ਨਾਮਵਰ ਵਿਦਵਾਨ ਤੇ ਚਿੰਤਕ ਪ੍ਰਿੰ. ਗੁਰਮੁਖ ਸਿੰਘ ਸਦੀਵੀ ਵਿਛੋੜਾ ਦੇ ਗਏ

ਨਾਮਵਰ ਵਿਦਵਾਨ ਤੇ ਚਿੰਤਕ ਪ੍ਰਿੰ. ਗੁਰਮੁਖ ਸਿੰਘ ਸਦੀਵੀ ਵਿਛੋੜਾ ਦੇ ਗਏ
ਸਰੀ, 11 ਦਸੰਬਰ (ਹਰਦਮ ਮਾਨ): ਸਿੱਖ ਕੌਮ ਦੇ ਨਾਮਵਰ ਵਿਦਵਾਨ ਤੇ ਚਿੰਤਕ ਪ੍ਰਿੰਸੀਪਲ ਗੁਰਮੁਖ ਸਿੰਘ ਬੀਤੇ ਕੱਲ੍ਹ ਪਟਿਆਲਾ ਵਿਖੇ 90 ਸਾਲ ਦੀ ਉਮਰ ਭੋਗ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਕਾਫੀ ਸਮਾਂ ਗੌਰਮਿੰਟ ਕਾਲਜ ਕਪੂਰਥਲਾ ਅਤੇ ਗੌਰਮਿੰਟ ਕਾਲਜ ਸੰਗਰੂਰ ਤੋਂ ਇਲਾਵਾ ਚਾਰ ਸਾਲ ਗੁਰਮਤਿ ਕਾਲਜ ਦੇ ਪ੍ਰਿੰਸੀਪਲ ਰਹੇ ਸਨ ਅਤੇ ਕੁਝ ਸਾਲ ਉਨ੍ਹਾਂ ਸਿੱਖ ਰੈਫਰੈਂਸ ਲਾਇਬਰੇਰੀ ਸ੍ਰੀ ਅੰਮ੍ਰਿਤਸਰ ਦੇ ਮੁਖੀ ਦੇ ਅਹੁਦੇ ਤੇ ਰਹਿੰਦਿਆਂ ਜ਼ਿਕਰਯੋਗ ਕਾਰਜ ਕੀਤਾ। ਉਨ੍ਹਾਂ ਦੀਆਂ ਕਈ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆਂ ਹਨ।
ਉਨ੍ਹਾਂ ਨੇ ਸ੍ਰੀ ਆਦਿ ਗਰੰਥ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਨ ਦਾ ਵੀ ਬੜਾ ਵੱਡਾ ਕਾਰਜ ਕੀਤਾ। ਉਹ ਲੰਮਾਂ ਸਮਾਂ ਮਾਸਿਕ ਰਸਾਲੇ “ਆਤਮ ਰੰਗ” ਦੇ ਮੁੱਖ ਸੰਪਾਦਕ ਵੀ ਰਹੇ। ਉਹ ਪੰਥ ਦੀ ਸੋਨ ਚਿੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਨਿਕਟ ਵਰਤੀਆਂ ਵਿੱਚੋਂ ਇਕ ਸਨ। ਉਨ੍ਹਾਂ ਦੇ ਪ੍ਰਸੰਸਕਾਂ ਦਾ ਬੜਾ ਵਿਸ਼ਾਲ ਦਾਇਰਾ ਸੀ। ਉਹ ਆਪਣੇ ਪਿੱਛੇ ਇਕ ਲੜਕੀ ਅਤੇ ਦੋ ਲੜਕੇ ਛੱਡ ਗਏ ਹਨ।
ਉਨ੍ਹਾਂ ਦੇ ਵਿਛੋੜੇ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਰਿਦਰਸ਼ਨ ਮੈਮੋਰੀਅਲ ਟਰੱਸਟ ਕੈਨੇਡਾ ਦੇ ਰੂਹੇ-ਰਵਾਂ ਸ. ਜੈਤੇਗ ਸਿੰਘ ਅਨੰਤ ਨੇ ਕਿਹਾ ਹੈ ਕਿ ਉਹ ਇਕ ਸਫਲ ਖੋਜੀ ਅਨੁਵਾਦਕ, ਟੀਕਾਕਾਰ, ਕੀਰਤਨੀਏ ਅਤੇ ਅਧਿਆਪਕ ਸਨ। ਉਨ੍ਹਾਂ ਦੇ ਚਲੇ ਜਾਣ ਨਾਲ ਸਿੱਖ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਕ ਚੰਗੇ ਵਿਦਵਾਨ ਅਤੇ ਚੰਗੀ ਕਲਮ ਦਾ ਵਿਛੋੜਾ ਸਾਡੇ ਲਈ ਬਹੁਤ ਹੀ ਦੁਖਦਾਈ ਹੈ।