ਨਾ ਸ਼ਰਮਸਾਰ ਕਰੋ ਇਨਸਾਨੀਅਤ ਨੂੰ ਮਾਪਿਆਂ ਦੀ ਦੁਰਦਸ਼ਾ ਕਰਕੇ

ਨਾ ਸ਼ਰਮਸਾਰ ਕਰੋ ਇਨਸਾਨੀਅਤ ਨੂੰ ਮਾਪਿਆਂ ਦੀ ਦੁਰਦਸ਼ਾ ਕਰਕੇ

ਅਖਬਾਰ ਦੀ ਸੰਪਾਦਕੀ ਪੜ੍ਹੀ ਜਿਸ ਵਿੱਚ ਇੱਕ ਬਜ਼ੁਰਗ ਮਾਂ ਵੱਲੋਂ ਆਪਣੀ ਮੌਤ ਤੋਂ ਬਾਦ ਸਰੀਰ ਨੂੰ ਦਾਨ ਕਰਨ ਦਾ ਫੈਸਲਾ ਸੁਣਾਇਆ।ਹਾਂ, ਫੈਸਲਾ ਬਹੁਤ ਵਧੀਆ ਹੈ ਪਰ ਜਿੰਨਾ ਕਾਰਨਾਂ ਕਰਕੇ ਉਸਨੇ ਫ਼ੈਸਲਾ ਲਿਆ ਉਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਹਨ।ਮਾਪਿਆਂ ਦਾ ਤ੍ਰਿਸਕਾਰ ਕਰਨ ਲੱਗੇ ਬੱਚੇ ਇੱਕ ਵਾਰ ਵੀ ਨਹੀਂ ਸੋਚਦੇ ਕਿ ਮਾਂ ਬਾਪ ਨੇ ਕਿੰਨੇ
ਔਖੇ ਹੋਕੇ ਪਾਲਿਆ ਤੇ ਪੜ੍ਹਾਇਆ, ਕਿੰਨੀਆਂ ਤੰਗੀਆ ਤਰੁਟੀਆਂ ਕੱਟੀਆਂ ਤੇ ਅੱਜ ਜਦੋਂ ਉਨ੍ਹਾਂ ਨੂੰ ਸਹਾਰੇ ਦੀ ਜ਼ਰੂਰਤ ਹੈ ਤਾਂ ਪੁੱਤ ਆਪਣੀਆਂ ਘਰ ਵਾਲੀਆਂ ਦੇ ਪਿੱਛੇ ਲੱਗਕੇ,ਮਾਪਿਆਂ ਨੂੰ ਜਾਇਦਾਦ ਲਈ ਤੰਗ ਪ੍ਰੇਸ਼ਾਨ ਕਰਦੇ ਹਨ,ਜਦੋਂ ਤੱਕ ਨਹੀਂ ਦਿੰਦੇ, ਲੈਣ ਵਾਸਤੇ ਤੰਗ ਕਰਦੇ ਹਨ,ਦੇਣ ਤੋਂ ਬਾਦ ਉਨ੍ਹਾਂ ਨੂੰ ਮਾਰਨ ਕੁੱਟਣ ਤੇ ਮਾਨਸਿਕ ਤੌਰ ਤੇ ਇੰਨਾ ਤੰਗ ਕਰਦੇ ਹਨ ਕਿ ਮਾਪੇ ਆਪ ਹੀ ਘਰ ਛੱਡਕੇ ਚਲੇ ਜਾਂਦੇ ਹਨ ਤੇ ਕਈ ਵਾਰ ਨੂੰਹ ਪੁੱਤ ਧੋਖੇ ਨਾਲ ਉਨ੍ਹਾਂ ਨੂੰ ਬ੍ਰਿਧ ਆਸ਼ਰਮਾਂ ਜਾਂ ਧਾਰਮਿਕ ਸਥਾਨਾਂ ਤੇ ਛੱਡ ਆਉਂਦੇ ਹਨ।ਲੋਕ ਏਹ ਤਾਂ ਹੁੱਭਕੇ ਦੱਸਦੇ ਹਨ ਕਿ ਸਾਡੀਆਂ ਧੀਆਂ, ਸਾਡਾ ਖਿਆਲ ਰੱਖਦੀਆਂ ਹਨ ਪਰ ਉਨ੍ਹਾਂ ਨੇ ਕਦੇ ਏਹ ਨਹੀਂ ਸੋਚਿਆ ਕਿ ਜਦੋਂ ਜਵਾਈ ਆਪਣੇ ਮਾਪਿਆਂ ਦਾ ਖਿਆਲ ਰੱਖਦਾ ਹੈ ਤਾਂ ਉਹ ਉਸਦਾ ਫ਼ਰਜ਼ ਹੈ ਤੇ ਉਹ ਵੀ ਮਾਪਿਆਂ ਨੇ ਬੁਢਾਪੇ ਦਾ ਸਹਾਰਾ ਹੈ।ਜਿਸ ਨੂੰ ਪੜ੍ਹਕੇ ਦਿਲ ਉਦਾਸ ਹੋਇਆ ਉਹ ਸੀ–ਇੱਕ ਸਰਦੇ ਪੁੱਜਦੇ ਘਰ ਦੀ ਮਾਂ ਨੇ ਏਸ ਕਰਕੇ ਆਪਣੀ ਸਰੀਰ ਦਾਨ ਕਰ ਦਿੱਤਾ ਕਿ ਉਹ ਆਪਣੇ ਬੇਟੇ ਨੂੰ ਆਪਣਾ ਮਰਨ ਤੋਂ ਬਾਦ ਮੂੰਹ ਵੀ ਨਹੀਂ ਵਿਖਾਉਣਾ ਚਾਹੁੰਦੀ।
ਬਾਪ ਦੀ ਮੌਤ ਤੋਂ ਬਾਦ ਬੇਟੇ ਨੇ ਜਾਇਦਾਦ ਆਪਣੇ ਨਾਮ ਕਰਵਾ ਲਈ, ਮਾਂ ਨੂੰ ਘਰ ਵਿੱਚ ਤੰਗ ਪ੍ਰੇਸ਼ਾਨ ਕਰਦੇ ਰਹੇ, ਤਿੰਨ ਕੁ ਸਾਲ ਤੱਕ ਮਾਂ ਉਹ ਸੱਭ ਸਹਾਰਦੀ ਰਹੀ।ਉਸ ਤੋਂ ਬਾਦ ਜਦੋਂ ਉਸ ਕੋਲੋਂ ਬਰਦਾਸ਼ਤ ਕਰਨ ਦੀ ਹਿੰਮਤ ਨਾ ਰਹੀ ਤਾਂ ਉਹ ਆਪਣੀ ਬੇਟੀ ਦੇ ਘਰ ਚਲੀ ਗਈ।ਪੰਜਾਬੀ ਲੋਕਾਂ ਵਿੱਚ ਬੇਟੀ ਨੂੰ ਜਾਇਦਾਦ ਦੇਣਾ ਵੀ ਮਾਪਿਆਂ ਨੂੰ ਮਨਜ਼ੂਰ ਨਹੀਂ ਤੇ ਧੀ ਦੇ ਘਰ ਰਹਿਣਾ ਵੀ ਠੀਕ ਨਹੀਂ ਸਮਝਿਆ ਜਾਂਦਾ, ਇਸ ਕਰਕੇ ਮਾਂ ਆਪਣੇ ਘਰ ਵਿੱਚ ਰਹਿਣ ਵਾਸਤੇ ਕਮਰਾ ਮੰਗ ਰਹੀ ਹੈ,ਜਿਸ ਦਾ ਆਉਣ ਜਾਣਦਾ ਰਸਤਾ ਅਲੱਗ ਹੈ ਪਰ ਨੂੰਹ ਪੁੱਤ ਉਹ ਵੀ ਦੇਣ ਵਾਸਤੇ ਤਿਆਰ ਨਹੀਂ।ਏਹ ਇੱਕ ਨੂੰਹ ਪੁੱਤ ਦੀ ਕਹਾਣੀ ਨਹੀਂ ਹੈ,ਕੋਈ ਵਿਰਲਾ ਹੀ ਘਰ ਹੋਏਗਾ ਜਿਥੇ ਏਹ ਸਮਸਿਆ ਨਹੀਂ ਹੈ।ਇਸ ਵਿੱਚ ਬਹੁਤ ਸਾਰੇ ਸਵਾਲ ਖੜੇ ਹੁੰਦੇ ਹਨ ਜਿਵੇਂ ਕੀ ਮਾਂ ਬਾਪ ਨੇ ਜੋ ਜਾਇਦਾਦ ਬਣਾਈ ਹੈ ਉਸ ਵਿੱਚ ਨੂੰਹ ਪੁੱਤ ਦਾ ਕੀ ਯੋਗਦਾਨ ਹੈ?ਅਗਰ ਯੋਗਦਾਨ ਨਹੀਂ ਤੇ ਉਹ ਮਾਪਿਆਂ ਨੂੰ ਸੰਭਾਲ ਵੀ ਨਹੀਂ ਰਹੇ ਤਾਂ ਉਨਾਂ ਦਾ ਜਾਇਦਾਦ ਤੇ ਹੱਕ ਕਿਉਂ ਤੇ ਕਿਵੇਂ ਹੈ?ਕੀ ਕਾਨੂੰਨ ਬਣਾ ਦੇਣਾ ਹੀ ਸਰਕਾਰਾਂ ਦੀ ਜ਼ੁਮੇਵਾਰੀ ਹੈ?ਮਾਪੇ ਬੁਢਾਪੇ ਵਿੱਚ ਦਫ਼ਤਰਾਂ ਤੋਂ ਸਬੂਤ ਕਿਵੇਂ ਇਕੱਠੇ ਕਰ ਸਕਦੇ ਹਨ?ਮਾਪਿਆਂ ਨੂੰ ਏਹ ਸਾਬਤ ਕਿਉਂ ਕਰਨਾ ਪਵੇ ਕਿ ਏਹ ਜਾਇਦਾਦ ਉਨਾਂ ਦੀ ਹੈ,ਅਗਰ ਉਨ੍ਹਾਂ ਦੇ ਨਾਮ ਤੋਂ ਤਬਾਦਲਾ ਹੋਇਆ ਹੈ ਤਾਂ ਤਬਾਦਲਾ ਕੈਂਸਲ ਕਰ ਦਿੱਤਾ ਜਾਵੇ, ਮਾਪਿਆਂ ਦੇ ਬਣਾਏ ਹੋਏ ਘਰ ਨੂੰ ਨੂੰਹ ਪੁੱਤ ਕੋਲੋਂ ਖਾਲੀ ਕਰਵਾਇਆ ਜਾਵੇ।ਪੁਲਿਸ ਤੇ ਪ੍ਰਸ਼ਾਸਨ ਵੀ ਇਸ ਵੱਲ ਗੰਭੀਰ ਨਹੀਂ।ਸ਼ਾਇਦ ਉਹ ਭੁੱਲ ਜਾਂਦੇ ਹਨ ਕਿ ਜਿਸ ਜੁੱਤੀ ਵਿੱਚ ਅੱਜ ਇੰਨਾ ਬਜ਼ੁਰਗ ਮਾਪਿਆਂ ਦਾ ਪੈਰ ਹੈ,ਇਵੇਂ ਦੀ ਜੁੱਤੀ ਵਿੱਚ ਸਾਡਾ ਵੀ ਪੈਰ ਪੈਣਾ ਹੈ।ਬਜ਼ੁਰਗ ਮਾਪਿਆਂ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਪਰਿਵਾਰ, ਸਮਾਜ ਤੇ ਦੇਸ਼ ਨੂੰ ਦਿੱਤੇ ਹਨ।ਮਾਪੇ ਪਹਿਲੀ ਗੱਲ ਦੁਰ ਅਸੀਸ ਦਿੰਦੇ ਨਹੀਂ, ਹਾਂ ਅਗਰ ਦੇਣ ਤਾਂ ਉਹ ਖਾਲੀ ਜਾਂਦੀ ਨਹੀਂ।ਜਿਹੜੇ ਨੂੰਹਾਂ ਪੁੱਤ ਮਾਪਿਆਂ ਨਾਲ ਇਵੇਂ ਦਾ ਵਰਤਾਰਾ ਕਰਦੇ ਹਨ ਉਹ ਕਦੇ ਵੀ ਫਲਦੇ ਫੁਲਦੇ ਨਹੀਂ।ਮਾਪਿਆਂ ਦਾ ਕਰਜ਼ ਉਤਾਰਨਾ ਕਿਸੇ ਵੀ ਤਰ੍ਹਾਂ ਅਸੰਭਵ ਹੈ।ਕਈ ਵਾਰ ਪੁੱਤਾਂ ਤੋਂ ਏਹ ਆਮ ਸੁਣਿਆ ਜਾਂਦਾ ਹੈ ਕਿ ਜੰਮਿਆ ਹੈ ਤਾਂ ਪਾਲਣਾ ਤੇ ਪੜ੍ਹਾਉਣਾ ਤੁਹਾਡਾ ਫਰਜ਼ ਹੈ।ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੇ ਪੜ੍ਹਾ ਲਿਖਾਕੇ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ।ਹੁਣ ਤੁਹਾਡਾ ਫਰਜ਼ ਹੈ ਉਨਾਂ ਦੀ ਦੇਖਭਾਲ ਕਰਨਾ।ਜਿਹੜੇ ਨੂੰਹ ਪੁੱਤ ਮਾਪਿਆਂ ਦੀ ਜਾਇਦਾਦ ਲੈਣ ਤੱਕ ਰਿਸ਼ਤਾ ਰੱਖਦੇ ਹਨ ਉਨ੍ਹਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।ਹਕੀਕਤ ਏਹ ਹੈ ਕਿ ਜਦੋਂ ਬਜ਼ੁਰਗ ਪ੍ਰੇਸ਼ਾਨ ਹੁੰਦੇ ਹਨ ਜਾਂ ਨੂੰਹ ਪੁੱਤ ਵੱਲੋਂ ਏਹ ਸਥਿਤੀ ਪੈਦਾ ਕਰ ਦਿੱਤੀ ਜਾਂਦੀ ਹੈ ਤਾਂ ਫੇਰ ਕਿਸੇ ਨੂੰ ਵੀ ਉਹ ਬਜ਼ੁਰਗਾਂ ਨੂੰ ਮਿਲਣ ਵੀ ਨਹੀਂ ਦਿੰਦੇ।ਬਜ਼ੁਰਗਾਂ ਵਾਸਤੇ ਕਈ ਵਾਰ ਚਾਹੁੰਦੇ ਹੋਏ ਤੇ ਜਾਣਦੇ ਹੋਏ ਵੀ ਕੋਈ ਮਦਦ ਕਰਨ ਲਈ ਤਿਆਰ ਨਹੀਂ ਹੁੰਦਾ।ਨੂੰਹ ਪੁੱਤ ਵੀ ਰਿਸ਼ਤੇਦਾਰਾਂ ਨੂੰ ਆਪਣੇ ਘਰ ਵਿੱਚ ਦਖਲ ਨਾ ਦੇਣ ਲਈ ਕਹਿੰਦੇ ਹਨ।ਇਸਦਾ ਹੱਲ ਇੱਕ ਹੀ ਹੈ ਕਿ ਇਮਾਨਦਾਰੀ ਤੇ ਇਨਸਾਨੀਅਤ ਨਾਲ ਪਿੰਡ ਦਾ ਸਰਪੰਚ ਤੇ ਸ਼ਹਿਰਾਂ ਵਿੱਚ ਇਲਾਕੇ ਦੇ ਕੌਂਸਲਰ ਬਜ਼ੁਰਗਾਂ ਦੀ ਹਾਲਤ ਬਾਰੇ ਪ੍ਰਸ਼ਸਨ ਨੂੰ ਸੂਚਿਤ ਕਰਨ।ਇਸ ਵਿੱਚ ਭ੍ਰਿਸ਼ਟਾਚਾਰ ਆ ਗਿਆ, ਸਿਫ਼ਾਰਸ਼ ਆ ਗਈ ਤਾਂ ਕੁਝ ਨਹੀਂ ਸੁਧਾਰ ਹੋ ਸਕਦਾ।ਯਾਦ ਰੱਖੋ ਜੋ ਅੱਜ ਉਹਨਾਂ ਬਜ਼ੁਰਗਾਂ ਦੀ ਜੋ ਹਾਲਤ ਹੈ,ਉਹ ਹਰ ਕਿਸੇ ਦੀ ਹੋਣੀ ਹੈ।ਅਗਰ ਇਸ ਵੱਧ ਰਹੀ ਬੀਮਾਰੀ ਦੀ ਰੋਕਥਾਮ ਨਾ ਕੀਤੀ ਤਾਂ ਜਿਸ ਤਰ੍ਹਾਂ ਨਾਲ ਫੈਲ ਰਹੀ ਹੈ ਏਹ ਮਹਾਂਮਾਰੀ ਦਾ ਰੂਪ ਧਾਰਨ ਕਰ ਜਾਏਗੀ ਤੇ ਉਸਦੀ ਲਪੇਟ ਵਿੱਚ ਹਰ ਕੋਈ ਆ ਜਾਏਗਾ।ਇੱਕ ਪਰਿਵਾਰ ਦਾ ਬੇਟਾ ਵਿਦੇਸ਼ ਗਿਆ ਹੋਇਆ ਸੀ,ਦੂਸਰਾ ਪੰਜਾਬ ਵਿੱਚ ਹੀ ਸੀ, ਮਾਪਿਆਂ ਦੀ ਉਹ ਹੀ ਦੇਖਭਾਲ ਕਰ ਰਿਹਾ ਸੀ।ਪਿਤਾ ਦੀ ਮੌਤ ਤੋਂ ਬਾਦ ਜ਼ਮੀਨ ਜਾਇਦਾਦ ਦਾ ਮਸਲਾ ਆ ਗਿਆ।ਮਾਂ ਦੇ ਜਿਉਂਦੇ ਝੂਠੀ ਵਸੀਅਤ ਬਣਾਈ ਵਿਦੇਸ਼ ਰਹਿੰਦੇ ਪੁੱਤ ਨੇ,ਭੈਣ ਦਾ ਹਿੱਸਾ ਵੀ ਦਬਾਅ ਪਾਕੇ ਲੈਣ ਦੇ ਪੈਂਤੜੇ ਸ਼ੁਰੂ ਹੋਏ ਤੇ ਵਸੀਅਤ ਵਿੱਚ ਮਾਂ ਬੇਟੀ ਨੂੰ ਸ਼ਰੇਆਮ  ਵਿੱਚੋਂ ਕੱਢ ਦਿੱਤਾ।ਜਦ ਕਿ ਇਥੇ ਵੀ ਮਾਂ ਵੀ ਜਾਣਦੀ ਸੀ ਤੇ ਬੇਟੀ ਵੀ ਕਿ ਵਸੀਅਤ ਗਲਤ ਹੈ ਜਾਹਲੀ ਹੈ।ਮਾਂ ਨੂੰ ਪੁੱਤ ਨੇ ਠੇਕਾ ਦੇਣ ਤੋਂ ਵੀ ਸਾਫ ਇਨਕਾਰ ਕਰ ਦਿੱਤਾ।ਦੂਸਰਾ ਬੇਟਾ ਤੇ ਨੂੰਹ ਸੰਭਾਲ ਰਹੇ ਨੇ,ਸ਼ਾਇਦ, ਇਥੇ ਇਸ ਮਾਂ ਦੀ ਏਹ ਖੁਸ਼ਕਿਸਮਤੀ ਹੈ।ਪਰ ਹਾਂ ਇਸਦਾ ਤੇ ਇਵੇਂ ਦੇ ਹਾਲਾਤਾਂ ਦਾ ਬਜ਼ੁਰਗਾਂ ਦੀ ਸਿਹਤ ਅਤੇ ਮਾਨਸਿਕਤਾ ਤੇ ਬੁਰਾ ਅਸਰ ਜ਼ਰੂਰ ਪੈਂਦਾ ਹੈ।ਇਥੇ ਵੀ ਸਮਸਿਆ ਏਹ ਸੀ ਕਿ ਦਫ਼ਤਰਾਂ ਵਿੱਚ ਬਜ਼ੁਰਗ ਮਾਂ ਕਿਵੇਂ ਜਾਏ।ਮਾਂ ਦੀ ਮਦਦ ਕਰਨ ਵਾਸਤੇ ਧੀ ਨੇ ਕਦਮ ਚੁੱਕਿਆ ਤੇ ਉਸਨੂੰ ਧਮਕੀਆਂ ਦੇਣ ਲੱਗ ਗਿਆ।ਏਹ ਹੈ ਸਮਾਜ ਦੀ ਅਸਲੀ ਤਸਵੀਰ।ਕਾਨੂੰਨ ਬਣਾ ਦੇਣਾ ਕੋਈ ਹੱਲ ਨਹੀਂ।ਜੋ ਵੀ ਕਾਨੂੰਨ ਹੈ ਉਸਨੂੰ ਇੰਨੀ ਸਖਤੀ ਨਾਲ ਲਾਗੂ ਕੀਤਾ ਤੇ ਕਰਵਾਇਆ ਜਾਏ ਕਿ ਕੋਈ ਗਲਤ ਕੰਮ ਕਰਨ ਤੋਂ ਪਹਿਲਾਂ ਕੋਈ ਸੌ ਵਾਰ ਸੋਚੇ।ਸ਼ਕਾਇਤ ਆਉਣ ਤੇ ਅਜਿਹੀ ਸਜ਼ਾ ਦਿੱਤੀ ਜਾਵੇ ਕਿ ਗੱਲਤ ਤੇ ਰਿਸ਼ਵਤ ਲੈਕੇ ਕੰਮ ਕਰਨ ਤੋਂ ਪਹਿਲਾਂ ਹਰ ਇੱਕ ਸਜ਼ਾ ਨੂੰ ਯਾਦ ਜ਼ਰੂਰ ਕਰ ਲਵੇ।ਲਾਹਨਤ ਹੈ ਅਜਿਹੀ ਔਲਾਦ ਦੇ ਜੋ ਮਾਪਿਆਂ ਦੀ ਬਣਾਈ ਹੋਈ ਜਾਇਦਾਦ ਲੈਣਾ ਆਪਣਾ ਹੱਕ ਸਮਝਦੀ ਹੈ ਪਰ ਮਾਂ ਬਾਪ ਬਾਰੇ ਜੋ ਫਰਜ਼ ਨੇ ਉਨ੍ਹਾਂ ਬਾਰੇ ਕੁਛ ਵੀ ਸੁਣਨ ਤੇ ਸਮਝਣ ਨੂੰ ਤਿਆਰ ਨਹੀਂ।ਮਾਲ ਵਿਭਾਗ ਦੇ ਹਰ ਅਧਿਕਾਰੀ, ਅਫਸਰ ਨੂੰ ਏਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਇੱਕ ਦਿਨ ਇਸ ਬੁਢਾਪੇ ਵਾਲੀ ਜੁੱਤੀ ਵਿੱਚ ਤੁਹਾਡਾ ਵੀ ਪੈਰ ਰੱਖਿਆ ਜਾਏਗਾ, ਫੇਰ ਪਤਾ ਲੱਗੇਗਾ ਕਿ ਜੁੱਤੀ ਕੱਟਦੀ ਦੀ ਪੀੜ੍ਹ ਕਿੰਨੀ ਹੁੰਦੀ ਹੈ।ਇੰਜ ਮਾਪਿਆਂ ਦੇ ਬੁਢਾਪੇ ਨੂੰ ਰੋਲਕੇ ਇਨਸਾਨੀਅਤ ਨੂੰ ਸ਼ਰਮਸਾਰ ਨਾ ਕਰੋ।ਕੋਈ ਮਾਂ ਕੰਗਾਲ ਨਾ ਬਣੇ,ਕੋਈ ਮਾਂ ਮਜ਼ਬੂਰ ਹੋਕੇ ਆਪਣੇ ਸਰੀਰ ਨੂੰ ਦਾਨ ਨਾ ਕਰੇ,ਕੋਈ ਮਾਂ ਕਰੋੜਾਂ ਦੀ ਜਾਇਦਾਦ ਦੀ ਮਾਲਕ ਹੋਵੇ ਤੇ ਉਸਨੂੰ ਏਹ ਸੋਚ ਹੋਵੇ ਕਿ ਮੈਂ ਬੀਮਾਰ ਹੋ ਗਈ ਤਾਂ ਮੈਂ ਇਲਾਜ ਕਿਵੇਂ ਕਰਵਾਉਂਗੀ।ਕੀ ਕਦੇ ਮਾਪਿਆਂ ਨੇ ਏਹ ਕੀਤਾ ਹੋਏਗਾ।ਹਾਂ ਇੱਕ ਗੱਲ ਪੱਕੀ ਹੈ ਕਿ ਜੋ ਮਾਪਿਆਂ ਦੀ ਏਹ ਹਾਲਤ ਕਰ ਰਹੇ ਨੇ, ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।ਇਸ ਵਿੱਚ ਸਮਾਜ,ਪ੍ਰਸ਼ਾਸਨ ਤੇ ਅਦਾਲਤਾਂ ਨੂੰ ਬਹੁਤ ਸਖਤ ਕਦਮ ਚੁੱਕਣੇ ਚਾਹੀਦੇ ਹਨ।ਇੰਜ ਦੀਆਂ ਘਟੀਆ ਤੇ ਘਣੌਨੀਆਂ ਹਰਕਤਾਂ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਨਾ ਕਰੋ।
Prabhjot Kaur Dillon
Contact No. 9815030221
Share Button

Leave a Reply

Your email address will not be published. Required fields are marked *

%d bloggers like this: