ਪਖੰਡੀ ਨਰਾਇਣੇ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਹੋਵੇ: ਬਾਬਾ ਹਰਨਾਮ ਸਿੰਘ ਖ਼ਾਲਸਾ

ss1

ਪਖੰਡੀ ਨਰਾਇਣੇ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਹੋਵੇ: ਬਾਬਾ ਹਰਨਾਮ ਸਿੰਘ ਖ਼ਾਲਸਾ
ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਗੁਰਬਾਣੀ ਜਾਂ ਭਗਤਾਂ ਦੀ ਬਾਣੀ ‘ਤੇ ਕਿੰਤੂ ਬਰਦਾਸ਼ਤ ਨਹੀਂ
ਨਰਾਇਣੂ ਵਰਗਿਆਂ ਦੇ ਹੌਸਲੇ ਲਈ ਪੰਥ ਦੀ ਬੁੱਕਲ ‘ਚ ਬੈਠ ਕੇ ਸਿਧਾਂਤਾਂ ‘ਤੇ ਉਗਲ ਚੁੱਕਣ ਵਾਲੇ ਸ਼ੰਕਾਵਾਦੀ ਪ੍ਰਚਾਰਕ ਜ਼ਿੰਮੇਵਾਰ

ਅੰਮ੍ਰਿਤਸਰ 18 ਮਈ (ਨਿਰਪੱਖ ਆਵਾਜ਼ ਬਿਊਰੋ): ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਕੁਬੋਲ ਬੋਲਣ ਵਾਲੇ ਪਖੰਡੀ ਨਰਾਇਣ ਦਾਸ ਵਿਰੁੱਧ ਅਜ ਪੰਜਵੇਂ ਦਿਨ ਤਕ ਵੀ ਕੋਈ ਕਾਰਵਾਈ ਨਾ ਕਰਨ ਲਈ ਸਰਕਾਰ ਅਤੇ ਪੰਜਾਬ ਪੁਲੀਸ ਨੂੰ ਆੜੇ ਹੱਥੀਂ ਲੈਂਦਿਆਂ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਸਮੁੱਚੀਆਂ ਸਿਖ ਜਥੇਬੰਦੀਆਂ ਸੰਪਰਦਾਵਾਂ ਨੂੰ ਵੀ ਉਕਤ ਨਿੰਦਕ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਰਾਹੀਂ ਸਖ਼ਤ ਤੋਂ ਸਖ਼ਤ ਸਜਾ ਦਿਵਾਉਣ ਦੀ ਅਪੀਲ ਕੀਤੀ ਹੈ।
ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਪਖੰਡੀਆਂ ਵੱਲੋਂ ਭਗਤਾਂ ਦੀ ਬਾਣੀ ਨੂੰ ਨਿਸ਼ਾਨਾ ਬਣਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਖ਼ਿਲਾਫ਼ ਕੁਬੋਲ ਬੋਲਨਾ ਸਹਿਣ ਨਹੀਂ ਕੀਤਾ ਜਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ 15 ਸਤਿਕਾਰਯੋਗ ਭਗਤਾਂ ਦੀ ਬਾਣੀ ਨਿਰੋਲ ਸੁਧ ਅਤੇ ਗੁਰਬਾਣੀ ਆਸੇ ਅਤੇ ਸਿਧਾਂਤਿਕ ਇਕਸੁਰਤਾ ਵਾਲੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤਾਂ ਦੀ ਬਾਣੀ ਦਰਜ ਹੋਣ ਕਾਰਨ ਭਗਤਾਂ ਦੀ ਬਾਣੀ ਵੀ ਗੁਰੂ ਸਰੂਪ ਵਜੋਂ ਸਤਿਕਾਰੇ ਗਏ ਹਨ ਅਤੇ ਜਿੱਥੇ ਸਤਿਗੁਰੂ ਦੀ ਬਾਣੀ ਨੂੰ ਨਮਸਕਾਰ ਕਰਦੇ ਹਾਂ ਉੱਥੇ ਭਗਤਾਂ ਦੀ ਬਾਣੀ ਨੂੰ ਵੀ ਸਿਰ ਝੁਕਾਉਂਦੇ ਹਾਂ। ਉਨ੍ਹਾਂ ਕਿਹਾ ਕਿ ਨਰਾਇਣ ਦਾਸ ਨਾਮੀ ਪਾਪੀ ਗੁਰ ਨਿੰਦਕ ਨੇ ਆਪਣੇ ਕੁਬੋਲਾਂ ਰਾਹੀਂ ਸਿਖ ਹਿਰਦਿਆਂ ਨੂੰ ਹਥ ਪਾਇਆ ਹੈ। ਸਿਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਗੁਰੂ ਸਿਧਾਂਤ ਪ੍ਰਤੀ ਘੋਰ ਅਪਮਾਨ ਸਹਿਣ ਨਹੀਂ ਕੀਤਾ ਜਾ ਸਕਦਾ। ਉਸ ਨੂੰ ਤਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਗੁਰੂ ਨਿੰਦਕਾਂ ਨੂੰ ਛੱਡ ਕੇ ਦਮਦਮੀ ਟਕਸਾਲ ਗੁਰਬਾਣੀ ਗੁਰ ਇਤਿਹਾਸ ਅਤੇ ਭਗਤਾਂ ਦੀ ਬਾਣੀ ‘ਤੇ ਕਿਸੇ ਨਾਲ ਵੀ ਵਿਚਾਰ ਕਰਨ ਲਈ ਤਿਆਰ ਹੈ ।
ਉਨ੍ਹਾਂ ਨਰਾਇਣਾ ਵਰਗੇ ਗੁਰੂ ਨਿੰਦਕਾਂ ਦੇ ਕਾਰੇ ਲਈ ਪੰਥ ਦੀ ਬੁੱਕਲ ਵਿਚ ਬੈਠ ਕੇ ਗੁਰੂ ਸਿਧਾਂਤਾਂ ਦਾ ਅਪਮਾਨ ਕਰ ਰਹੇ ਸ਼ੰਕਾਵਾਦੀ ਪ੍ਰਚਾਰਕਾਂ ਨੂੰ ਜ਼ਿੰਮੇਵਾਰ ਠਹਿਰਾਇਆ, ਜੋ ਆਪਣੇ ਆਪ ਨੂੰ ਜਾਗਰੂਕ ਕਹਾਉਂਦੇ ਹੋਏ ਪਰੰਪਰਾਵਾਂ ‘ਤੇ ਉਗਲ ਚੁਕੇ ਪੰਥ ਦੋਖੀ ਗੁਰੂ ਨਿੰਦਕ ਅਖੌਤੀ ਫ਼ਲਸਫ਼ੇ ਦੀ ਸ਼ੁਰੂਆਤ ਕੀਤੀ। ਇਹ ਉਹ ਲੋਕ ਹਨ ਜੋ ਗੁਰੂ ਸਾਹਿਬਾਨ, ਸਿਧਾਂਤ ਅਤੇ ਪਰੰਪਰਾ ‘ਤੇ ਟੀਕਾ ਟਿੱਪਣੀਆਂ ਕਰਦਿਆਂ ਗੁਰਬਾਣੀ ਨੂੰ ਵੀ ਸਵਾਲਾਂ ਦਾ ਨਿਸ਼ਾਨਾ ਬਨਾ ਰਹੇ ਹਨ। ਦਸਮ ਪਿਤਾ ਦੀ ਬਾਣੀ, ਅਰਦਾਸ, ਅੰਮ੍ਰਿਤ ਦੀਆਂ ਬਾਣੀਆਂ ਅਤੇ ਗੁਰ ਇਤਿਹਾਸ ‘ਤੇ ਆਏ ਦਿਨ ਤਰਾਂ ਤਰਾਂ ਦੀਆਂ ਮਨਘੜਤ ਗਲਾਂ ਬਣਾ ਕੇ ਊਲ ਜਲੂਲ ਬੋਲਦਿਆਂ ਗੁਰੂ ਸਿਧਾਂਤ ਦੀਆਂ ਧੱਜੀਆਂ ਉਡਾ ਰਹੇ ਹਨ। ਆਪਣੇ ਆਪ ਨੂੰ ਸਚਾ ਸੁਚਾ ਸਿਖ ਅਤੇ ਪ੍ਰਚਾਰਕ ਹੋਣ ਦਾ ਲੇਬਲ ਲਾ ਕੇ ਭਰਮ ਪਾਲੀ ਬੈਠੇ ਅਜਿਹੇ ਲੋਕਾਂ ਤੇ ਅਖੌਤੀ ਪ੍ਰਚਾਰਕਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੇ ਕੂੜ ਪ੍ਰਚਾਰ ਨੂੰ ਬਾ ਦਲੀਲ ਢੰਗ ਨਾਲ ਜਵਾਬ ਦੇਣ ਅਤੇ ਦੇਸ਼ ਵਿਦੇਸ਼ ‘ਚ ਇਹਨਾਂ ਨੂੰ ਨੱਥ ਅਤੇ ਠਲ ਪਾਉਣ ਦੀ ਸਿਖ ਸੰਗਤਾਂ ਨੂੰ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਭੇਖੀ ਤੇ ਦੋਖੀ ਨਰਾਇਣ ਦਾਸ ਦਾ ਕਿਸੇ ਵੀ ਉਦਾਸੀਨ ਸੰਪਰਦਾਈ ਨਾਲ ਸੰਬੰਧ ਨਹੀਂ ਹੈ। ਫਿਰਵੀ ਉਦਾਸੀਨ ਭੇਖ ਅਪਣਾਉਣ ਵਾਲੇ ਦੋਖੀ ਨੂੰ ਲੋਕਾਂ ‘ਚ ਨਸ਼ਰ ਕਰਨ ਦੀ ਉਦਾਸੀਨ ਸੰਪਰਦਾਈ ਦੇ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ, ਕਿ ਉਹ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਾਉਣ । ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਪਾਵਨ ਗੁਰੂ ਰੂਪ ਹਨ, ਗੁਰਬਾਣੀ ‘ਤੇ ਕਿਸੇ ਤਰਾਂ ਦੀ ਨੁਕਤਾਚੀਨੀ ਜਾਂ ਸ਼ੰਕਾ ਨਹੀਂ ਕੀਤਾ ਜਾ ਸਕਦਾ। ਪੰਥ ਨੂੰ ਕਿਸੇ ਵੀ ਦੰਭੀ ਭੇਖੀ ਤੋਂ ਗੁਮਰਾਹ ਨਾ ਹੋਣ ਸਗੋਂ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਸ਼੍ਰੋਮਣੀ ਕਮੇਟੀ ਅਤੇ ਸਮੁੱਚੀਆਂ ਸਿਖ ਜਥੇਬੰਦੀਆਂ ਨੂੰ ਪੰਥ ਦੋਖੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਾਉਣ ਦੀ ਅਪੀਲ ਕੀਤੀ।

Share Button

Leave a Reply

Your email address will not be published. Required fields are marked *