ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਤੋਂ ਬਾਅਦ ਹੁਣ ਧਰਮਕੋਟ ‘ਚ ਵੀ ਖਿਲਰਿਆ ‘ਝਾੜੂ’, ਭਗਵੰਤ ਮਾਨ ‘ਤੇ ਲੱਗੇ ਗੰਭੀਰ ਦੋਸ਼

ss1

ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਤੋਂ ਬਾਅਦ ਹੁਣ ਧਰਮਕੋਟ ‘ਚ ਵੀ ਖਿਲਰਿਆ ‘ਝਾੜੂ’, ਭਗਵੰਤ ਮਾਨ ‘ਤੇ ਲੱਗੇ ਗੰਭੀਰ ਦੋਸ਼

ਧਰਮਕੋਟ\ਮੋਗਾ (ਨਿ.ਆ.) : ਸਤਾ ਪ੍ਰਾਪਤੀ ਲਈ ਤਰਲੋਮੱਛੀ ਹੋ ਰਹੀ ਆਮ ਆਦਮੀ ਪਾਰਟੀ ਵਲੋਂ ਪੰਜਾਬ ਅੰਦਰ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਦਿਨੋ-ਦਿਨ ਉਭਰ ਰਹੀਆਂ ਬਾਗੀ ਸੁਰਾਂ ਪਾਰਟੀ ਨੂੰ ਸਤਾ ਦੀਆਂ ਪੌੜੀਆਂ ਤੋਂ ਦੂਰ ਲਿਜਾ ਰਹੀਆਂ ਹਨ। ਮੋਗਾ ਜ਼ਿਲੇ ਅੰਦਰ ਪੈਂਦੇ ਚਾਰੇ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪਹਿਲਾਂ ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ‘ਚ ਪਾਰਟੀ ਉਮੀਦਵਾਰਾਂ ਵਿਰੁੱਧ ਬਾਗੀ ਸੁਰਾਂ ਉਠੀਆਂ ਸਨ ਅਤੇ ਹੁਣ ਵਿਧਾਨ ਸਭਾ ਹਲਕਾ ਧਰਮਕੋਟ ‘ਚ ‘ਆਪ’ ਵਲੋਂ ਪਹਿਲਾਂ ਐਲਾਨੇ ਉਮੀਦਵਾਰ ਡਾ. ਰਣਜੋਧ ਸਿੰਘ ਦੀ ਟਿਕਟ ਕੱਟ ਕੇ ਨਵੇਂ ਉਮੀਦਵਾਰ ਦਲਜੀਤ ਸਿੰਘ ਸਦਰਪੁਰਾ ਨੂੰ ਦੇਣ ਤੋਂ ਬਾਅਦ ਹਲਕੇ ਅੰਦਰ ਆਮ ਆਦਮੀ ਪਾਰਟੀ ਦੀ ਕਿਰਕਰੀ ਹੋ ਰਹੀ ਹੈ। ਪਾਰਟੀ ਦੇ ਇਸ ਫੈਸਲੇ ਨਾਲ ਜਿੱਥੇ ਪਾਰਟੀ ਦੇ ਵੱਕਾਰ ਨੂੰ ਵੱਡੀ ਢਾਅ ਲੱਗੀ ਹੈ, ਉੱਥੇ ਹੀ ਪਿਛਲੇ ਤਿੰਨ ਸਾਲਾਂ ਤੋਂ ਪਾਰਟੀ ਨਾਲ ਜੁੜੇ ਅਤੇ ਪਾਰਟੀ ਦੀ ਲਈ 55 ਪਿੰਡਾਂ ਅੰਦਰ ਸਰਗਰਮੀਆਂ ਚਲਾਉਣ ਵਾਲੇ ਪਾਰਟੀ ਦੇ ਪਹਿਲੇ ਉਮੀਦਵਾਰ ਡਾ. ਰਣਜੋਧ ਸਿੰਘ ਨੇ ਇਸ ਫੈਸਲੇ ਖਿਲਾਫ ਖੁਲ੍ਹ ਕੇ ਬੋਲਦਿਆਂ ਜਿੱਥੇ ਪਾਰਟੀ ਦੇ ਨਵੇਂ ਉਮੀਦਵਾਰ ਦਲਜੀਤ ਸਿੰਘ ਸਦਰਪੁਰਾ ਦੀ ਮਦਦ ਨਾ ਕਰਨ ਦਾ ਫੈਸਲਾ ਕੀਤਾ ਹੈ, ਉੱਥੇ ਅਗਲੇਰੀ ਰਣਨੀਤੀ ਲਈ ਉਨ੍ਹਾਂ ਆਪਣੇ ਸਮਰਥਕਾਂ ਦੀ ਇਕ ਵਿਸ਼ੇਸ਼ ਇਕੱਤਰਤਾ ਐਤਵਾਰ 27 ਨਵੰਬਰ ਨੂੰ ਸੱਦ ਲਈ ਹੈ, ਜਿਸ ਵਿਚ ਅਗਲੀ ਰਣਨੀਤੀ ਉਲੀਕੀ ਜਾਵੇਗੀ।
ਇਸ ਸੰਬੰਧੀ ਸ਼ਨੀਵਾਰ ਨੂੰ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡਾ. ਰਣਜੋਧ ਸਿੰਘ ਨੇ ਕਿਹਾ ਕਿ ਪਾਰਟੀ ਨੇ ਇਹ ਕਹਿ ਕੇ ਉਨ੍ਹਾਂ ਦੀ ਟਿਕਟ ਕੱਟੀ ਕਿ ਤੁਸੀਂ ਹਲਕੇ ‘ਚ ਕੰਪੇਨ ਨਹੀਂ ਕਰ ਰਹੇ ਜਦਕਿ ਉਨ੍ਹਾਂ ਕਿਹਾ ਕਿ ਹਲਕੇ ਅੰਦਰ ਪੈਂਦੇ 151 ਪਿੰਡਾਂ ‘ਚੋਂ 55 ਪਿੰਡਾਂ ਦਾ ਦੌਰਾ ਉਨ੍ਹਾਂ ਵਲੋਂ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ 193 ਬੂਥਾਂ ‘ਚੋਂ 54 ਬੂਥਾਂ ਅੰਦਰ ਪਾਰਟੀਆਂ ਦੀ ਨੀਤੀਆਂ ਘਰ-ਘਰ ਪਹੁੰਚਾਈਆਂ। ਉਨ੍ਹਾਂ ਅੱਗੇ ਕਿਹਾ ਕਿ ਉਸ ਦੀ ਟਿਕਟ ਕੱਟਣ ਪਿੱਛੇ ਭਗਵੰਤ ਮਾਨ ਦਾ ਹੱਥ ਹੈ ਕਿਉਂਕਿ ਭਗਵੰਤ ਮਾਨ ਨੇ ਆਪਣੇ ਚਹੇਤੇ ਨੂੰ ਖੁਸ਼ ਕਰਨ ਲਈ ਪਾਰਟੀ ਦੇ ਇਕ ਵਰਕਰ ਨਾਲ ਬੇਇਨਸਾਫੀ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਪਾਰਟੀ ‘ਡਿਕਟੇਟਰਸ਼ਿਪ’ ਨਾਲ ਨਹੀਂ ਚੱਲਦੀ ਜਦਕਿ ਭਗਵੰਤ ਮਾਨ ਵਲੋਂ ਆਪਣੇ ਪੁਰਾਣੇ ਪੀ.ਪੀ.ਪੀ. ਵਾਲੇ ਸਾਥੀਆਂ ਨੂੰ ਖੁਸ਼ ਕਰਨ ਲਈ ਪਾਰਟੀ ਦੀਆਂ ਕਦਰਾਂ ਕੀਮਤਾਂ ਦਾ ਘਾਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਿਸ ਉਮੀਦਵਾਰ ਨੂੰ ਪਾਰਟੀ ਨੇ ਹੁਣ ਭਗਵੰਤ ਮਾਨ ਦੇ ਕਹਿਣ ‘ਤੇ ਟਿਕਟ ਦੇ ਕੇ ਨਿਵਾਜਿਆ ਹੈ, ਉਸਦਾ ਹਲਕੇ ਨਾਲ ਕੋਈ ਲੈਣਾ ਦੇਣਾ ਨਹੀਂ ਅਤੇ ਉਸਨੇ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕੀਤੀ ਹੈ ਜਦਕਿ ਇਸ ਸਾਰੀ ਕਹਾਣੀ ਪਿੱਛੇ ਅਸਲੀਅਤ ਇਹ ਹੈ ਕਿ ਦਲਜੀਤ ਸਿੰਘ ਸਦਰਪੁਰਾ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਪੀਪਲਜ਼ ਪਾਰਟੀ ਦੀ ਟਿਕਟ ‘ਤੇ ਹਲਕਾ ਦਾਖਾ ਤੋਂ ਚੋਣ ਹਾਰ ਚੁੱਕਾ ਹੈ ਜੋ ਕਿ ਭਗਵੰਤ ਮਾਨ ਦੇ ਚਹੇਤਿਆਂ ‘ਚੋਂ ਇਕ ਹੈ। ਇਸ ਸੰਬੰਧੀ ਭਗਵੰਤ ਮਾਨ ਦਾ ਪੱਖ ਜਾਨਣ ਲਈ ਵਾਰ-ਵਾਰ ਸੰਪਰਕ ਕੀਤੇ ਜਾਣ ‘ਤੇ ਵੀ ਉਨ੍ਹਾਂ ਫੋਨ ਨਹੀਂ ਚੁੱਕਿਆ।

Share Button

Leave a Reply

Your email address will not be published. Required fields are marked *