ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਨਾਬੀਨਾ ਸਿੱਖ ਵਿਦਵਾਨ : ਪ੍ਰੋ. ਕਿਰਪਾਲ ਸਿੰਘ ਕਸੇਲ

ਨਾਬੀਨਾ ਸਿੱਖ ਵਿਦਵਾਨ : ਪ੍ਰੋ. ਕਿਰਪਾਲ ਸਿੰਘ ਕਸੇਲ

‘ਪੰਜਾਬੀ ਸਾਹਿਤ ਰਤਨ’ ਪ੍ਰੋਫ਼ੈਸਰ ਕਿਰਪਾਲ ਸਿੰਘ ਕਸੇਲ ਦਾ ਜਨਮ 19 ਮਾਰਚ 1928 ਈ. ਨੂੰ ਸ. ਗੰਗਾ ਸਿੰਘ ਦੇ ਘਰ, ਮਾਤਾ ਮਹਿੰਦਰ ਕੌਰ ਦੀ ਕੁੱਖੋਂ ਪਿੰਡ ਕਸੇਲ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਬੀਬੀ ਸਵਿੰਦਰ ਕੌਰ ਨਾਲ ਸ਼ਾਦੀ ਹੋਣ ਪਿੱਛੋਂ ਪ੍ਰੋਫੈਸਰ ਕਸੇਲ ਦੇ ਘਰ ਚਾਰ ਬੱਚਿਆਂ ਨੇ ਜਨਮ ਲਿਆ- ਦੋ ਲੜਕੇ (ਤੇਜਬੀਰ ਸਿੰਘ, 1947 ਅਤੇ ਰਿਪੁਦਮਨ ਸਿੰਘ,1951) ਅਤੇ ਦੋ ਲੜਕੀਆਂ (ਨਵਜੋਤ ਕੌਰ,1958 ਅਤੇ ਸਵੈਜੋਤ ਕੌਰ,1959)। ਪਿੱਛੋਂ ਉਨ੍ਹਾਂ ਨੇ ਬੀਬੀ ਮਹਿੰਦਰਜੀਤ ਕੌਰ ਸੇਖੋਂ ਨਾਲ ਵਿਆਹ ਕਰਵਾ ਲਿਆ, ਜੋ ਕਿਸੇ ਸਮੇਂ ਪ੍ਰਸਿੱਧ ਗਾਇਕ ਯਮਲਾ ਜੱਟ ਨਾਲ ਦੋਗਾਣੇ ਗਾਇਆ ਕਰਦੀ ਸੀ। ਉਨ੍ਹਾਂ ਦਾ ਵੱਡਾ ਲੜਕਾ ਤੇਜਬੀਰ ਕਸੇਲ ਕਾਲਜ ਵਿੱਚ ਪੰਜਾਬੀ ਲੈਕਚਰਾਰ ਅਤੇ ਵੱਖਰੀ ਕਿਸਮ ਦਾ ਕਵੀ ਹੋ ਗੁਜ਼ਰਿਆ ਹੈ, ਰਿਪੂਦਮਨ ਸਿੰਘ ਸਕੂਲ ਕੇਡਰ ਵਿੱਚ ਬਾਇਓਲੋਜੀ ਦੇ ਲੈਕਚਰਾਰ ਵਜੋਂ ਸੇਵਾ-ਮੁਕਤ ਹੋ ਚੁੱਕਾ ਹੈ। ਉਨ੍ਹਾਂ ਦੀਆਂ ਧੀਆਂ ਨਵਜੋਤ ਅਤੇ ਸਵੈਜੋਤ ਕ੍ਰਮਵਾਰ ਸੰਗੀਤ ਅਤੇ ਪੰਜਾਬੀ ਵਿਸ਼ੇ ਦੀਆਂ ਪ੍ਰੋਫੈਸਰ ਰਹਿ ਚੁੱਕੀਆਂ ਹਨ।
ਪ੍ਰੋਫੈਸਰ ਕਸੇਲ ਨੇ ਸਾਰੀ ਉਮਰ ਅਧਿਐਨ ਤੇ ਅਧਿਆਪਨ ਦਾ ਕਾਰਜ ਕੀਤਾ।

1951 ਵਿੱਚ ਗੋਲਡ ਮੈਡਲ ਨਾਲ ਐਮ. ਏ. ਕੀਤੀ। ਲਾਇਲਪੁਰ ਖਾਲਸਾ ਕਾਲਜ, ਜਲੰਧਰ ਤੋਂ 1951 ਵਿੱਚ ਪੰਜਾਬੀ ਲੈਕਚਰਾਰ ਵਜੋਂ ਸ਼ੁਰੂ ਹੋਇਆ ਉਨ੍ਹਾਂ ਦਾ ਅਧਿਆਪਕੀ- ਸਫ਼ਰ ਗੌਰਮਿੰਟ ਮਹਿੰਦਰਾ ਕਾਲਜ, ਪਟਿਆਲਾ ਵਿਖੇ 1988 ਵਿੱਚ ਸੰਪੂਰਨ ਹੋਇਆ। ਇਸ ਦੌਰਾਨ ਉਨ੍ਹਾਂ ਨੇ ਰਾਮਗੜ੍ਹੀਆ ਕਾਲਜ, ਫਗਵਾੜਾ (1952-53), ਸਰਕਾਰੀ ਬਰਜਿੰਦਰਾ ਕਾਲਜ, ਫ਼ਰੀਦਕੋਟ (1953-54), ਸਰਕਾਰੀ ਕਾਲਜ, ਗੁਰਦਾਸਪੁਰ ਅਤੇ ਸਰਕਾਰੀ ਕਾਲਜ, ਲੁਧਿਆਣਾ (1954-68) ਵਿਖੇ ਸੇਵਾ ਨਿਭਾਉਣ ਦੇ ਨਾਲ-ਨਾਲ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿੱਚ (1968 ਤੋਂ 1975 ਤੱਕ) ਖੋਜਕਾਰ ਵਜੋਂ ਵੀ ਕਾਰਜ ਕੀਤਾ। ਸੇਵਾਮੁਕਤੀ ਪਿਛੋਂ ਉਨ੍ਹਾਂ ਨੇ ਪਟਿਆਲੇ (ਰਾਮ ਆਸ਼ਰਮ ਨੇੜੇ ਮਹੱਲਾ ਸੂਈ ਗਰਾਂ) ਨੂੰ ਆਪਣਾ ਸਥਾਈ ਨਿਵਾਸ ਬਣਾ ਲਿਆ ਸੀ।

ਚੜ੍ਹਦੀ ਉਮਰੇ (1964 ਵਿੱਚ)ਅੱਖਾਂ ਦੀ ਜੋਤ ਖ਼ਤਮ ਹੋਣ ਦੇ ਬਾਵਜੂਦ ਪ੍ਰੋਫੈਸਰ ਕਸੇਲ ਨੇ ਹੌਸਲਾ ਨਹੀਂ ਹਾਰਿਆ ਅਤੇ ਨਿਰੰਤਰ ਸਾਹਿਤ- ਸੇਵਾ ਵਿੱਚ ਜੁਟੇ ਰਹੇ। ਉਨ੍ਹਾਂ ਨੇ ਪੰਜਾਬੀ ਕਵਿਤਾ, ਨਾਵਲ, ਆਲੋਚਨਾ, ਵਾਰਤਕ, ਜੀਵਨੀ, ਬਾਲ- ਸਾਹਿਤ, ਕੋਸ਼, ਸੰਪਾਦਨ, ਅਨੁਵਾਦ ਦੇ ਖੇਤਰ ਵਿੱਚ ਬਹੁਪੱਖੀ ਤੇ ਬਹੁਮੁਖੀ ਯੋਗਦਾਨ ਦਿੱਤਾ ਹੈ। ਕੁਝ ਪੁਸਤਕਾਂ ਦਾ ਅਨੁਵਾਦ ਹਿੰਦੀ ਵਿੱਚ ਵੀ ਹੋ ਚੁੱਕਾ ਹੈ। ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਦਾ ਮੁਕੰਮਲ ਵੇਰਵਾ ਇਸ ਪ੍ਰਕਾਰ ਹੈ:

* ਕਵਿਤਾ: ਛੱਤੀ ਅੰਮ੍ਰਿਤ(1965), ਜੈਸਾ ਸਤਿਗੁਰੂ ਸੁਣੀਂਦਾ (1996,ਅਸ਼ਟ-ਅਧਿਆਈ ਪ੍ਰਬੰਧ ਕਾਵਿ), ਚਾਲੀਸਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ(1999)।

* ਨਾਵਲ: ਵਾਰਡ ਨੰਬਰ ਦਸ(1968), ਪੁਸ਼ਪ ਬਨ(1980)।

* ਆਲੋਚਨਾ: ਆਧੁਨਿਕ ਗੱਦਕਾਰ(1956), ਪੰਜਾਬੀ ਸਾਹਿਤ ਦੇ ਇਤਿਹਾਸ ਦੀ ਰੂਪ ਰੇਖਾ(1970), ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਕ ਵਿਕਾਸ(1973), ਲਾਲਾ ਕਿਰਪਾ ਸਾਗਰ: ਜੀਵਨ ਤੇ ਰਚਨਾ(1975-ਮੋਨੋਗ੍ਰਾਫ਼), ਪੂਰਨ ਸਿੰਘ ਦੀ ਸਾਹਿਤਕ ਪ੍ਰਤਿਭਾ(1981), ਬਾਬਾ ਫ਼ਰੀਦ ਦੀ ਕਾਵਿ ਪ੍ਰਤਿਭਾ(1981)।

* ਵਾਰਤਕ: ਇੰਦਰ ਧਨੁਸ਼(1966)।

* ਸਵੈਜੀਵਨੀ: ਪੌਣੀ ਸਦੀ ਦਾ ਸਫ਼ਰ(2003)।

* ਜੀਵਨੀ: ਨਾਮਦੇਵ- ਜੀਵਨ ਤੇ ਦਰਸ਼ਨ(1973), ਪੂਰਨ ਸਿੰਘ(1969), ਰਾਜਹੰਸ(1970-ਪ੍ਰੋ.ਪੂਰਨ ਸਿੰਘ ਦੀ ਜੀਵਨੀ)।

* ਬਾਲ ਸਾਹਿਤ: ਆਦਰਸ਼ ਸਕੂਲ(1981), ਆਦਰਸ਼ ਬੱਚਾ (1982) (ਦੋਵੇਂ ਨਾਵਲਿਟ)।

* ਕੋਸ਼: ਸ਼ਬਦਾਰਥ ਬਾਣੀ ਗੁਰੂ ਨਾਨਕ(1971)।

* ਸੰਪਾਦਨ: ਕਾਵਿ ਸਾਗਰ(1955,ਬਾਵਾ ਬਲਵੰਤ ਦੀ ਚੋਣਵੀਂ ਕਵਿਤਾ), ਹਿਮਾਲਾ ਦੀ ਵਾਰ(1957,ਹਰਿੰਦਰ ਸਿੰਘ ਰੂਪ ਦੀ ਕਵਿਤਾ), ਤੂੰਬੀ ਦੀ ਤਾਰ(1968,ਯਮਲਾ ਜੱਟ ਦੀਆਂ ਕਵਿਤਾਵਾਂ), ਜੰਗਨਾਮਾ ਸਿੰਘਾਂ ਤੇ ਫਿਰੰਗੀਆਂ (1971,ਸ਼ਾਹ ਮੁਹੰਮਦ), ਪੰਜਾਬੀ ਸਾਹਿਤ ਦਾ ਇਤਿਹਾਸ(1972 ਅਤੇ 1974,ਭਾਗ ਪਹਿਲਾ ਅਤੇ ਦੂਜਾ) ਭਾਈ ਵੀਰ ਸਿੰਘ ਦੀ ਕਵਿਤਾ(1973),ਤੂੰਬੀ ਦੀ ਪੁਕਾਰ (1980,ਯਮਲਾ ਜੱਟ ਦੀਆਂ ਕਵਿਤਾਵਾਂ) ਨਾਮਧਾਰੀ ਸਤਿਗੁਰੂ ਮਹਿਮਾ(1993)।

* ਸਹਿਲੇਖਨ: ਸਾਹਿਤ ਦੇ ਰੂਪ(1951), ਚੰਡੀ ਦੀ ਵਾਰ (1951), ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ(1952 ਅਤੇ 1953,ਭਾਗ ਪਹਿਲਾ ਅਤੇ ਦੂਜਾ), ਸਾਹਿਤ ਪ੍ਰਕਾਸ਼(1953) (ਇਹ ਕਿਤਾਬਾਂ ਡਾ. ਪਰਮਿੰਦਰ ਸਿੰਘ/ਡਾ. ਗੋਬਿੰਦ ਸਿੰਘ ਲਾਂਬਾ ਨਾਲ ਮਿਲ ਕੇ ਲਿਖੀਆਂ)।

* ਅਨੁਵਾਦ: ਦਸ ਗੁਰ ਦਰਸ਼ਨ(1976), ਲੌਢੇ ਪਹਿਰ ਦਾ ਆਤਮ ਚਿੰਤਨ(1976), ਚਰਨ ਛੋਹ(1976), ਅਨੀਲਕਾ (1982), ਪੂਰਬੀ ਕਵਿਤਾ ਦੀ ਆਤਮਾ(1990), ਗੀਤ ਗੋਵਿੰਦ (1993),ਜੁਗਾ ਜੁਗਾਂਤਰਾਂ ਦੀ ਸਾਂਝ (1995), ਆਤਮਾ ਦਾ ਸੰਗੀਤ(1996), ਚਿੰਤਨ ਦੀ ਧਾਰਾ(1996), ਕਰਨਾ ਖਿੜਿਆ ਵਿੱਚ ਪੰਜਾਬ(1997), ਵਾਲਟ ਵਿਟਮੈਨ: ਸਿੱਖੀ ਦਾ ਪ੍ਰੇਰਨਾ ਸਰੋਤ(1998), ਗੁਰੂ ਬਾਬਾ ਨਾਨਕ(2003) (ਇਹ ਸਾਰੀਆਂ ਕਿਤਾਬਾਂ ਮੂਲ ਰੂਪ ਵਿੱਚ ਪ੍ਰੋ. ਪੂਰਨ ਸਿੰਘ ਦੀਆਂ ਲਿਖੀਆਂ ਹੋਈਆਂ ਹਨ), ਟੈਗੋਰ ਦੇ ਚੋਣਵੇਂ ਨਿਬੰਧ(1961), ਮਨੋਵਿਗਿਆਨ ਦੀ ਰੂਪ ਰੇਖਾ (1963), ਰਾਜਨੀਤੀ ਵਿਗਿਆਨ ਦੇ ਮੂਲ ਸਿਧਾਂਤ(1963), ਅਨੰਤ ਦਰਸ਼ਨ(1964), ਤਿੰਨ ਭੈਣਾਂ(1993), ਅਲਿਫ਼ ਅੱਖਰ (1993)।

ਪ੍ਰੋ. ਕਸੇਲ ਨੇ ਕੁਝ ਇੱਕ ਮਹੱਤਵਪੂਰਨ ਅਹੁਦਿਆਂ ਤੇ ਵੀ ਆਪਣੀ ਜ਼ਿੰਮੇਵਾਰੀ ਨੂੰ ਬੜੀ ਕੁਸ਼ਲਤਾ ਨਾਲ ਨਿਭਾਇਆ, ਜਿਨ੍ਹਾਂ ਵਿੱਚ ਪੰਜਾਬੀ ਸਾਹਿਤ ਸਮੀਖਿਆ ਬੋਰਡ ਜਲੰਧਰ (ਜਨਰਲ ਸਕੱਤਰ, ਮੀਤ ਪ੍ਰਧਾਨ ਅਤੇ ਪ੍ਰਧਾਨ), ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ (ਸਕੱਤਰ), ਪੰਜਾਬੀ ਸਾਹਿਤ ਸਭਾ ਪਟਿਆਲਾ (ਸਰਪ੍ਰਸਤ), ਭਾਰਤੀ ਨੇਤਰਹੀਣ ਸੇਵਕ ਸਮਾਜ(ਪ੍ਰਧਾਨ), ਨੈਸ਼ਨਲ ਫੈਡਰੇਸ਼ਨ ਆਫ ਦ ਬਲਾਇੰਡ(ਸੀਨੀਅਰ ਮੀਤ ਪ੍ਰਧਾਨ) ਆਦਿ ਦੇ ਨਾਂ ਪ੍ਰਮੁੱਖ ਹਨ।

ਪ੍ਰੋ. ਕਸੇਲ ਨੂੰ ਮਿਲੇ ਕੁਝ ਉਲੇਖਯੋਗ ਪੁਰਸਕਾਰ ਇਸ ਪ੍ਰਕਾਰ ਹਨ: ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ'(1968), ਪੰਜਾਬੀ ਸਾਹਿਤ ਸਮੀਖਿਆ ਬੋਰਡ ਜਲੰਧਰ ਵੱਲੋ ‘ਰਾਜਹੰਸ’ ਪੁਸਤਕ ਤੇ ਪੁਰਸਕਾਰ ਅਤੇ ‘ਸਾਹਿਤ ਸ਼੍ਰੋਮਣੀ’ ਪੁਰਸਕਾਰ (ਕ੍ਰਮਵਾਰ 1973 ਅਤੇ 1981), ਪੰਜਾਬੀ ਸਾਹਿਤ ਤੇ ਕਲਾ ਮੰਚ ਵੱਲੋਂ ਪਹਿਲਾ ਪੁਰਸਕਾਰ (1980-81),ਨੈਸ਼ਨਲ ਫੈਡਰੇਸ਼ਨ ਆਫ ਦ ਬਲਾਇੰਡ ਵੱਲੋਂ ਰਾਸ਼ਟਰੀ ਪੁਰਸਕਾਰ (1988),ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ‘ਕਰਤਾਰ ਸਿੰਘ ਧਾਲੀਵਾਲ ਅਵਾਰਡ'(1990), ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਲਾਈਫ਼ ਫੈਲੋਸ਼ਿਪ (1993 ਤੋਂ), ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ‘ਪ੍ਰਿੰ. ਸੁਜਾਨ ਸਿੰਘ ਯਾਦਗਾਰੀ ਸਨਮਾਨ'(1999),’ਕਿਰਪਾਲ ਸਿੰਘ ਕਸੇਲ ਅਭਿਨੰਦਨ ਸੰਮਿਤੀ’ ਵੱਲੋਂ ਭੈਣੀ ਸਾਹਿਬ ਵਿਖੇ ਸਨਮਾਨ (2003), ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡੀ.ਲਿਟ.ਦੀ ਡਿਗਰੀ(2015), ਭਾਸ਼ਾ ਵਿਭਾਗ ਪੰਜਾਬ ਵੱਲੋਂ 2012 ਦਾ ਸਰਵਸ੍ਰੇਸ਼ਟ ‘ਪੰਜਾਬੀ ਸਾਹਿਤ ਰਤਨ’ ਪੁਰਸਕਾਰ(2015), ਪੰਜਾਬ ਆਰਟਸ ਕੌਂਸਲ ਵੱਲੋਂ ‘ਪੰਜਾਬ ਗੌਰਵ ਪੁਰਸਕਾਰ’। ਸਤਿੰਦਰ ਸਿੰਘ ਨੰਦਾ ਦੀ ਸੰਪਾਦਨਾ ਹੇਠ 2003 ਵਿੱਚ ਪ੍ਰੋ.ਕਸੇਲ ਦੇ 75ਵੇਂ ਜਨਮਦਿਨ ਤੇ ਪ੍ਰਕਾਸ਼ਿਤ ‘ਕਿਰਪਾਲ ਸਿੰਘ ਕਸੇਲ- ਅਭਿਨੰਦਨ ਗ੍ਰੰਥ’ ਵਿੱਚ ਇਸ ‘ਸੂਰਮੇ’ ਸਿੰਘ ਬਾਰੇ ਵਿਸਤ੍ਰਿਤ ਜਾਣਕਾਰੀ ਮਿਲਦੀ ਹੈ। ਸਤਿੰਦਰ ਸਿੰਘ ਨੰਦਾ ਹੀ ਪ੍ਰੋ.ਕਸੇਲ ਲਈ ਲੇਖਨ ਦਾ ਕਾਰਜ ਕਰਦੇ ਰਹੇ।

ਉਨ੍ਹਾਂ ਨੇ ਪੰਜਾਬੀ ਵਿੱਚ ਤਿੰਨ ਵੱਡੇ ਪ੍ਰਾਜੈਕਟ ਸੰਪੂਰਨ ਕੀਤੇ, ਜਿਨ੍ਹਾਂ ਵਿੱਚ ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ; ਪ੍ਰੋਫੈਸਰ ਪੂਰਨ ਸਿੰਘ ਦੀ ਸੰਪੂਰਨ ਕਾਵਿ ਰਚਨਾ ਅਤੇ ਕੂਕਿਆਂ ਦਾ ਇਤਿਹਾਸ- ਪੰਥ ਖਾਲਸਾ (ਤਿੰਨ ਭਾਗ) ਸ਼ਾਮਲ ਹਨ।

‘ਪੰਜਾਬੀ ਦੇ ਮਿਲਟਨ’ ਵਜੋਂ ਜਾਣੇ ਜਾਂਦੇ ਪ੍ਰੋਫੈਸਰ ਕਸੇਲ ਨੇ ਆਪਣੇ ਜੀਵਨ ਦੇ ਤੀਜੇ ਦਹਾਕੇ (1956) ਵਿੱਚ ਹੀ ਸਾਹਿਤ ਦੇ ਖੇਤਰ ਵਿੱਚ ਪ੍ਰਵੇਸ਼ ਕਰ ਲਿਆ ਸੀ ਅਤੇ ਅੰਤ ਤੱਕ ਇਹ ਸਿਲਸਿਲਾ ਬਾਦਸਤੂਰ ਜਾਰੀ ਰਿਹਾ। ਅੱਖਾਂ ਦੀ ਜੋਤ ਚਲੀ ਜਾਣ ਪਿੱਛੋਂ ਉਹ ਜਦ ਵੀ ਕਿਸੇ ਨੂੰ ਮਿਲਦੇ ਸਨ, ਤਾਂ ਮੁੱਦਤਾਂ ਪਿੱਛੋਂ ਵੀ ਉਸ ਦੀ ਆਵਾਜ਼ ਸੁਣ ਕੇ ਉਸ ਨੂੰ ਪਛਾਣ ਲੈਂਦੇ ਸਨ। ਨਾਰਥ ਜ਼ੋਨ ਕਲਚਰਲ ਸੈਂਟਰ ਵੱਲੋਂ ‘ਗਰੇਟ ਮਾਸਟਰਜ਼ ਆਫ਼ ਨਾਰਦਰਨ ਇੰਡੀਆ’ ਦੇ ਅੰਤਰਗਤ ਪ੍ਰੋ. ਕਸੇਲ ਬਾਰੇ ਬਣਾਈ ਇੱਕ ਸੰਖੇਪ ਫ਼ਿਲਮ ਰਾਹੀਂ ਉਨ੍ਹਾਂ ਦੇ ਜੀਵਨ ਨੂੰ ਹੋਰ ਨੇੜਿਓਂ ਵੇਖਿਆ ਜਾ ਸਕਦਾ ਹੈ। ਪ੍ਰੋਫ਼ੈਸਰ ਕਸੇਲ 14 ਅਪਰੈਲ 2019 ਨੂੰ ਦਿਲ ਦਾ ਦੌਰਾ ਪੈਣ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਵਿੱਚ ਜੋ ਖੱਪਾ ਪਿਆ ਹੈ, ਉਸ ਦੀ ਨਜ਼ੀਰ ਲੱਭਣ ਲਈ ਜ਼ਮਾਨੇ ਨੂੰ ਪਤਾ ਨਹੀਂ ਹੋਰ ਕਿੰਨੇ ਗੇੜਿਆਂ ਵਿੱਚੋਂ ਲੰਘਣਾ ਪਵੇਗਾ।

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ
ਤਲਵੰਡੀ ਸਾਬੋ ਬਠਿੰਡਾ
9417692015

Leave a Reply

Your email address will not be published. Required fields are marked *

%d bloggers like this: