ਨਿਊਯਾਰਕ ਦੇ ਟਾਈਮਜ਼ ਸੁਕੇਅਰ ਵਿਖੇ ਸਿੱਖਾਂ ਵੱਲੋਂ ਭਾਰੀ ਰੋਸ ਰੈਲੀ

ss1

ਨਿਊਯਾਰਕ ਦੇ ਟਾਈਮਜ਼ ਸੁਕੇਅਰ ਵਿਖੇ ਸਿੱਖਾਂ ਵੱਲੋਂ ਭਾਰੀ ਰੋਸ ਰੈਲੀ
ਘੱਲੂਘਾਰਾ 1984 ਅਤੇ ਬਰਗਾੜੀ ਇਨਸਾਫ ਮੋਰਚਾ ਰਹੇ ਮੁੱਖ ਮੁੱਦੇ

ਨਿਊਯਾਰਕ 3 ਜੁਲਾਈ ( ਰਾਜ ਗੋਗਨਾ )—1984 ਵਿੱਚ ਭਾਰਤ ਦੀ ਫੌਜ ਵੱਲੋਂ ਦਰਬਾਰ ਸਾਹਿਬ ਤੇ ਕੀਤੇ ਗਏ ਹਮਲੇ ਦੀ 34ਵੀਂ ਵਰ੍ਹੇਗੰਢ ਮੌਕੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਿੱਖ ਕਲਚਰਲ ਸੁਸਾਇਟੀ ਅਤੇ ਟਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਸਥਾਨਕ ਟਾਈਮਜ਼ ਸਕੁਏਅਰ ਵਿਖੇ ਜ਼ੋਰਦਾਰ ਰੋਸ ਰੈਲੀ ਕੀਤੀ ਗਈ। ਜਿੱਥੇ ਇਸ ਰੈਲੀ ਵਿੱਚ ਨਿਊਯਾਰਕ, ਨਿਊਜਰਸੀ, ਪੈਨਸਲਵੇਨੀਆ, ਕਨੈਕਟੀਕਟ, ਵਰਜੀਨੀਆ ਅਤੇ ਫਿਲਾਡੇਲਫੀਆ ਤੋਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਉੱਥੇ ਇਹ ਰੋਸ ਰੈਲੀ ਆਏ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਰਹੀ। ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਬੁਲਾਰੇ ਸ.ਹਰਜਿੰਦਰ ਸਿੰਘ ਨੇ ਪ੍ਰੈਸ ਦੇ ਨਾਂਅ ਸੰਦੇਸ਼ ਪੜ੍ਹਦਿਆਂ ਕਿਹਾ ਕਿ 1984 ਦੇ ਘੱਲੂਘਾਰੇ ਅਤੇ ਸਿੱਖ ਨਸਲਕੁਸ਼ੀ ਨੇ ਖਾਲਿਸਤਾਨ ਦੀ ਨੀਂਹ ਰੱਖ ਦਿੱਤੀ ਸੀ ਅਤੇ ਪਿਛਲੇ 34 ਸਾਲਾਂ ਤੋਂ ਹੁਕੂਮਤ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਸਿੱਖਾਂ ਤੇ ਹਮਲੇ ਨਿਰੰਤਰ ਜਾਰੀ ਹਨ। 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਸ਼ੂਰੂਆਤ ਹੋਈ ਅਤੇ ਅੱਜ ਵੀ ਜਾਰੀ ਹੈ। ਹੁਕੂਮਤ ਸਿੱਖਾਂ ਨੂੰ ਇਨਸਾਫ ਦੇਣ ਵਿੱਚ ਬੁਰੀ ਤਰਾਂ ਨਾਕਾਮ ਹੋਈ ਹੈ। ਇਨਸਾਫ ਲਈ ਸਰਬੱਤ ਖਾਲਸਾ ਵੱਲੋਂ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਬਰਗਾੜੀ ਇਨਸਾਫ ਮੋਰਚੇ ਦੀ ਬਾਹਰਲੇ ਸਿੱਖ ਡਟਵੀਂ ਹਮਾਇਤ ਕਰ ਰਹੇ ਹਨ। ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ.ਅਮਰਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਭਾਰਤ ਦੀ ਕਮਾਨ ਆਰ.ਐਸ.ਐਸ ਦੇ ਹੱਥ ਹੈ ਅਤੇ ਉਹਨਾਂ ਦੀਆਂ ਨੀਤੀਆਂ ਨਾਜ਼ੀ ਜਰਮਨੀ ਦੀ ਤਰਜ ਤੇ ਘੱਟਗਿਣਤੀਆਂ ਦਾ ਘਾਣ ਕਰ ਰਹੀਆਂ ਹਨ। ਮਨੁੱਖਤਾ ਵਿਰੋਧੀ ਇਹਨਾਂ ਨੀਤੀਆਂ ਦਾ ਮੁਸਲਮਾਨ, ਇਸਾਈ, ਸਿੱਖ, ਦਲਿਤ ਅਤੇ ਆਦੀਵਾਸੀ ਸ਼ਿਕਾਰ ਹੋ ਰਹੇ ਹਨ। ਭਾਰਤ ਦੀ ਮੋਦੀ ਸਰਕਾਰ ਵੱਲੋਂ ਅੰਤਰਰਾਸ਼ਟਰੀ ਸੰਧੀਆਂ ਦੀਆਂ ਧੱਜੀਆਂ ਉੇਡਾਈਆਂ ਜਾ ਰਹੀਆਂ ਹਨ, ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਵਿੱਚ ਅਮਨੈਸਟੀ ਇੰਟਰਨੈਸ਼ਨਲ ਅਤੇ ਯੁਨਾਈਟਿਡ ਸਟੇਟਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫ੍ਰਿੀਡਮ ਦੇ ਵਫਦਾਂ ਨੂੰ ਭਾਰਤ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਅਮਰੀਕਾ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਨੂੰ ਅੱਜ ਮਜ਼ਲੂਮਾਂ ਦੀ ਹਮਾਇਤ ਤੇ ਆਉਣ ਦੀ ਲੋੜ ਹੈ। ਸਿੱਖ ਕੌਮ ਦਾ ਜਨਮ ਹੀ ਅਜ਼ਾਦਾਨਾ ਤੌਰ ਤੇ ਹੋਇਆ ਸੀ ਅਤੇ ਖਾਲਿਸਤਾਨ ਦੀ ਪ੍ਰਾਪਤੀ ਤੱਕ ਸਿੱਖਾਂ ਦਾ ਸੰਘਰਸ਼ ਜਾਰੀ ਰਹੇਗਾ। ਸਿੱਖਸ ਫਾਰ ਜਸਟਿਸ ਤੋਂ ਸ.ਜਗਜੀਤ ਸਿੰਘ ਨੇ 12 ਅਗਸਤ ਨੂੰ ਕੌਮ ਨੂੰ ਲੰਡਨ ਪਹੁੰਚਣ ਦਾ ਸੱਦਾ ਦਿੱਤਾ ਜਿੱਥੇ 2020 ਰਿਫਰੈਂਡਮ ਬਾਰੇ ਲੰਡਨ ਐਲਾਨਨਾਮੇ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਈਸਟ ਕੋਸਟ ਸਿੱਖ ਕੋਆੲਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ.ਹਿੰਮਤ ਸਿੰਘ ਨੇ ਸਟੇਜ ਸੰਭਾਲੀ ਅਤੇ ਅੰਤ ਵਿੱਚ ਆਈਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਸਿੱਖਾਂ ਤੇ ਹੋ ਰਹੇ ਜ਼ੁਲਮਾਂ ਖਾਸ ਤੌਰ ਤੇ ਸ਼ਿਲੌਂਗ ਦੀ ਸ਼ਥਿਤੀ ਤੋਂ ਅਮਰੀਕੀ ਸਰਕਾਰ ਨੂੰ ਜਾਣੂ ਕਰਾਉਣ ਲਈ ਆਉਣ ਵਾਲੇ ਸਮੇਂ ਵਿੱਚ ਸਿਟੇਟ ਡਿਪਾਰਟਮੈਂਟ ਤੱਕ ਪਹੁੰਚ ਕੀਤੀ ਜਾਵੇਗੀ। ਇਸ ਰੈਲੀ ਨੂੰ ਅਕਾਲੀ ਦਲ (ਅ) ਅਮਰੀਕਾ ਦੇ ਪ੍ਰਧਾਨ ਸੁਰਜੀਤ ਸਿੰਘ ਕੁਲਾਰ, ਸਿੱਖ ਯੂਥ ਆਫ ਅਮਰੀਕਾ ਦੇ ਬਲਾਕਾ ਸਿੰਘ, ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਢਿੱਲੋਂ, ਦੁਆਬਾ ਸਿੱਖ ਅਸੋਸੀਏਸ਼ਨ ਤੋਂ ਹਰਮੇਲ ਸਿੰਘ, ਵਰਜੀਨੀਆ ਤੋਂ ਨਰਿੰਦਰ ਸਿੰਘ, ਕਾਰਟਰੇਟ ਗੁਰੂਘਰ ਤੋਂ ਪਿਆਰਾ ਸਿੰਘ,ਅਤੇ ਯੂਥ ਆਗੂ ਵਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *