Mon. Aug 19th, 2019

ਨੌਜਵਾਨਾਂ ਦੇ ਧੁੰਦਲੇ ਭਵਿੱਖ ਲਈ ਕੌਣ ਜਿੰਮੇਵਾਰ ਹੈ?

ਨੌਜਵਾਨਾਂ ਦੇ ਧੁੰਦਲੇ ਭਵਿੱਖ ਲਈ ਕੌਣ ਜਿੰਮੇਵਾਰ ਹੈ?

ਨੌਜਵਾਨ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ। ਰੀੜ ਦੀ ਹੱਡੀ ਹੁੰਦੇ ਹਨ ਨੌਜਵਾਨ, ਜਿਹਨਾਂ ਉੱਪਰ ਦੇਸ਼ ਦੀ ਤਰੱਕੀ ਤੇ ਮਜ਼ਬੂਤੀ ਨਿਰਭਰ ਕਰਦੀ ਹੈ। ਨੌਜਵਾਨ ਆਪਣੇ ਹੁਨਰ,ਸੂਝਬੂਝ ਨਾਲ ਅਸੰਭਵ ਕੰਮ ਵੀ ਸੰਭਵ ਕਰ ਦਿੰਦੇ ਹਨ। ਇਸਦੇ ਲਈ ਉਹਨਾਂ ਨੂੰ ਸਹੀ ਰੁਜ਼ਗਾਰ ਤੇ ਯੋਗ ਅਗਵਾਈ ਦੀ ਲੋੜ ਹੁੰਦੀ ਹੈ। ਜੇਕਰ ਨੌਜਵਾਨ ਸਮੇਂ ਦੇ ਮੁਤਾਬਿਕ ਪੜੇ ਲਿਖੇ ਹਨ ਤਾ ਫੇਰ ਨੌਜਵਾਨ ਗਲਤ ਪਾਸੇ ਕਿਉਂ ਜਾ ਰਹੇ ਹਨ। ਉਹਨਾਂ ਦਾ ਭਵਿੱਖ ਦਿਨੋਂ ਦਿਨ ਧੁੰਦਲਾ ਕਿਉਂ ਹੋ ਰਿਹਾਂ ਹੈ।ਇਸਦੇ ਜਿੰਮੇਵਾਰ ਕੌਣ ਹੈ? ਕੀ ਸਿੱਧੇ ਰੂਪ ਨਾਲ ਸਰਕਾਰਾਂ ਤੇ ਘਟੀਆ, ਕਮਜ਼ੋਰ ਸਿਆਸੀ ਢਾਚਾ ਤਾਂ ਜਿੰਮੇਵਾਰ ਨਹੀ ਹੈ?

ਨੌਜਵਾਨਾਂ ਦੇ ਦਰਦ ਨੂੰ ਸਮਝਣ ਤੋਂ ਪਹਿਲਾ ਸਿਆਸੀ ਢਾਂਚੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਵੋਟ ਦਾ ਅਧਿਕਾਰ ਹੋਣ ਦੇ ਬਾਵਜੂਦ ਵੀ ਕਿਉਂ ਸਹੀ ਸਰਕਾਰ ਚੁਣਨ ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਰਹੇ ਹਾਂ। ਆਪਣੇ ਦੁਆਰਾ ਚੁਣੀ ਸਰਕਾਰ ਹੀ ਸਾਨੂੰ ਤਸੱਲੀ ਨਹੀਂ ਦੇ ਸਕਦੀ। ਸਿੱਖਿਆ ਦਾ ਹਰ ਥਾਂ ਆਪਣਾ ਮੱਹਤਵ ਹੈ। ਸਿਆਸੀ ਲੀਡਰਾਂ ਲਈ ਕੋਈ ਵਿਦਿਅਕ ਯੋਗਤਾ ਕਿਉਂ ਨਹੀਂ ਨਿਰਧਾਰਿਤ ਕੀਤੀ ਜਾਂਦੀ। ਅਨਪੜ ਤੇ ਘੱਟ ਪੜੇ ਲਿਖੇ ਲੀਡਰ ਨੂੰ ਚੁਣਨਾ ਸਾਡੀ ਮਜਬੂਰੀ ਬਣਕੇ ਰਿਹਾ ਜਾਦਾਂ ਹੈ। ਜੇਕਰ ਨੌਕਰੀ ਦੇ ਲਈ ਵਿਦਿਅਕ ਯੋਗਤਾ ਤੈਅ ਹੈ ਤਾ ਸਿਆਸੀ ਲੀਡਰਾਂ ਲਈ ਵੀ ਹੋਣੀ ਚਾਹੀਦੀ ਹੈ। ਉਹਨਾ ਲਈ ਰਾਜਨੀਤਕ ਖੇਤਰ ਵਿੱਚ ਵੱਖ ਵੱਖ ਅਹੁਦਿਆਂ ਦੇ ਅਨੁਸਾਰ ਪੜਾਈ ਲਾਜ਼ਮੀ ਹੋਣੀ ਚਾਹੀਦੀ ਹੈ। ਕਦੋਂ ਤੱਕ ਅਨਪੜ ਸਿੱਖਿਆ ਮੰਤਰੀ ਸਿੱਖਿਆ ਵਰਗੇ ਜ਼ਰੂਰੀ ਤੇ ਗੰਭੀਰ ਵਿਭਾਗ ਨੂੰ ਅੰਦਰੋ ਅੰਦਰੀ ਕਮਜ਼ੋਰ ਕਰਦੇ ਰਹਿਣਗੇ। ਲੋੜ ਹੈ ਪੜੇ ਲਿਖੇ ਲੋਕਾਂ ਵੱਲੋ ਇੱਕਜੁੱਟ ਹੋਕੇ ਇਸ ਮੰਗ ਨੂੰ ਲਾਗੂ ਕਰਵਾਉਣ ਦੀ।

ਅਸੀਂ ਸਾਰੇ ਜਾਣਦੇ ਹਾਂ ਕਿ ਸਾਰੀਆਂ ਸਰਕਾਰਾਂ ਵਿਕਾਸ,ਸਿੱਖਿਆ ਦੇ ਮੁੱਦੇ ਤੇ ਫੇਲ ਹੋ ਜਾਂਦੀਆਂ ਹਨ। ਉਹਨਾਂ ਦੇ ਵਾਅਦੇ ਲਾਰਿਆਂ ਤੋ ਬਿਨਾਂ ਕੁਝ ਵੀ ਨਹੀਂ ਰਹਿ ਜਾਦਾਂ। ਸਾਰੇ ਲੀਡਰ ਮਾੜੇ ਨਹੀਂ ਹੁੰਦੇ ਕੁਝ ਬਹੁਤ ਯੋਗ ਤੇ ਅਗਾਂਹਵਧੂ ਸੋਚ ਵਾਲੇ ਵੀ ਸਿਆਸਤ ਦਾ ਹਿੱਸਾ ਬਣਦੇ ਹਨ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਜਿਆਦਾ ਗਿਣਤੀ ਘਟੀਆ ਤੇ ਮਾੜੇ ਲੀਡਰਾਂ ਦੀ ਹੋਵੇਗੀ ਫੇਰ ਇਹੋ ਜਿਹੇ ਲੀਡਰ ਅਸਮੱਰਥ ਹੋ ਜਾਂਦੇ ਹਨ ਕੁਝ ਕਰਨ ਤੋਂ। ਹੌਲੀ ਹੌਲੀ ਉਹ ਵੀ ਮਾੜੇ ਸਿਸਟਮ ਦੇ ਢਾਂਚੇ ਵਿੱਚ ਢੱਲ ਜਾਂਦੇ ਹਨ। ਲੋੜ ਹੈ ਚੰਗੇ ਲੀਡਰਾਂ ਦੀ ਗਿਣਤੀ ਚ ਵਾਧਾ ਕਰਕੇ ਉਹਨਾਂ ਦੀ ਨਿਰੋਲ ਸਰਕਾਰ ਦੀ। ਤਾਂ ਜੋ ਨੌਜਵਾਨ ਇੱਕ ਉਮੀਦ ਲਈ ਸੰਘਰਸ ਕਰ ਸਕਣ। ਕਦੋ ਤੱਕ ਸੰਘਰਸ਼ ਦਾ ਸੂਰਜ ਨਸ਼ੇ ਤੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਹਨੇਰੇ ਵਿੱਚ ਛਿਪਦਾ ਰਹੇਗਾ?

ਨੌਜਵਾਨ ਵਿਦੇਸ਼ਾ ਵਿੱਚ ਗੁਲਾਮੀ ਕਰ ਰਹੇ ਹਨ। ਸਾਰੇ ਚੰਗੀ ਤਰਾਂ ਜਾਣਦੇ ਹਨ ਕਿ ਬਾਹਰ ਵੀ ਕੰਮ ਕਿੰਨਾ ਔਖਾ ਫੇਰ ਵੀ ਉੱਥੋ ਦੀਆਂ ਨੀਤੀਆਂ ਦੀ ਤੁਲਨਾ ਜਦੋਂ ਉਹ ਆਪਣੇ ਦੇਸ਼ ਨਾਲ ਕਰਦੇ ਹਨ ਤਾਂ ਉਹਨਾਂ ਨੂੰ ਦੇਸ਼ ਛੱਡਣਾ ਸੌਖਾ ਲੱਗਦਾ ਹੈ। ਸਾਨੂੰ ਲੋੜ ਹੈ ਹਰ ਨਿੱਕੇ ਨਿੱਕੇ ਗੰਭੀਰ ਕਾਰਨ ਨੂੰ ਸਮਝਣ ਦੀ। ਇਸ ਸੱਮਸਿਆ ਦੇ ਹੱਲ ਲੱਭਣ ਦੀ। ਸਕੂਲਾਂ, ਕਾਲਜਾਂ ਵਿੱਚ ਸਿਖਿਆ ਪੱਧਰ ਮਜਬੂਤ ਕਰਨ ਦੇ ਨਾਲ ਨਾਲ ਨੌਜਵਾਨਾਂ ਵਿੱਚ ਏਕਤਾ ਤੇ ਚੰਗੇ ਲੀਡਰਾਂ ਵਾਲੇ ਗੁਣ ਪੈਦਾ ਕੀਤੇ ਜਾਣ। ਹਰ ਸੱਮਸਿਆ ਦਾ ਅੰਤ ਕਰਨ ਲਈ ਕੁਝ ਸਮਾਂ ਤਾ ਲੱਗਦਾ ਹੀ ਹੈ। ਇਸ ਲਈ ਪੂਰੀ ਤਰ੍ਹਾਂ ਜਾਗਰੂਕ ਹੋਕੇ ਸਹੀ ਦਿਸ਼ਾ ਵਿੱਚ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਣ। ਸਮਾਜ ਅੰਦਰ ਕਾ੍ਤੀਕਾਰੀ ਬੀਜ ਬੀਜਣੇ ਚਾਹੀਦੇ ਹਨ। ਉਹਨਾ ਦੇ ਵਿਚਾਰਾ ਦਾ ਫਲ ਨਵੇਂ ਸਮਾਜ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗਾ। ਨੌਜਵਾਨਾਂ ਨੂੰ ਆਪ ਵੀ ਸਿੱਖਿਅਤ ਹੋਣ ਦੀ ਲੋੜ ਹੈ ਤੇ ਉਹਨਾਂ ਦੀ ਅਗਵਾਈ ਵੀ ਚੰਗੇ ਸਿੱਖਿਅਤ ਲੀਡਰਾਂ ਦੇ ਹੱਥ ਹੋਵੇ। ਹਰ ਦੇਸ਼ ਦੀ ਗੁਲਾਮੀ ਜਾਂ ਆਜ਼ਾਦੀ ਉਸਦੇ ਨੌਜਵਾਨਾਂ ਦੀ ਸੋਚ, ਲੋਕ ਗੀਤਾਂ ਅਤੇ ਮਾਂ ਬੋਲੀ ਵਰਗੇ ਵਿਸਿ਼ਆਂ ਉੱਪਰ ਨਿਰਭਰ ਹੁੰਦੀ ਹੈ। ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਵੀ ਕਿਤੇ ਨਾ ਕਿਤੇ ਨੌਜਵਾਨਾਂ ਦੀਆਂ ਸੱਮਸਿਆਵਾਂ ਵਿੱਚ ਵਾਧਾ ਕਰ ਰਿਹਾ ਹੈ। ਹਰ ਕੋਈ ਇਸ ਵਿਸ਼ੇ ਉੱਪਰ ਸਮੇਂ ਸਮੇਂ ਚਰਚਾ ਕਰਦਾ ਹੈ ਪਰੰਤੂ ਕੋਈ ਹੱਲ ਨਹੀਂ ਨਿਕਲਦਾ। ਇਸਦਾ ਹੱਲ ਇਹੀ ਹੈ ਕਿ ਨੌਜਵਾਨ ਇੱਕਮੁਠ ਹੋਕੇ ਮਾਂ ਬੋਲੀ ਨੂੰ ਰੁਜ਼ਗਾਰ ਦੀ ਬੋਲੀ ਬਣਾਉਣ ਲਈ ਮੰਗ ਕਰਨ ਅਤੇ ਇਸ ਲਈ ਸੁਚਾਰੂ ਕਦਮ ਪੁੱਟੇ ਜਾਣ। ਜੇਕਰ ਨੌਜਵਾਨ ਇਹਨਾਂ ਉੱਪਰ ਅਮਲ ਕਰਕੇ ਯਤਨਸ਼ੀਲ ਰਹਿਣ ਤਾ ਅਸੀਂ ਚੰਗੇ ਸਮਾਜ ਦੀ ਕਾਮਨਾਂ ਕਰ ਸਕਦੇ ਹਾਂ। ਅਸੀਂ ਵੋਟਾਂ ਦੇ ਦੌਰਾਨ ਗੁਲਾਮੀ ਚੁਣਨ ਦੀ ਥਾਂ ਤਰਕ ਦੇ ਆਧਾਰ ਤੇ ਸਵਾਲ ਕਰਨ ਤੇ ਜਵਾਬ ਲੈਣ ਦੇ ਯੋਗ ਬਣ ਸਕਦੇ ਹਾਂ। ਨਸ਼ਿਆ ਤੇ ਬੇਰੁਜ਼ਗਾਰੀ ਵਿੱਚ ਡੁੱਬ ਰਹੇ ਸੂਰਜ ਨੂੰ ਫੇਰ ਤੋ ਚਮਕਣ ਲਈ ਸਹੀ ਮਾਹੌਲ ਸਿਰਜ ਸਕਦੇ ਹਾਂ

ਅਤਿੰਦਰਪਾਲ ਸਿੰਘ ਪਰਮਾਰ
81468 08995
ਸੰਗਤਪੁਰਾ, ਮੋਗਾ

Leave a Reply

Your email address will not be published. Required fields are marked *

%d bloggers like this: