ਨਾਮਧਾਰੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੱਥੀਂ ਸੇਵਾ ਕਰਕੇ ਵਿਸਾਖੀ ਦਾ ਪੁਰਬ ਮਨਾਇਆ

ss1

ਨਾਮਧਾਰੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੱਥੀਂ ਸੇਵਾ ਕਰਕੇ ਵਿਸਾਖੀ ਦਾ ਪੁਰਬ ਮਨਾਇਆ
ਨਾਮਧਾਰੀ ਅਤੇ ਬਾਕੀ ਸਿੱਖਾਂ ਵਿੱਚ ਵਧੀਆਂ ਦੂਰੀਆਂ ਘਟਾਉਣ ਲਈ ਯਤਨਸ਼ੀਲ ਹਾਂ-ਬਾਬਾ ਦਲੀਪ ਸਿੰਘ

ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ: ਨਾਮਧਾਰੀ ਸੰਗਤ ਅਤੇ ਬਾਕੀ ਸਿੱਖਾਂ ਵਿੱਚ ਵਧੀਆਂ ਦੂਰੀਆਂ ਘਟਾਉਣ ਲਈ ਅਸੀ ਲਗਾਤਾਰ ਯਤਨਸ਼ੀਲ ਹਾਂ ਤੇ ਇਸ ਸਬੰਧੀ ਯਤਨ ਕਰਦੇ ਰਹਾਂਗੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਨਾਮਧਾਰੀ ਸੰਗਤ ਦੇ ਮੋਜੂਦਾ ਮੁਖੀ ਬਾਬਾ ਦਲੀਪ ਸਿੰਘ ਨੇ ਕੀਤਾ। ਇਸ ਮੌਕੇ ਬਾਬਾ ਦਲੀਪ ਸਿੰਘ ਨੇ ਦੱਸਿਆ ਕਿ ਅਸੀਂ ਨਾਮਧਾਰੀਏ ਅੰਮ੍ਰਿਤਧਾਰੀ ਸਿੰਘ ਹਾਂ ਤੇ ਸਾਨੂੰ ਸਤਿਗੁਰੂ ਰਾਮ ਸਿੰਘ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਬਣਾਇਆ। ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸਜੇ ਹਾਂ।ਅੱਜ ਵਿਸਾਖੀ ਦੇ ਦਿਨ ਤਖਤ ਕੇਸਗੜ ਸਾਹਿਬ ਵਿਖੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕੀਤਾ। ਇਸ ਕਰਕੇ ਅੰਮ੍ਰਿਤਧਾਰੀ ਹੋਣ ਦੇ ਨਾਤੇ ਵਿਸਾਖੀ ਵਾਲੇ ਦਿਨ ਇਸ ਸਥਾਨ ਤੇ ਲੰਗਰ ਦੀ ਸੇਵਾ ਕਰਨ ਆਏ ਹਾਂ।ਇਸ ਮੌਕੇ ਸੰਤ ਨਵਤੇਜ ਸਿੰਘ ਨਾਮਧਾਰੀ ਨੇ ਕਿਹਾ ਕਿ ਖਾਲਸਾ ਪੰਥ ਦੇ ਸ਼ੁਭ ਦਿਹਾੜਿਆਂ ਦੇ ਮੌਕੇ ਸਾਨੂੰ ਸਿਆਸੀ ਪਿੜਾਂ ਨਹੀਂ ਬਨਣੀਆਂ ਚਾਹੀਦੀਆਂ। ਇਸ ਦੀ ਬਜਾਏ ਸਾਨੂੰ ਸੰਗਤ ਦੀ ਸੇਵਾ ਕਰਨੀ ਚਾਹੀਦੀ ਹੈ। ਸਿਆਸੀ ਗੱਲਾਂ ਕਰਨ ਦੀ ਬਜਾਏ ਸਾਨੂੰ ਸਤਿਗੁਰੂ ਨਾਨਕ ਦੇਵ ਜੀ ਅਤੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਇਸਦੇ ਇਲਾਵਾ ਜ਼ਿਆਦਾਤਰ ਦੇਖਣ ਵਿੱਚ ਆਇਆ ਹੈ ਕਿ ਸਿੱਖ ਪੰਥ ਦੇ ਕਈ ਸੰਤ-ਸਾਧ ਵਿਸਾਖੀ ਵਰਗੇ ਪਵਿੱਤਰ ਦਿਹਾੜਿਆਂ ਮੌਕੇ ਗੁਰਧਾਮਾਂ ਦੇ ਸਿਰਫ ਦਰਸ਼ਨ ਕਰ ਨਹੀ ਆਉਂਦੇ ਹਨ । ਉਹਨਾਂ ਨੂੰ ਚਾਹੀਦਾ ਹੈ ਕਿ ਉਹ ਵੀ ਸੰਗਤਾਂ ਸਮੇਤ ਹੱਥੀਂ ਸੇਵਾ ਕਰਿਆ ਕਰਨ ਤਾਂ ਜੋ ਬਾਕੀ ਦੀ ਸੰਗਤ ਨੂੰ ਵੀ ਸੇਵਾ ਕਰਨ ਦੀ ਪ੍ਰੇਰਨਾ ਮਿਲ ਸਕੇ।
ਇਥੇ ਦੱਸਣਯੌਗ ਹੈ ਕਿ ਅੱਜ ਨਾਮਧਾਰੀ ਸੰਗਤ ਨੇ ਵਰਤਮਾਨ ਮੁਖੀ ਬਾਬਾ ਦਲੀਪ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਵਿਸਾਖੀ ਦੇ ਸ਼ੁਭ ਦਿਹਾੜੇ ਅਤੇ ਖਾਲਸੇ ਦੇ ਸਿਰਜਨਾ ਦਿਵਸ ਦੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚ ਕੇ ਲੰਗਰ ਦੀ ਹੱਥੀਂ ਸੇਵਾ ਕਰਕੇ ਵਿਸਾਖੀ ਦਾ ਪੁਰਬ ਮਨਾਇਆ। ਲੰਗਰ ਦੀ ਸੇਵਾ ਦੇ ਨਾਲ-ਨਾਲ ਨਾਮਧਾਰੀ ਸੰਗਤ ਨੇ ਸ਼ਰਦਾਈ ਦਾ ਲੰਗਰ ਵੀ ਸੰਗਤਾਂ ਵਾਸਤੇ ਲਾਇਆ।
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਾਮਧਾਰੀ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ( ਅੰਮ੍ਰਿਤਸਰ ਸਾਹਿਬ ), ਤਖਤ ਸ੍ਰੀ ਪਟਨਾ ਸਾਹਿਬ, ਗੁਰਦੁਆਰਾ ਚਰਨ ਕੰਵਲ ਸਾਹਿਬ, ਮਾਛੀਵਾੜਾ ਸਮੇਤ ਹੋਰ ਕਈ ਗੁਰਦੁਆਰਿਆਂ ਅਤੇ ਗੁਰਧਾਮਾਂ ਤੇ ਸਤਿਗੁਰੂ ਦਲੀਪ ਸਿੰਘ ਜੀ ਦੀ ਅਗਵਾਈ ਹੇਠ ਲੰਗਰ, ਭਾਂਡਿਆਂ ਅਤੇ ਜੋੜਿਆਂ ਦੀ ਸੇਵਾ ਕੀਤੀ ਹੈ।
ਇਸ ਮੌਕੇ ਪ੍ਰਿੰਸੀਪਲ ਹਰਮਨ ਸਿੰਘ, ਸੂਬਾ ਦਰਸ਼ਨ ਸਿੰਘ ਰਾਏਸਰ, ਸੂਬਾ ਰਤਨ ਸਿੰਘ ਰਾਜਲਾ, ਪ੍ਰਧਾਨ ਸਾਹਿਬ ਸਿੰਘ ਅੰਮ੍ਰਿਤਸਰ, ਸੰਤ ਲਾਲ ਸਿੰਘ ਅੰਮ੍ਰਿਤਸਰ, ਸੰਤ ਜਸਬੀਰ ਸਿੰਘ ਮੁਕੇਰੀਆਂ, ਸਰਪੰਚ ਜਗਜੀਤ ਸਿੰਘ ਝੱਲ, ਜਥੇਦਾਰ ਗੁਰਦੀਪ ਸਿੰਘ, ਤਜਿੰਦਰ ਸਿੰਘ ਚੰਡੀਗੜ, ਸਤਨਾਮ ਸਿੰਘ ਚੰਡੀਗੜ, ਰਤਨ ਸਿੰਘ ਮੋਹਾਲੀ, ਦਵਿੰਦਰ ਸਿੰਘ ਯਮੁਨਾਨਗਰ, ਸੰਤ ਸਿੰਘ ਯਮੁਨਾਨਗਰ ਸਮੇਤ ਵੱਖੋ-ਵੱਖਰੇ ਇਲਾਕਿਆਂ ਤੋਂ ਸੰਗਤਾਂ ਦੇ ਵਿਸ਼ਾਲ ਇਕੱਠ ਨੇ ਅੱਜ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਕੇ ਅਤੇ ਹੱਥੀ ਸੇਵਾ ਕੀਤੀ।

Share Button

Leave a Reply

Your email address will not be published. Required fields are marked *