Tue. Sep 24th, 2019

ਨਿੱਤ ਬਰਮੇ ਜਲ ਪਾਵਾਂ……

ਨਿੱਤ ਬਰਮੇ ਜਲ ਪਾਵਾਂ……

ਵੀਰਾ ਤੇਰੀ ਜੜ੍ਹ ਲੱਗ ਜੇ,
ਮੈਂ ਨਿੱਤ ਬਰਮੇ ਜਲ ਪਾਵਾਂ।

ਇਸ ਲੋਕ ਗੀਤ ਵਿੱਚ ‘ਬਰਮੇ’ ਸ਼ਬਦ ਪਿੱਪਲ ਦੇ ਰੁੱਖ ਲਈ ਵਰਤਿਆ ਗਿਆ ਹੇੈ। ਪਿੱਪਲ ਦੇ ਰੁੱਖ ਨੂੰ ਪੁਰੀ ਦੁਨੀਆਂ ਵਿੱਚ ਬਹੁਤ ਮਹੱਤਵ ਪੁਰਨ ਸਥਾਨ ਪ੍ਰਾਪਤ ਹੈ।ਪਿੱਪਲ ਦੇ ਰੁੱਖ ਦੀ ਉਮਰ ਇੱਕ ਹਜਾਰ ਸਾਲ ਤੋਂ ਵੀ ਵੱਧ ਦੱਸੀ ਜਾਂਦੀ ਹੈ।ਪਿੱਪਲ ਦੇ ਰੁੱਖ ਦੇ ਪੱਤੇ ਦਿਲ ਦੇ ਅਕਾਰ ਦੇ ਹੁੰਦੇ ਹਨ ।ਇਸ ਦਰਖਤ ਨੂੰ ਜੋ ਫਲ ਲੱਗਦੇ ਹਨ ਉਹਨਾਂ ਨੂੰ ਪੰਜਾਬ ਵਿੱਚ ਪਪੀਸੀਆਂ ਕਿਹਾ ਜਾਂਦਾ ਹੈ।ਪਿੱਪਲ ਨੁੰ ਸੱਭ ਤੋਂ ਪੁਰਾਣਾ ਰੁੱਖ ਹੋਣ ਦਾ ਵੀ ਮਾਣ ਹਾਸਲ ਹੈ।
ਪਿੱਪਲ ਦੇ ਰੁੱਖ ਸਬੰਧੀ ਮਾਨਤਾਵਾਂ-: ਬਾਰਤ ਦੇ ਧਾਰਮਿਕ ਗ੍ਰੰਥਾਂ ਖਾਸ ਕਰ ਕੇ ਹਿੰਦੂ ਦਰਮ ਵਿੱਚ ਪਿੱਪਲ ਦੇ ਰੁੱਖ ਨੂੰ ਪਵਿੱਤਰ ਰੁੱਖ ਮੰਨਿਆਂ ਗਿਆ ਹੈ।ਪਿੱਪਲ ਦੇ ਦਰਖਤ ਨੂੰ’ ਬ੍ਰਹਮਾ’ ਵੀ ਕਿਹਾ ਗਿਆ ਹੈ।ਪੁਰਾਣਾਂ ਅਨੁਸਾਰ ਸ਼੍ਰਿਸ਼ਟੀ ਦੇ ਸਿਰਜਨਹਾਰ ਦੇਵਤਾ ਬ੍ਰਹਮਾ ਹਨ।ਦੇਵਤਾ ਬ੍ਰਹਮਾ ਬਾਰੇ ਕਿਹਾ ਜਾਂਦਾ ਹੈ ਕਿ ਬ੍ਰਹਮਾ ਪਿੱਪਲ ਦੀ ਜੜ੍ਹ ਵਿੱਚ ਵਾਸ ਕਰਦੇ ਹਨ।ਲੋਕ ਭਾਖਿਆ ਅਨੁਸਾਰ ਪਿੱਪਲ ਦੇ ਉਪਰ ਤਿੰਨ ਦੇਵਤਿਆਂ ਦਾ ਨਿਵਾਸ ਹੈ।ਬ੍ਰਹਮਾ ,ਵਿਸ਼ਣੂ ਅਤੇ ਸ਼ਿਵ ਜੀ ਦਾ ਨਿਵਾਸ ਕਿਹਾ ਜਾਂਦਾ ਹੈ।ਕਿਹਾ ਜਾਂਦਾ ਹੈ ਕਿ ਬ੍ਰਹਮਾ ਜੜ੍ਹ,ਵਿਸ਼ਣੂ ਤਣਿਆਂ ਵਿੱਚ ਅਤੇ ਸ਼ਿਵ ਟਾਹਣੀਆਂ ਵਿੱਚ ਨਿਵਾਸ ਕਰਦੇ ਹਨ।ਇਸ ਲਈ ਇਹ ਧਾਰਣਾ ਪ੍ਰਚਲਿਤ ਹੈ ਕਿ :
ਪੱਤੇ ਪੱਤੇ ਗੋਬਿੰਦ ਬੈਠਾ,ਟਾਹਣੀ ਟਾਹਣੀ ਦਿਉਤਾ।
ਮੁੱਢ ਤੇ ਸ਼੍ਰੀ ਕ੍ਰਿਸ਼ਨ ਬੈਠਾ ,ਧੰਨ ਬ੍ਰਹਮ ਦਿਉਤਾ।
ਪਿੱਪਲ ਦੇ ਰੁੱਖ ਨੂੰ ਵੱਢਣਾ ਪਾਪ ਸਮਝਿਆ ਜਂਾਦਾ ਹੈ।ਇਸ ਦੀ ਲੱਕੜ ਸਿਰਫ ਹਵਨ,ਜੱਗ ਅਤੇ ਧੂਣੀ ਲਈ ਹੀ ਪ੍ਰਯੋਗ ਜਾਂਦੀ ਹੈ।ਪਿੱਪਲ ਦੇ ਰੁੱਖ ਦੀ ਲੱਕੜ ਆਮ ਬਾਲਣ ਦੇ ਤੌਰ ‘ਤੇ ਵਰਤਣ ਦੀ ਮਨਾਹੀ ਹੈ।
ਸਮਾਜਿਕ ਪੱਖ -:ਪਿੱਪਲ ਦਾ ਰੁੱਖ ਜਿਆਦਾਤਰ ਸਾਂਝੀਆਂ ਥਾਵਾਂ ‘ਤੇ ਹੀ ਲਗਾਇਆ ਜਾਂਦਾ ਹੇੈ।ਪੁਰਾਣੇ ਸਮੇਂ ਪਿੰਡਾਂ ਵਿੱਚ ਕਿਸੇ ਸਾਂਝੀ ਥਾਂ ਜਾਂ ਫਿਰ ਸੱਥ ਵਿੱਚ ਪਿੱਪਲ ਦਾ ਰੁੱਖ ਲਗਾਇਆ ਜਾਂਦਾ ਸੀ।ਪਿੱਪਲ ਦੇ ਥੱਲੇ ਬੈਠਣ ਲਈ ਇੱਕ ਥੜਾ ਜਿਹਾ ਬਣਾ ਲਿਆ ਜਾਂਦਾ ਸੀ ।ਇਥੇ ਪਿੰਡ ਦੇ ਸਿਆਣੇ ਬੰਦਿਆਂ,ਬਜੁਰਗਾਂ ਦੀ ਕਚਹਿਰੀ ਲੱਗਦੀ ਹੁੰਦੀ ਸੀ।ਜਿਸ ਨੂੰ ਪਿੰਡ ਦੀ ਸੰਸਦ ਵੀ ਕਿਹਾ ਜਾਂਦਾ ਸੀ।ਪਿੰਡ ਵਿੱਚ ਕਿਸੇ ਖੁੱਲੀ ਥਾਂ ਤੇ ਲੱਗੇ ਹੋਏ ਪਿੱਪਲ ਥੱਲੇ ਪਿੰਡ ਦੀਆਂ ਕੁੜੀਆਂ ਸੌਣ ਮਹੀਨੇ ਕੱਠੀਆਂ ਹੋ ਕੇ ਤੀਆਂ ਦਾ ਤਿਉਹਾਰ ਮਨਾਉਦੀਆਂ ਸੀ।ਗੀਤ ਗਾਉਂਦੀਆਂ ਕਹਿੰਦੀਆਂ ਸਨ:-
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ ..
ਨੀ ਕਾਹਲੀ ਕਾਹਲੀ ਪੈਰ ਪੱਟ ਲੈ…
ਸੌਣ ਮਹੀਨੇ ਪਿੱਪਲ ਉਤੇ ਪੀਘਾਂ ਪਾ ਕੇ ਝੂਟਦੀਆਂ ਸਨ।ਜਿਸ ਪਿੱਪਲ ਥੱਲੇ ਕੁੜੀਆਂ ਨੂੰ ਕੱਠੀਆਂ ਹੋਣ ਦਾ ਸਬੱਬ ਬਣਦਾ ਸੀ ਉਹ ਪਿੱਪਲ ਨੂੰ ਅਸਸਿ ਦਿੰਦੀਆਂ ਕਹਿੰਦੀਆਂ ਸਨ :

ਮੇਰੇ ਪਿੰਡ ਦਿਆ ਪਿੱਪਲਾ ਵੇ…
ਮੈਂ ਤੇਰਾ ਜਸ ਗਾਵਾਂ

ਪਿੱਪਲ ਨਾਲ ਜੁੜੇ ਹੋਏ ਲੋਕ ਵਿਸ਼ਵਾਸ਼-:ਪਿੱਪਲ ਦੇ ਰੁੱਖ ਨਾਲ ਪੁਰਾਤਨ ਸਮੇਂ ਤੋਂ ਬਹੁਤ ਸਾਰੇ ਲੋਕ ਵਿਸ਼ਵਾਸ਼ ਜੁੜੇ ਹੋਏ ਹਨ। ਇਹ ਵਿਸ਼ਵਾਸ਼ ਕੁਝ ਹੱਦ ਤੱਕ ਅੱਜ ਵੀ ਮਾਨਤਾ ਅਧੀਨ ਹਨ।ਹਿੰਦੂ ਧਰਮ ਵਾਲੇ ਲੋਕ ਪਿੱਪਲ ਦੇ ਰੁੱਖ ਦੀ ਪੂਜਾ ਸਵੇਰੇ-ਸਾਜਰੇ ਕੱਚੀ ਲੱਸੀ ਅਤੇ ਕੁਝ ਫੁੱਲ ਚੜ੍ਹਾ ਕੇ ਕਰਦੇ ਹਨ।ਔਰਤਾਂ ਪਿੱਪਲ ਦੇ ਸੰਧੂਰ੍ਰ ਲਗਾ ਕੇ ਪੂਜਾ ਕਰਦੀਆਂ ਹਨ।ਉਹਨਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਉਹਨਾਂ ਦਾ ਸੁਹਾਗ ਸੁਰੱਖਿਅਤ ਰਹਿੰਦਾ ਹੈ।ਨਿਰਸੰਤਾਨ ਇਸਤਰੀਆਂ ਚਾਲੀ ਦਿਨ ਪਿੱਪਲ ਦੀ ਜੜ ਵਿੱਚ ਕੱਚੀ ਲੱਸੀ ਪਾ ਕੇ ਪੁੂਜਾ ਕਰਦੀਆਂ ਹਨ।ਮਾਨਤਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਸਂੰਤਾਨ ਦੀ ਪ੍ਰਾਪਤੀ ਹੋ ਜਾਂਦੀ ਹੈ। ਭੇੈਣਾਂ ਆਪਣੇ ਭਰਾ ਦਾ ਘਰ ਵਸਾਉਣ ਲਈ ਪਿੱਪਲ ਦੀ ਜੜ੍ਹ ਵਿੱਚ ਕੱਚੀ ਲੱਸੀ ਪਾਉਂਦੀਆਂ ਹਨ।ਇਹ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਪਿੱਪਲ ਦੀ ਜੜ੍ਹ ਵਿੱਚ ਕੱਚੀ ਲੱਸੀ ਪਾਉਣ ਨਾਲ ਉਹਨਾ ਦੇ ਭਰਾ ਦਾ ਵਿਆਹ ਹੋ ਜਾਂਦਾ ਹੈ।ਇਥੋਂ ਹੀ ਇਹ ਲੋਕ ਤੁਕ ਮਸ਼ਹੂਰ ਹੋਈ ਹੋਵੇਗੀ-:

ਵੀਰਾ ਤੇਰੀ ਜੜ ਲੱਗ ਜੇ
ਮੈਂ ਨਿੱਤ ਬਰਮੇ ਜਲ ਪਾਵਾਂ

ਕਆਰੀਆਂ ਕੁੜੀਆਂ ਵੀ ਪਿੱਪਲ ਦੀ ਪੁਜਾ ਕਰਦੀਆਂ ਹਨ। ਉਹ ਚੰਗੇ ਵਰ ਦੀ ਪ੍ਰਾਪਤੀ ਲਈ ਪੁਜਾ ਕਰਦੀਆਂ ਹਨ।ਕਈ ਫਿਰਕਿਆਂ ਵਿੱਚ ਨਵੀਂ ਵਿਆਹੀ ਜੋੜੀ ਨੂੰ ਪਿੱਪਲ ਪੂਜਾ ਲਈ ਲਿਜਾਇਆ ਜਾਂਦਾ ਹੈ।ਪਿੱਪਲ ਦੁਆਲੇ ਕੱਚੇ ਸੂਤ ਦੇ ਧਾਗੇ ਨਾਲ ਪਰਿਕਰਮਾ ਕੀਤੀ ਜਾਂਦੀ ਹੈ।ਪਿੱਪਲ ਦੇ ਦੁਆਲੇ ਮੌਲੀ(ਖੱਮਣੀ) ਲਪੇਟੀ ਜਾਂਦੀ ਹੈ।ਜੜ੍ਹ ਨੂੰ ਸੰਧੂ੍ਰਰ ਨਾਲ ਸਜਾਇਆ ਜਾਂਦਾ ਹੈ।ਪਿੱਪਲ ਦੇ ਰੁੱਖ ਨੂੰ ਸ਼ਰਧਾਪੂਰਵਕ ਮੱਥਾ ਟੇਕਿਆ ਜਾਂਦਾ ਹੈ।ਕਈ ਲੋਕ ਮੰਗਲਕਿ ਕੁੜੀ ਦਾ ਵਿਆਹ ਅਸਲ ਵਿਆਹ ਤੋਂ ਪਹਿਲਾਂ ਪਿੱਪਲ ਦੇ ਰੁੱਖ ਨਾਲ ਕਰਦੇ ਹਨ ਇਸ ਸੰਬੰਧੀ ਮਾਨਤਾ ਹੈ ਕਿ ਅਜਿਹਾ ਕਰਨ ਨਾਲ ਕੁੜੀ ਦਾ ਮੰਗਲੀਕ ਸਾਇਆ ਟਲ ਜਾਂਦਾ ਹੈ।ਬਹੁਤ ਸਾਰੇ ਲੋਕ ਧਨ ਪ੍ਰਾਪਤੀ ਲਈ ਐਤਵਾਰ ਵਾਲੇ ਦਿਨ ਪਿੱਪਲ ਦੀ ਪੂਜਾ ਕਰਦੇ ਹਨ।ਕਿਹਾ ਜਾਂਦਾ ਹੈ ਕਿ ਉਸ ਦਿਨ ਲੱਛਮੀ ਮਾਤਾ ਖੁਦ ਪਿੱਪਲ ਦੇ ਰੁੱਖ ‘ਤੇ ਨਿਵਾਸ ਕਰਦੀ ਹੈ।ਸੂਭ ਕਾਰਜਾਂ ਲਈ ਘਰਾਂ ਵਿੱਚ ਪਿੱਪਲ ਦੇ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ।ਮੁੰਡੇ ਦੇ ਵਿਆਹ ਵੇਲੇ ਵਿਹਾਂਦੜ ਜੋੜੀ ਦੇ ਸਿਰ ਤੋਂ ਪਾਣੀ ਵਾਰਨ ਦੀ ਰਸਮ ਸਮੇਂ ਮਿੱਠਾ ਪਾਣੀ ਦੀ ਗੜਵੀ ਅਤੇ ਨੇਤਰੀ ਸਮੇਤ ਪਿੱਪਲ ਦੇ ਪੱਤਿਆਂ ਵਾਲੀ ਟਾਹਣੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਪਰਿਵਾਰ ਪਿੱਪਲ ਦੇ ਰੁੱਖ ਦੀ ਤਰ੍ਹਾਂ ਵੱਧਦਾ ਫੂੱਲਦਾ ਰਹੇ।।ਪੁਰਾਣੇ ਸਮੇਂ ਵਿੱਚ ਮੁਰਦਾ ਪ੍ਰਾਣੀ ਦੀਆਂ ਅਸਥੀਆਂ ਵੀ ਪਿੱਪਲ ਦੇ ਰੁੱਖ ਨਾਲ ਬੰਨੀਆਂ ਜਾਂਦੀਆਂ ਸਨ।
ਸਿਹਤ ਨਾਲ ਸੰਬੰਧੀ ਮਾਨਤਾਵਾਂ-:ਪਿੱਪਲ ਦਾ ਰੁੱਖ ਅਜਿਹਾ ਰੁੱਖ ਹੈ ,ਜੋ ਚੌਵੀ ਘੰਟੇ ਆਕਸੀਜਨ ਛੱਡਦਾ ਹੈ।ਪਿੱਪਲ ਦੇ ਰੁੱਖ ਦੀ ਵਰਤੋਂ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਕਰਨ ਲਈ ਕੀਤੀ ਜਾਂਦੀ ਹੈ।ਇਸ ਦੇ ਪੱਤਿਆਂ ਦੀ ਲੇਪ ਬਣਾ ਕੇ ਜਖਮ ਠੀਕ ਕਰਨ ਲਈ ਵਰਤਿਆ ਜਾਂਦਾ ਹੈ। ਪੀਲੀਆ,ਖੰਘ,ਦਮਾ ,ਸਰਦੀ,ਕਬਜ,ਪੇਟ ਦਰਦ,ਸਿਰ ਦਰਦ ਆਦਿ ਬਿਮਾਰੀਆਂ ਦੇ ਇਲਾਜ ਲਈ ਪਿੱਪਲ ਦੇ ਪੱਤਿਆਂ,ਜੜਾਂ ਅਤੇ ਕਰੂੰਬਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ।ਇਸ ਦੀ ਵਰਤੋਂ ਵੱਡੀ ਪੱਧਰ ‘ਤੇ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ।
ਪ੍ਰੇਰਨਾਦਾਇਕ: ਪਿੱਪਲ ਦਾ ਰੁੱਖ ਇੱਕ ਅਜਿਹਾ ਦ੍ਰਿੜ ਰੁੱਖ ਹੈ ਜੋ ਪੱਥਰ ਵਿੱਚ ਵੀ ਉੱਘ ਜਾਂਦਾ ਹੈ।ਇਸ ਨੂੰ ਕੰਧਾਂ ਵਿੱਚ ਉਗਿਆ ਵੇਖਿਆ ਜਾ ਸਕਦਾ ਹੈ।ਇਹ ਦੀਵਾਰ ਤੋੜ ਕੇ ਵੀ ਉੱਘ ਜਾਂਦਾ ਹੈ।ਜੋ ਇਨਸਾਨ ਨੂੰ ਹਮੇਸ਼ਾ ਦ੍ਰਿੜ ਇਰਾਦੇ ਰੱਖਣ ਦੀ ਪ੍ਰੇਰਣਾਂ ਦਿੰਦਾ ਹੈ।ਪਿੱਪਲ ਦੇ ਰੁੱਖ ਦੀਆਂ ਜੜ੍ਹਾਂ ਬਹੁਤ ਹੀ ਤੇਜੀ ਨਾਲ ਫੈਲਦੀਆਂ ਹਨ।ਜੋ ਮਾਨਵਤਾ ਨੂੰ ਮਜਬੂਤ ਇਰਾਦੇ ਰੱਖਣ ਦਾ ਸਬਕ ਸਿਖਾਉਂਦੀਆਂ ਹਨ।ਪਿੱਪਲ ਦੇ ਰੁੱਖ ਦੀ ਛਾਂ ਸੰਘਣੀ ਹੁੰਦੀ ਹੈ,ਜੋ ਮਨੁੱਖਾਂ ਨੂੰ ਹੀ ਨਹੀਂ ਸਗੌਂ ਪਸ਼ੂ ਪੰਛੀਆਂ ਨੂੰ ਵੀ ਆਪਣੀ ਠੰਡੀ ਛਾਂ ਪ੍ਰਦਾਨ ਕਰਦਾ ਹੈ।ਪਿੱਪਲ ਦਾ ਰੱਖ ਵਾਤਾਵਰਣ ਨੂੰ ਸ਼ੁੱਧ ਰੱਖਦਾ ਹੈ ।ਸੋ ਵੱਧ ਤੋਂ ਵੱਧ ਪਿੱਪਲ ਦੇ ਰੁੱਖ ਲਗਾਉਣੇ ਫਾਇਦੇਮੰਦ ਹਨ।
ਮਨੁੱਖਤਾ ਨੂੰ ਵਢਮੁੱਲੀ ਦੇਣ ,ਦੇਣ ਵਾਲਾ,ਬਿਮਾਰੀਆ ਤੋਂ ਛੁਟਕਾਰਾ ਪਾਉਣ ਵਾਲਾ,ਠੰਡੀਆਂ ਛਾਂਵਾਂ ਦੇਣ ਵਾਲਾ,ਖੁਸ਼ੀਆਂ ਖੇੜੇ ਵੰਡਣ ਵਾਲਾ, ਏਕਤਾ ਦਾ ਸੁਨੇਹਾ ਦੇ ਕੇ ਸਾਂਝੀਵਾਲਤਾ ਨੂੰ ਕਾਇਮ ਰੱਖਣ ਵਾਲਾ ਇਹ ਪਿੱਪਲ ਦਾ ਰੁੱਖ ਅੱਜ ਇਤਿਹਾਸ ਬਣਦਾ ਜਾ ਰਿਹਾ ਹੈ।ਬੇਸ਼ੱਕ ਅਜੋਕੀ ਪੜੀ -ਲਿਖੀ ਪੀੜੀ ਇਸ ਨਾਲ ਜੁੜੇ ਵਿਸ਼ਵਾਸ਼ ਅਤੇ ਮਾਨਤਾਵਾਂ ਨੂੰ ਵਹਿਮ ਭਰਮ ਮੰਨਦੀ ਹੈ।ਪਰ ਅੱਜ ਦੇ ਸਮੇਂ ਦੀ ਲੋੜ ,ਇਸ ਨਾਲ ਜੁੜੇ ਵਿਸ਼ਵੲਾਸ਼ ਅਤਾ ਮਾਨਤਾਵਾਂ ਨੂੰ ਸੰਭਾਲਣ ਦੀ ਹੈ।ਮਨੁੱਖਤਾ ਦੀ ਸੇਵਾ ਕਰਨ ,ਦਵਾਈਆਂ ਦਾ ਸੋਮਾ,ਪੰਜਾਬੀ ਸੱਭਿਆਚਾਰ ਦੀ ਅਮੀਰ ਨਿਸ਼ਾਨੀ ਨੂੰ ਸਾਂਭਣ ਲਈ ਰਲ-ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ।

ਵੀਰਪਾਲ ਕੌਰ ‘ਕਮਲ’
8569001590

Leave a Reply

Your email address will not be published. Required fields are marked *

%d bloggers like this: