ਨਿਯੁਕਤੀ ਪੱਤਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ 5178 ਅਧਿਆਪਕ ਰੈਗੂਲਰ ਕਿਉਂ ਨਹੀਂ?

ss1

ਨਿਯੁਕਤੀ ਪੱਤਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ 5178 ਅਧਿਆਪਕ ਰੈਗੂਲਰ ਕਿਉਂ ਨਹੀਂ?

ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਹਰ ਇਨਸਾਨ ਆਪਣੇ ਹਿੱਤਾਂ ਨੂੰ ਪਹਿਲ ਦੇ ਕੇ ਹਰ ਕੰਮ ਕਰਦਾ ਹੈ ਤੇ ਆਪਣੀ ਪਸੰਦ ਅਨੁਸਾਰ ਖਾਂਦਾ,ਪੀਂਦਾ ਤੇ ਪਹਿਨਦਾ ਹੈ। ਜ਼ਿਆਦਾਤਰ ਮਾਪੇ ਵੀ ਆਪਣੀ ਇੱਛਾ ਆਪਣੀ ਔਲਾਦ ਤੇ ਥੋਪਕੇ ਉਨ੍ਹਾਂ ਨੂੰ ਆਪਣੀ ਇੱਛਾ ਦੇ ਪੇਸ਼ੇਵਰ ਕਿੱਤੇ ਨੂੰ ਚੁਣਨ ਲਈ ਦਬਾਅ ਪਾਉਂਦੇ ਹਨ।ਆਮ ਲੋਕਾਂ ਦੇ ਮਨਾਂ ਵਿੱਚ ਇਹ ਕਹਾਵਤ ਘਰ ਕਰ ਚੁੱਕੀ ਹੈ ਕਿ ਪੈਸੇ ਕਮਾਉਣ ਨੂੰ ਡਾਕਟਰੀ ਤੇ ਐਸ਼ ਕਰਨ ਨੂੰ ਮਾਸਟਰੀ।ਅਜਿਹੀ ਸੋਚ ਕਾਰਣ ਹੀ ਬਹੁਤ ਸਾਰੇ ਮਾਪੇ ਆਪਣੀ ਔਲਾਦ ਨੂੰ ਇਨ੍ਹਾਂ ਕਿੱਤਿਆਂ ਵਿੱਚ ਦੇਖਣਾ ਚਾਹੁੰਦੇ ਹਨ।ਮਾਸਟਰੀ ਮੁਕਾਬਲੇ ਡਾਕਟਰੀ ਦੀ ਪੜ੍ਹਾਈ ਬਹੁਤ ਮਹਿੰਗੀ ਹੋਣ ਕਾਰਣ ਸਾਰੇ ਆਪਣੀ ਔਲਾਦ ਨੂੰ ਮਾਸਟਰ ਬਣਾਉਂਣਾ ਚਾਹੁੰਦੇ ਹਨ।ਵੈਸੇ ਤਾਂ ਇਹ ਕੋਈ ਮਾੜੀ ਸੋਚ ਨਹੀਂ ਪਰ ਇਸ ਦਾ ਆਧੁਨਿਕ ਦੌਰ ਵਿੱਚ ਇਹ ਨੁਕਸਾਨ ਹੋ ਰਿਹਾ ਹੈ ਕਿ ਇੱਕ ਖੇਤਰ ਵਿੱਚ ਹੀ ਨੌਜਵਾਨ ਪੀੜ੍ਹੀ ਜਾ ਰਹੀ ਹੈ ਜਿਸ ਕਾਰਣ ਬੇਰੁਜ਼ਗਾਰਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ।ਮਾਸਟਰ ਕਿਵੇਂ ਬਣਦੇ ਹਨ ਇਸ ਤੇ ਇਸ ਲੇਖ ਰਾਹੀਂ ਛੋਟੀ ਜਿਹੀ ਨਜ਼ਰ ਪਾ ਰਿਹਾ ਹਾਂ। ਮਾਸਟਰ ਲੱਗਣ ਲਈ ਪਹਿਲਾਂ ਲੱਖਾਂ ਰੁਪਏ ਖ਼ਰਚਕੇ ਬੀ.ਐੱਡ ਤੇ ਈ.ਟੀ.ਟੀ ਦੀ ਪੋ੍ਰਫੈਸ਼ਨਲ ਯੋਗਤਾ ਹਾਸਿਲ ਕਰਨੀ ਪੈਂਦੀ ਹੈ । ਇਸ ਤੋਂ ਬਾਅਦ ਅਧਿਆਪਕ ਯੋਗਤਾ ਟੈਸਟ ਦੇਣਾ ਪੈਂਦਾ ਹੈ। ਸਿੱਖਿਆ ਅਧਿਕਾਰ ਐਕਟ 2009 ਅਨੁਸਾਰ ਪੰਜਾਬ ਵਿੱਚ 3 ਜੁਲਾਈ 2011 ਨੂੰ ਪਹਿਲੀ ਵਾਰ ਅਧਿਆਪਕ ਯੋਗਤਾ ਟੈਸਟ ਹੋਇਆ ਜਿਸ ਵਿੱਚ ਲੱਖਾਂ ਉਮੀਦਵਾਰ ਪ੍ਰੀਖਿਆ ਵਿੱਚ ਬੈਠੇ ਪਰ ਇਸ ਦੇ ਨਤੀਜੇ ਵਿੱਚ ਪਾਸ ਹੋਣ ਵਾਲ਼ਿਆਂ ਦੀ ਗਿਣਤੀ ਬਹੁਤ ਘੱਟ ਸੀ।ਇਸ ਤੋਂ ਬਾਅਦ ਇਨ੍ਹਾਂ ਪਾਸ ਹੋਏ ਉਮੀਦਵਾਰਾਂ ਨੂੰ ਸਮਾਜ ਦੇ ਲੋਕ ਬੜੇ ਹੀ ਸਤਿਕਾਰ ਨਾਲ ਦੇਖਣ ਲੱਗ ਗਏ ਸਨ।ਉਹ ਬਹੁਤ ਹੀ ਉਤਸੁਕਤਾ ਭਰੀਆਂ ਅੱਖਾਂ ਨਾਲ ਇਨ੍ਹਾਂ ਪਾਸ ਹੋਏ ਉਮੀਦਵਾਰਾਂ ਵੱਲ ਦੇਖਣ ਲੱਗੇ ਕਿ ਪਤਾ ਨਹੀਂ ਇਨ੍ਹਾਂ ਨੂੰ ਕਿੰਨੀ ਕੁ ਤਕੜੀ ਤਨਖਾਹ ਵਾਲ਼ੀ ਨੌਕਰੀ ਮਿਲੂ।ਪਾਸ ਹੋਏ ਧੀਆਂ ਪੁੱਤਾਂ ਨੂੰ ਨੌਕਰੀਆਂ ਪ੍ਰਾਪਤ ਕਰਨ ਲਈ ਲੰਮਾ ਸਮਾਂ ਰੈਲੀਆਂ ਮੁਜ਼ਾਹਰੇ ਕਰਨੇ ਪਏ।ਇਨ੍ਹਾਂ ਪਾਸ ਹੋਏ ਉਮੀਦਵਾਰਾਂ ਨੂੰ 3442 ਪੋਸਟਾਂ ਵਿੱਚ ਨੌਕਰੀ ਦਿੱਤੀ ਗਈ ਜਿਹੜੀ ਕਿ ਬਹੁਤ ਘੱਟ ਹੋਣ ਕਾਰਣ ਪਿੱਛੇ ਰਹਿ ਗਏ ਬੇਰੁਜ਼ਗਾਰ ਅਧਿਆਪਕ ਯੋਗਤਾ ਟੈਸਟ ਮੁੰਡੇ ਕੁੜੀਆਂ ਲਈ ਇੱਕ ਉਦਾਸੀ ਭਰੀ ਖ਼ਬਰ ਸੀ।ਇਨ੍ਹਾਂ ਬੇਰੁਜ਼ਗਾਰਾਂ ਨੇ ਹੋਰ ਅਸਾਮੀਆਂ ਭਰਨ ਸੰਘਰਸ਼ ਸ਼ੁਰੂ ਕਰ ਦਿੱਤਾ।ਅੰਤ ਸਰਕਾਰ ਨੇ ਬੇਰੁਜ਼ਗਾਰਾਂ ਦੇ ਸੰਘਰਸ਼ ਅੱਗੇ ਝੁਕਦਿਆਂ ਜੁਲਾਈ 2012 ਵਿੱਚ 5178 ਪੋਸਟਾਂ ਨੂੰ ਕੈਬਨਿਟ ਦੀ ਮੀਟਿੰਗ ਵਿੱਚ ਪ੍ਰਵਾਨਗੀ ਦੇ ਦਿੱਤੀ।ਜਦੋਂ 9 ਸਤੰਬਰ 2012 ਨੂੰ 5178 ਭਰਤੀ ਦਾ ਇਸ਼ਤਿਹਾਰ ਆਇਆ ਤਾਂ ਇਹ ਇਸ਼ਤਿਹਾਰ ਖੋਦਿਆ ਪਹਾੜ ਤੇ ਨਿਕਲ਼ਿਆ ਚੂਹਾ ਦੀ ਕਹਾਵਤ ਤੇ ਪੂਰਾ ਉੱਤਰਦਾ ਸੀ ਕਿਉਂ ਕਿ ਨੌਕਰੀ ਤੇ ਨਿਯੁਕਤ ਹੋਣ ਵਾਲ਼ਿਆਂ ਨੂੰ ਨਾਮਾਤਰ ਛੇ ਹਜ਼ਾਰ ਦੀ ਤਨਖਾਹ ਦੇਣ ਦਾ ਇਸ਼ਤਿਹਾਰ ਵਿੱਚ ਲਿਖਿਆ ਵੇਖ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੇ ਸੁਪਨੇ ਚਕਨਾਚੂਰ ਹੋ ਗਏ।ਇਨ੍ਹਾਂ ਅਧਿਆਪਕਾਂ ਦਾ ਨਾਮ ਰੱਖਿਆ ਗਿਆ ਪੇਂਡੂ ਸਹਿਯੋਗੀ ਅਧਿਆਪਕ।ਇਨ੍ਹਾਂ ਅਧਿਆਪਕਾਂ ਦਾ ਨਾਮ ਤੇ ਤਨਖਾਹ ਦੇਖ ਕੇ ਸਾਰੇ ਇਹ ਸੋਚ ਵਿੱਚ ਡੁੱਬ ਜਾਂਦੇ ਹਨ ਕਿ ਜੋ ਛੇ ਹਜ਼ਾਰ ਦੀ ਤਨਖਾਹ ਲੈਕੇ ਆਪਣਾ ਸਹਿਯੋਗ ਨਹੀਂ ਕਰ ਸਕਦੇ ਤਾਂ ਉਹ ਪੇਡੂ ਸਹਿਯੋਗੀ ਅਧਿਆਪਕ ਕਿਵੇਂ ਹੋ ਸਕਦੇ ਹਨ ? ਨਿਯੁਕਤ ਹੋਏ ਇਨ੍ਹਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਲੈਣ ਲਈ ਵੀ ਲੰਮਾਂ ਸਮਾਂ ਸੰਘਰਸ਼ ਕਰਨਾ ਪਿਆ।ਇਸ ਸਮੇਂ ਦੌਰਾਨ ਇਹ ਅਧਿਆਪਕ ਪਬਲਿਕ ਸਕੂਲਾਂ ਵਿੱਚ ਵੀ ਨਾ ਮਾਤਰ ਤਨਖਾਹਾਂ ਤੇ ਪੜ੍ਹਾਕੇ ਆਪਣਾ ਆਰਥਿਕ ਤੇ ਮਾਨਸਿਕ ਸ਼ੋਸਣ ਕਰਵਾਉਣ ਲੱਗੇ।ਲੰਮੇ ਸੰਘਰਸ਼ ਤੋਂ ਬਾਅਦ ਨਵੰਬਰ 2014 ਵਿੱਚ ਇਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।ਇਸ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਕਿਸੇ ਧਮਕੀ ਪੱਤਰ ਤੋਂ ਘੱਟ ਨਹੀਂ ਸਨ।ਇਸ ਦੀ ਪਹਿਲੀ ਸ਼ਰਤ ਸੀ ਕਿ ਤੁਹਾਨੂੰ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਯਕਮੁਸ਼ਤ ਮਿਹਨਤਾਨੇ ਤੇ ਨਿਰੋਲ ਠੇਕੇ ਤੇ ਮੁੱਢਲੇ ਤਿੰਨ ਸਾਲ ਲਈ ਨਿਯੁਕਤ ਕੀਤਾ ਜਾਂਦਾ ਹੈ ਤੇ ਤੁਹਾਡੇ ਮਿਹਨਤਾਨੇ ਵਿੱਚ ਪੰਜ ਸੌ ਪ੍ਰਤੀ ਸਲਾਨਾ ਵਾਧਾ ਕੀਤਾ ਜਾਵੇਗਾ।ਇਸ ਤੋਂ ਇਲਾਵਾ ਕੋਈ ਹੋਰ ਵਿਤੀ ਲਾਭ,ਜਾਂ ਭੱਤੇ ਆਦਿ ਨਹੀਂ ਦਿੱਤੇ ਜਾਣਗੇ।ਠੇਕੇ ਤੇ ਪੇਸ਼ਕਸ਼ ਦਾ ਕੁੱਲ ਸਮਾਂ ਕਿਸੇ ਵੀ ਹਾਲਤ ਵਿੱਚ ਤਿੰਨ ਸਾਲ ਤੋਂ ਵੱਧ ਨਹੀਂ ਹੋਵੇਗਾ।ਜੇਕਰ ਠੇਕੇ ਤੇ ਅਧਾਰਿਤ ਨਿਯੁਕਤੀ ਦੇ ਤਿੰਨ ਸਾਲ ਦੇ ਸਮੇਂ ਵਿੱਚ ਤੁਹਾਡਾ ਕੰਮਕਾਜ ਅਤੇ ਵਤੀਰਾ ਤਸੱਲੀਬਖ਼ਸ਼ ਰਿਹਾ ਤਾਂ ਤੁਹਾਨੂੰ ਮਾਸਟਰ/ਮਿਸਟ੍ਰੈਸ ਦੇ ਤੌਰ ਤੇ ਰੈਗੂਲਰ ਕੀਤਾ ਜਾਵੇਗਾ।ਇਹ ਤਿੰਨ ਸਾਲ ਨਵੰਬਰ 2017 ਵਿੱਚ ਪੂਰੇ ਹੋ ਚੁੱਕੇ ਹਨ ਪਰ ਅਜੇ ਵੀ ਇਹ ਅਧਿਆਪਕ ਨਾ ਮਾਤਰ ਤਨਖਾਹਾਂ ਤੇ ਆਪਣੀ ਸੇਵਾ ਨਿਭਾ ਰਹੇ ਹਨ।ਇਹ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਦਾ ਸਾਫ਼ ਉਲੰਘਣ ਹੈ।ਇਨ੍ਹਾਂ ਵਿੱਚੋਂ ਬਹੁਤ ਸਾਰੇ ਅਧਿਆਪਕ ਆਪਣੇ ਘਰਾਂ ਤੋਂ ਸੌ ਡੇਢ ਸੌ ਮੀਲ ਦੂਰ ਹੋਣ ਕਾਰਣ ਕਿਰਾਏ ਤੇ ਰਹਿਕੇ ਸ਼ਰਨਾਰਥੀਆਂ ਵਰਗਾ ਜੀਵਨ ਬਤੀਤ ਕਰ ਰਹੇ ਹਨ। ਇਨ੍ਹਾਂ ਦੀ ਨਾ ਮਾਤਰ ਤਨਖਾਹ ਇਨ੍ਹਾਂ ਨੂੰ ਅਜੇ ਤੱਕ ਆਤਮ ਨਿਰਭਰ ਨਹੀਂ ਬਣਾ ਸਕੀ ਤੇ ਇਹ ਅਜੇ ਵੀ ਆਪਣੇ ਬੁੱਢੇ ਮਾਪਿਆਂ ਤੇ ਭਾਰ ਬਣੇ ਹੋਏ ਹਨ।ਇੱਥੇ ਲੋਕਾਂ ਦੇ ਮਨਾਂ ਵਿੱਚ ਬਣੀ ਧਾਰਨਾ ਝੂਠੀ ਪੈ ਜਾਂਦੀ ਹੈ ਕਿ ਐਸ਼ ਕਰਨ ਨੂੰ ਮਾਸਟਰੀ ਦੀ ਨੌਕਰੀ ਹੁੰਦੀ ਹੈ।ਕੋਈ ਛੇ ਹਜ਼ਾਰ ਵਿੱਚ ਐਸ਼ ਕਿਵੇਂ ਕਰ ਸਕਦਾ ਹੈ? ਅੱਜ ਤਸਵੀਰ ਉਸ ਸਮੇਂ ਹਾਸੋਹੀਣੀ ਬਣ ਜਾਂਦੀ ਹੈ ਜਦੋਂ ਇਹ 5178 ਅਧਿਆਪਕ ਸਾਈਕਲ ਤੇ ਸਕੂਲ ਤੇ ਇਨ੍ਹਾਂ ਕੋਲ਼ ਪੜ੍ਹਨ ਵਾਲੇy ਬੱਚੇ ਮੋਟਰਸਾਈਕਲਾਂ ਤੇ ਜਾਂਦੇ ਹਨ।ਜਿਨ੍ਹਾਂ ਨੂੰ ਵੇਖ ਆਮ ਲੋਕ ਇਨ੍ਹਾਂ ਅਧਿਆਪਕਾਂ ਦੀ ਸਾਦਗੀ ਦੀ ਪ੍ਰਸੰyਸ਼ਾ ਕਰਦੇ ਹੋਏ ਆਪਣੇ ਬੱਚਿਆਂ ਨੂੰ ਅਧਿਆਪਕਾਂ ਵਰਗੇ ਸਾਦੇ ਇਨਸਾਨ ਬਣਨ ਦੀ ਸਲਾਹ ਦਿੰਦਿਆਂ ਕਹਿੰਦੇ ਹਨ ਕਿ ਤੁਸੀਂ ਆਪ ਹੀ ਵੇਖ ਲਵੋ ਤੁਹਾਡੇ ਮਾਸਟਰ ਪੰਜਾਹ ਸੱਠ ਹਜ਼ਾਰ ਲੈਕੇ ਕਿਵੇਂ ਸਾਈਕਲ ਤੇ ਸਕੂਲ ਆਉਂਦੇ ਹਨ? ਉਨ੍ਹਾਂ ਨੂੰ ਕੀ ਪਤਾ ਕਿ ਸਾਈਕਲ ਤੇ ਆਉਣਾ ਉਨ੍ਹਾਂ ਦੀ ਸਾਦਗੀ ਨਹੀਂ ਮਜਬੂਰੀ ਹੈ।ਇਹ ਗੱਲ ਹਾਸੇ ਦੀ ਨਹੀਂ ਵਿਚਾਰਨ ਦੀ ਹੈ ਕਿ ਸਰਕਾਰਾਂ ਵੱਲੋਂ ਹੋਰਨਾ ਵਿਭਾਗਾਂ ਸਮੇਤ ਸਿੱਖਿਆ ਵਿਭਾਗ ਰੂਪੀ ਰੁੱਖ ਤੇ ਨਿੱਜੀਕਰਨ ਰੂਪੀ ਕੁਹਾੜਾ ਕਿਉਂ ਚਲਾਇਆ ਜਾ ਰਿਹਾ ਹੈ? ਸਰਕਾਰਾਂ ਅਜਿਹੀਆਂ ਨੀਤੀਆਂ ਕਿਸ ਆਯੋਗ ਦੀ ਸਿਫਾਰਸ਼ ਤੇ ਬਣਾਉਂਦੀਆਂ ਹਨ? ਕਿਹੜਾ ਆਰਥਿਕ ਸ਼ਾਸਤਰੀ ਕਹਿੰਦਾ ਹੈ ਕਿ ਲੱਖਾਂ ਰੁਪਏ ਖ਼ਰਚਕੇ ਡਿਗਰੀਆਂ ਪ੍ਰਾਪਤ ਉਮੀਦਵਾਰਾਂ ਨੂੰ ਨਾ ਮਾਤਰ ਛੇ ਹਜ਼ਾਰ ਤਨਖਾਹ ਤੇ ਰੱਖੋ।
ਅਕਤੂਬਰ 2017 ਵਿੱਚ ਸਿੱਖਿਆ ਵਿਭਾਗ ਵੱਲੋਂ 31 ਦਸੰਬਰ 2017 ਤੱਕ ਤਿੰਨ ਸਾਲ ਪੂਰੇ ਕਰਦੇ ਅਧਿਆਪਕਾਂ ਦੀਆਂ ਫਾਈਲਾਂ ਜਮ੍ਹਾਂ ਕਰਵਾਈਆਂ ਗਈਆਂ ਸਨ।ਜਿਹਨ੍ਹਾਂ ਤੇ ਅਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।ਇੱਥੇ ਗੌਰਤੱਲਬ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਉਮੀਦਵਾਰਾਂ ਨੂੰ ਇੱਕ ਦਸੰਬਰ 2014 ਵਿੱਚ ਨਿਯੁਕਤੀ ਪੱਤਰ ਪ੍ਰਾਪਤ ਹੋਏ ਸਨ ਜਿਸ ਵਿੱਚੋਂ ਬਹੁਤ ਸਾਰੇ ਉਮੀਦਵਾਰ ਨਿਯੁਕਤੀ ਪੱਤਰ ਵਿੱਚ ਮਿਲੇ ਸਟੇਸ਼ਨ ਤੇ ਜੁਆਇੰਨ ਕਰਨ ਗਏ ਤਾਂ ਸਟੇਸ਼ਨ ਪਹਿਲਾਂ ਹੀ ਭਰੇ ਹੋਏ ਸਨ ਜਾਂ ਸਟੇਸ਼ਨ ਵਿੱਚ ਮਿਲੇ ਉਸ ਸਕੂਲ ਵਿੱਚ ਉਹ ਪੋਸਟ ਹੀ ਉਪਲਬਧ ਨਹੀਂ ਸੀ। ਇਸ ਵਿਭਾਗੀ ਗਲਤੀ ਕਾਰਣ ਕਈ ਉਮੀਦਵਾਰਾਂ ਨੂੰ ਵਾਰਵਾਰ ਅਡਜਸਟਮੈਂਟ ਵਿੱਚ ਮਿਲੇ ਸਟੇਸ਼ਨਾਂ ਕਾਰਣ ਉਨ੍ਹਾਂ ਨੂੰ ਮਜ਼ਬੂਰਨ ਜਨਵਰੀ ਵਿੱਚ ਜੁਆਇੰਨ ਕਰਨਾ ਪਿਆ। ਕਈ ਉਮੀਦਵਾਰਾਂ ਨੂੰ ਕੁੱਝ ਵਿਭਾਗੀ ਜਾਂ ਨਿੱਜੀ ਕਾਰਣਾਂ ਕਰਕੇ ਜੁਆਇੰਨ ਕਰਨ ਨੂੰ ਇਸ ਤੋਂ ਵੀ ਜ਼ਿਆਦਾ ਸਮਾਂ ਲੱਗ ਗਿਆ।ਜਿਸ ਕਾਰਣ ਅਜੇ ਤੱਕ ਉਨ੍ਹਾਂ ਦੀਆਂ ਰੈਗੂਲਰ ਕੇਸ ਭੇਜਣ ਲਈ ਤਿਆਰ ਕੀਤੀਆਂ ਫਾਈਲਾਂ ਅਜੇ ਵੀ ਘਰਦੇ ਕਮਰਿਆਂ ਵਿੱਚ ਦਰਵਾਜ਼ਿਆਂ ਦੀਆਂ ਕੁੰਡੀਆਂ ਤੇ ਟੰਗੀਆਂ ਪਈਆਂ ਹਨ ਕਿਉਂ ਕਿ ਸਕੂਲ ਦੇ ਪਿ੍ਰੰਸੀਪਲਾਂ ਵੱਲੋਂ ਇਨ੍ਹਾਂ ਅਧਿਆਪਕਾਂ ਦੇ ਕੇਸ ਅਕਤੂਬਰ 2017 ਵਿੱਚ ਸਿੱਖਿਆ ਵਿਭਾਗ ਵੱਲੋਂ ਜ਼ਾਰੀ ਹੋਏ ਹੁਕਮ ਦਾ ਹਵਾਲਾ ਦੇ ਕੇ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ।ਹੁਣ ਇਹ ਪੇਂਡੂ ਸਹਿਯੋਗੀ ਅਧਿਆਪਕ ਨਿਯੁਕਤੀ ਪੱਤਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਤਿੰਨ ਸਾਲ ਪੂਰੇ ਕਰ ਚੁੱਕੇ ਹਨ।ਇਸ ਲਈ ਇਨ੍ਹਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਰੈਗੂਲਰ ਕੀਤਾ ਜਾਵੇ।ਇਸ ਤੋਂ ਪਹਿਲਾਂ ਅਕਾਲੀ ਸਰਕਾਰ ਵੱਲੋਂ ਭਰਤੀ 14000 ਟੀਚਿੰਗ ਫੈਲੋਜ਼ ਤੇ ਸਰਵਿਸ ਪ੍ਰੋਵਾਈਡਰ,7654 ਅਧਿਆਪਕ ਤੇ 3442 ਅਧਿਆਪਕ ਤਿੰਨ ਸਾਲ ਦੀ ਸ਼ਰਤ ਤੇ ਠੇਕੇ ਤੇ ਭਰਤੀ ਕੀਤੇ ਸਨ ਜੋ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਰੈਗੂਲਰ ਹੋ ਚੁੱਕੇ ਹਨ।ਅਫ਼ਸੋਸ 5178 ਅਧਿਆਪਕ ਨਿਯੁਕਤੀ ਪੱਤਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਅਜੇ ਤੱਕ ਰੈਗੂਲਰ ਨਹੀਂ ਹੋਏ ਕਿਉਂ ? ਵੈਸੇ ਵੀ ਮੌਜੂਦਾ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਰੈਗੂਲਰ ਭਰਤੀ ਤੇ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਸੀ ਜਦੋਂ ਕਿ ਇਹ ਅਧਿਆਪਕ ਤਾਂ ਪਹਿਲਾਂ ਹੀ ਤਿੰਨ ਸਾਲ ਤੋਂ ਵੱਧ ਦਾ ਸਮਾਂ ਨਾਮਾਤਰ ਛੇ ਹਜ਼ਾਰ ਦੀ ਤਨਖਾਹ ਤੇ ਗੁਜ਼ਾਰ ਚੁੱਕੇ ਹਨ।ਜਿਸ ਕਾਰਣ ਇਹ ਅਧਿਆਪਕ ਮਾਨਸਿਕ ਤੇ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਪੇ੍ਰਸ਼ਾਨ ਰਹਿੰਦੇ ਹਨ।ਕੋਈ ਵੀ ਚਿੰਤਾਗ੍ਰਸਤ ਅਧਿਆਪਕ ਅਧਿਆਪਨ ਨਾਲ਼ ਇਨਸਾਫ਼ ਨਹੀ ਕਰ ਸਕਦਾ ਪਰ ਪਹਿਲੇ ਅਧਿਆਪਕ ਯੋਗਤਾ ਟੈਸਟ ਦੇ ਪਾਸ ਜੇਠੇ ਪੁੱਤਰ 5178 ਅਧਿਆਪਕ ਪੂਰੀ ਤਨਦੇਹੀ ਨਾਲ਼ ਆਪਣੀ ਸੇਵਾ ਨਿਭਾ ਰਹੇ ਹਨ।
ਪਿਛਲੇ ਤਿੰਨ ਸਾਲ ਤੋਂ ਵੀ ਵੱਧ ਛੇ ਹਜ਼ਾਰ ਦੀ ਨਾਮਾਤਰ ਤਨਖਾਹ ਤੇ ਨੌਕਰੀਆਂ ਕਰਦੇ ਇਨ੍ਹਾਂ ਪੇਂਡੂ ਸਹਿਯੋਗੀ ਅਧਿਆਪਕਾਂ ਨੂੰ ਸਰਕਾਰ ਤੁਰੰਤ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਸਹਿਯੋਗ ਕਰੇ ਤਾਂ ਜੋ ਇਨ੍ਹਾਂ ਨੂੰ ਵੀ ਅਹਿਸਾਸ ਹੋ ਸਕੇ ਕਿ ਉਹ ਪੜ੍ਹੇ ਲਿਖਿਆਂ ਵਿੱਚੋਂ ਨਿਕਲ਼ੀ ਉਸ ਕਰੀਮ ਵਾਂਗੂੰ ਹਨ ਜੋ ਹਰ ਪੱਖੋਂ ਸਰਵਉੱਤਮ ਹੁੰਦੀ ਹੈ।ਅੱਜ ਦੇ ਮਹਿੰਗਾਈ ਦੇ ਸਮੇਂ ਕੋਈ ਛੇ ਹਜ਼ਾਰ ਦੀ ਨਾਮਾਤਰ ਤਨਖਾਹ ਤੇ ਗੁਜ਼ਾਰਾ ਨਹੀਂ ਕਰ ਸਕਦਾ।ਜੇ ਹੋਰਾਂ ਵਿਭਾਗਾਂ ਦੀ ਤਰ੍ਹਾਂ ਸਿੱਖਿਆ ਵਿਭਾਗ ਤੇ ਵੀ ਨਿੱਜੀਕਰਨ ਦਾ ਕੁਹਾੜਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਉਣ ਵਾਲ਼ੀ ਨੌਜਵਾਨ ਪੀੜ੍ਹੀ ਇਸ ਕਿੱਤੇ ਵੱਲ ਆਪਣੇ ਮੁੱਖ ਮੋੜ ਲੈਣਗੇ ਜਿਹੜਾ ਆਉਣ ਵਾਲ਼ੇ ਸਮੇਂ ਲਈ ਇੱਕ ਚਿੰਤਾ ਦੀ ਨਿਸ਼ਾਨੀ ਹੈ ਕਿਉਂ ਕਿ ਕੌਮ ਦਾ ਨਿਰਮਾਤਾ ਅਧਿਆਪਕ ਜੇ ਮਾਨਸਿਕ ਤੇ ਆਰਥਿਕ ਤੌਰ ਤੇ ਮਜ਼ਬੂਤ ਹੋਵੇਗਾ ਤਾਂ ਹੀ ਉਹ ਆਉਣ ਵਾਲ਼ੀ ਪੀੜ੍ਹੀ ਦਾ ਚੰਗੀ ਤਰ੍ਹਾਂ ਮਾਰਗਦਰਸ਼ਕ ਕਰ ਸਕੇਗਾ।ਇਸ ਲਈ ਬਿਨ੍ਹਾਂ ਕਿਸੇ ਦੇਰੀ ਤੋਂ 5178 ਅਧਿਆਪਕਾਂ ਨੂੰ ਰੈਗੂਲਰ ਕਰਕੇ ਸਰਕਾਰ ਆਪਣਾ ਫਰਜ਼ ਪੂਰਾ ਕਰੇ।ਇਹ ਅੱਜ ਸਮੇਂ ਦੀ ਮੁੱਖ ਲੋੜ ਹੈ।

ਬੀਰਪਾਲ ਸਿੰਘ ਅਲਬੇਲਾ
ਪਿੰਡ ਤੇ ਡਾਕਖਾਨਾ ਨਰਾਇਣਗੜ੍ਹ,
ਸੀਲ ਅਮਲੋਹ,ਜ਼ਿਲ੍ਹਾ ਫਤਿਹਗੜ੍ਹ ਸਾਹਿਬ।
ਮੋਬਾਇਲ 9855600549

Share Button

Leave a Reply

Your email address will not be published. Required fields are marked *