ਨਾਨਕ ਸ਼ਾਹ ਫਕੀਰ ਵਰਗੀਆਂ ਫਿਲਮਾਂ ਅਤੇ ਨਾਮਧਾਰੀ ਦਲੀਪ ਸਿੰਘ ਵੱਲੋ ਸਿਰਸਾ ਸਮਾਗਮ ਚ ਰਾਮ ਮੰਦਰ ਬਨਾਉਣ ਦਾ ਐਲਾਨ, ਦੋਨੋ ਫਿਰਕਾਪ੍ਰਸਤ ਸੋਚ ਦੀ ਉਪਜ

ss1

ਨਾਨਕ ਸ਼ਾਹ ਫਕੀਰ ਵਰਗੀਆਂ ਫਿਲਮਾਂ ਅਤੇ ਨਾਮਧਾਰੀ ਦਲੀਪ ਸਿੰਘ ਵੱਲੋ ਸਿਰਸਾ ਸਮਾਗਮ ਚ ਰਾਮ ਮੰਦਰ ਬਨਾਉਣ ਦਾ ਐਲਾਨ, ਦੋਨੋ ਫਿਰਕਾਪ੍ਰਸਤ ਸੋਚ ਦੀ ਉਪਜ

ਪਿਛਲੇ ਕੁੱਝ ਦਿਨਾਂ ਤੋਂ ਸ਼ੋਸ਼ਲ ਮੀਡੀਏ ਤੇ ਫਿਲਮ ਨਾਨਕ ਸ਼ਾਹ ਫਕੀਰ ਦੇ ਬੜੇ ਸਾਜਿਸ਼ੀ ਢੰਗ ਨਾਲ ਪਰਦੇ ਤੇ ਆਉਣ ਦੀਆਂ ਚਰਚਾਵਾਂ ਨੇ ਸਿੱਖਾਂ ਅੰਦਰ ਰੋਸ ਪੈਦਾ ਕਰ ਦਿੱਤਾ।ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਫਿਲਮ ਬਨਾਉਣ ਵਾਲਿਆਂ ਨੂੰ ਹਰ ਤਰਾਂ ਦੇ ਸਹਿਯੋਗ ਦੇਣ ਦੀਆਂ ਹਦਾਇਤਾਂ ਨੂੰ ਸਿੱਖ ਕੌਂਮ ਨੇ ਬੜੀ ਗੰਭੀਰਤ ਨਾਲ ਲਿਆ,ਲਿਹਾਜਾ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਉਹ ਸਾਰੇ ਹੀ ਚਿੱਠੀ ਪੱਤਰ ਵਾਪਸ ਲੈਣੇ ਪਏ ਸਨ, ਜਿਹੜੇ ਉਹਨਾਂ ਦੇ ਮੁੱਖ ਸਕੱਤਰ ਵੱਲੋਂ ਵੱਖ ਵੱਖ ਗੁਰਦੁਆਰਾ ਸਹਿਬਾਨਾਂ ਦੇ ਮਨੇਜਰਾਂ ਨੂੰ ਫਿਲਮ ਬਨਾਉਣ ਅਤੇ ਚਲਾਉਣ ਵਾਲਿਆਂ ਨੂੰ ਹਰ ਤਰਾਂ ਦੇ ਸਹਿਯੋਗ ਦੇਣ ਲਈ ਜਾਰੀ ਕੀਤੇ ਗਏ ਸਨ।ਸਿੱਖਾਂ ਵਿੱਚ ਸ਼ੋਸ਼ਲ ਮੀਡੀਏ ਦੇ ਜਰੀਏ ਇਹ ਖਬਰਾਂ ਅੱਗ ਵਾਂਗੂ ਫੈਲ ਗਈਆਂ ਸਨ, ਜਿਸ ਕਾਰਨ ਸਿੱਖਾਂ ਅੰਦਰ ਪੈਦਾ ਹੋਏ ਰੋਸ ਨੇ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਹੁਣ ਸਵਾਲ ਇਹ ਉੱਠਦਾ ਹੈ ਕਿ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਮੁੱਖ ਸਕੱਤਰ ਅਤੇ ਅਕਾਲ ਤਖਤ ਸਾਹਿਬ ਤੇ ਕਾਬਜ, ਪੁਜਾਰੀ ਸ੍ਰੇਣੀ ਦੇ ਨੁਮਾਇੰਦੇ ਅਤੇ ਜਥੇਦਾਰ ਦੇ ਨਾਮ ਤੇ ਕਾਲਾ ਧੱਬਾ ਲਾਉਣ ਵਾਲੇ ਬੱਜ਼ਰ ਗੁਨਾਹਗਾਰ ਗਿਆਨੀ ਗੁਰਬਚਨ ਸਿੰਘ ਨੂੰ ਇਹ ਫਿਲਮ ਬਨਾਉਣ ਵਾਲਿਆਂ ਨੂੰ ਹਰ ਤਰਾਂ ਦਾ ਸਹਿਯੋਗ ਦਿੱਤੇ ਜਾਣ ਅਤੇ ਫਿਲਮ ਬਨਾਉਣ ਵਾਲਿਆਂ ਨੂੰ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਸੰਸਾ ਪੱਤਰ ਦਿੱਤੇ ਜਾਣ ਦੀਆਂ ਹਦਾਇਤਾਂ ਕਿੱਥੋ ਮਿਲੀਆਂ ਸਨ ? ਇਹ ਸੋਚਣ ਵਿਚਾਰਨ ਵਾਲੀ ਗੱਲ ਤਾਂ ਹੈ ਹੀ,ਸਗੋਂ ਸੋਚ ਵਿਚਾਰਨ ਤੋਂ ਬਾਅਦ ਇਸ ਸਾਜਿਸ਼ ਦੀ ਤਹਿ ਤੱਕ ਜਾਣ ਦਾ ਸਮਾ ਵੀ ਆ ਚੱੁਕਾ ਹੈ, ਤਾਂ ਕਿ ਸਿੱਖੀ ਦੀਆਂ ਜੜਾਂ ਚ ਦਾਤੀ ਪਾਈ ਬੈਠੀਆਂ ਉਹਨਾਂ ਤਾਕਤਾਂ ਨੂੰ ਬੇਨਕਾਬ ਕੀਤਾ ਜਾ ਸਕੇ। ਪਿਛਲੇ ਤਿੰਨ ਸਾਲਾਂ ਤੋਂ ਲਟਕ ਰਹੀ ਗੁਰੂ ਨਾਨਕ ਸਹਿਬ ਅਤੇ ਉਹਨਾਂ ਦੇ ਪਰਿਵਾਰ ਦੇ ਸਵਾਂਗ ਵਾਲੀ ਇਸ ਫਿਲਮ ਨੂੰ ਹੁਣ ਦੁਵਾਰਾ ਕਿਹੜੀਆਂ ਸੋਧਾਂ ਨਾਲ ਜਾਰੀ ਕੀਤਾ ਜਾ ਰਿਹਾ ਹੈ, ਜਿਸ ਲਈ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਚੁੱਪ ਚਪੀਤੇ, ਪਰ ਪੂਰੀ ਤਨਦੇਹੀ ਨਾਲ ਯਤਨ ਕਰ ਰਹੀ ਸੀ। ਇਹਦਾ ਜਵਾਬ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਤੇ ਕਾਬਜ ਲੋਕ ਕਦੇ ਵੀ ਨਹੀ ਦੇਣਗੇ ਅਤੇ ਨਾ ਹੀ ਉਹ ਫਿਲਮ ਨੂੰ ਸਿਨੇਮਿਆਂ ਚ ਆਉਣ ਤੋਂ ਰੋਕਣ ਲਈ ਕੋਈ ਯਤਨ ਕਰ ਸਕਦੇ ਹਨ, ਕਿਉਂਕਿ ਉਹਨਾਂ ਨੂੰ ਤਾਂ ਉਹਨਾਂ ਦੇ ਅਕਾਵਾਂ ਵੱਲੋਂ ਹਦਾਇਤਾਂ ਸਹਿਯੋਗ ਦੀਆਂ ਮਿਲੀਆਂ ਸਨ, ਇਹ ਤਾਂ ਸਿੱਖ ਕੌਂਮ ਦੇ ਗੁੱਸੇ ਕਰਕੇ ੳੇਹਨਾਂ ਨੂੰ ਕੁੱਝ ਪਿੱਛੇ ਹਟਣਾ ਪਿਆ ਹੈ,ਉਂਜ ਤਾ ਅੱਜ ਵੀ ਉਹ ਨਾਗਪੁਰ ਨਾਲ ਵਫਾਦਾਰੀ ਪਾਲ਼ ਰਹੇ ਹਨ।ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਪੂਰੀ ਤਰਾਂ ਆਰ ਐਸ ਐਸ ਦੇ ਨਿਯੰਤਰਣ ਹੇਠ ਚੱਲ ਰਹੀ ਹੈ।
ਜੇ ਕਰ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਪਰਧਾਨ, ਸਕੱਤਰ ਜਾਂ ਪੁਜਾਰੀ ਸਾਡੇ ਇਸ ਦਾਅਵੇ ਤੇ ਕਿੰਤੂ ਕਰਨ ਦੀ ਹਿੰਮਤ ਕਰਦੇ ਹਨ ਤਾ ਉਹ ਸਪੱਸਟ ਕਰਨ ਕਿ ਉਹਨਾਂ ਨੂੰ ਫਿਲਮ ਚਲਾਉਣ ਵਿੱਚ ਸਹਿਯੋਗ ਕਰਨ ਦੀ ਕਿਹੜੀ ਮਜਬੂਰੀ ਸੀ? ਕੀ ਤਿੰਨ ਸਾਲਾਂ ਤੋਂ ਵਿਵਾਦਾਂ ਵਿੱਚ ਘਿਰੀ ਫਿਲਮ ਦੇ ਸਿੱਖੀ ਸਿਧਾਤਾਂ ਨੂੰ ਮਲੀਅਮੇਟ ਕਰਨ ਵਾਰੇ ਉਹਨਾਂ ਨੂੰ ਕੋਈ ਭੁਲੇਖਾ ਰਹਿ ਗਿਆ ਸੀ ? ਕੀ ਉਹਨਾਂ ਨੇ ਫਿਲਮ ਦੇਖਣ ਤੋਂ ਬਾਅਦ ਕੌਮ ਨੂੰ ਇਸ ਭੁਲੇਖੇ ਵਿੱਚ ਨਹੀ ਰੱਖਿਆ ਕਿ ਫਿਲਮ ਵਿੱਚ ਕੁੱਝ ਵੀ ਗਲਤ ਨਹੀ ਹੈ ? ਏਥੇ ਹੀ ਬੱਸ ਨਹੀ ਆਰ ਐਸ ਐਸ ਨੇ ਸਿੱਖ ਕੌਂਮ ਨੂੰ ਚਾਰ ਚੁਫੇਰੇ ਤੋਂ ਘੇਰਨ ਵਿੱਚ ਸਫਲਤਾ ਹਾਸਲ ਕਰ ਲਈ। ਨਾਗਪੁਰ ਵੱਲੋਂ ਸਿੱਖੀ ਨੂੰ ਖੋਰਾ ਲਾਉਣ ਲਈ ਜਿੱਥੇ ਹਰ ਤਰਾਂ ਦੇ ਹਥਕੰਡੇ ਅਪਣਾਏ ਜਾ ਰਹੇ ਹਨ, ਓਥੇ ਸਿੱਖ ਕੌਮ ਨੂੰ ਪਾੜਨ ਲਈ ਵੱਖ ਵੱਖ ਸੰਸਥਾਵਾਂ,ਸੰਪਰਦਾਵਾਂ ਵਿੱਚ ਵੀ ਅਪਣੇ ਪੈਰ ਅੰਦਰ ਤੱਕ ਕਾਮਯਾਬੀ ਨਾਲ ਪਸਾਰ ਲਏ ਹੋਏ ਹਨ। ਪਿਛਲੇ ਦਿਨੀ ਹਰਿਆਣੇ ਦੇ ਚਰਚਿਤ ਸਹਿਰ ਸਿਰਸਾ ਵਿੱਚ ਹੋਏ ਨਾਮਧਾਰੀਆਂ ਦੇ ਇੱਕ ਵੱਡੇ ਸਮਾਗਮ ਵਿੱਚ ਆਰ ਐਸ ਐਸ ਮੁਖੀ ਡਾ ਮੋਹਨ ਭਾਗਵਤ ਦਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਾ ਦਰਸਾਉਦਾ ਹੈ ਕਿ ਸਿੱਖ ਸੰਪਰਦਾਵਾਂ ਵਿੱਚ ਕਿਸ ਹੱਦ ਤੱਕ ਆਰ ਐਸ ਐਸ ਭਾਰੀ ਪੈਂਦੀ ਜਾ ਰਹੀ ਹੈ। ਉਸ ਸਮਾਗਮ ਵਿੱਚ ਨਾਮਧਾਰੀ ਸੰਪਰਦਾਇ ਦੇ ਇੱਕ ਧੜੇ ਦੇ ਮੁਖੀ ਵੱਲੋਂ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਨਾਮਧਾਰੀ ਸੰਗਤ ਵੱਲੋਂ ਕਰਵਾਉਣ ਦਾ ਕੀਤਾ ਗਿਆ ਐਲਾਨ ਮਹਿਜ ਨਾਟਕ ਨਹੀ ਹੈ, ਬਲਕਿ ਇਸ ਬਿਆਨ ਦੇ ਪਿੱਛੇ ਖੜੀਆਂ ਤਾਕਤਾਂ ਬਹੁਤ ਵੱਡੇ ਇੱਕ ਹੋਰ ਛੜਯੰਤਰ ਨੂੰ ਅੰਜਾਮ ਦੇਣ ਲਈ ਯਤਨਸ਼ੀਲ ਹਨ ਜਿਹੜਾ ਸਿੱਖਾਂ ਅਤੇ ਮੁਸਲਮਾਨਾਂ ਦੇ ਸਬੰਧਾਂ ਵਿੱਚ ਬੜੀ ਖਤਰਨਾਕ ਦਰਾਰ ਪੈਦਾ ਕਰ ਦੇਵੇਗਾ। ਇਹ ਬਿਆਨ ਨਾਮਧਾਰੀ ਮੁਖੀ ਦਾ ਮਹਿਜ ਸ਼ੁਰਖੀਆਂ ਵਟੋਰਨ ਲਈ ਛੱਡਿਆ ਗਿਆ ਸ਼ੋਸਾ ਹੀ ਨਹੀ ਬਲਕਿ ਇਸ ਪਿੱਛੇ ਆਰ ਐਸ ਐਸ ਦਾ ਦਿਮਾਗ ਹੀ ਕੰਮ ਕਰਦਾ ਹੈ ਜਿਸ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਖੁਦ ਸੰਘ ਮੁੱਖੀ ਮੋਹਨ ਭਾਗਵਤ ਨੇ ਸਿਰਸਾ ਸਮਾਗਮ ਵਿੱਚ ਪਹੁੰਚ ਕੇ ਸ਼ੁਰੂਆਤ ਕਰਵਾਈ ਹੈ। ਨਾਮਧਾਰੀ ਮੁਖੀ ਨੇ ਇਹ ਬਿਆਨ ਤੋ ਪਹਿਲਾਂ ਵੀ ਆਰ ਐਸ ਐਸ ਦੇ ਹੈਡਕੁਆਰਟਰ ਦੀਆਂ ਹਦਾਇਤਾਂ ਅਨੁਸਾਰ ਬਹੁਤ ਵਾਰ ਗੁਰਬਾਣੀ ਦੇ ਅਰਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਅਵੱਗਿਆ ਕੀਤੀ ਹੈ ਤੇ ਹੁਣ ਵੀ ਲਗਾਤਾਰ ਕਰ ਰਿਹਾ ਹੈ, ਸਿਰਸਾ ਵਿੱਚ ਰਾਮ ਨੌਂਵੀਂ ਮੌਕੇ ਹਿੰਦੂ ਸਿੱਖ ਏਕਤਾ ਦੇ ਨਾਮ ਤੇ ਕਰਵਾਏ ਗਏ ਸਮਾਗਮ ਦੇ ਇਸਤਿਹਾਰ ਵਿੱਚ ਇੱਕ ਪਾਸੇ ਸ੍ਰੀ ਰਾਮਚੰਦਰ ਦੀ ਫੋਟੋ ਲਾਕੇ ਉਹਨਾਂ ਨੂੰ ਸਤਿਗੁਰੂ ਸ੍ਰੀ ਰਾਮ ਚੰਦਰ ਲਿੱਖਿਆ ਗਿਆ ਹੈ ਤੇ ਦੂਜੇ ਪਾਸੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੀ ਤਸਵੀਰ ਲਾਈ ਗਈ ਹੈ,ਏਸੇ ਇਸਤਿਹਾਰ ਦੇ ਵਿਚਕਾਰ ਇੱਕ ਪਾਸੇ ਦਲੀਪ ਸਿੰਘ ਦੀ ਤਸਵੀਰ ਅਤੇ ਬਰਾਬਰ ਮੋਹਨ ਭਾਗਵਤ ਦੀ ਫੋਟੋ ਲਾ ਕੇ ਸਿੱਖੀ ਦੀ ਖਿਲੀ ਉਡਾਈ ਗਈ ਹੈ,ਪਰ ਅਫਸੋਸ ਕਿ ਸਿੱਖ ਅਜੇ ਵੀ ਅਜਿਹੀਆਂ ਕੌਂਮ ਵਿਰੋਧੀ ਕਾਰਵਾਈਆਂ ਵਿੱਚ ਮੂਕ ਦਰਸਕ ਵਾਲੀ ਭੂਮਿਕਾ ਹੀ ਨਹੀ ਨਿਭਾ ਰਹੇ ਬਲਕਿ ਭਾਗੀਦਾਰ ਬਣਨ ਦੀ ਗੁਸਤਾਖੀ ਵੀ ਕਰ ਰਹੇ ਹਨ।ਸਿਰਸਾ ਦੇ ਆਲੇ ਦੁਆਲੇ ਵਸੇ ਚਾਲੀ ਪਿੰਡ ਨਾਮਧਾਰੀਆਂ ਦੇ ਹਨ, ਉਹਨਾਂ ਵਿੱਚੋ ਕਿੰਨੇ ਕੁ ਸਿੱਖ ਇਸ ਗੱਲ ਪ੍ਰਤੀ ਸੁਚੇਤ ਹਨ, ਇਸ ਦਾ ਅੰਦਾਜਾ ਇਸ ਸਮਾਗਮ ਵਿੱਚ ਸਿੱਖਾਂ ਵੱਲੋਂ ਕੀਤੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ।ਇੱਥੇ ਮੇਰੇ ਵੱਲੋਂ ਇਹ ਦੋਨੋ ਅਲੱਗ ਅਲੱਗ ਵਿਸ਼ਿਆਂ ਨੂੰ ਇੱਕੋ ਥਾਂ ਸਮੇਟ ਕੇ ਇਹੋ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸਤਰਾਂ ਹਰ ਪਾਸੇ ਤੋਂ ਸਿੱਖੀ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਜੇ ਇੱਕ ਪਾਸੇ ਸਿੱਖ ਇਤਿਹਾਸ ਨੂੰ ਬਿਗਾੜਨ ਵਾਲੀਆਂ ਤੇ ਸਿੱਖੀ ਸਿਧਾਤਾਂ ਦੇ ਉਲਟ ਫਿਲਮਾਂ ਬਣਾਈਆਂ ਜਾ ਰਹੀਆਂ ਹਨ ਤਾਂ ਦੂਜੇ ਪਾਸੇ ਗੁਰ ਮਰਯਾਦਾ ਵਿੱਚ ਬਰਾਹਮਣੀ ਰਹੁ ਰੀਤਾਂ ਰਲਗੱਡ ਕਰਵਾ ਦਿੱਤੀਆਂ ਗਈਆਂ ਹਨ। ਜੇਕਰ ਇੱਕ ਪਾਸੇ ਸਿੱਖੀ ਦੀ ਵੱਖਰੀ ਪਛਾਣ ਖਤਮ ਕਰਵਾਉਣ ਲਈ ਸਿੱਖ ਸੰਪਰਦਾਵਾਂ ਦਾ ਸਹਾਰਾ ਲਿਆ ਜਾ ਰਿਹਾ ਹੈ, ਤਾਂ ਦੂਜੇ ਪਾਸੇ ਤੋਂ ਨਾਮਧਾਰੀ ਵਰਗੀਆਂ ਸੰਪਰਦਾਵਾਂ ਰਾਹੀ ਅਜਿਹੀਆਂ ਖਤਰਨਾਕ ਖੇਡਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਘੱਟ ਗਿਣਤੀਆਂ ਨੂੰ ਆਪਸ ਵਿੱਚ ਲੜਾਇਆ ਜਾਵੇਗਾ, ਤਾਂ ਕਿ ਉਹਨਾਂ ਨੂੰ ਕਮਜੋਰ ਕਰਕੇ ਹਿੰਦੂ ਕੱਟੜਵਾਦ ਦਾ ਪਸਾਰਾ ਕਰਨ ਵਾਲੇ ਮਨਸੂਬਿਆਂ ਵਿੱਚ ਸਫਲਤਾ ਹਾਸਲ ਕੀਤੀ ਜਾ ਸਕੇ। ਸੋ ਸਿੱਖੀ ਤੇ ਹੋ ਰਹੇ ਚਾਰ ਚੁਫੇਰੇ ਤੋਂ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਸਮੁੱਚੀ ਕੌਂਮ ਨੂੰ ਸੁਚੇਤ ਹੋਣ ਦੀ ਲੋੜ ਹੈ, ਤਾਂ ਕਿ ਪਿੱਠ ਵਿੱਚ ਛੁਰਾ ਖੋਭਣ ਵਾਲਿਆਂ ਨੂੰ ਮਾਤ ਦਿੱਤੀ ਜਾ ਸਕੇ।

ਬਘੇਲ ਸਿੰਘ ਧਾਲੀਵਾਲ
99142-58142

Share Button

Leave a Reply

Your email address will not be published. Required fields are marked *