Mon. Jan 20th, 2020

ਪਰਾਲੀ ਵਾਲੇ ਕਣਕ ਦੇ ਖੇਤਾਂ ‘ਚ ਕੀੜਿਆਂ ਦੀ ਸਮੱਸਿਆ ਤੇ ਹੱਲ

ਪਰਾਲੀ ਵਾਲੇ ਕਣਕ ਦੇ ਖੇਤਾਂ ‘ਚ ਕੀੜਿਆਂ ਦੀ ਸਮੱਸਿਆ ਤੇ ਹੱਲ

ਕਣਕ ਹਾੜੀ ਰੁੱਤ ਦੀ ਮੁੱਖ ਫ਼ਸਲ ਹੈ ਅਤੇ ਪੰਜਾਬ ਵਿਚ ਇਸ ਦੀ ਲਗਪਗ 35 ਲੱਖ ਹੈਕਟੇਅਰ ਰਕਬੇ ‘ਚ ਕਾਸ਼ਤ ਕੀਤੀ ਜਾਂਦੀ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਪਿਛਲੇ ਸਾਲ ਵੱਡੇ ਰਕਬੇ ‘ਚ ਕਣਕ ਦੀ ਬਿਜਾਈ ਪਰਾਲੀ ਦੀ ਖੇਤ ਵਿਚ ਹੀ ਸੰਭਾਲ ਕਰ ਕੇ ਕੀਤੀ ਗਈ। ਇਸ ਦੇ ਲਈ ਤਵੀਆਂ, ਉਲਟਾਵੇਂ ਹਲ ਤੇ ਹੈਪੀ ਸੀਡਰ ਆਦਿ ਜ਼ਰੀਏ ਝੋਨੇ ਦੇ ਮੁੱਢਾਂ ਨੂੰ ਖੇਤ ‘ਚ ਖਪਾ ਕੇ ਕਣਕ ਦੀ ਬਿਜਾਈ ਕੀਤੀ ਗਈ। ਜਿਹੜੇ ਕਿਸਾਨ ਇਸ ਢੰਗ ਨਾਲ ਪਿਛਲੇ ਸਮੇਂ ਤੋਂ ਬਿਜਾਈ ਕਰਦੇ ਆ ਰਹੇ ਹਨ, ਉਹ ਵਿਧੀ ‘ਚ ਕੀੜੇ-ਮਕੌੜਿਆਂ ਤੇ ਚੂਹਿਆਂ ਦੀ ਸਮੱਸਿਆ ਤੋਂ ਭਲੀ ਭਾਂਤੀ ਜਾਣੂ ਹਨ। ਪਿਛਲੇ ਸਾਲ ਪਟਿਆਲਾ, ਸੰਗਰੂਰ ਤੇ ਕਪੂਰਥਲਾ ਵਿਚ ਕੁਝ ਥਾਈਂ ਕਣਕ ‘ਚ ਸੈਨਿਕ ਸੁੰਡੀ ਵੀ ਵੇਖਣ ਨੂੰ ਮਿਲੀ। ਇਸ ਤਕਨੀਕ ਨਾਲ ਜੁੜੀਆਂ ਸਮੱਸਿਆਵਾਂ, ਕੀੜਿਆਂ ਦੀ ਪਛਾਣ, ਹਮਲੇ ਦੀਆਂ ਨਿਸ਼ਾਨੀਆਂ ਤੇ ਰੋਕਥਾਮ ਦੇ ਤਰੀਕਿਆਂ ਤੋਂ ਕਿਸਾਨਾਂ ਦਾ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਤੋਂ ਬਚਿਆ ਜਾ ਸਕੇ।

ਸੈਨਿਕ ਸੁੰਡੀ

ਇਹ ਕੀੜਾ ਕਈ ਫ਼ਸਲਾਂ ਦਾ ਨੁਕਸਾਨ ਕਰਦਾ ਹੈ ਤੇ ਕਈ ਵਾਰ ਮਾਰਚ-ਅਪ੍ਰੈਲ ਵਿਚ ਕਣਕ ਦੀ ਫ਼ਸਲ ਉੱਪਰ ਇਸ ਦਾ ਹਮਲਾ ਵੇਖਣ ਨੂੰ ਮਿਲਦਾ ਹੈ ਪਰ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਵੀ ਇਸ ਦਾ ਹਮਲਾ ਵੇਖਿਆ ਗਿਆ। ਇਸ ਦੀ ਨਵੀਂ ਜੰਮੀ ਸੁੰਡੀ ਪੱਤੇ ਖਾਂਦੀ ਹੈ ਜਦਕਿ ਵੱਡੀਆਂ ਸੁੰਡੀਆਂ ਪੱਤੇ, ਕਸੀਰ ਤੇ ਸਿੱਟਿਆਂ ਉੱਪਰ ਹਮਲਾ ਕਰਦੀਆਂ ਹਨ। ਦਿਨ ਵੇਲੇ ਇਹ ਸੁੰਡੀ ਕਣਕ ਦੇ ਮੁੱਢਾਂ ਤੇ ਜ਼ਮੀਨ ਦੀਆਂ ਤਰੇੜਾਂ ‘ਚ ਲੁਕੀ ਰਹਿੰਦੀ ਹੈ ਅਤੇ ਸਵੇਰੇ-ਸ਼ਾਮ ਜਾਂ ਰਾਤ ਵੇਲੇ ਹਮਲਾ ਕਰਦੀ ਹੈ। ਇਸ ਦਾ ਹਮਲਾ ਬੂਟਿਆਂ ਹੇਠਾਂ ਪਈਆਂ ਇਸ ਦੀਆਂ ਹਰੀਆਂ ਜਾਂ ਕਾਲੀਆਂ ਮੀਂਗਣਾਂ ਤੇ ਸੁੰਡੀਆਂ ਜ਼ਰੀਏ ਪਛਾਣਿਆ ਜਾ ਸਕਦਾ ਹੈ।

ਸੈਨਿਕ ਸੁੰਡੀ ਤੇ ਗੁਲਾਬੀ ਸੁੰਡੀ ਦਾ ਸਰਵਪੱਖੀ ਕੀਟ ਪ੍ਰਬੰਧ

ਇਨ੍ਹਾਂ ਕੀੜਿਆਂ ਦਾ ਹਮਲਾ ਘੱਟ ਕਰਨ ਲਈ ਕਣਕ ਦੀ ਬਿਜਾਈ 25 ਅਕਤੂਬਰ ਤੋਂ ਬਾਅਦ ਕਰਨੀ ਚਾਹੀਦੀ ਹੈ। ਝੋਨੇ, ਬਾਸਮਤੀ ਜਾਂ ਮੱਕੀ ਆਦਿ ਦੀ ਪਿਛਲੀ ਫ਼ਸਲ ਉੱਪਰ ਇਨ੍ਹਾਂ ਕੀੜਿਆਂ ਦਾ ਸਤੰਬਰ-ਅਕਤੂਬਰ ਮਹੀਨੇ ਵਿਚ ਲਗਾਤਾਰ ਸਰਵੇਖਣ ਕਰੋ ਅਤੇ ਜ਼ਿਆਦਾ ਹਮਲੇ ਵੇਲੇ ਇਨ੍ਹਾਂ ਫ਼ਸਲਾਂ ਉੱਪਰ ਸਿਫ਼ਾਰਸ਼ ਕੀਤੀਆਂ ਗਈਆਂ ਤਕਨੀਕਾਂ ਨਾਲ ਰੋਕਥਾਮ ਕਰੋ

ਤਾਂ ਜੋ ਕਣਕ ਦੀ ਫ਼ਸਲ ਤੇ ਇਨ੍ਹਾਂ ਦੇ ਹਮਲੇ ਤੋਂ ਬਚਿਆ ਜਾ ਸਕੇ। ਹੈਪੀ ਸੀਡਰ ਨਾਲ ਬੀਜੀ ਗਈ ਕਣਕ ਦਾ ਦਸੰਬਰ ਮਹੀਨੇ ਵਿਚ ਲਗਾਤਾਰ ਸਰਵੇਖਣ ਕਰਦੇ ਰਹੋ। ਇਸ ਕੀੜੇ ਦੇ ਪਤੰਗੇ ਦੀ ਆਮਦ ਬਾਰੇ ਜਾਨਣ ਲਈ ਲਾਈਟ ਟਰੈਪ ਜਾਂ ਫਿਰੋਮੋਨ ਟਰੈਪ ਦੀ ਵਰਤੋਂ ਕਰੋ। ਮੱਕੜੀਆਂ ਤੇ ਪੰਛੀਆਂ ਦੀ ਸਾਂਭ ਕਰੋ, ਜੋ ਕਿ ਇਸ ਸੁੰਡੀ ਦਾ ਸ਼ਿਕਾਰ ਕਰਦੇ ਹਨ। ਜ਼ਿਆਦਾ ਹਮਲੇ ਵਾਲੇ ਖੇਤਾਂ ਵਿਚ 400 ਮਿਲੀਲਿਟਰ ਏਕਾਲਕਸ 25 ਈਸੀ (ਕੁਇਨਲਫਾਸ) ਦਾ ਸ਼ਾਮ ਵੇਲੇ ਛਿੜਕਾਅ ਕਰੋ। ਜਿਹੜੇ ਖੇਤਾਂ ‘ਚ ਪਰਾਲੀ ਜ਼ਿਆਦਾ ਹੋਵੇ, ਉੱਥੇ ਕੀਟਨਾਸ਼ਕ ਦਾ ਸਪਰੇਅ ਕਰਨ ਤੋਂ ਬਾਅਦ ਹੀ ਪਾਣੀ ਲਗਾਓ।

ਸਿਉਂਕ

ਪਹਿਲਾਂ ਪਹਿਲ ਸਿਉਂਕ ਦਾ ਹਮਲਾ ਸਿਰਫ਼ ਬਰਾਨੀ ਫ਼ਸਲ ‘ਤੇ ਹੀ ਵੇਖਣ ਨੂੰ ਮਿਲਦਾ ਸੀ ਪਰ ਅਜ ਕੱਲ੍ਹ ਇਹ ਸੇਂਜੂ ਹਾਲਾਤ ‘ਚ ਵੀ ਮਿਲਦਾ ਹੈ। ਆਮ ਤੌਰ ‘ਤੇ ਸਿਉਂਕ ਦਾ ਹਮਲਾ ਫ਼ਸਲ ਉੱਗਣ ਤੋਂ 3-4 ਹਫ਼ਤੇ ਬਾਅਦ ਤੇ ਫਿਰ ਫ਼ਸਲ ਪੱਕਣ ਦੇ ਨੇੜੇ ਹੁੰਦਾ ਹੈ। ਸਿਉਂਕ ਬੂਟੇ ਦੀਆਂ ਜੜ੍ਹਾਂ ਤੇ ਜ਼ਮੀਨ ਹੇਠਲੇ ਹਿੱਸੇ ਨੂੰ ਖਾਂਦੀ ਹੈ। ਹਮਲੇ ਵਾਲਾ ਬੂਟਾ ਮੁਰਝਾ ਕੇ ਸੁੱਕ ਜਾਂਦਾ ਹੈ। ਖੇਤ ‘ਚ ਬੂਟਿਆਂ ਦੀ ਗਿਣਤੀ ਘਟਣ ਕਰਕੇ ਝਾੜ ਘਟ ਜਾਂਦਾ ਹੈ। ਪੱਕਣ ਸਮੇਂ ਹਮਲੇ ਵਾਲੇ ਬੂਟੇ ਦਾ ਸਿੱਟਾ ਸੁੱਕ ਜਾਂਦਾ ਹੈ ਤੇ ਉਸ ‘ਚ ਦਾਣੇ ਨਹੀਂ ਬਣਦੇ। ਬੂਟੇ ਨੂੰ ਹਲਕਾ ਜਿਹਾ ਖਿੱਚਣ ‘ਤੇ ਬੂਟਾ ਬਾਹਰ ਆ ਜਾਂਦਾ ਹੈ। ਸਿਉਂਕ ਦੀ ਰੋਕਥਾਮ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ 1 ਗ੍ਰਾਮ ਕਰੂਜ਼ਰ 70 ਡਬਲਿਊਐੱਸ (ਥਾਇਆਮੈਥੋਕਸਮ) ਜਾਂ 4 ਮਿਲੀਲਿਟਰ ਰੂਬਾਨ ਜਾਂ ਡਰਮਟ ਜਾਂ ਡਰਸਬਾਨ 20 ਈਸੀ (ਕਲੋਰਪਾਇਰੀਫਾਸ) ਜਾਂ 2 ਮਿਲੀਲਿਟਰ ਨਿਓਨਿਕਸ ਨਾਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਨਿਓਨਿਕਸ ਨਾਲ ਸੋਧੇ ਹੋਏ ਬੀਜ ਨੂੰ ਕਾਂਗਿਆਰੀ ਵੀ ਨਹੀਂ ਲਗਦੀ। ਸੋਧੇ ਹੋਏ ਬੀਜ ਦਾ ਉੱਗਣ ਸਮੇਂ ਪੰਛੀ ਵੀ ਘੱਟ ਨੁਕਸਾਨ ਕਰਦੇ ਹਨ।

ਚੇਪਾ

ਚੇਪਾ ਫ਼ਸਲ ਦੇ ਪੱਤਿਆਂ ਅਤੇ ਸਿੱਟਿਆਂ ਵਿੱਚੋਂ ਰਸ ਚੂਸਦਾ ਹੈ। ਚੇਪੇ ਦਾ ਹਮਲਾ ਜ਼ਿਆਦਾ ਹੋਣ ‘ਤੇ ਫ਼ਸਲ ਪੀਲੀ ਪੈ ਜਾਂਦੀ ਹੈ ਤੇ ਪੱਤੇ ਕਾਲੇ ਹੋ ਜਾਂਦੇ ਹਨ। ਜਦੋਂ ਚੇਪੇ ਦਾ ਹਮਲਾ ਸਿੱਟਿਆਂ ਉੱਪਰ ਹੋਵੇ ਤਾਂ ਦਾਣੇ ਦਾ ਆਕਾਰ ਵਿਗੜ ਜਾਂਦਾ ਹੈ ਤੇ ਦਾਣੇ ਬਰੀਕ ਰਹਿ ਜਾਂਦੇ ਹਨ। ਬਹੁਤ ਵਾਰੀ ਇਹ ਹਲਕੇ ਦਾਣੇ ਥਰੈਸ਼ਰ ਨਾਲ ਕਣਕ ਕੱਢਣ ਵੇਲੇ ਤੂੜੀ ਵਿਚ ਚਲੇ ਜਾਂਦੇ ਹਨ ਤੇ ਝਾੜ ਘਟ ਜਾਂਦਾ ਹੈ। ਫਰਵਰੀ-ਮਾਰਚ ਵਿਚ ਬੱਦਲਵਾਈ ਵਾਲਾ ਮੌਸਮ ਇਸ ਦੇ ਹਮਲੇ ‘ਚ ਵਾਧੇ ਲਈ ਢੁੱਕਵਾਂ ਹੁੰਦਾ ਹੈ। ਕਣਕ ਉੱਪਰ ਚੇਪੇ ਦਾ ਹਮਲਾ ਪਹਿਲਾਂ ਖੇਤਾਂ ਦੇ ਬੰਨਿਆਂ ਤੋਂ ਸ਼ੁਰੂ ਹੁੰਦਾ ਹੈ, ਖ਼ਾਸ ਕਰਕੇ ਜਿਸ ਪਾਸੇ ਸਫ਼ੈਦਾ ਜਾਂ ਹੋਰ ਦਰੱਖ਼ਤ ਲਗਾਏ ਗਏ ਹੋਣ।

ਚੇਪੇ ਦੀ ਰੋਕਥਾਮ ਲਈ 20 ਗ੍ਰਾਮ ਐਕਟਾਰਾ/ਤਾਈਓ (ਥਾਇਆਮੈਥੋਕਸਮ 25 ਡਬਲਿਊਜੀ) ਨੂੰ 100 ਲਿਟਰ ਪਾਣੀ ‘ਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਇੰਜਨ ਵਾਲੇ ਪੰਪ ਲਈ ਪਾਣੀ ਦੀ ਮਾਤਰਾ 30 ਲੀਟਰ ਰੱਖੋ।

ਚੇਪੇ ਦੀ ਰੋਕਥਾਮ ਲਈ ਛਿੜਕਾਅ ਸਿਰਫ਼ ਉਸ ਵੇਲੇ ਕਰੋ ਜਦੋਂ ਇਕ ਸਿੱਟੇ ਉੱਪਰ ਘੱਟੋ-ਘੱਟ 5 ਚੇਪੇ ਹੋਣ। ਇਸ ਲਈ ਇਕ ਏਕੜ ਖੇਤ ਨੂੰ ਚਾਰ ਹਿੱਸਿਆਂ ‘ਚ ਵੰਡ ਕੇ ਹਰ ਹਿੱਸੇ ਵਿਚ 10 ਬੂਟਿਆਂ ਉੱਪਰ ਚੇਪਾ ਵੇਖੋ। ਜੇ ਖੇਤ ਵਿਚ ਮਿੱਤਰ ਕੀੜੇ ਹੋਣ ਅਤੇ ਚੇਪਿਆਂ ਦੀ ਗਿਣਤੀ 5 ਤੋ ਘੱਟ ਹੋਵੇ ਤਾਂ ਛਿੜਕਾਅ ਨਾ ਕਰੋ। ਕਿਸਾਨ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਤੇ ਫ਼ਸਲ ਉੱਪਰ ਕੀੜੇ ਹੋਣ ‘ਤੇ ਹੀ ਕੀਟਨਾਸ਼ਕਾਂ ਦੀ ਵਰਤੋਂ ਕਰੋ। ਕੀੜਿਆਂ ਤੋਂ ਇਲਾਵਾ ਪਰਾਲੀ ਵਾਲੇ ਖੇਤਾਂ ‘ਚ ਚੂਹਿਆਂ ਦੀ ਆਮਦ ਬਾਰੇ ਵੀ ਸੁਚੇਤ ਰਹਿਣ ਦੀ ਲੋੜ ਹੈ।

ਤਣੇ ਦੀ ਗੁਲਾਬੀ ਸੁੰਡੀ

ਮੁੱਖ ਤੌਰ ‘ਤੇ ਇਹ ਝੋਨੇ ਦਾ ਕੀੜਾ ਹੈ ਪਰ ਕੁਝ ਸਮੇਂ ਤੋਂ ਇਹ ਕੀੜਾ ਕਣਕ ਦੀ ਫ਼ਸਲ ਉੱਪਰ ਵੀ ਵੇਖਣ ਨੂੰ ਮਿਲ ਰਿਹਾ ਹੈ। ਝੋਨੇ ਤੇ ਕਣਕ ਤੋਂ ਇਲਾਵਾ ਇਹ ਕੀੜਾ ਮੱਕੀ ਅਤੇ ਕਮਾਦ ਵਿਚ ਵੀ ਹਮਲਾ ਕਰਦਾ ਹੈ। ਕਣਕ ਉੱਪਰ ਇਸ ਦਾ ਹਮਲਾ ਸਭ ਤੋਂ ਵੱਧ 40-50 ਦਿਨਾਂ ਦੀ ਫ਼ਸਲ ‘ਤੇ ਵੇਖਣ ਨੂੰ ਮਿਲਦਾ ਹੈ। ਇਸ ਦੀਆਂ ਸੁੰਡੀਆਂ ਛੋਟੇ ਬੂਟਿਆਂ ਦੇ ਤਣਿਆਂ ‘ਚ ਮੋਰੀਆਂ ਕਰ ਕੇ ਅੰਦਰ ਚਲੀਆਂ ਜਾਂਦੀਆਂ ਹਨ ਤੇ ਤਣੇ ਦਾ ਮਾਦਾ ਖਾਂਦੀਆਂ ਹਨ, ਜਿਸ ਨਾਲ ਬੂਟੇ ਪੀਲੇ ਪੈ ਜਾਂਦੇ ਹਨ ਤੇ ਅਖ਼ੀਰ ਵਿਚ ਮਰ ਜਾਂਦੇ ਹਨ। ਫ਼ਸਲ ਦੇ ਸਿੱਟੇ ਨਿਕਲਣ ਸਮੇਂ ਇਸ ਦੇ ਹਮਲੇ ਨਾਲ ਸਿੱਟੇ ਦਾ ਰੰਗ ਚਿੱਟਾ ਹੋ ਜਾਂਦਾ ਹੈ। ਸਿੱਟਿਆਂ ਵਿਚ ਜਾਂ ਤਾਂ ਦਾਣੇ ਬਣਦੇ ਹੀ ਨਹੀਂ, ਜੇ ਬਣਦੇ ਵੀ ਹਨ ਤਾਂ ਬਹੁਤ ਬਰੀਕ ਰਹਿ ਜਾਂਦੇ ਹਨ। ਜਨਵਰੀ ਮਹੀਨੇ ਵਿਚ ਘੱਟ ਤਾਪਮਾਨ ਕਾਰਨ ਇਸ ਸੁੰਡੀ ਦਾ ਵੱਧਣਾ ਰੁਕ ਜਾਂਦਾ ਹੈ।

– ਬੇਅੰਤ ਸਿੰਘ,

ਕਮਲਜੀਤ ਸਿੰਘ ਸੂਰੀ

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: