ਪਦਮਸ਼੍ਰੀ ਡਾ. ਦਲਜੀਤ ਸਿੰਘ ਦਾ ਦੇਹਾਂਤ

ਪਦਮਸ਼੍ਰੀ ਡਾ. ਦਲਜੀਤ ਸਿੰਘ ਦਾ ਦੇਹਾਂਤ

eye surgeon Dr Daljit Singh

ਵਿਸ਼ਵ ਪ੍ਰਸਿੱਧ ਅੱਖਾਂ ਦੇ ਸਰਜਨ ਪਦਮਸ਼੍ਰੀ ਡਾ: ਦਲਜੀਤ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਉਹ 83 ਵਰ੍ਹਿਆਂ ਦੇ ਸਨ। ਉਹ ਇੱਕ ਵਧੀਆ ਲੇਖਕ ਵੀ ਸਨ ਅਤੇ ਉਨ੍ਹਾਂ ਨੇ ਆਪਣੇ ਜੀਵਨ ਵਿਚ ਕਈ ਕਈ ਪੁਸਤਕਾਂ ਵੀ ਲਿਖੀਆਂ। ਉਨ੍ਹਾਂ ਨੇ 2014 ‘ਚ ਆਮ ਆਦਮੀ ਪਾਰਟੀ (ਆਪ) ਵੱਲੋਂ ਲੋਕ ਸਭਾ ਲਈ ਚੋਣ ਵੀ ਲੜੀ ਸੀ ਪਰ ਕਾਫ਼ੀ ਘੱਟ ਵੋਟਾਂ ਦੇ ਫ਼ਰਕ ਨਾਲ ਉਹ ਚੋਣ ਹਾਰ ਗਏ ਸਨ।
ਇਸ ਤੋਂ ਬਾਅਦ ਵਿਧਾਨ ਸਭ ਚੋਣਾਂ ਸਮੇਂ ਉਹ ‘ਆਪ’ ਨੂੰ ਛੱਡ ਕੇ ਕਾਂਗਰਸ ‘ਚ ਸ਼ਾਮਿਲ ਹੋ ਗਏ ਸਨ। ਉਨ੍ਹਾਂ ਦੀ ਮੌਤ ‘ਤੇ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ (ਆਪ) ਨੇ ਸੂਫ਼ੀ ਗਾਇਕ ਰੱਬੀ ਸ਼ੇਰਗਿੱਲ ਦੀ ਜਗ੍ਹਾ ਅੰਮ੍ਰਿਤਸਰ ਦੀ ਉੱਘੀ ਸ਼ਖ਼ਸੀਅਤ ਪਦਮਸ਼੍ਰੀ ਡਾ. ਦਲਜੀਤ ਸਿੰਘ ਨੂੰ ਉਮੀਦਵਾਰ ਬਣਾ ਕੇ ਮੁਕਾਬਲੇ ਨੂੰ ਰੌਚਕ ਬਣਾ ਦਿੱਤਾ ਸੀ ਕਿਉਂਕਿ ਇਸ ਮੁਕਾਬਲੇ ਵਿਚ ਕਾਂਗਰਸ ਵੱਲੋਂ ਖ਼ੁਦ ਕੈਪਟਨ ਅਮਰਿੰਦਰ ਸਿੰਘ ਉਮੀਦਵਾਰ ਸਨ ਜਦੋਂ ਕਿ ਅਕਾਲੀ-ਭਾਜਪਾ ਵੱਲੋਂ ਅਰੁਣ ਜੇਤਲੀ ਇਸ ਸੀਟ ਤੋਂ ਉਮੀਦਵਾਰ ਸਨ।
ਇਸ ਸੀਟ ‘ਤੇ ਇਨ੍ਹਾਂ ਤਿੰਨੇ ਉਮੀਦਵਾਰਾਂ ਨੂੰ ਮਜ਼ਬੂਤ ਉਮੀਦਵਾਰ ਮੰਨਿਆ ਗਿਆ ਸੀ ਕਿਉਂਕਿ ਜਿੱਥੇ ਰਾਜਨੀਤਕ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਅਰੁਣ ਜੇਤਲੀ ਬਹੁਤ ਹੀ ਮਜ਼ਬੂਤ ਉਮੀਦਵਾਰ ਸਨ, ਉੱਥੇ ਡਾ. ਦਲਜੀਤ ਸਿੰਘ ਵੀ ਇਨ੍ਹਾਂ ਨਾਲੋਂ ਘੱਟ ਮਜ਼ਬੂਤ ਨਹੀਂ ਸਨ ਕਿਉਂਕਿ ਪਦਮਸ਼੍ਰੀ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਪਛਾਣ ਵੀ ਵਿਸ਼ਵ ਪੱਧਰ ‘ਤੇ ਸੀ। ਹਾਲਾਂਕਿ ਇਹ ਚੋਣ ਉਹ ਕਾਫ਼ੀ ਥੋੜ੍ਹੇ ਫ਼ਰਕ ਨਾਲ ਹਾਰ ਗਏ ਸਨ।
ਇਸ ਤੋਂ ਬਾਅਦ ਫਿਰ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਡਾ. ਦਲਜੀਤ ਸਿੰਘ ਨੇ ਕਾਂਗਰਸ ਦਾ ਪੱਲਾ ਫੜ ਲਿਆ ਸੀ। ਪੰਜਾਬ ਕਾਂਗਸਰਸ ਦੇ ਉਸ ਸਮੇਂ ਪ੍ਰਧਾਨ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਪਾਰਟੀ ਵਿਚ ਆਉਣ ‘ਤੇ ਸ਼ਾਨਦਾਰ ਸਵਾਗਤ ਕੀਤਾ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਪਾਰਟੀ ਵਿਚ ਸ਼ਾਮਲ ਕਰਵਾਉਣ ਲਈ ਅੰਮ੍ਰਿਤਸਰ ਆਏ ਸਨ। ਇਸ ਦੌਰਾਨ ਵੱਡੀ ਗਿਣਤੀ ‘ਚ ‘ਆਪ’ ਸਮਰਥਕਾਂ ਸਮੇਤ ਭਾਜਪਾ ਕੌਂਸਲਰ ਡਾ. ਅਨੂਪ ਵੀ ਕਾਂਗਰਸ ‘ਚ ਸ਼ਾਮਿਲ ਹੋ ਗਏ ਸਨ।
ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਡਾ. ਸਿੰਘ ਨੇ ‘ਆਪ’ ਅਤੇ ਅਰਵਿੰਦ ਕੇਜਰੀਵਾਲ ਨੂੰ ਦੇਸ਼ ਲਈ ਖ਼ਤਰਨਾਕ ਕਰਾਰ ਦਿੱਤਾ ਸੀ। ਇਹੀ ਨਹੀਂ ਉਨ੍ਹਾਂ ਇਹ ਵੀ ਆਖਿਆ ਸੀ ਕਿ ਉਹ ਕਾਂਗਰਸ ‘ਚ ਇਸ ਲਈ ਸ਼ਾਮਲ ਹੋਏ ਹਨ ਤਾਂ ਜੋ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਇੱਕ ਵੀ ਸੀਟ ਨਾ ਜਿੱਤ ਸਕੇ।
ਡਾ. ਸਿੰਘ 2014 ਲੋਕ ਸਭਾ ਚੋਣਾਂ ‘ਚ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਵੱਲੋਂ ਇਕ ਚੰਗੀ ਲੜਾਈ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਤੋਂ ਹਾਰ ਗਏ ਸਨ। ਹਾਲਾਂਕਿ ‘ਆਪ’ ਵੱਲੋਂ ਉਨ੍ਹਾਂ ਉਪਰ ਕਥਿਤ ਤੌਰ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਿਲ ਹੋਣ ਦਾ ਦੋਸ਼ ਲਾਉਂਦਿਆਂ ਜੁਲਾਈ 2016 ‘ਚ ਉਨ੍ਹਾਂ ਨੂੰ ਪੰਜਾਬ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੇ ਸੂਬਾ ਕਾਰਜਕਾਰਨੀ ਦੀ ਮੈਂਬਰਸ਼ਿਪ ਤੋਂ ਹਟਾ ਦਿੱਤਾ ਗਿਆ ਸੀ।
ਉਦੋਂ ਸੀਨੀਅਰ ‘ਆਪ’ ਆਗੂ ਸੁੱਚਾ ਸਿੰਘ ਛੋਟੇਪੁਰ ਤੇ ਸੰਜੈ ਸਿੰਘ ‘ਤੇ ਪਾਰਟੀ ਨੂੰ ਬਰਬਾਦ ਕਰਨ ਦਾ ਦੋਸ਼ ਲਗਾਉਣ ਵਾਲੇ ਡਾ. ਸਿੰਘ ਨੇ ਕਿਹਾ ਸੀ ਕਿ ਜਿਸ ਢੰਗ ਨਾਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪਾਰਟੀ ਨੂੰ ਚਲਾਇਆ ਜਾ ਰਿਹਾ ਹੈ, ਉਨ੍ਹਾਂ ਦਾ ਮੋਹ ਪੂਰੀ ਤਰ੍ਹਾਂ ਨਾਲ ਭੰਗ ਚੁੱਕਾ ਹੈ। ਡਾ. ਸਿੰਘ ਨੇ ਕਿਹਾ ਸੀ ਕਿ ਆਪ ‘ਚ ਕੋਈ ਲੋਕਤੰਤਰ ਨਹੀਂ ਹੈ ਤੇ ਜਿਹੜਾ ਕੋਈ ਵੀ ਪਾਰਟੀ ਦੀਆਂ ਗਲਤ ਨੀਤੀਆਂ ਖਿਲਾਫ ਬੋਲਣ ਦੀ ਕੋਸ਼ਿਸ਼ ਕਰਦਾ ਹੈ, ਉਸਨੂੰ ਦਬਾਅ ਦਿੱਤਾ ਜਾਂਦਾ ਹੈ।
ਅੱਖਾਂ ਦੇ ਸਰਜਨ ਡਾ. ਦਲਜੀਤ ਸਿੰਘ ਦਾ ਨਾਂਅ ਅੰਮ੍ਰਿਤਸਰ ਦੇ ਇਮਾਨਦਾਰ ਅਤੇ ਸ਼ਰੀਫ਼ ਲੋਕਾਂ ਵਜੋਂ ਲਿਆ ਜਾਂਦਾ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੱਖਾਂ ਦੇ ਅਪਰੇਸ਼ਨ ਕਰਕੇ ਨਾ ਸਿਰਫ਼ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਸੀ ਬਲਕਿ ਅੱਖਾਂ ਦੇ ਰੋਗਾਂ ਦੇ ਇਲਾਜ ਲਈ ਅੰਮ੍ਰਿਤਸਰ ਦਾ ਨਾਮ ਵਿਸ਼ਵ ਪੱਧਰ ‘ਤੇ ਲਿਆਂਦਾ ਸੀ। ਡਾ. ਦਲਜੀਤ ਸਿੰਘ ਪਿਛਲੇ 40 ਸਾਲਾਂ ਤੋਂ ਅੱਖਾਂ ਦੇ ਹਜ਼ਾਰਾਂ ਓਪਰੇਸ਼ਨ ਕਰਕੇ ਮਰੀਜ਼ਾਂ ਦੀ ਜ਼ਿੰਦਗੀ ਰੌਸ਼ਨ ਕਰ ਚੁੱਕੇ ਸਨ।

Share Button

Leave a Reply

Your email address will not be published. Required fields are marked *

%d bloggers like this: