ਨੋਟਬੰਦੀ ਨੇ ਬਦਲ ਦਿੱਤੇ ਖੇਡ ਦੇ ਨਿਯਮ : ਅਮਿਤ ਸ਼ਾਹ

ss1

ਨੋਟਬੰਦੀ ਨੇ ਬਦਲ ਦਿੱਤੇ ਖੇਡ ਦੇ ਨਿਯਮ : ਅਮਿਤ ਸ਼ਾਹ

ਨਵੀਂ ਦਿੱਲੀ (ਪੀਟੀਆਈ) : ਨੋਟਬੰਦੀ ਨੇ ਸਾਰੀਆਂ ਸਿਆਸੀ ਪਾਰਟੀਆਂ ਲਈ ‘ਖੇਡ ਦੇ ਨਿਯਮ’ ਬਦਲ ਦਿੱਤੇ ਹਨ ਕਿਉਂਕਿ ਚੋਣ ‘ਚ ਹੁਣ ਕਾਲੇ ਧਨ ਦੀ ਵਰਤੋਂ ਨਹੀਂ ਹੋ ਸਕੇਗੀ। ਇਹ ਕਹਿਣਾ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ। ਉਨ੍ਹਾਂ ਮੁਤਾਬਕ, ਉੱਤਰ ਪ੍ਰਦੇਸ਼ ਦੀ ਆਗਾਮੀ ਵਿਧਾਨ ਸਭਾ ਚੋਣ ਜਾਤੀਵਾਦ ਅਤੇ ਭਾਈ-ਭਤੀਜਾਵਾਦ ਦੀ ਬਜਾਏ ਪ੍ਰਦਰਸ਼ਨ ‘ਤੇ ਆਧਾਰ ‘ਤੇ ਲੜੀ ਜਾਵੇਗੀ।

ਰਾਜਧਾਨੀ ‘ਚ ਮੰਗਲਵਾਰ ਨੂੰ ਇਕ ਪ੍ਰੋਗਰਾਮ ‘ਚ ਸ਼ਾਹ ਨੇ ਨੋਟਬੰਦੀ ਦੀ ਆਲੋਚਨਾ ਕਰਨ ਵਾਲੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਅਰਥਸ਼ਾਸਤਰੀ ਹੁੰਦੇ ਹੋਏ ਵੀ ਉਹ ਵਾਧਾ ਦਰ ਨੂੰ ਅੱਠ ਫ਼ੀਸਦੀ ਤੋਂ ਚਾਰ ਫ਼ੀਸਦੀ ‘ਤੇ ਲੈ ਆਏ ਸਨ ਅਤੇ ਇਕ ‘ਚਾਹ ਵਾਲਾ’ ਪ੍ਰਧਾਨ ਮੰਤਰੀ ਨੇ ਇਸ ਨੂੰ 7.6 ਫ਼ੀਸਦੀ ‘ਤੇ ਪਹੁੰਚਾ ਦਿੱਤਾ ਹੈ। ਨੋਟਬੰਦੀ ਨੂੰ ਵਿੱਤੀ ਆਫ਼ਤ ਦੱਸਣ ਸਬੰਧੀ ਬਸਪਾ ਮੁਖੀ ਮਾਇਆਵਤੀ ਦੇ ਬਿਆਨ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਲਈ ਤਾਂ ਯਕੀਨੀ ਤੌਰ ‘ਤੇ ਅਜਿਹੀ ਹੀ ਸਥਿਤੀ ਹੈ। ਮੁਕਾਬਲੇਬਾਜ਼ ਸਿਆਸੀ ਪਾਰਟੀਆਂ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਭਾਜਪਾ ਪ੍ਰਧਾਨ ਨੇ ਕਿਹਾ ਕਿ ਅੱਠ ਨਵੰਬਰ ਤਕ ਉਹ ਪੁੱਛਦੇ ਸਨ, ‘ਕਾਲੇ ਧਨ ‘ਤੇ ਤੁਸੀਂ ਕੀ ਕਰ ਰਹੇ ਹੋ? ਉਨ੍ਹਾਂ ਨੇ ਦਾਅਵਾ ਕੀਤਾ ਕਿ ਨੋਟਬੰਦੀ ਤੋਂ ਬਾਅਦ ਕਾਲਾ ਧਨ ਬਿਲਕੁਲ ਨਹੀਂ ਰਹੇਗਾ ਕਿਉਂਕਿ ਜੇ ਉਹ ਘਰਾਂ ‘ਚ ਰਹਿ ਗਿਆ ਤਾਂ ਕੂੜਾ ਬਣ ਜਾਵੇਗਾ, ਜੇ ਬੈਂਕਾਂ ‘ਚ ਆ ਗਿਆ ਤਾਂ ਵਿਵਸਥਾ ਦਾ ਹਿੱਸਾ ਹੋ ਜਾਵੇਗਾ ਅਤੇ ਉਸ ‘ਤੇ ਟੈਕਸ ਲੱਗੇਗਾ।

ਕੁਝ ਲੋਕਾਂ ਦੇ ਕਾਲੇ ਧਨ ਨੂੰ ਸਫੈਦ ਕਰਨ ਦੇ ਤਰੀਕੇ ਲੱਭ ਲੈਣ ਸਬੰਧੀ ਮੀਡੀਆ ਰਿਪੋਰਟਾਂ ‘ਤੇ ਸ਼ਾਹ ਨੇ ਕਿਹਾ ਕਿ ਇਹ ਕੋਈ ਸੌਖਾ ਕੰਮ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਦੀ ਆਦਤ ਹੀ ਅਜਿਹੀ ਹੁੰਦੀ ਹੈ। ਜਦ ਦੇਸ਼ ਆਜ਼ਾਦ ਹੋਇਆ ਤਾਂ ਅਜਿਹੇ ਲੋਕ ਸਿਰਫ ਵੰਡ ਦੀ ਗੱਲ ਕਰਿਆ ਕਰਦੇ ਸਨ। ਵੰਡ ਦਾ ਤਜ਼ੁਰਬਾ ਕਾਫੀ ਦੁਖਦਾਈ ਸੀ ਪਰ ਦੇਸ਼ ਨੂੰ ਆਜ਼ਾਦੀ ਵੀ ਤਾਂ ਮਿਲੀ ਸੀ।

ਉਨ੍ਹਾਂ ਨੇ ਉਨ੍ਹਾਂ ਦੋਸ਼ਾਂ ਨੂੰ ਵੀ ਖ਼ਾਰਜ ਕਰ ਦਿੱਤਾ ਕਿ ਭਾਜਪਾ ਨੇਤਾਵਾਂ ਨੂੰ ਨੋਟਬੰਦੀ ਦੇ ਬਾਰੇ ‘ਚ ਪਹਿਲਾਂ ਤੋਂ ਜਾਣਕਾਰੀ ਦਿੱਤੀ। ਬਿਹਾਰ ‘ਚ ਜ਼ਮੀਨ ਸੌਦੇ ਦੇ ਬਾਰੇ ‘ਚ ਵਿਰੋਧੀ ਧਿਰਾਂ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਸ਼ਾਹ ਨੇ ਕਿਹਾ ਕਿ ਇਹ ਭਾਜਪਾ ਦੇ ਉਸ ਫ਼ੈਸਲੇ ਦਾ ਹਿੱਸਾ ਸੀ ਜਿਸ ਤਹਿਤ ਹਰ ਜ਼ਿਲ੍ਹੇ ‘ਚ ਪਾਰਟੀ ਦਫ਼ਤਰ ਬਣਾਇਆ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਸਮਾਂ ਮਹਿਜ਼ ਇਕ ਸੰਯੋਗ ਸੀ। ਹਲਕੇ-ਫੁਲਕੇ ਅੰਦਾਜ਼ ‘ਚ ਉਨ੍ਹਾਂ ਨੇ ਕਿਹਾ ਕਿ ਜੇ ਪਾਰਟੀ ਨੂੰ ਪਤਾ ਵੀ ਸੀ ਅਤੇ ਉਸ ਨੇ ਇਸ ਦਾ ਫ਼ਾਇਦਾ ਲੈਣਾ ਸੀ ਤਾਂ ਉਹ ਐਨੇ ਭੋਲੇ ਨਹੀਂ ਹਨ ਕਿ ਉਸ ਦਾ ਸਮਾਂ ਐਨਾ ਮੂਰਖਤਾ ਭਰੇ ਤਰੀਕੇ ਨਾਲ ਤੈਅ ਕਰਦੇ।

ਕੰਟਰੋਲ ਰੇਖਾ ਦੇ ਉਸ ਪਾਸ ਅੱਤਵਾਦੀ ਕੈਂਪਾਂ ‘ਤੇ ਸਰਜੀਕਲ ਸਟ੫ਾਈਕਸ ਦੀ ਸ਼ਲਾਘਾ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਇਹ ਸਿਰਫ ਸਿਆਸੀ ਇੱਛਾ ਸ਼ਕਤੀ ਅਤੇ ਹਥਿਆਰਬੰਦ ਬਲਾਂ ਦੀ ਬਹਾਦਰੀ ਦੀ ਵਜ੍ਹਾ ਨਾਲ ਹੀ ਸੰਭਵ ਹੋ ਸਕਿਆ। ਇਸ ਤੋਂ ਪਹਿਲਾਂ ਨੁਕਸਾਨ ਸਿਰਫ ਸਾਡੇ ਪੱਖ ਦਾ ਹੁੰਦਾ ਸੀ ਪਰ ਹੁਣ ਉਹ ਦੂਜੇ ਪਾਸੇ ਜ਼ਿਆਦਾ ਹੁੰਦਾ ਹੈ।

Share Button

Leave a Reply

Your email address will not be published. Required fields are marked *