ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Aug 8th, 2020

ਪਰਜਾਤੰਤਰ ਮਤਲਬ ਹਰ ਕੰਮ ਸਦਨ ਦੀ ਮੰਜ਼ੂਰੀ ਨਾਲ ਹੋਵੇ

ਪਰਜਾਤੰਤਰ ਮਤਲਬ ਹਰ ਕੰਮ ਸਦਨ ਦੀ ਮੰਜ਼ੂਰੀ ਨਾਲ ਹੋਵੇ

ਦਲੀਪ ਸਿੰਘ ਵਾਸਨ, ਐਡਵੋਕੇਟ

ਪਰਜਾਤੰਤਰ ਦੀ ਪ੍ਰਭਾਸ਼ਾ ਜੋ ਮਰਜ਼ੀ ਹੈ ਬਣਾਈ ਜਾਓ, ਪਰਜਾਤੰਤਰ ਦਾ ਮਤਲਬ ਇਹੀ ਨਿਕਲਦਾ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਰ ਸਮੱਸਿਆ ਉਤੇ ਪਹਿਲਾਂ ਵਿਚਾਰ ਕਰਨ ਅਤੇ ਫਿਰ ਆਪਣੀ ਪੂਰੀ ਲਿਆਕਤ ਲਗਾ ਕੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਪਾ ਕੇ ਮਤਾ ਪਾਸ ਕਰ ਦੇਣ ਜਾਂ ਨਾਮੰਜ਼ੂਰ ਕਰ ਦੇਣ। ਉਸ ਬਾਅਦ ਹੀ ਪਾਸ ਕੀਤੀ ਗਈ ਸਕੀਮ ਨੂੰ ਕਾਨੂੰਨ ਬਣਾਇਆ ਜਾਵੇ ਅਤੇ ਲਾਗੂ ਕੀਤਾ ਜਾਵੇ। ਅਰਥਾਤ ਸਾਡੇ ਮੁਲਕ ਵਿੱਚ ਇਹ ਜਿਹੜੀਆਂ ਵੀ ਸਕੀਮਾਂ ਬਣਾਈਆਂ ਜਾਂਦੀਆਂ ਹਨ ਜਾਂ ਲਾਗੂ ਕੀਤੀਆਂ ਜਾਂਦੀਆਂ ਹਨ ਅਤੇ ਸਦਨ ਵਿੱਚ ਲਿਆਂਦੀਆਂ ਹੀ ਨਹੀਂ ਜਾਂਦੀਆਂ ਜਾਂ ਬਾਅਦ ਵਿੱਚ ਰਸਮੀ ਜਿਹੀ ਕਾਰਵਾਈ ਕਰਕੇ ਪੱਕੀਆਂ ਕਰ ਦਿਤੀਆਂ ਜਾਂਦੀਆਂ ਹਨ, ਇਹ ਤਰੀਕਾ ਗ਼ਲਤ ਵੀ ਹੈ ਅਤੇ ਪਰਜਾਤੰਤਰ ਦੀ ਪਰਿਭਾਸ਼ਾ ਦੇ ਘੇਰੇ ਵਿੱਚ ਨਹੀਂ ਆਉਂਦਾ। ਇਹ ਨੁਕਤਾ ਵਿਚਾਰਨ ਵਾਲਾ ਹੈ ਅਤੇ ਪਿਛਲੇ ਸੱਤ ਦਹਾਕਿਆਂ ਵਿੱਚ ਸਾਡੀਆਂ ਸਦਨਾਂ ਨੇ ਕੀ ਕੀ ਕੀਤਾ ਹੈ ਅਤੇ ਸਦਨਾਂ ਦੀ ਮੰਜ਼ੂਰੀ ਬਗ਼ੈਰ ਇਸ ਮੁਲਕ ਵਿੱਚ ਕੀ ਕੀ ਕੀਤਾ ਜਾਂਦਾ ਰਿਹਾ ਹੈ ਉਹ ਸਾਰੀਆਂ ਗੱਲਾਂ ਮੁਲਕ ਦੇ ਲੋਕਾਂ ਨੇ ਵਿਚਾਰਨੀਆਂ ਹਨ। ਅਤੇ ਅਗਰ ਕੁਝ ਗ਼ਲਤੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ ਤਾਂ ਉਨ੍ਹਾਂ ਉਤੇ ਵਿਚਾਰ ਕਰਨੀ ਚਾਹੀਦੀ ਹੈ। ਐਸਾ ਮੁੜ ਨਾਂ ਕੀਤਾ ਜਾਵੇ, ਇਸ ਬਾਰੇ ਵੀ ਸੋਚਣਾ ਹੈ। ਪਰਜਾਤੰਤਰ ਅਪਨਾਉਣ ਦਾ ਅਸੀਂ ਅਗਰ ਐਲਾਨ ਕਰਦੇ ਹਾਂ ਤਾਂ ਫਿਰ ਸਾਨੂੰ ਇਹ ਗੱਲਾਂ ਵੀ ਅਪਨਾਉਣੀਆਂ ਪੈਣਗੀਆਂ ਕਿ ਹਰ ਮਸਲਾ ਸਦਨ ਵਿੱਚ ਲਿਆਂਦਾ ਜਾਵੇ, ਵਿਚਾਰ ਕੀਤੀ ਜਾਵੇ ਅਤੇ ਹਰ ਮਸਲੇ ਨੂੰ ਪਾਸ ਕਰਨ ਜਾਂ ਫੇਲ੍ਹ ਕਰਨ ਲਈ ਸਾਰੇ ਹਾਜ਼ਰ ਵਿਧਾਇਕ ਆਪਣੀ ਸਮਝ ਅਤੇ ਆਪਣੀ ਜ਼ਮੀਰ ਦੀ ਆਵਾਜ਼ ਨਾਲ ਵੋਟਾਂ ਪਾਉਣ ਤਾਂ ਹੀ ਕੋਈ ਸਕੀਮ ਲਾਗੂ ਕੀਤੀ ਜਾਵੇ। ਤਾਂ ਹੀ ਕੋਈ ਕਾਨੂੰਨ ਬਣਾਇਆ ਜਾਵੇ। ਅਗਰ ਵੱਡੇ ਵੱਡੇ ਕੰਮ ਸਦਨ ਵਿੱਚ ਲਿਆਂਦੇ ਬਗੈਰ ਹੀ ਕੋਈ ਵਿਅਕਤੀਵਿਸ਼ੇਸ਼ ਆਪ ਹੀ ਲਾਗੂ ਕਰੀ ਜਾਂਦਾ ਹੈ ਤਾਂ ਉਹ ਗ਼ਲਤ ਹੈ ਅਤੇ ਇਹ ਕਾਰਵਾਈਆਂ ਰੋਕਣੀਆਂ ਬਣਦੀਆਂ ਹਨ। ਸਿਰਫ ਮੰਤਰੀਮੰਡਲ ਹੀ ਸਾਡੀ ਸਦਨ ਨਹੀਂ ਹੈ। ਅਸੀਂ ਸਦਨਾਂ ਦੀਆਂ ਚੋਣਾਂ ਉਤੇ ਅਰਬਾਂ ਖ਼ਰਬਾ ਰੁਪਿਆ ਖ਼ਰਚ ਕਰਦੇ ਹਾਂ ਅਤੇ ਇਹ ਸਦਨਾਂ ਚਲਾਉਣ ਉਤੇ ਵੀ ਵੱਡੀਆਂ ਰਕਮਾਂ ਖ਼ਰਚ ਕੀਤੀਆਂ ਜਾਂਦੀਆਂ ਹਨ। ਅਸੀਂ ਵਿਧਾਇਕਾਂ ਨੂੰ ਤਨਖਾਹ ਵੀ ਦਿੰਦੇ ਹਾਂ ਅਤੇ ਫਿਰ ਪੈਨਸ਼ਨਾਂ ਵੀ ਦਿੰਦੇ ਹਾਂ। ਆਣ-ਜਾਣ ਦਾ ਸਫਰ ਭੱਤਾ ਵੀ ਦਿਤਾ ਜਾਂਦਾ ਹੈ ਅਤੇ ਅਗਰ ਕੋਈ ਵਿਧਾਇਕ ਬਿਮਾਰ ਹੋ ਜਾਂਦਾ ਹੈ ਤਾਂ ਉਹ ਖ਼ਰਚਾ ਵੀ ਲੋਕੀਂ ਦਿੰਦੇ ਹਨ ਅਤੇ ਇਤਨਾ ਖ਼ਰਚਾ ਕਰਕੇ ਵੀ ਅਗਰ ਵਿਧਾਇਕਾਂ ਪਾਸੋੋਂ ਕੋਈ ਕੰਮ ਨਹੀਂ ਲਿਤਾ ਜਾਂਦਾ, ਬਸ ਸਦਨਾਂ ਵਿੱਚ ਬੈਠਕੇ ਹੀ ਵਾਪਸ ਆ ਜਾਂਦੇ ਹਨ। ਕਦੀ ਕੋਈ ਨੁਕਤਾ ਪੇਸ਼ ਨਹੀਂ ਕਰਦੇ, ਕਦੀ ਕਿਸੇ ਬਹਿਸ ਵਿੱਚ ਹਿੱਸਾ ਨਹੀਂ ਲੈਂਦੇ ਅਤੇ ਵੋਟ ਵੀ ਆਪਣੀ ਮਰਜ਼ੀ ਜਾਂ ਲਿਆਕਤ ਨਾਲ ਨਹੀਂ ਪਾਉਂਦੇ ਬਲਕਿ ਕਿਸੇ ਮੁਖੀਆ ਦਾ ਹੁਕਮ ਮੰਨਦੇ ਹਨ ਜਾਂ ਹੁਕਮ ਦੀ ਉਡੀਕ ਕਰਨੀ ਪੈਂਦੀ ਹੈ ਤਾਂ ਫਿਰ ਇਤਨੇ ਵਿਧਾਇਕ ਚੁਣਕੇ ਇਤਨਾ ਖ਼ਰਚਾ ਕਾਸ ਲਈ ਕੀਤੀ ਜਾਂਦਾ ਹੈ। ਇਸ ਅਖੌਤੀ ਪਰਜਾਤੰਤਰ ਉਤੇ ਵਿਚਾਰ ਕੀਤਾ ਜਾਣਾ ਬਣਦਾ ਹੈ ਅਤੇ ਜਿਹੜੀਆਂ ਗਲਤੀਆਂ ਅਸੀਂ ਪਿਛਲੇ ਸਤ ਦਹਾਕਿਆਂ ਵਿੱਚ ਕਰਦੇ ਆਏ ਹਾਂ ਉਹ ਅਸਾਂ ਹੀ ਦੂਰ ਕਰਨੀਆਂ ਹਨ ਕਿਉਂਕਿ ਸਾਡੇ ਵਿਧਾਨ ਮੁਤਾਬਿਕ ਅਸੀਂ ਆਪ ਹੀ ਮੁਲਕ ਦੇ ਮਾਲਕ ਹਾਂ ਅਤੇ ਇਹ ਸਾਰੇ ਵਿਧਾਇਕ ਲੋਕ-ਸੇਵਕ ਹਨ।

ਅੰਗਰੇਜ਼ ਸਾਮਰਾਜੀਆਂ ਨੂੰ ਪਤਾ ਸੀ ਕਿ ਹੁਣ ਹਿੰਦੁਸਤਾਨ ਛੱਡਣਾ ਪਵੇਗਾ ਅਤੇ ਇਸ ਲਈ ਉਨ੍ਹਾਂ ਪਹਿਲਾਂ ਹੀ ਇਸ ਮੁਲਕ ਵਿੱਚ ਚੋਣਾਂ ਕਰਵਾਉਣੀਆਂ ਸ਼ੁਰੂ ਕਰ ਦਿਤੀਆਂ ਸਨ ਅਤੇ ਅੰਗਰੇਜ਼ਾਂ ਦੇ ਵਕਤ ਹੀ ਰਾਜਸੀ ਪਾਰਟੀਆਂ ਵੀ ਹੋਂਦ ਵਿੱਚ ਆ ਗਈਆਂ ਸਨ ਅਤੇ ਜਾਣ ਲਗਿਆ ਉਹ ਰਾਜਸੀ ਲੋਕਾਂ ਹੱਥ ਹੀ ਰਾਜ ਦੇ ਕੇ ਚਲੇ ਗਏ ਸਨ। ਅੰਗਰੇਜ਼ਾਂ ਦੇ ਵਕਤਾਂ ਵਿੱਚ ਵੀ ਰਾਜਸੀ ਲੋਕਾਂ ਲਈ ਕੋਈ ਉਮਰ, ਕੋਈ ਸਿਹਤ, ਕੋਈ ਪਿਛੋਕੜ, ਕੋਈ ਵਿਦਿਆ, ਕੋਈ ਸਿਖਲਾਈ ਆਦਿ ਦੀਆਂ ਸ਼ਰਤਾਂ ਨਹੀਂ ਸਨ ਰਖੀਆਂ ਗਈਆਂ ਅਤੇ ਆਜ਼ਾਦੀ ਬਾਅਦ ਵੀ ਉਹੀ ਸਿਲਸਿਲਾ ਚਲਦਾ ਰਿਹਾ। ਕੁਝ ਵਿਅਕਤੀਵਿਸ਼ੇਸ਼ਾਂ ਨੇ ਇਹ ਰਾਜਸੀ ਪਾਰਟੀਆਂ ਬਣਾ ਲਈਆਂ ਅਤੇ ਇਹ ਚੋਣਾਂ ਉਵੇਂ ਹੀ ਚਲਦੀਆਂ ਰਹੀਆਂ ਜਿਵੇਂ ਦਾ ਸਿਲਸਿਲਾ ਅੰਗਰੇਜ਼ ਬਣਾ ਗਏ ਸਨ। ਕੋਈ ਵੱਡੀ ਤਬਦੀਲੀ ਨਹੀਂ ਲਿਆਂਦੀ ਜਾ ਸਕੀ। ਅਸਲ ਰਾਜ ਪ੍ਰਬੰਧ ਵੀ ਉਵੇਂ ਹੀ ਚਲਦਾ ਰਿਹਾ ਜਿਵੇਂ ਦਾ ਅੰਗਰਜ਼ ਖੜਾ ਕਰ ਗਏ ਸਨ। ਉਹੀ ਵਿਭਾਗ, ਉਹੀ ਲਿਖਤੀ ਕਾਨੂੰਨ, ਉਹੀ ਲਿਖਤੀ ਨਿਯਮਾਂਵਲੀਆਂ, ਉਹੀ ਪੁਲਿਸ, ਉਹੀ ਭਰਤੀ ਦੇ ਤਰੀਕੇ, ਉਹੀ ਅਦਾਲਤਾਂ, ਉਹੀ ਮਿਲਟਰੀ ਅਤੇ ਉਹ ਵਾਲਾ ਰਾਜ ਪ੍ਰਬੰਧ ਹੀ ਚਲਦਾ ਰਿਹਾ ਹੈ ਅਤੇ ਅਜ ਤਕ ਚਲਦਾ ਆ ਰਿਹਾ ਹੈ।

ਇਸ ਮੁਲਕ ਵਿੱਚ ਰਾਜਸੀ ਪਾਰਟੀਆਂ ਕੁਝ ਲੋਕਾਂ ਨੇ ਬੈਠ ਕੇ ਸੋਚ ਕੇ ਨਹੀਂ ਬਣਾਈਆਂ, ਬਲਕਿ ਵਿਅਕਤੀ ਵਿਸ਼ੇਸ਼ਾਂ ਨੇ ਆਪਣੇ ਨਾਲ ਸਾਥੀਆਂ ਦੀ ਭਰਤੀ ਕਰਨ ਦਾ ਸਿਲਸਿਲਾ ਖੜਾ ਕਰ ਲਿੱਤਾ ਹੈ ਅਤੇ ਸਿਰਫ਼ ਉਹ ਆਦਮੀ ਹੀ ਭਰਤੀ ਕੀਤੇ ਜਾਂਦੇ ਹਨ ਜਿਹੜੇ ਆਕਾ ਦੀ ਸਰਦਾਰੀ ਮੰਨਣ ਲਈ ਤਿਆਰ ਹੋਣ ਅਤੇ ਆਪ ਕਦੀ ਵੀ ਮੂੰਹ ਨਾ ਖੋਲ੍ਹਣ। ਇਹੀ ਕਾਰਣ ਹੈ ਸਾਡੀਆਂ ਸਦਨਾਂ ਵਿੱਚ ਸਿਰਫ ਆਕਾ ਹੀ ਬੋਲਦੇ ਹਨ ਅਤੇ ਬਾਕੀਆਂ ਦਾ ਮੂੰਹ ਬੰਦ ਰਖਿਆ ਜਾਂਦਾ ਹੈ। ਇਸ ਮੁਲਕ ਦਾ ਅਗਰ ਪਿਛਲੇ ਸਤ ਦਹਾਕਿਆਂ ਦਾ ਇਤਿਹਾਸ ਫਰੋਲਿਆ ਜਾਵੇ ਤਾਂ ਕਿਸੇ ਨਾ ਕਿਸੇ ਵਿਅਕਤੀਵਿਸ਼ੇਸ਼ ਦਾ ਹੀ ਨਾਮ ਬੋਲਦਾ ਆ ਰਿਹਾ ਹੈ ਅਤੇ ਬਾਕੀ ਕਿਸੇ ਵਿਧਾਇਕ ਜਾਂ ਮੰਤਰੀ ਦਾ ਨਾਮ ਨਹੀਂ ਬੋਲ ਰਿਹਾ। ਪਰਜਾਤੰਤਰ ਵਿੱਚ ਅਗਰ ਵਿਅਕਤੀਵਿਸ਼ੇਸ਼ ਦਾ ਹੀ ਰਾਜ ਚਲਦਾ ਹੈ ਤਾਂ ਇਹ ਪਰਜਾਤੰਤਰ ਨਹੀਂ ਰਹਿੰਦਾ ਬਲਕਿ ਵਿਅਕਤੀਵਿਸ਼ੇਸ਼ ਦੀ ਤਾਨਾਸ਼ਾਹੀ ਹੀ ਬਣ ਜਾਂਦੀ ਹੈ। ਪਰ ਅਜ ਤਕ ਕਿਸੇ ਨੇ ਵੀ ਇਸ ਨੁਕਤੇ ਉਤੇ ਵਿਚਾਰ ਨਹੀਂ ਕੀਤੀ। ਅਸਲ ਵਿੱਚ ਇਹ ਰਾਜਸੀ ਲੋਕਾਂ ਦੀ ਭਰਤੀ ਵੀ ਵਿਅਕਤੀ ਵਿਸ਼ੇਸ਼ ਹੀ ਕਰਦੇ ਰਹੇ ਹਨ ਅਤੇ ਇਹ ਵਿਚਾਰੇ ਆਪਣੇ ਆਕਾ ਉਤੇ ਕਿੰਤੂ ਪ੍ਰੰਤੂ ਕਰ ਹੀ ਨਹੀਂ ਸਕਦੇ ਅਤੇ ਨਾ ਹੀ ਐਸਾ ਕਰਨ ਦੀ ਆਗਿਆ ਹੀ ਦਿੱਤੀ ਜਾਂਦੀ ਹੈ।

ਹੁਣ ਸਵਾਲ ਇਹ ਆ ਬਣਿਆ ਹੈ ਕਿ ਅਸੀਂ ਪਹਿਲਾਂ ਤਾਂ ਇਹ ਵਿਚਾਰੀਏ ਕਿ ਸਦਨਾਂ ਿਵਿੱਚ ਵਿਅਕਤੀਵਿਸ਼ੇਸ਼ ਦੇ ਨਾਮਜ਼ਦ ਕੀਤੇ ਜਾਂਦੇ ਨੁਮਾਇੰਦਿਆਂ ਦੀ ਬਜਾਏ ਲੋਕਾਂ ਦੇ ਨੁਮਾਇੰਕੇ ਕਿਵੇਂ ਖੜੇ ਕੀਤੇ ਜਾਣ ਅਤੇ ਚੁਣੇ ਕਿਵੇਂ ਜਾਣ। ਇਸ ਮੁਸ਼ਕਿਲ ਦਾ ਹਲ ਲਭਣਾ ਅਜ ਮੁਸ਼ਕਿਲ ਵੀ ਹੈ ਅਤੇ ਅਸੰਭਵ ਵੀ ਹੈ। ਇਹ ਵਿਅਕਤੀਵਿਸ਼ੇਸ਼ ਬਹੁਤ ਹੀ ਪਕੀ ਤਰ੍ਹਾਂ ਆ ਗਏ ਹਨ ਅਤੇ ਇਹ ਪਾਰਟੀਆਂ ਵੀ ਬਣ ਚੁਕੀਆਂ ਹਨ। ਇਹ ਵਾਲਾ ਸਿਲਸਿਲਾ ਹੁਣ ਖਤਮ ਨਹੀਂ ਕੀਤਾ ਜਾ ਸਕਦਾ। ਇਸ ਲਈ ਅਜ ਤਾਂ ਸਿਰਫ ਇਹੀ ਕੀਤਾ ਜਾ ਸਕਦਾ ਹੈ ਕਿ ਅਸੀਂ ਸੰਵਿਧਾਨ ਵਿੱਚ ਹੀ ਕੋਈ ਤਰਮੀਮ ਕਰ ਦਈਏ ਤਾਂਕਿ ਹਰ ਮਤਾ ਸਦਨ ਵਿੱਚ ਆਵੇ, ਉਸ ਉਤੇ ਬਾਕਾਹਿਤਾ ਬਹਿਸ ਕੀਤੀ ਜਾਵੇ ਅਤੇ ਫਿਰ ਸਦਨ ਵਿੱਚ ਗੁਪਤ ਵੋਟਾ ਪਾਈਆਂ ਜਾਣ। ਸਦਨ ਵਿੱਚ ਪਾਸ ਕਰਨ ਤੋਂ ਬਗੈਰ ਕੋਈ ਵੀ ਹੁਕਮ ਲਾਗੂ ਨਾ ਕੀਤਾ ਜਾਵੇ। ਅਗਰ ਕਦੀ ਕੋਈ ਐਮਰਜੈਂਸੀ ਵੀ ਆ ਬਣਦੀ ਹੈ ਤਾਂ ਤੁਰੰਤ ਇਜਲਾਸ ਵੀ ਬੁਲਾਇਆ ਜਾ ਸਕਦਾ ਹੈ ਅਤੇ ਰਾਤੀਂ ਵੀ ਸਦਨ ਬੈਠ ਸਕਦੀ ਹੈ। ਹਰ ਵਿਧਾਇਕ 24 ਘੰਟਿਆਂ ਲਈ ਲੋਕਸੇਵਕ ਹੈ ਅਤੇ ਲੋੜ ਪੈਣ ਉਤੇ ਉਸਨੇ ਆਕੇ ਕੰਮ ਕਰਨਾ ਹੁੰਦਾ ਹੈ।

ਹਰ ਵਿਧਾਇਕ ਸਦਨ ਵਿੱਚ ਪਹਿਲੀ ਹਾਜ਼ਰੀ ਵਕਤ ਸੰਵਿਧਾਨ ਦੀ ਕਸਮ ਖਾਂਦਾ ਹੈ ਅਪੇ ਪਾਰਟੀ ਵਿਧਾਨ ਦੀ ਕਸਮ ਨਹੀਂ ਖਾਂਦਾ ਅਤੇ ਇਸ ਕਸਮ ਵਿੱਚ ਇਹ ਵੀ ਲਿਖ ਦਿਤਾ ਜਾਵੇ ਕਿ ਜਦ ਕਦੀ ਵੀ ਉਸਨੇ ਬਮੋਰ ਸਦਨ ਮੈੈਂਂਬਰ ਕੰਮ ਕਰਨਾ ਹੈ ਤਾਂ ਉਸਨੇ ਮੁਲਕ ਦੀ ਸੇਵਾ ਕਰਨ ਲਈ ਹੀ ਕੰਮ ਕਰਨਾ ਹੈ ਅਤੇ ਇਹ ਕਸਮ ਵੀ ਖਾਵੇ ਕਿ ਉਹ ਕਿਸੇ ਦੇ ਦਬਾਉ ਤਲੇ ਆਕੇ ਕੰਮ ਨਹੀਂ ਕਰੇਗਾ ਬਲਕਿ ਹਰ ਵਕਤ ਦੇਸ਼ ਦੇ ਲੋਕਾਂ ਦੇ ਭਲੇ ਲਈ ਹੀ ਕੰਮ ਕਰੇਗਾ ਅਤੇ ਆਪਦੀ ਸਾਰੀ ਲਿਆਕਤ, ਸਿਆਣਪ, ਜ਼ਮੀਰ ਦੀ ਆਵਾਜ਼ ਨਾਲ ਵੋਟ ਪਾਵੇਗਾ ਅਤੇ ਕਿਸੇ ਵੀ ਵਿਅਕਤੀਵਿਸ਼ੇਸ਼ ਦਾ ਹੁਕਮ ਨਹੀਂ ਮਨੇਗਾ। ਸਦਨ ਵਿੱਚ ਆਕੇ ਹਰ ਕੋਈ ਪਾਰਟੀਮੁਕਤ ਹੋ ਜਾਂਦਾ ਹੈ ਅਤੇ ਇਥੇ ਬੈਠਾ ਉਹ ਪਾਰਟੀ ਦੀ ਸੇਵਾ ਵਿੱਚ ਨਹੀਂ ਹੁੰਦਾ ਬਲਕਿ ਉਹ ਲੋਕਾਂ ਦਾ ਸੇਵਕ ਬਣ ਜਾਂਦਾ ਹੈ।

ਇਹ ਗਲਾਂ ਵਿਚਾਰਨ ਉਤੇ ਅਸੀਂ ਇਸ ਨਤੀਜੇ ਉਤੇ ਪੁਜਦੇ ਹਾਂ ਕਿ ਅਜ ਤਕ ਇਸ ਮੁਲਕ ਵਿੱਚ ਅਸਲ ਪਰਜਾਤੰਤਰ ਆਇਆ ਹੀ ਨਹੀਂ ਹੈ ਅਤੇ ਇਹੀ ਕਾਰਣ ਹੈ ਸਾਡੀਆਂ ਬਹੀਂਤ ਸਾਰੀਆਂ ਸਮਸਿਆਵਾਂ ਹਾਲਾਂ ਵੀ ਉਸੇ ਤਰ੍ਹਾਂ ਖੜੀਆਂ ਹਨ ਜਿਵੇਂ ਦੀਆਂ ਅੰਗਰੇਜ਼ ਸਾਮਰਾਜੀਏ ਖੜੀਆਂ ਕਰਕੇੇ ਛਡ ਗਏ ਸਨ। ਅਸੀਂ ਇਹ ਵਾਲਾ ਢਾਂਚਾ ਜਲਦੀ ਕੀਤਿਆ ਬਦਲ ਤਾਂ ਨਹੀਂ ਸਕਦੇ, ਇਸ ਲਈ ਸਾਨ੍ਵੰ ਆਪਣੇ ਵਿਧਾਇਕਾਂ ਨੂੰ ਹੀ ਆਜ਼ਾਦੀ ਦੇਣੀ ਪਵੇਗੀ ਕਿ ਉਹ ਪਾਰਟੀਮੁਕਤ ਹੋਕੇ ਸਦਨਾ ਵਿੱਚ ਕੰਮ ਕਰਨ ਅਤੇ ਕੁਝ ਕਰਿਆ ਵੀ ਕਰਨ ਤਾਂਕਿ ਅਗਲੀ ਵਾਰੀਂ ਜਦ ਵੋਟਰਾਂ ਸਾਹਮਣੇ ਆਉਣ ਤਾਂ ਵੋਟਰਾਂ ਨੂੰ ਦਸ ਸਕਣ ਕਿ ਪਿਵਛਲੀ ਵਾਰੀਂ ਉਹ ਇਹ ਇਹ ਵਾਲਾ ਕੰਮ ਕਰਕੇ ਆਏ ਹਨ ਅਤੇ ਇਸ ਵਾਰੀਂ ਅਗਰ ਮੋਕਾ ਮਿਲ ਗਿਆ ਤਾਂ ਉਹ ਇਹ ਇਹ ਵਾਲੀਆਂ ਸਕੀਮਾਂ ਸਦਨ ਵਿੱਚ ਰਖਣ ਲਈ ਤਿਆਰ ਕਰੀ ਬੈਠੇ ਹਨ। ਐਂਵੇਂ ਹੀ ਕਿਸੇ ਵਿਅਕਤੀਵਿਸ਼ੇਸ਼ ਦੀ ਗੁਲਾਮੀ ਕਰਨ ਲਈ ਅਸੀਂ ਉਸ ਉਤੇ ਇਤਨਾ ਪੈਸਾ ਖਰਚ ਨਹੀਂ ਕਰ ਰਹੇ।

ਜੰਤਾ ਮੁਲਕ ਦੀ ਮਾਲਕ ਹੈ ਅਤੇ ਇਹ ਵਾਲੀਆਂ ਗਲਾਂ ਜੰਤਾ ਨੇ ਵਿਚਾਰਨੀਆਂ ਹਨ ਅਤੇ ਅਗਰ ਲੋੜ ਪੈਂਦੀ ਹੈ ਤਾਂ ਸੰਵਿਧਾਨ ਵਿੱਚ ਵੀ ਤਰਮੀਮ ਕਰ ਲੈਣੀ ਚਾਹੀਦੀ ਹੈ।

101-ਸੀ ਵਿਕਾਸ ਕਲੋਨੀ
ਪਟਿਆਲਾ-ਪੰਜਾਬ-ਭਾਰਤ-147001

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: