ਨੂਰਪੁਰਬੇਦੀ ‘ਚ ਅੱਗ ਦੀ ਤਬਾਹੀ, 450 ਤੋਂ ਵੱਧ ਝੁੱਗੀਆਂ ਹੋਈਆਂ ਸੜ ਕੇ ਸੁਆਹ

ss1

ਨੂਰਪੁਰਬੇਦੀ ‘ਚ ਅੱਗ ਦੀ ਤਬਾਹੀ, 450 ਤੋਂ ਵੱਧ ਝੁੱਗੀਆਂ ਹੋਈਆਂ ਸੜ ਕੇ ਸੁਆਹ

ਨੂਰਪੁਰਬੇਦੀ— ਇਥੋਂ ਦੇ ਪੀਰ ਬਾਬਾ ਜਿੰਦਾ ਸ਼ਹੀਦ ਸਥਾਨ ਸਾਹਮਣੇ ਸਥਿਤ 450 ਤੋਂ ਵੱਧ ਝੁੱਗੀਆਂ-ਝੋਪੜੀਆਂ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈਆਂ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ ਪਰ ਅੱਗ ਦੇ ਭਿਆਨਕ ਰੂਪ ਧਾਰਨ ਕਾਰਨ ਝੁੱਗੀਆਂ-ਝੋਪੜੀਆਂ ‘ਚ 10 ਦੇ ਕਰੀਬ ਸਿਲੰਡਰ ਫਟਣ ਦੇ ਨਾਲ-ਨਾਲ ਮੋਟਰਸਾਈਕਲ ਅਤੇ ਲੋਕਾਂ ਦੇ ਰਹਿਣ-ਸਹਿਣ ਦਾ 70 ਫੀਸਦੀ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਜਿਸ ਕਾਰਨ ਝੁੱਗੀਆਂ-ਝੋਪੜੀਆਂ ‘ਚ ਰਹਿਣ ਵਾਲੇ ਲੋਕ ਸੜਕ ‘ਤੇ ਆ ਖੜ੍ਹੇ ਹੋਏ ਹਨ।
ਇਸ ਨੁਕਸਾਨ ਦਾ ਸਭ ਤੋਂ ਵੱਡਾ ਕਾਰਨ ਇਥੇ ਫਾਇਰ ਬਿਗ੍ਰੇਡ ਦਾ ਨਾ ਪਹੁੰਚਣਾ ਰਿਹਾ, ਬੇਸ਼ੱਕ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਸਨ। ਸਥਾਨਕ ਲੋਕਾਂ ਨੇ ਆਪਣੀ ਜਾਨ ‘ਤੇ ਖੇਡ ਕੇ ਗਰੀਬ ਝੁੱਗੀਆਂ-ਝੋਪੜੀਆਂ ਦੇ ਵਾਸੀਆਂ ਦਾ ਕਾਫੀ ਸਮਾਨ ਬਚਾਇਆ ਪਰ ਫਿਰ ਵੀ ਫਾਇਰ ਬ੍ਰਿਗੇਡ ਦੀ ਕਮੀ ਕਾਰਨ ਕਾਫੀ ਨੁਕਸਾਨ ਹੋ ਗਿਆ। ਅੱਗ ਦੀਆਂ ਲਪਟਾਂ ਵਧਣ ਕਾਰਨ ਝੁੱਗੀਆਂ ਨੇੜੇ ਸਥਿਤ 10 ਦੁਕਾਨਾਂ ਵੀ ਸੜ ਕੇ ਸੁਆਹ ਹੋ ਗਈਆਂ। ਇਸ ਮੌਕੇ ਇਲਾਕੇ ‘ਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ ਅਤੇ ਸਮਾਜਸੇਵੀਆਂ ਸਮੇਤ ਸਥਾਨਕ ਲੋਕ ਰਾਹਤ ਕਾਰਜਾਂ ‘ਚ ਜੁਟੇ ਹੋਏ ਹਨ।
ਦੱਸਣਯੋਗ ਹੈ ਕਿ ਨੂਰਪੁਰਬੇਦੀ ਪੁਲਸ ਸਟੇਸ਼ਨ ਸਾਹਮਣੇ ਆਰਮੀ ਦੀ ਕੈਂਪਿੰਗ ਗਰਾਊਂਡ ਹੈ। ਕੁੱਝ ਸਾਲਾਂ ‘ਚ 450 ਦੇ ਕਰੀਬ ਇਥੇ ਝੁੱਗੀਆਂ ਝੋਪੜੀਆਂ ਬਣ ਗਈਆਂ ਹਨ। ਇਸ ਤੋਂ ਇਲਾਵਾ ਦੂਜੇ ਪਾਸੇ ਦਹਾਕਿਆਂ ਪਹਿਲਾਂ ਤੋਂ ਬੰਗਾਲਾ ਬਸਤੀ ਮੌਜੂਦ ਹੈ, ਜਿਨ੍ਹਾਂ ਦੀਆਂ ਕਰੀਬ 100 ਦੇ ਕਰੀਬ ਝੁੱਗੀਆਂ ਹਨ। ਹਾਲਾਂਕਿ ਇਸ ਅੱਗ ਦੀ ਘਟਨਾ ਕਾਰਨ ਇਹ ਵਾਲ-ਵਾਲ ਬਚ ਗਈਆਂ ਕਿਉਂਕਿ ਹਵਾ ਦਾ ਰੁਖ ਦੱਖਣੀ ਪਾਸੇ ਵੱਲ ਸੀ।
ਦੂਜੇ ਪਾਸੇ ਇਸ ਪੂਰੇ ਮਾਮਲੇ ਨੂੰ ਲੈ ਕੇ ਨੂਰਪੁਰਬੇਦੀ ਦੇ ਬਾਂਸ਼ਿਦਾਵਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ 25 ਮਈ ਦੀ ਸ਼ਾਮ ਤੱਕ ਨੂਰਪੁਰਬੇਦੀ ਪੀਰ ਬਾਬਾ ਜਿੰਦਾ ਸ਼ਹੀਦ ਸਥਾਨ ਲਈ ਫੰਡ ਅਤੇ ਸਰਕਾਰ ਦੇ ਸੰਕਟਕਾਲੀਨ ਫੰਡ ਸਮੇਤ ਨੂਰਪੁਰਬੇਦੀ ‘ਚ ਸਥਾਈ ਐਂਬੁਲੈਂਸ ਤਾਇਨਾਤ ਕਰਨ ਦਾ ਸਮਾਂ ਦਿੱਤਾ ਹੈ। ਅਜਿਹਾ ਨਾ ਹੋਣ ਦੀ ਸਥਿਤੀ ‘ਚ 26 ਮਈ ਨੂੰ ਨੂਰਪੁਰਬੇਦੀ ‘ਚ ਫਾਇਰ ਸਰਵਿਸ ਦੀ ਤਾਇਨਾਤੀ ਹੋਣ ਤਕ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਪੱਕਾ ਮੋਰਚਾ ਖੋਲ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *