ਨਾਨਕਸ਼ਾਹੀ ਕੈਲੰਡਰ ਮੁੱਦੇ ‘ਤੇ ਜਥੇਦਾਰ ਭੌਰ ਨੇ ਖੋਲੇ ਗੁੱਝੇ ਭੇਤ

ss1

ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਵਾਲੇ ਦਿਨ ਹੀ ਹੋਵੇਗਾ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ
ਨਾਨਕਸ਼ਾਹੀ ਕੈਲੰਡਰ ਮੁੱਦੇ ‘ਤੇ ਜਥੇਦਾਰ ਭੌਰ ਨੇ ਖੋਲੇ ਗੁੱਝੇ ਭੇਤ
ਮੱਕੜ ਨੇ ਕਿਹਾ ਸੀ, ਸਾਨੂੰ ਉਪਰੋਂ ਹੁਕਮ ਹੈ, ਅਸੀਂ ਟਾਲ ਨਹੀ ਸਕਦੇ: ਭੌਰ

ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ: ਖਾਲਸਾ ਪੰਥ ਦੀ ਅੱਡਰੀ ਪਹਿਚਾਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਬਾਰੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕਈ ਗੁੱਝੇ ਭੇਤ ਖੋਲੇ ਹਨ। ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਉਨਾਂ ਇਸ ਗੱਲ ਤੇ ਡੂੰਘਾ ਅਫਸੋਸ ਜਾਹਿਰ ਕੀਤਾ ਕਿ ਸਿੱਖ ਆਗੂਆਂ ਦੀ ਨਲਾਇਕੀ ਕਾਰਨ ਕੌਮ ਨੂੰ ਜਲੀਲ ਹੋਣਾ ਪੈ ਰਿਹਾ ਹੈ। ਉਨਾਂ ਕਿਹਾ ਇਸ ਮਿਲਗੋਭਾ ਕੈਲੰਡਰ ਕਾਰਨ ਇਸ ਵਾਰੀ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਵਾਲੇ ਦਿਨ ਹੀ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਹੈ। ਹੁਣ ਫਿਰ ਸਿੰਘ ਸਹਿਬਾਨ ਮੀਟਿੰਗ ਕਰਨਗੇ ਅਤੇ ਤਰੀਕ ਬਦਲ ਦੇਣਗੇ ਲੋਕ ਕੌਮ ਦਾ ਮਜ਼ਾਕ ਉਡਾਉਣਗੇ ਕਿ ਇੰਨਾਂ ਦਾ ਕੈਲੰਡਰ ਗਣਿਤ ਮੁਤਾਬਿਕ ਨਹੀਂ, ਸਗੋਂ ਵਿਅਕਤੀਆਂ ਦੀ ਇੱਛਾ ਮੁਤਾਬਿਕ ਚਲਦਾ ਹੈ।
ਉਨਾਂ ਕਿਹਾ ਹਰ ਕੌਮ ਦਾ ਆਪੋ ਆਪਣਾ ਕੌਮੀ ਕੈਲੰਡਰ ਹੈ। ਈਸਾਈਆਂ , ਜੈਨੀਆਂ , ਬੋਧੀਆਂ ,ਹਿੰਦੂਆਂ ,ਮੁਸਲਮਾਨਾਂ ਅਤੇ ਪਾਰਸੀਆਂ ਆਦਿ ਦੇ ਆਪੋ ਆਪਣੇ ਕੈਲੰਡਰ ਹਨ, ਜਿਸ ਅਨੁਸਾਰ ਉਹ ਆਪੋ ਆਪਣੇ ਦਿਨ ਤਿਉਹਾਰ ਮਨਾਉਂਦੇ ਹਨ।
ਖਾਲਸਾ ਪੰਥ ਨੇ ਵੀ ਬੜੀ ਜਦੋਜਹਿਦ ਤੋਂ ਬਾਅਦ 2003 ਵਿੱਚ ਨਾਨਕਸ਼ਾਹੀ ਕੈਲੰਡਰ ਹੋਂਦ ਵਿੱਚ ਲਿਆਂਦਾ ਜੋ 2010 ਤਕ ਚਲਦਾ ਰਿਹਾ। ਕੈਨੇਡਾ ,ਅਮਰੀਕਾ ,ਇੰਗਲੈਂਡ ਅਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਨੇ ਵੀ ਇਸ ਨੂੰ ਮਾਨਤਾ ਦਿੱਤੀ , ਭਾਰਤ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੇ ਵੀ ਇਸ ਅਨੁਸਾਰ ਹੀ ਗੁਰਪੁਰਬਾਂ ਦੀਆਂ ਤਰੀਕਾਂ ਤਹਿ ਕਰ ਦਿੱਤੀਆਂ ਸਨ।
ਪਰ ਕੁੱਝ ਆਪਣਿਆਂ ਨੂੰ ਹੀ ਕੌਮ ਦੀ ਅੱਡਰੀ ਹਸਤੀ ਦਾ ਪ੍ਰਤੀਕ , ਇਹ ਕੈਲੰਡਰ ਰੜਕਣ ਲੱਗ ਪਿਆ। ਉਨਾਂ ਇਸ ਵਿੱਚ ਕੁੱਝ ਖਾਮੀਆਂ ਦੱਸਦਿਆਂ ਇਸ ਦੇ ਮੁਕੰਮਲ ਖਾਤਮੇ ਦੀਆਂ ਗੋਂਦਾਂ ਗੁੰਦਨੀਆਂ ਸ਼ੁਰੂ ਕਰ ਦਿੱਤੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਉਪਰੰਤ ਜਾਰੀ ਹੋਏ ਇਸ ਕੈਲੰਡਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਰਾਹੀਂ ਹੀ ਖ਼ਤਮ ਕਰਨ ਦੀ ਗੰਭੀਰ ਸਾਜਿਸ਼ ਰਚੀ ਗਈ। ਇਸ ਵਿਚਲੀਆਂ ਤਰੁਟੀਆਂ ਦੂਰ ਕਰਨ ਲਈ ਜਥੇ : ਅਵਤਾਰ ਸਿੰਘ ਮੱਕੜ ਅਤੇ ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਧੂੰਮਾਂ ਤੇ ਅਧਾਰਿਤ ਦੋ ਮੈਂਬਰੀ ਕਮੇਟੀ ਬਣਾਈ ਗਈ , ਜੋ ਦੋਨੋ ਹੀ ਕੈਲੰਡਰ ਮਾਹਰ ਵੀ ਨਹੀਂ ਸਨ। ਇਸ ਕਮੇਟੀ ਨੇ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਦੇ ਮੁਕੰਮਲ ਖਾਤਮੇ ਦੀ ਰਿਪੋਰਟ ਦੇ ਦਿੱਤੀ। ਇਸ ਨੂੰ ਪ੍ਰਵਾਨ ਕਰਾਉਣ ਲਈ ਅੰਤ੍ਰਿੰਗ ਕਮੇਟੀ ਵਿੱਚ ਲੈ ਕੇ ਆਉਣਾ ਪੈਣਾ ਸੀ।
ਜਥੇਦਾਰ ਭੌਰ ਨੇ ਦੱਸਿਆ ਕਿ 72 ਘੰਟਿਆਂ ਦੇ ਨੋਟਿਸ ਤੇ ਇਕ ਵਿਸ਼ੇਸ਼ ਐਮਰਜੈਂਸੀ ਮੀਟਿੰਗ ਬੁਲਾਈ ਗਈ ,ਜਿਸ ਵਿੱਚ ਦੋ ਮੈਂਬਰੀ ਕਮੇਟੀ ਦੀ ਰਿਪੋਰਟ ਵਿਚਾਰੀ ਜਾਣੀ ਸੀ। ਉਨਾਂ ਕਿਹਾ ਸੁਖਬੀਰ ਸਿੰਘ ਬਾਦਲ ਨੇ ਖੁੱਦ ਹਰ ਅਹੁਦੇਦਾਰ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਨੂੰ ਫੋਨ ਕਰ ਕੇ ਹਦਾਇਤਾਂ ਜਾਰੀ ਕੀਤੀਆਂ। ਮੀਟਿੰਗ ਸ਼ੁਰੂ ਹੁੰਦਿਆਂ ਹੀ ਕੁੱਝ ਮੈਂਬਰਾਂ ਵਲੋਂ ਜੈਕਾਰਾ ਛੱਡ ਕੇ ਤਜਵੀਜ਼ਾਂ ਪ੍ਰਵਾਨ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਮੈਂ ਉੱਠ ਕੇ ਖੜਾ ਹੋ ਗਿਆ ਅਤੇ ਵਿਚਾਰ ਚਰਚਾ ਲਈ ਪ੍ਰਧਾਨ ਨੂੰ ਸਹਿਮਤ ਕਰ ਲਿਆ। ਮੇਰੀ ਦਲੀਲ ਸੀ ਕਿ ਕਮੇਟੀ ਦੀ ਰਿਪੋਰਟ ਪੇਸ਼ ਕਰੋ ਤਾਂ ਜੋ ਰਿਪੋਰਟ ਤੇ ਚਰਚਾ ਕੀਤੀ ਜਾਵੇ ਪਰ ਕੋਈ ਰਿਪੋਰਟ ਪੇਸ਼ ਨਾਂ ਕੀਤੀ ਗਈ। ਤਕਰੀਬਨ ਦੋ ਘੰਟੇ ਮੈਂ ਸਵਾਲ ਪੁੱਛਦਾ ਰਿਹਾ ਜਿਸ ਦਾ ਮੈਨੂੰ ਕੋਈ ਉੱਤਰ ਨਾ ਮਿਲਿਆ । ਮੈਂ ਪ੍ਰਧਾਨ ਨੂੰ ਪੁੱਛਿਆ ਕਿ ਤੁਸੀਂ ਦੋ ਮੈਂਬਰੀ ਕਮੇਟੀ ਦੇ ਮੈਂਬਰ ਹੋ ਤੁਸੀਂ ਸਾਨੂੰ ਕੋਈ ਜਵਾਬ ਨਹੀਂ ਦੇ ਰਹੇ ,ਕੌਮ ਨੂੰ ਕੀ ਉੱਤਰ ਦੇਵੋਗੇ ? ਪ੍ਰਧਾਨ ਦੇ ਮੂੰਹੋਂ ਝੱਟ ਨਿਕਲ ਗਿਆ ਕਿ ਗੱਲਾਂ ਤੁਹਾਡੀਆਂ ਠੀਕ ਹਨ ਪਰ ਸਾਨੂੰ ਉੱਪਰੋਂ ਹੁਕਮ ਹੈ ਜਿਸ ਨੂੰ ਅਸੀਂ ਨਹੀਂ ਟਾਲ ਸਕਦੇ। ਕੁੱਝ ਹੋਰ ਮੈਂਬਰ ਵੀ ਮੇਰੇ ਨਾਲ ਸਹਿਮਤ ਸਨ ਪਰ ਉੱਪਰਲੇ ਹੁਕਮ ਅਗੇ ਗੋਡੇ ਟੇਕ ਗਏ।
ਮੈਂ ਬਤੌਰ ਜਨਰਲ ਸਕੱਤਰ , ਕਰਨੈਲ ਸਿੰਘ ਪੰਜੋਲੀ ਅਤੇ ਬੀਬੀ ਰਵਿੰਦਰ ਕੌਰ ਨੇ ਅਸਹਿਮਤੀ ਦਾ ਨੋਟ ਦਰਜ਼ ਕਰਵਾ ਕੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਅਤੇ ਬਾਕੀ ਰਹਿ ਗਏ ਮੈਂਬਰਾਂ ਨੇ ਬਹੁਸੰਮਤੀ ਨਾਲ ਧੂੰਮਾ -ਮੱਕੜ ਕਮੇਟੀ ਦੀਆਂ ਅਖੌਤੀ ਤਜਵੀਜ਼ਾਂ ਪ੍ਰਵਾਨ ਕਰਕੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਦਿੱਤਾ ਗਿਆ।

Share Button

Leave a Reply

Your email address will not be published. Required fields are marked *