂ- ਕੀਮਤਾਂ ਦੇ ਮਾਮਲੇ ‘ਚ ਉਨਾਂ ਹੀ ਪਛੜ ਰਿਹਾ ਹੈ। ਉਮਰਾਂ ਵਿਚਲਾ ਫਾਸਲਾ ਅਤੇ ਤੇਜ਼ੀ ਨਾਲ ਬਦਲ ਰਿਹਾ ਸਮਾਂ ਪਰਿਵਾਰ ਟੁੱਟਣ ਦਾ ਮੁੱਖ ਕਾਰਨ ਹੈ। ਅੱਜ ਦੀ ਪੜ੍ਹੀ-ਲਿਖੀ ਪੀੜ੍ਹੀ ਵੱਡਿਆਂ ਨੂੰ ਆਪਣੀ ਅਜ਼ਾਦੀ ਦੇ ਰਾਹ ਵਿੱਚ ਰੋੜਾ ਸਮਝਦੀ ਹੈ ਜਿਸ ਕਾਰਨ ਉਹਨਾ ਤੋਂ ਅਲੱਗ ਰਹਿਣਾ ਪਸੰਦ ਕਰਦੀ ਹੈ। ਉਹ ਪਰਿਵਾਰ ਅਨੁਸਾਰ ਚੱਲਣਾ ਨਹੀਂ ਚਾਹੁੰਦੀ। ਸਗੋਂ ਆਪਣੇ ਜੀਵਨ ਦਾ ਹਰ ਫ਼ੈਸਲਾ ਖੁਦ ਕਰਨਾ ਚਾਹੁੰਦੀ ਹੈ ਦਿਨ-ਬ-ਦਿਨ ਵਧ ਰਹੀ ਮਹਿੰਗਾਈ ਵੀ ਇਸਦਾ ਕਾਰਨ ਮੰਨੀ ਜਾਂਦੀ ਹੈ ਕਿਉਂਕਿ ਇੱਕ ਵਿਅਕਤੀ ਇਕੱਲਾ ਘਰ ਦੀ ਜਿੰਮੇਵਾਰੀ ਨਹੀਂ ਉਠਾ ਸਕਦਾ। ਅੱਜ ਕੱਲ੍ਹ ਪਤੀ-ਪਤਨੀ ਦੋਨੋਂ ਨੌਕਰੀ ਕਰਦੇ ਹਨ ਅਤੇ ਬੱਚੇ ਮਹਿੰਗੇ ਸਕੂਲਾਂ ਵਿੱਚ ਪੜ੍ਹਦੇ ਹਨ। ਇਸ ਗੱਲ ਵੱਲ ਧਿਆਨ ਕੋਈ ਨਹੀਂ ਦਿੰਦਾ। ਜਿੰਨ੍ਹੇ ਚੁੱਲ੍ਹੇ ਬਲਣਗੇ ਓਨਾ ਖ਼ਰਚਾ ਵਧੇਗਾ।
ਪਰ ਫਿਰ ਵੀ ਮਹਿੰਗਾਈ ਨੂੰ ਪਰਿਵਾਰ ਟੁੱਟਣ ਦਾ ਕਾਰਨ ਮੰਨਿਆ ਜਾਂਦਾ ਹੈ।

ਪਰਿਵਾਰ ਸਾਂਭਣ ਦੀ ਲੋੜ
ਪਰਿਵਾਰ ਛੋਟੇ ਹੋਣ ਨਾਲ ਮਨੁੱਖ ਮਾਨਸਿਕ ਤੌਰ ‘ਤੇ ਸੁੰਗੜ ਰਿਹਾ ਹੈ। ਛੋਟੇ ਪਰਿਵਾਰਾਂ ‘ਚ ਬੱਚੇ ਕਈ ਪਿਆਰੇ ਰਿਸ਼ਤਿਆਂ ਦਾਦਾ -ਦਾਦੀ, ਚਾਚਾ -ਚਾਚੀ, ਤਾਇਆ-ਤਾਈ ਆਦਿ ਤੋੰ ਵਾਂਝੇ ਰਹਿ ਜਾਂਦੇ ਹਨ। ਜੋ ਸੰਸਕਾਰ, ਸੰਤੁਸ਼ਟੀ ਬੱਚਿਆ ਨੂੰ ਪੂਰੇ ਪਰਿਵਾਰ ਵਿੱਚ ਰਹਿ ਕੇ ਮਿਲਣੀ ਹੁੰਦੀ ਹੈ ਉਹ ਛੋਟੇ ਪਰਿਵਾਰਾਂ ਚ ਨਹੀਂ ਮਿਲਦੀ। ਵੱਡੇ ਪਰਿਵਾਰਾਂ ਵਿੱਚ ਕਦੇ ਬੱਚੇ ਸੰਭਾਲਣ ਵਿਚ ਔਕੜ ਨਹੀਂ ਆਉਂਦੀ। ਬੱਚੇ ਤਾਂ ਦਾਦਾ -ਦਾਦੀ ਨਾਲ ਖੇਡਦੇ ਹੀ ਪਲ ਜਾਂਦੇ ਹਨ। ਪਰਿਵਾਰ ਸਾਨੂੰ ਸੁਰੱਖਿਆ ਦਿੰਦਾ ਹੈ। ਜੇਕਰ ਇਸ ਤਰ੍ਹਾਂ ਹੀ ਪਰਿਵਾਰ ਟੁੱਟਦੇ ਰਹੇ ਤਾਂ ਇੱਕ ਦਿਨ ਅਜਿਹਾ ਆਵੇਗਾ ਕਿ ਮਨੁੱਖ ਪਰਿਵਾਰ ਦੀ ਲੋੜ ਮਹਿਸੂਸ ਕਰੇਗਾ ਤਾਂ ਕਿ ਉਹ ਆਪਣੇ ਜੀਵਨ ਦੇ ਚੰਗੇ ਮਾੜੇ ਪਲ ਉਹਨਾਂ ਨਾਲ ਗੁਜਾਰ ਸਕੇ। ਉਸ ਕੋਲ ਪੈਸਾ, ਦੌਲਤ ਹੋ ਸਕਦਾ ਜੀਵਨ ਦੀ ਹਰ ਖੁਸ਼ੀ ਆ ਜਾਵੇ ਪਰ ਪਰਿਵਾਰ ਨਹੀਂ ਹੋਵੇਗਾ। ਕਿਉਂਕਿ ਇਹ ਕੁਦਰਤ ਵੱਲੋਂ ਵਿਰਾਸਤੀ ਰੂਪ ਵਿੱਚ ਮਿਲਦਾ ਹੈ। ਸੋ ਸਾਨੂੰ ਇਸ ਵਿਰਾਸਤ ਨੂੰ ਸਾਂਭਣ ਦੀ ਲੋੜ ਹੈ ਤਾਂ ਕਿ ਜਦੋਂ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕੋਈ ਨਸੀਹਤ ਦੇਈਏ ਤਾਂ ਉਹ ਆਪਣੇ ‘ਤੇ ਉਂਗਲ ਨਾ ਚੁੱਕੇ।

ਹਰਪ੍ਰੀਤ ਕੌਰ ਘੁੰਨਸ
ਮੋ: 97795-20194

Leave a Reply

Your email address will not be published. Required fields are marked *

%d bloggers like this: