Sun. Oct 20th, 2019

ਨਾਮ ਪਿੱਛੇ ਸਿੰਘ ਹੋਣ ਦਾ ਮਾਣ

ਨਾਮ ਪਿੱਛੇ ਸਿੰਘ ਹੋਣ ਦਾ ਮਾਣ

ਕਈ ਵਾਰ ਵੋਟਾਂ ਲੈਣ ਲਈ ਕਿਸੇ ਖਾਸ ਰਾਜਨੀਤਿਕ ਪਾਰਟੀ ਵੱਲੋ ਕਿਸੇ ਇੱਕ ਫਿਰਕੇ ਦੇ ਖਿਲਾਫ ਗਲਤ ਪ੍ਰਚਾਰ ਕਰ ਦਿੱਤਾ ਜਾਂਦਾ ਹੈ।ਜੋ ਉਸ ਫਿਰਕੇ ਦੇ ਲੋਕਾਂ ਦੇ ਮਨਾਂ ਉਪਰ ਗੂੜਾ ਉਕਰਿਆ ਜਾਂਦਾ ਹੈ।ਬਾਅਦ ਵਿੱਚ ਲੱਖ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ ਮਨਾਂ ਦੇ ਇਹ ਫਰਕ ਦੂਰ ਨਹੀ ਕੀਤੇ ਜਾ ਸਕਦੇ ਗਾਹੇ ਬਗਾਹੇ ਵਿਰੋਧੀ ਸੁਰਾਂ ਦਾ ਮਹੌਲ ਬਣ ਹੀ ਜਾਂਦਾ ਹੈ।ਪਰ ਰਾਜਨੀਤਿਕ ਪਾਰਟੀਆਂ ਨੂੰ ਕੀ ਲੱਗੇ ਕੋਈ ਧਰਮ ਨੂੰ ਖਤਰਾ ਦੱਸ ਕੇ ਅਤੇ ਕੋਈ ਦੇਸ਼ ਨੂੰ ਖਤਰਾ ਦੱਸ ਕੇ ਲੋਕਾਂ ਨੂੰ ਗੁਮਰਾਹ ਕਰ ਕੇ ਸਰਕਾਰ ਬਣਾ ਲੈਦੀਆਂ ਹਨ।ਕਿਸੇ ਦਾ ਏਜੰਡਾ ਮੂਲ ਵਿਕਾਸ ਤੇ ਕਾਨੂੰਨ ਦਾ ਰਾਜ ਸਥਾਪਤ ਕਰਨਾਂ ਨਹੀ ਸਿਰਫ ਸਰਕਾਰ ਬਣਾਉਣਾ ਹੈ ਅਤੇ ਸੱਤਾ ਸੁਖ ਭੋਗਣਾ ਹੀ ਹੈ।
ਤਿੰਨ ਦਹਾਕੇ ਪਹਿਲਾਂ ਸਾਡੇ ਇਲਾਕੇ ਵਿੱਚ ਕੋਈ ਉੱਚ ਵਿਦਿਆ ਵਾਲਾ ਕਾਲਜ ਨਹੀ ਹੁੰਦਾ ਸੀ।ਸਕੂਲੀ ਪੜਾਈ ਕਰਨ ਤੋਂ ਬਾਅਦ ਸਾਡੇ ਇਲਾਕੇ ਦੇ ਵਿਦਿਆਰਥੀਆਂ ਨੂੰ ਹਰਿਆਣਾ ਦੇ ਸ਼ਹਿਰ ਸਿਰਸਾ ਜਾਂ ਮਾਨਸਾ ਬੱਸ ਸਫਰ ਕਰਕੇ ਉਚ ਵਿਦਿਆ ਹਾਸਲ ਕਰਨੀ ਪੈਂਦੀ ਸੀ। ਬਸਾਂ ਦੇ ਪਾਸ ਦੀ ਸੁਵਿਧਾ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ। ਮੇਰਾ ਇੱਕ ਮਿੱਤਰ ਜੋ +2 ਯਾਨੀ ਬਾਹਰਵੀਂ ਦੀ ਪੜਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ ਕਰਨ ਉਪਰੰਤ ਉੱਚ ਸਿੱਖਿਆ ਲਈ ਸਿਰਸਾ ਦੇ ਸਰਕਾਰੀ ਨੈਸ਼ਨਲ ਕਾਲਜ ਵਿੱਚ ਦਾਖਲ ਹੋਇਆ ਜੋ ਕਿ ਹਰਿਆਣਾ ਦੀ ਕੁਰੂਕਸ਼ੇਤਰ ਯੁਨੀਵਰਸਿਟੀ ਦੇ ਤਹਿਤ ਹੁੰਦਾ ਸੀ। ਉਹਨਾਂ ਦਿਨਾਂ ਵਿੱਚ ਪੰਜਾਬ ਦਾ ਮਹੌਲ ਖੁਸ਼ਗਵਾਰ ਨਹੀ ਸੀ।ਕਾਲਜਾਂ ਵਿੱਚ ਰੈਗਿੰਗ ਆਮ ਗੱਲ ਹੁੰਦੀ ਸੀ। ਪੰਜਾਬ ਦੇ ਮਹੌਲ ਤੋ ਘਬਰਾ ਕੇ ਕਈ ਖਾਂਦੇ ਪੀਂਦੇ ਪੰਜਾਬੀ ਪਰਿਵਾਰ ਸਿਰਸਾ ਆਣ ਵੱਸੇ ਸੀ ਕਿਉਂ ਜੋ ਸਿਰਸਾ ਪੰਜਾਬੀ ਬੋਲਦਾ ਇਲਾਕਾ ਸੀ।ਪੰਜਾਬੀ ਦੀ ਪੜਾਈ ਜਾਂ ਤਾਂ ਉਹਨਾਂ ਪਰਿਵਾਰਾਂ ਦੇ ਬੱਚੇ ਕਰਦੇ ਸੀ ਜਾਂ ਫਿਰ ਪੰਜਾਬ ਤੋਂ ਪੜ ਕੇ ਗਏ ਹੋਏ ਪੰਜਾਬ ਚ ਰਿਹਇਸ਼ ਰੱਖਣ ਵਾਲੇ ਵਿਦਿਆਰਥੀ।
ਮੇਰੇ ਉਸ ਮਿੱਤਰ ਦੇ ਨਾਲ ਵਾਲੇ ਬਹੁਤੇ ਵਿਦਿਆਰਥੀ ਹਰਿਆਣਵੀ ਅਤੇ ਹਰਿਆਣਾ ਦੇ ਵੱਖ ਵੱਖ ਸਕੂਲਾਂ ਤੋ ਪੜੇ ਹੋਏ ਸਨ।ਉਸਦੇ ਦੱਸਣ ਮੁਤਾਬਿਕ ਪਹਿਲੇ ਦਿਨ ਹਿੰਦੀ ਦੇ ਪ੍ਰੋਫੈਸਰ ਵੱਲੋਂ ਸਾਰੇ ਵਿਦਿਆਰਥੀਆਂ ਨਾਲ ਜਾਣ ਪਛਾਣ ਕੀਤੀ ਗਈ।ਸਾਰੀ ਕਲਾਸ ਵਿੱਚ ਉਹ ਇਕੱਲਾ ਹੀ ਪੰਜਾਬ ਦੇ ਸਕੂਲ ਤੋਂ ਪੜਿਆ ਹੋਇਆ ਵਿਦਿਆਰਥੀ ਸੀ ਕੁਝ ਹੋਰ ਪੰਜਾਬੀ ਵਿਦਿਆਰਥੀ ਸਿਰਸਾ ਦੇ ਹੀ ਸਕੂਲਾਂ ਦੇ ਪੜੇ ਹੋਏ ਸਨ।ਸਭ ਤੋਂ ਪਹਿਲਾਂ ਪ੍ਰੋਫੈਸਰ ਵੱਲੋਂ ਸਕੂਲ ਦਾ ਨਾਮ ਪੁੱਛਿਆ ਜਾਂਦਾ ਫਿਰ ਵਿਦਿਆਰਥੀ ਦਾ ਨਾਮ।ਜਦੋਂ ਮੇਰੇ ਮਿੱਤਰ ਦੀ ਵਾਰੀ ਆਈ ਤਾਂ ਉਸ ਨੇ ਆਪਣੇ ਸਕੂਲ ਦਾ ਨਾਮ ਦੱਸਿਆ ਤਾਂ ਸਾਰੀ ਕਲਾਸ ਇੱਕ ਵਾਰ ਹੱਸਣ ਲੱਗੀ ਪਰ ਉਸ ਨੂੰ ਪਤਾ ਹੀ ਨਾਂ ਲੱਗਿਆ ਕਿ ਇਹ ਲੋਕ ਹੱਸ ਕਿਉਂ ਰਹੇ ਹਨ। ਬਾਅਦ ਵਿੱਚ ਉਸ ਦੇ ਪੰਜਾਬੀ ਸਹਿਪਾਠੀ ਨੇ ਦੱਸਿਆ ਕਿ ਇਹ ਪੰਜਾਬ ਵਿੱਚੋਂ ਆਏ ਹੋਏ ਵਿਦਿਆਰਥੀਆਂ ਨੂੰ ਇਹ ਇਸੇ ਤਰਾਂ ਹੀ ਚਿੜਾਉਂਦੇ ਹਨ,ਤੈਨੂੰ ਹਰਿਆਣਾ ਦੇ ਕਿਸੇ ਸਕੂਲ ਦਾ ਨਾਮ ਲੈ ਦੇਣਾ ਚਾਹੀਦਾ ਸੀ। ਉਸ ਤੋਂ ਬਾਅਦ ਜਦੋਂ ਉਸ ਨੇ ਆਪਣਾ ਨਾਮ ਦੱਸਿਆ ਤਾਂ ਨਾਮ ਦੇ ਪਿੱਛੇ ਸਿੰਘ ਸੁਣ ਕੇ ਕਲਾਸ ਵਿੱਚੋਂ ਠੇਠ ਹਰਿਆਣਵੀ ਵਿੱਚ ਅਵਾਜ ਆਈ ਕਿ”ਅੱਤਵਾਦੀਉਂ ਵਾਲਾ ਨਾਮ ਸੈ”। ਸ਼ਾਇਦ ਨਾਮ ਦੇ ਪਿੱਛੇ ਸਿੰਘ ਸੁਣ ਕੇ ਕਿਸੇ ਨੇ ਅਜਿਹਾ ਕਿਹਾ ਹੋਵੇ। ਇਹ ਸੁਣ ਕੇ ਕਲਾਸ ਫਿਰ ਹੱਸਣ ਲੱਗੀ। ਇੱਕ ਵਾਰ ਤਾਂ ਉਹ ਬਹੁਤ ਪਰੇਸ਼ਾਨ ਹੋਇਆ ਕਿਉਂ ਕਿ ਕਾਲਜ ਦੇ ਪਹਿਲੇ ਹੀ ਦਿਨ ਉਸ ਨੂੰ ਮਾੜਾ ਤਜਰਬਾ ਹੋਇਆ ਸੀ।
ਉਹਨਾਂ ਦਿਨਾਂ ਤੱਕ ਪੰਜਾਬ ਦੇ ਗਰਮ ਮਹੌਲ ਦੀ ਹਵਾ ਸਿਰਸਾ ਤੱਕ ਵੀ ਪਹੁੰਚ ਗਈ ਸੀ।ਸਿਰਸਾ ਦੇ ਇੱਕ ਭੀੜ ਭਾੜ ਵਾਲੇ ਚੌਕ ਵਿੱਚ ਏ.ਕੇ ਸੰਤਾਲੀ ਨਾਲ ਅੰਨੇਵਾਹ ਫਾਇਰਿੰਗ ਹੋ ਗਈ, ਉਸ ਜਗਾ ਤੇ ਇੱਕ ਸਿੱਖ ਟਰੱਕ ਡਰਾਇਵਰ ਜਗਦੇਵ ਸਿੰਘ ਨੇ ਇੱਕ ਫਾਇਰਿੰਗ ਕਰਨ ਵਾਲੇ ਨੂੰ ਜੱਫਾ ਮਾਰ ਲਿਆ ਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਉਸ ਵਿਅਕਤੀ ਨੇ ਬਚਾਈਆਂ ਪਰ ਦੂਸਰੇ ਫਾਇਰਿੰਗ ਕਰਨ ਵਾਲੇ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆ ਤੇ ਮੌਕੇ ਤੇ ਹੀ ਜਗਦੇਵ ਸਿੰਘ ਦੀ ਮੌਤ ਹੋ ਗਈ ਉਸੇ ਜਗਾ੍ਹ ਤੇ ਹੀ ਇੱਕ ਗਾਂ ਖੜੀ ਸੀ ਜਿਸ ਕਾਰਨ ਵੀ ਬਹੁਤ ਲੋਕਾਂ ਦੀ ਜਾਨ ਬਚ ਗਈ ਡਿੱਗਦਿਆਂ ਡਿੱਗਦਿਆ ਵੀ ਗਾਂ ਨੇ ਖੁਦ ਵੀ ਗੋਲੀਆ ਝੱਲੀਆਂ ਤੇ ਬਹੁਤ ਲੋਕਾਂ ਨੂੰ ਬਚਾਇਆ। ਸਾਰਾ ਸ਼ਹਿਰ ਜਗਦੇਵ ਸਿੰਘ ਦੀ ਬਹਾਦਰੀ ਦਾ ਕਾਇਲ ਹੋ ਗਿਆ ਤੇ ਗਾਂ ਵੱਲੋ ਬਚਾਈਆਂ ਜਾਨਾਂ ਨੂੰ ਚਮਤਕਾਰ ਮੰਨਣ ਲੱਗਾ।ਸ਼ਹਿਰ ਵਾਸੀਆਂ ਵੱਲੋਂ ਸ਼ਹੀਦ ਜਗਦੇਵ ਸਿੰਘ ਚੌਕ ਤੇ ਗਊ ਮਾਤਾ ਮੰਦਰ ਵੀ ਸਥਾਪਿਤ ਕੀਤਾ ਗਿਆ ਜੋ ਅੱਜ ਵੀ ਉਸ ਮੰਦਭਾਗੀ ਘਟਨਾਂ ਦੀ ਯਾਦ ਦਿਵਾਂਉਂਦਾ ਹੈ।
ਇਸ ਘਟਨਾਂ ਤੋ ਬਾਅਦ ਸਿੰਘ ਨਾਮ ਵਾਲੇ ਸਾਰੇ ਪੰਜਾਬੀ ਮਾਣ ਮਹਿਸੂਸ ਕਰਨ ਲੱਗੇ ਮੇਰਾ ਉਹ ਮਿੱਤਰ ਸਾਰੇ ਕਾਲਜ ਵਿੱਚ ਹਿੱਕ ਤਾਣ ਕੇ ਤੁਰਨ ਲੱਗ ਪਿਆ ਹੁਣ ਵੀ ਮਿਲਣ ਤੇ ਉਹ ਦੱਸਦਾ ਹੈ ਕਿ ਕਾਲਜ ਦੇ ਵਿਦਿਆਰਥੀਆਂ ਦੀ ਮਾਨਸਿਕਤਾ ਮੈਨੂੰ ਸਮਝ ਨਹੀ ਆਈ ਪਤਾ ਨਹੀ ਉਹ ਜਗਦੇਵ ਸਿੰਘ ਦੀ ਸ਼ਹੀਦੀ ਕਾਰਨ ਇੱਜਤ ਕਰਨ ਲੱਗ ਪਏ ਸੀ ਪਤਾ ਨਹੀ ਉਹ ਏ.ਕੇ ਸੰਤਾਲੀ ਤੋ ਡਰੇ ਇੱਜਤ ਕਰਨ ਲੱਗੇ ਸੀ।ਕਾਰਨ ਸਾਫ ਸੀ ਸਭ ਜਾਣ ਗਏ ਸੀ ਛਾਤੀਆਂ ਤੇ ਗੋਲੀਆਂ ਖਾ ਕੇ ਸਿੰਘ ਵਾਲੇ ਨਾਮ ਵਾਲੇ ਹੀ ਕਿਸੇ ਦੀ ਰੱਖਿਆ ਕਰ ਸਕਦੇ ਹਨ। ਪਰ ਇੱਕ ਗੱਲ ਜਰੂਰ ਹੈ ਸਿੰਘ ਵਾਲੇ ਨਾਮ ਤੇ ਉਸ ਨੂੰ ਮਾਣ ਜਰੂਰ ਹੈ।

ਸਤਪਾਲ ਸਿੰਘ ਦਿਉਲ
ਐਡਵੋਕੇਟ
ਸਰਦੂਲਗੜ
9878170771

Leave a Reply

Your email address will not be published. Required fields are marked *

%d bloggers like this: