ਨੀਟ ਦੀ ਪ੍ਰੀਖਿਆ ‘ਚ ਕੜੇ, ਕਿਰਪਾਨ ਨਾਲ ਬੈਠਣ ਦੀ ਮੰਗੀ ਇਜਾਜ਼ਤ

ss1

ਨੀਟ ਦੀ ਪ੍ਰੀਖਿਆ ‘ਚ ਕੜੇ, ਕਿਰਪਾਨ ਨਾਲ ਬੈਠਣ ਦੀ ਮੰਗੀ ਇਜਾਜ਼ਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੀ.ਬੀ.ਐਸ.ਈ. ਦੇ ਚੇਅਰਮੈਨ ਰਕੇਸ਼ ਕੁਮਾਰ ਚਤੁਰਵੇਦੀ ਨੂੰ ਪੱਤਰ ਲਿਖ ਕੇ ਐਨ.ਈ.ਈ.ਟੀ. (ਨੀਟ) ਪ੍ਰੀਖਿਆ ਵਿੱਚ ਅੰਮ੍ਰਿਤਧਾਰੀ ਸਿੱਖ ਪ੍ਰੀਖਿਆਰਥੀਆਂ ਨੂੰ ਕਿਰਪਾਨ ਤੇ ਕੜੇ ਸਮੇਤ ਬੈਠਣ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਇਸ ਸਬੰਧੀ ਲਿਖੇ ਗਏ ਪੱਤਰ ਵਿੱਚ ਉਨ੍ਹਾਂ ਇਤਰਾਜ਼ ਜਿਤਾਉਂਦਿਆਂ ਲਿਖਿਆ ਹੈ ਕਿ ਪਿਛਲੀ ਵਾਰ ਸੀ.ਬੀ.ਐਸ.ਈ. ਵੱਲੋਂ ਲਈ ਗਈ ਨੀਟ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕੜਾ ਤੇ ਕਿਰਪਾਨ ਪਹਿਨ ਕੇ ਬੈਠਣ ਤੋਂ ਰੋਕ ਦਿੱਤਾ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਵੀ ਨੀਟ ਪ੍ਰੀਖਿਆ 7 ਮਈ ਨੂੰ ਦੇਸ਼ ਭਰ ਵਿੱਚ ਹੋ ਰਹੀ ਹੈ। ਇਸ ਲਈ ਇਸ ਨਾਜ਼ੁਕ ਧਾਰਮਿਕ ਮਸਲੇ ਵੱਲ ਧਿਆਨ ਦਿੰਦਿਆਂ ਅੰਮ੍ਰਿਤਧਾਰੀ ਸਿੱਖ ਬੱਚਿਆਂ ਦੇ ਕੱਕਾਰਾਂ ਸਮੇਤ ਪ੍ਰੀਖਿਆ ਵਿੱਚ ਬੈਠਣ ਨੂੰ ਯਕੀਨੀ ਬਣਾਉਣ ਸਬੰਧੀ ਪ੍ਰੀਖਿਆ ਕੇਂਦਰਾਂ ਨੂੰ ਤੁਰੰਤ ਆਦੇਸ਼ ਜਾਰੀ ਕੀਤੇ ਜਾਣ।

ਉਨ੍ਹਾਂ ਲਿਖਿਆ ਹੈ ਕਿ ਸਿੱਖ ਕੱਕਾਰਾਂ ਦਾ ਹਿੱਸਾ ਕਿਰਪਾਨ ਤੇ ਕੜਾ ਸਿੱਖਾਂ ਦੀ ਧਾਰਮਿਕ ਪਛਾਣ ਵਜੋਂ ਮਾਨਤਾ ਰੱਖਦੇ ਹਨ। ਬਡੂੰਗਰ ਨੇ ਸਿੱਖ ਮਰਿਆਦਾ ਦਾ ਹਵਾਲਾ ਦਿੰਦੇ ਰਕੇਸ਼ ਕੁਮਾਰ ਚਤੁਰਵੇਦੀ ਨੂੰ ਕਿਹਾ ਕਿ ਹਰ ਅੰਮ੍ਰਿਤਧਾਰੀ ਸਿੱਖ ਲਈ ਕੱਕਾਰ ਪਹਿਨਣੇ ਲਾਜ਼ਮੀ ਹਨ ਕਿਉਂਕਿ ਇਹ ਸਿੱਖਾਂ ਦੇ ਧਾਰਮਿਕ ਚਿੰਨ੍ਹ ਹਨ। ਇਸੇ ਲਈ ਸਿੱਖ ਆਪਣੇ ਕੱਕਾਰਾਂ ਨੂੰ ਸਦਾ ਅੰਗ-ਸੰਗ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਤੇ ਸਿੱਖਾਂ ਨੂੰ ਇਨ੍ਹਾਂ ਧਾਰਮਿਕ ਚਿਨ੍ਹਾਂ ਨੂੰ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਵੱਜਦੀ ਹੈ।

Share Button

Leave a Reply

Your email address will not be published. Required fields are marked *