ਪਨਾਹ ਹਾਸਲ ਕਰਨ ਦੀ ਚਾਹਤ ਰੱਖਣ ਵਾਲਿਆਂ ਲਈ ਕੈਨੇਡਾ ਕੋਈ ਸੁਰੱਖਿਅਤ ਟਿਕਾਣਾ ਨਹੀਂ : ਟਰੂਡੋ

ss1

ਪਨਾਹ ਹਾਸਲ ਕਰਨ ਦੀ ਚਾਹਤ ਰੱਖਣ ਵਾਲਿਆਂ ਲਈ ਕੈਨੇਡਾ ਕੋਈ ਸੁਰੱਖਿਅਤ ਟਿਕਾਣਾ ਨਹੀਂ : ਟਰੂਡੋ

02 ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਫ ਕਰ ਦਿੱਤਾ ਹੈ ਕਿ ਅਮਰੀਕਾ ਤੋਂ ਡੀਪੋਰਟ ਹੋਣ ਦੇ ਡਰ ਕਾਰਨ ਭੱਜ ਕੇ ਕੈਨੇਡਾ ਦਾਖਲ ਹੋਣ ਜਾਂ ਕੈਨੇਡਾ ਵਿੱਚ ਜਲਦੀ ਪਨਾਹ ਹਾਸਲ ਕਰਨ ਦੀ ਚਾਹਤ ਰੱਖਣ ਵਾਲਿਆਂ ਲਈ ਕੈਨੇਡਾ ਕੋਈ ਸੁਰੱਖਿਅਤ ਟਿਕਾਣਾ ਨਹੀਂ ਹੈ। ਮਾਂਟਰੀਅਲ ਵਿੱਚ ਪਨਾਹ ਹਾਸਲ ਕਰਨ ਵਾਲਿਆਂ ਦੇ ਹੜ੍ਹ ਨੂੰ ਰੋਕਣ ਲਈ ਫੈਡਰਲ ਤੇ ਪ੍ਰੋਵਿੰਸ਼ੀਅਲ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਰਫਿਊਜੀ ਦਾ ਦਰਜਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਜ਼ਾਰਾਂ ਲੋਕਾਂ, ਜਿਨ੍ਹਾਂ ਵਿੱਚੋਂ ਬਹੁਤਾ ਕਰਕੇ ਹਾਇਤੀ ਵਾਸੀ ਸ਼ਾਮਲ ਹਨ, ਨੂੰ ਕਾਬੂ ਕਰਨ ਲਈ ਸਕਿਊਰਿਟੀ ਤੇ ਇਮੀਗ੍ਰੇਸ਼ਨ ਅਧਿਕਾਰੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਹ ਸਾਰੇ ਲੋਕ ਜੁਲਾਈ ਤੋਂ ਹੀ ਕੈਨੇਡਾ ਦਾਖਲ ਹੋ ਰਹੇ ਹਨ। ਟਰੂਡੋ ਨੇ 28 ਜੁਲਾਈ,2017 ਦੇ ਟਵੀਟ ਦਾ ਹਵਾਲਾ ਦਿੰਦਿਆਂ ਆਖਿਆ ਕਿ ਉਨ੍ਹਾਂ ਦੇ ਬਹੁਤ ਸਾਰੇ ਆਲੋਚਕ ਸਾਥੀ ਇਹ ਦੋਸ਼ ਲਾ ਰਹੇ ਹਨ ਕਿ ਗੈਰਕਾਨੂੰਨੀ ਢੰਗ ਨਾਲ ਕੈਨੇਡਾ ਦਾਖਲ ਹੋ ਰਹੇ ਲੋਕ ਇਹੋ ਸੋਚ ਕੇ ਇੱਧਰ ਆ ਰਹੇ ਹਨ ਕਿ ਕੈਨੇਡਾ ਹੀ ਉਨ੍ਹਾਂ ਲਈ ਭਵਿੱਖ ਦਾ ਘਰ ਹੈ। ਟਰੂਡੋ ਨੇ ਆਖਿਆ ਕਿ ਜੇ ਕੋਈ ਵੀ ਗੈਰਕਾਨੂੰਨੀ ਢੰਗ ਨਾਲ ਜਾਂ ਅਨਿਯਮਿਤ ਤੌਰ ਉੱਤੇ ਕੈਨੇਡਾ ਦਾਖਲ ਹੋ ਕੇ ਇਹ ਸੋਚਦਾ ਹੈ ਕਿ ਉਸ ਨੂੰ ਇਸ ਦਾ ਲਾਹਾ ਮਿਲੇਗਾ ਤਾਂ ਉਹ ਗਲਤਫਹਿਮੀ ਵਿੱਚ ਹੈ। ਅਜਿਹੇ ਸਾਰੇ ਲੋਕਾਂ ਨੂੰ ਵੀ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਤੇ ਇਸ ਤਰ੍ਹਾਂ ਦੇ ਕਾਫੀ ਨਿਯਮ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਅਹੁਦਾ ਸਾਂਭਣ ਤੋਂ ਬਾਅਦ ਟਰੂਡੋ ਵੱਲੋਂ ਟਵਿੱਟਰ ਉੱਤੇ ਪ੍ਰਗਟਾਈ ਗਈ ਪ੍ਰਤੀਕਿਰਿਆ ਅਸਲ ਵਿੱਚ ਉਨ੍ਹਾਂ ਮੁਸਲਮਾਨ ਮੁਲਕਾਂ ਦੇ ਲੋਕਾਂ ਲਈ ਸੀ ਜਿਨ੍ਹਾਂ ਨੂੰ ਟਰੰਪ ਨੇ ਅਮਰੀਕਾ ਆਉਣ ਉੱਤੇ ਰੋਕ ਲਾ ਦਿੱਤੀ ਸੀ।

     ਟਵੀਟ ਵਿੱਚ ਇਹ ਸਾਫ ਲਿਖਿਆ ਗਿਆ ਸੀ ਕਿ ਅੱਤਿਆਚਾਰ, ਦਹਿਸ਼ਤ ਤੇ ਜੰਗ ਤੋਂ ਬਚਣ ਲਈ ਭੱਜ ਰਹੇ ਲੋਕਾਂ, ਫਿਰ ਭਾਵੇਂ ਉਹ ਕਿਸੇ ਵੀ ਧਰਮ,ਜਾਤਿ ਜਾਂ ਨਸਲ ਨਾਲ ਸਬੰਧ ਕਿਉਂ ਨਾ ਰੱਖਦੇ ਹੋਣ, ਦਾ ਕੈਨੇਡੀਅਨ ਸਵਾਗਤ ਕਰਦੇ ਹਨ। ਇਹ ਵੀ ਲਿਖਿਆ ਗਿਆ ਸੀ ਕਿ ਵੰਨ-ਸਵੰਨਤਾ ਹੀ ਸਾਡੀ ਤਾਕਤ ਹੈ। ਪਰ ਇਸ ਟਵੀਟ ਦਾ ਕੁੱਝ ਲੋਕਾਂ ਨੇ ਗਲਤ ਮਤਲਬ ਕੱਢ ਲਿਆ ਤੇ ਟਰੰਪ ਦੇ ਰਾਜ ਵਿੱਚ ਅਮਰੀਕਾ ਰਹਿਣ ਵਿੱਚ ਵੀ ਅਜਿਹੇ ਲੋਕਾਂ ਨੂੰ ਡਰ ਲੱਗਣ ਲੱਗ ਪਿਆ। ਇਸ ਹਫਤੇ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੇ ਦੱਸਿਆ ਸੀ ਕਿ ਇਸ ਸਾਲ ਕਿਊਬਿਕ ਦੀ ਸਰਹੱਦ ਰਾਹੀਂ 7,000 ਤੋਂ ਵੀ ਵੱਧ ਲੋਕ ਅਮਰੀਕਾ ਤੋਂ ਕੈਨੇਡਾ ’ਚ ਦਾਖਲ ਹੋ ਚੁੱਕੇ ਹਨ। ਇਸੇ ਦੌਰਾਨ ਓਟਵਾ ਵਿੱਚ ਗੱਲ ਕਰਦਿਆਂ ਕੰਜ਼ਰਵੇਟਿਵ ਐਮਪੀ ਮਿਸ਼ੇਲ ਰੈਂਪਲ ਨੇ ਆਖਿਆ ਕਿ ਟਰੂਡੋ ਦੀ ਪਹੁੰਚ ਕਾਰਨ ਵੀ ਅਜਿਹੇ ਲੋਕਾਂ ਦੇ ਮਨਾਂ ਵਿੱਚ ਝੂਠੀ ਆਸ ਬੱਝ ਗਈ ਕਿ ਜੇ ਉਹ ਕਿਸੇ ਤਰ੍ਹਾਂ ਕੈਨੇਡਾ ਦਾਖਲ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਰ ਹਾਲ ਉੱਥੇ ਅਪਣਾ ਲਿਆ ਜਾਵੇਗਾ।

Share Button

Leave a Reply

Your email address will not be published. Required fields are marked *