ਨਾਦ ਪ੍ਰਗਾਸੁ ਸਾਹਿਤ ਉਤਸਵ-2018 ਉਤਸ਼ਾਹ ਨਾਲ ਸੰਪੰਨ

ss1

ਨਾਦ ਪ੍ਰਗਾਸੁ ਸਾਹਿਤ ਉਤਸਵ-2018 ਉਤਸ਼ਾਹ ਨਾਲ ਸੰਪੰਨ
‘ਚੜ੍ਹਿਆ ਬਸੰਤ’ ਗਿਆਨ ਭਰਪੂਰ ਦਿਸ਼ਾ ਦੇਣ ਦੇ ਸਮਰੱਥ: ਸੁਰਜੀਤ ਪਾਤਰ
ਬਸੰਤ ਰਾਗ ਗਾਇਨ ਅਤੇ ਵਾਦਨ ਨੇ ਸਰੋਤੇ ਲਾਏ ਝੂਮਣ
ਪੁਸਤਕ ਅਤੇ ਚਿਤਰਕਲਾ ਪ੍ਰਦਰਸ਼ਨੀਆਂ ਰਹੀਆਂ ਖਿੱਚ ਦਾ ਕੇਂਦਰ
ਪੰਜਾਬੀ ਦੀਆਂ ਉਪ ਬੋਲੀਆਂ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ

ਅੰਮ੍ਰਿਤਸਰ (28 ਫਰਵਰੀ 2018) “ਨਾਦ ਪ੍ਰਗਾਸੁ ਸੰਸਥਾ ਨੇ ਪੰਜਾਬੀ ਸਾਹਿਤ ਚਿੰਤਨ ਵਿਚ ਨਵੀਂ ਸੰਵੇਦਨਾ ਅਤੇ ਨਵੀਂ ਸਮਝ ਪੈਦਾ ਕਰਕੇ ਪੰਜਾਬੀ ਵਿਚ ਇਕ ਸੱਜਰਾਪਣ ਲਿਆਂਦਾ ਹੈ ਜਿਸ ਨਾਲ ਪੰਜਾਬ ਦੇ ਵਿਦਿਆਰਥੀਆਂ ਨੂੰ ਗਿਆਨ ਭਰਪੂਰ ਦਿਸ਼ਾ ਮਿਲਣ ਦੀ ਆਸ ਪੈਦਾ ਹੋਈ ਹੈ।“ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਇਥੇ ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਖਾਲਸਾ ਕਾਲਜ ਫਾਰ ਵਿਮਨ ਵਿਖੇ ਕਰਵਾਏ ਗਏ ਸਾਹਿਤ ਉਤਸਵ ਦੇ ਦੂਜੇ ਅਤੇ ਆਖਰੀ ਦਿਨ ਹੋਏ ਚੜ੍ਹਿਆ ਬਸੰਤ ਕਵੀ ਦਰਬਾਰ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਦੇ ਸ਼੍ਰੋਮਣੀ ਕਵੀ ਪਦਮਸ਼੍ਰੀ ਸੁਰਜੀਤ ਪਾਤਰ ਨੇ ਕਹੇ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਕੁੱਝ ਨਵੀਆਂ ਰਚਨਾਵਾਂ ਤਰਨੁੰਮ ਵਿਚ ਗਾ ਕੇ ਵੀ ਸੁਣਾਈਆਂ।
ਇਹ ਕਵੀ ਦਰਬਾਰ ਅੱਜ ਸਵੇਰੇ ਦਿਲਰੁਬਾ ਵਾਦਨ ਦੇ ਨਾਲ ਆਰੰਭ ਹੋਇਆ ਅਤੇ ਇਸ ਤੋਂ ਬਾਅਦ ਬੋਦਲਾਂ ਘਰਾਣੇ ਤੋਂ ਸਤਨਿੰਦਰ ਸਿੰਘ ਨੇ ਬਸੰਤ ਰਾਗ ਦਾ ਗਾਇਨ ਕਰਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਬਾਅਦ ਵਿਚ ਖਾਲਸਾ ਕਾਲਜ ਫਾਰ ਵਿਮਨ ਦੇ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਆਏ ਸਮੂਹ ਵਿਦਿਆਰਥੀਆਂ, ਵਿਦਵਾਨਾਂ, ਕਵੀਆਂ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਵਿਦਿਆਰਥੀਆਂ ਵਿਚ ਇਕ ਨਵਾਂ ਉਤਸ਼ਾਹ ਪੈਦਾ ਹੁੰਦਾ ਹੈ ਜੋ ਉਨ੍ਹਾਂ ਦੇ ਬੌਧਿਕ ਵਿਕਾਸ ਲਈ ਬੇਹੱਦ ਜਰੂਰੀ ਹੈ। ਇਸ ਮੌਕੇ ਉਨ੍ਹਾਂ ਨੇ ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਕੀਤੀਆਂ ਜਾਂਦੀਆਂ ਅਕਾਦਮਿਕ ਗਤੀਵਿਧੀਆਂ ਅਤੇ ਖੋਜ ਪ੍ਰੋਜੈਕਟਾਂ ਬਾਰੇ ਵੀ ਆਏ ਸਰੋਤਿਆਂ ਨੂੰ ਜਾਣਕਾਰੀ ਦਿੱਤੀ।
ਮੁੱਖ ਮਹਿਮਾਨ ਵਜੋਂ ਹਾਜਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਦੇ ਵਾਈਸ ਚਾਂਸਲਰ ਡਾ. ਜਤਿੰਦਰ ਸਿੰਘ ਬੱਲ ਨੇ ਬਸੰਤ ਰੁਤ ਦੇ ਪੰਜਾਬੀ ਸਾਹਿਤ ਅਤੇ ਪਰੰਪਰਾ ਵਿਚ ਪਏ ਮਹੱਤਵਪੂਰਨ ਤੱਥਾਂ ਵੱਲ ਧਿਆਨ ਦਿਵਾਇਆ ਅਤੇ ਕਿਹਾ ਕਿ ਇਹ ਰੁਤ ਖੇੜੇ ਦੀ ਰੁੱਤ ਹੈ ਜਿਸ ਵਿਚ ਬਾਹਰੀ ਬਨਸਪਤੀ ਉਪਰ ਬਹਾਰ ਆਉਣ ਨਾਲ ਮਨੁੱਖੀ ਮਨ ਤੇ ਬੁੱਧੀ ਵੀ ਖਿੜਦੀ ਹੈ।
ਅੱਜ ਦੇ ਇਸ ਕਵੀ ਦਰਬਾਰ ਵਿਚ ਡਾ. ਮਨਮੋਹਨ, ਡਾ. ਰਵਿੰਦਰ, ਵਿਜੇ ਵਿਵੇਕ, ਸੁਖਵਿੰਦਰ ਅੰਮ੍ਰਿਤ, ਮਨਜੀਤ ਇੰਦਰਾ, ਹਰਪ੍ਰੀਤ ਸਿੰਘ, ਜੋਗਿੰਦਰ ਸਿੰਘ, ਪ੍ਰੋ. ਗੁਰਦੇਵ ਸਿੰਘ, ਸੁਰਿੰਦਰ ਸਿੰਘ, ਦੇਵਰਾਜ ਅਤੇ ਗੁਰਪ੍ਰੀਤ ਕੌਰ ਨੇ ਪੰਜਾਬੀ ਵਿਚ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਵੀ ਦਰਬਾਰ ਉਸ ਵੇਲੇ ਆਪਣੇ ਸਿਖਰ ‘ਤੇ ਪਹੁੰਚ ਗਿਆ ਜਦੋਂ ਕਵੀ ਸੁਰਿੰਦਰ ਸਿੰਘ ਤਰੰਨੁਮ ਵਿਚ ਗਾ ਕੇ ਹੇਠ ਲਿਖੇ ਬੋਲ ਪੇਸ਼ ਕੀਤੇ:

ਝੰਗ ਦੀਏ ਪੌਣੇ ਜਾਵੀਂ ਤਖਤ ਹਜਾਰੇ ਨੀਂ
ਕਰੀ ਅਰਜ਼ੋਈ ਸਾਡੀ ਸਾਈਂ ਦੇ ਦੁਆਰੇ ਨੀਂ
ਲੱਖ ਜਨਮਾਂ ਥੀਂ ਲੱਖਾਂ ਝੰਗ ਦੇ ਕਿਆਮ ਨੀਂ
ਵੰਝਲੀ ਦੀ ਸੁਰ ਲੱਭੇ ਆਖਰੀ ਮੁਕਾਮ ਨੀਂ
ਭੇਤ ਪਈ ਰਬਾਬ ਜਿੱਥੇ ਅੰਬਰੋਂ ਉਤਾਰੇ ਨੀਂ

ਇਸ ਕਵੀ ਦਰਬਾਰ ਦੀ ਵਿਲੱਖਣਤਾ ਉਸ ਵੇਲੇ ਸਾਹਮਣੇ ਆਈ ਜਦੋਂ ਪੰਜਾਬੀ ਦੀਆਂ ਉਪ ਬੋਲੀਆਂ ਪਹਾੜੀ, ਗੋਜਰੀ ਅਤੇ ਡੋਗਰੀ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਇਕ ਵੱਖਰੇ ਅੰਦਾਜ਼ ਵਿਚ ਸਰੋਤਿਆਂ ਨੂੰ ਸੁਣਾਈਆਂ। ਇਨ੍ਹਾਂ ਕਵੀਆਂ ਵਿਚ ਪ੍ਰਵੇਜ਼ ਮਲਿਕ (ਪਹਾੜੀ), ਵਿਜਯਾ ਠਾਕੁਰ (ਡੋਗਰੀ), ਕਰੀਮ ਚੌਧਰੀ (ਗੋਜਰੀ) ਅਤੇ ਡਾ. ਚੰਚਲ ਹਸੀਨ (ਡੋਗਰੀ) ਆਦਿ ਸ਼ਾਮਿਲ ਸਨ। ਇਸ ਮੌਕੇ ਸੰਸਥਾ ਵੱਲੋਂ ਲਾਈਆਂ ਗਈਆਂ ਪੁਸਤਕ ਤੇ ਚਿਤਰਕਲਾ ਪ੍ਰਦਰਸ਼ਨੀਆਂ ਨੇ ਵਿਦਿਆਰਥੀਆਂ ਦਾ ਧਿਆਨ ਖਿੱਚੀ ਰੱਖਿਆ।
ਕਵੀ ਦਰਬਾਰ ਦੇ ਅੰਤ ਵਿਚ ਧੰਨਵਾਦੀ ਮਤਾ ਪੇਸ਼ ਕਰਦਿਆਂ ਪ੍ਰੋ. ਜਗਦੀਸ਼ ਸਿੰਘ ਨੇ ਕਿਹਾ ਕਿ ਸੰਸਥਾ ਵੱਲੋਂ ਕਰਵਾਏ ਜਾਂਦੇ ਸਮਾਗਮ ਪੰਜਾਬੀ ਸੁਹਜ ਸ਼ਾਸਤਰ ਦੀ ਮੌਲਿਕਤਾ ਨੂੰ ਧਿਆਨ ਵਿਚ ਰੱਖ ਕੇ ਆਯੋਜਤ ਕੀਤੇ ਜਾਂਦੇ ਹਨ, ਜਿਸ ਨਾਲ ਪੰਜਾਬ ਦੇ ਵਿਦਿਆਰਥੀਆਂ ਵਿਚ ਇਕ ਨਵੀਂ ਸੁਹਜ ਚੇਤਨਾ ਦਾ ਸੰਚਾਰ ਹੋ ਸਕੇ। ਕਵੀ ਦਰਬਾਰ ਦੀ ਸਮਾਪਤੀ ‘ਤੇ ਆਏ ਹੋਏ ਸਮੂਹ ਕਵੀਆਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ। ਇਸ ਕਵੀ ਦਰਬਾਰ ਵਿਚ ਸਟੇਜ ਸਕੱਤਰ ਦੀ ਭੂਮਿਕਾ ਡਾ. ਰੁਪਿੰਦਰਜੀਤ ਕੌਰ ਅਤੇ ਡਾ. ਅਮਰਜੀਤ ਸਿੰਘ ਨੇ ਬਾਖੂਬੀ ਨਿਭਾਈ।
ਸਾਹਿਤ ਉਤਸਵ ਦੇ ਪਹਿਲੇ ਦਿਨ ਕਰਵਾਏ ‘ਲਲਿਤ ਕਲਾ: ਗਿਆਨ ਸ਼ਾਸਤਰ ਅਤੇ ਅਭਿਆਸ ਪ੍ਰਕਿਰਿਆ’ ਵਿਸ਼ੇ ‘ਤੇ ਸੈਮੀਨਾਰ ਦੇ ਉਦਘਾਟਨੀ ਸਮਾਗਮ ਵਿਚ ਪ੍ਰੋ. ਭਲਕਾਰ ਸਿੰਘ ਨੇ ਕਿਹਾ ਕਿ ਪਰਿਵਰਤਨ ਇਕ ਅਟੱਲ ਨਿਯਮ ਹੈ ਪਰ ਇਸ ਦੀਆਂ ਜੜ੍ਹਾਂ ਤਾਂ ਹੀ ਮਜ਼ਬੂਤ ਹੁੰਦੀਆਂ ਹਨ ਜੇਕਰ ਇਹ ਚੇਤਨਾ ਵਿਚੋਂ ਪੈਦਾ ਹੋ ਰਿਹਾ ਹੋਵੇ। ਪੰਜਾਬ ਕੋਲ ਆਪਣਾ ਸਮਾਜਿਕ ਸਭਿਆਚਾਰਕ ਮਾਡਲ ਹੈ ਜਿਸ ਦਾ ਗਿਆਨ ਸ਼ਾਸਤਰ ਬਣਾਉਣ ਲਈ ਇਕ ਸਾਂਝੀ ਸਮਝ ਬਣਾਉਣੀ ਪਵੇਗੀ। ਮੌਜੂਦਾ ਸਮੇਂ ਵਿਚ ਹਾਸ਼ੀਆਗਤ ਸਰੋਕਾਰ ਕੇਂਦਰੀ ਸਥਾਨ ਗ੍ਰਹਿਣ ਕਰ ਚੁੱਕੇ ਹਨ ਅਤੇ ਕੇਂਦਰੀ ਮਹੱਤਵ ਦੇ ਪ੍ਰਸ਼ਨ ਸਾਡੇ ਜੀਵਨ ਵਿਚੋਂ ਜਾ ਚੁੱਕੇ ਹਨ। ਇਹ ਸਾਹਿਤ ਉਤਸਵ ਪ੍ਰਸੰਗਕਾਰ ਨੂੰ ਅਪਣਾਉਣ ਅਤੇ ਗੈਰ ਪ੍ਰਸੰਗਕ ਨੂੰ ਤਿਆਗਣ ਲਈ ਸਾਡੀ ਮਦਦ ਕਰੇਗਾ।
ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ “ਮੌਜੂਦਾ ਪੰਜਾਬੀ ਮਾਨਸਿਕਤਾ ਆਪਣੀ ਗੁਹਜ ਰੁਚੀਆਂ ਵਿਚ ਵਿਗਾੜ ਪੈਦਾ ਕਰੀ ਬੈਠੀ ਹੈ। ਜਿਸਦਾ ਪ੍ਰਮੁੱਖ ਕਾਰਨ ਹਸੁਜ ਸ਼ਾਸਤਰ ਦੀ ਅਣਹੋਂਦ ਹੈ ਸੋ ਅੱਜ ਦਾ ਇਹ ਸੈਮੀਨਾਰ ਪੰਜਾਬੀਆਂ ਦੇ ਗੁਹਜਵਾਦ ਨੂੰ ਮੁੜ ਲੀਹ ‘ਤੇ ਲਿਆਉਣ ਦਾ ਇਕ ਸ਼ਲਾਘਾਯੋਗ ਯਤਨ ਹੈ।“
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਮਨਮੋਹਨ ਨੇ ਕਿਹਾ ਕਿ ਹੁਣ ਇਕ ਨਵੀਂ ਕਿਸਮ ਦੀ ਵਿਸ਼ਵ ਜੰਗ ਲੱਗੀ ਹੋਈ ਹੈ ਜਿਸ ਵਿਚ ਨਾ ਪੈਸਾ ਵਰਤਿਆ ਜਾ ਰਿਹਾ ਹੈ ਨਾ ਹਥਿਆਰ ਬਲਕਿ ਵਿਚਾਰਾਂ ਨੂੰ ਹਥਿਆਰ ਵਾਂਗ ਵਰਤਿਆ ਜਾ ਰਿਹਾ ਹੈ। ਸਾਡਾ ਸਾਹਿਤ, ਸੰਗੀਤ ਤੇ ਸਿਨੇਮਾ ਬਸਤੀਵਾਦੀ ਪ੍ਰਭਾਵਾਂ ਤੋਂ ਆਪਣੀ ਖੁਰਾਕ ਹਾਸਲ ਕਰ ਰਹੇ ਹਨ ਅਤੇ ਸਾਡੇ ਮਨ ਹੁਣ ਨਵੀਂ ਕਿਸਮ ਦੀਆਂ ਬਸਤੀਆਂ ਬਣ ਚੁੱਕੇ ਹਨ ਜਿਸ ਵਿਚ ਉਧਾਰੇ ਮਾਡਲ ਹਾਜ਼ਰ ਹਨ।
ਇਸ ਮੌਕੇ ਪੰਜਾਬੀ ਸਾਹਿਤ ਬਾਬਤ ਖੋਜ ਪੇਪਰ ਪੜ੍ਹਦਿਆਂ ਡਾ. ਯਾਦਵਿੰਦਰ ਸਿੰਘ, ਦਿੱਲੀ ਯੂਨੀਵਰਸਿਟੀ, ਦਿੱਲੀ ਨੇ ਕਿਹਾ ਕਿ ਪੂਰਬ ਅਤੇ ਪੱਛਮ ਨੂੰ ਦੋ ਵਿਚਾਰਧਾਰਾਈ ਸੰਕਲਪਾਂ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਮਨੁੱਖਤਾ ਦਾ ਇਕ ਵਿਸ਼ਵ ਵਿਆਪੀ ਪ੍ਰਮੁੱਖ ਸਥਾਨਕਤਾ ਦੇ ਹਵਾਲੇ ਨਾਲ ਸਥਾਪਤ ਕੀਤਾ ਜਾ ਸਕੇ। ਸਾਨੂੰ ਪੰਜਾਬੀ ਦਾ ਗਿਆਨ ਸ਼ਾਸਤਰ ਬਾਬਾ ਫਰੀਦ ਤੋਂ ਪਹਿਲਾਂ ਤੋਂ ਵੇਖਣ ਦੀ ਆਦਤ ਪਾਉਣੀ ਪਵੇਗੀ। ਇਸ ਮੌਕੇ ਪੰਜਾਬੀ ਸੰਗੀਤ ਬਾਬਤ ਆਪਣਾ ਪੇਪਰ ਪੜ੍ਹਦਿਆਂ ਪੰਜਾਬੀ ਦੇ ਪ੍ਰਸਿੱਧ ਆਲੋਚਕ, ਤਸਕੀਨ ਨੇ ਕਿਹਾ ਕਿ ਪੰਜਾਬ ਸ਼ਬਦ ਦੀ ਧਰਤੀ ਪਰ ਸਾਡੇ ਸਮਕਾਲ ਵਿਚ ਸ਼ਬਦ ਸ਼ੋਰ ਦਾ ਸੰਚਾਰ ਸਾਧਨ ਬਣ ਗਿਆ ਹੈ। ਪੰਜਾਬੀ ਮਨ ਆਪਣੇ ਸਮਕਾਲੀ ਅਸਤਿਤਵੀ ਪ੍ਰਸ਼ਨਾਂ ਨਾਲ ਸੰਵਾਦ ਰਚਾਉਣ ਦੀ ਬਜਾਇ ਉਨ੍ਹਾਂ ਨੂੰ ਅਣਗੌਲਿਆਂ ਕਰ ਕਰਕੇ ਬਚਣਾ ਚਾਹੁੰਦਾ ਹੈ। ਇਸ ਸਮਾਗਮ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲ ਤੋਂ ਡਾ. ਗੁਰਮੁਖ ਸਿੰਘ ਪੰਜਾਬੀ ਸਿਨੇਮਾ ਬਾਰੇ ਕਿਹਾ ਕਿ ਸਾਡੇ ਕੋਲ ਸਿਨੇਮਾ ਨੂੰ ਪ੍ਰਭਾਸ਼ਿਤ ਕਰਨ ਵਾਲੀ ਸੰਕਲਪਿਕ ਭਾਸ਼ਾ ਹੀ ਨਹੀਂ ਹੈ ਅਤੇ ਪੰਜਾਬੀ ਸਿਨੇਮਾ ਸਾਹਿਤ ਕੋਲੋਂ ਬਹੁਤ ਦੂਰੀ ‘ਤੇ ਵਿਚਾਰ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਮਾਜਿਕ ਪੱਧਰ ‘ਤੇ ਹਾਸ਼ੀਆਗਤ ਧਿਰਾਂ ਇਸ ਵਿਚੋਂ ਮਨਫੀ ਹੋ ਚੁੱਕੀਆਂ ਹਨ।
ਵਿਚਾਰ ਚਰਚਾ ਵਿਚ ਪ੍ਰੋ. ਮੋਹਣ ਸਿੰਘ, ਡਾ. ਆਤਮ ਰੰਧਾਵਾ ਅਤੇ ਗੁਰਪ੍ਰੀਤ ਸਿੰਘ ਨੇ ਭਾਗ ਲਿਆ। ਪਹਿਲੇ ਸਮਾਗਮ ਦੀ ਧੰਨਵਾਦੀ ਮਤਾ ਡਾ. ਜੋਗਿੰਦਰ ਸਿੰਘ ਵੱਲੋਂ ਪੇਸ਼ ਕੀਤਾ ਗਿਆ।
ਸਾਹਿਤ ਉਤਸਵ ਦੇ ਪਹਿਲੇ ਦਿਨ ਦੇ ਦੂਜੇ ਸਮਾਗਮ ਵਿਚ ‘ਜੀਵਨੀ ਖ਼ਲੀਲ ਜਿਬਰਾਨ’ ਉਪਰ ਪੁਸਤਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪ੍ਰੋ. ਹਰਪਾਲ ਸਿੰਘ ਪੰਨੂ; ਪੁਸਤਕ ਦੇ ਅਨੁਵਾਦਕ ਜੰੰਗ ਬਹਾਦਰ ਗੋਇਲ; ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਤੋਂ ਡਾ ਦਰਿਆ; ਪ੍ਰਸਿੱਧ ਅਨੁਵਾਦਕ ਤੇ ਲੇਖਿਕਾ ਡਾ. ਜਗਦੀਸ਼ ਕੌਰ ਵਾਡੀਆ ਅਤੇ ਸਿੰਘ ਬ੍ਰਦਰਜ਼ ਪ੍ਰਕਾਸ਼ਨਾ ਤੋਂ ਗੁਰਸਾਗਰ ਸਿੰਘ ਸ਼ਾਮਿਲ ਹੋਏ। ਇਸ ਮੌਕੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਤੋਂ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਇਹ ਪੁਸਤਕ ਪੰਜਾਬ ਦੇ ਖੋਜਾਰਥੀਆਂਫ਼ਵਿਦਿਆਰਥੀਆਂ ਅੱਗੇ ਰਹੱਸਵਾਦੀ ਅਤੇ ਦਾਰਸ਼ਨਿਕ ਪ੍ਰਸ਼ਨਾਂ ਨਾਲ ਸੰਘਰਸ਼ ਕਰਦੇ ਸਵੈ ਦਾ ਚਿਤਰਨ ਕਰਦੀ ਹੈ, ਇਸ ਨਾਲ ਪੰਜਾਬੀ ਸਾਹਿਤ ਵਿਚ ਇਕ ਨਿੱਘਰ ਵਾਧਾ ਹੋਇਆ ਹੈ ਜੋ ਕਿ ਆਪਣੇ ਦਾਰਸ਼ਨਿਕ ਪ੍ਰਸ਼ਨਾਂ ਤੇ ਸੰਬੰਧਾਂ ਨੂੰ ਗੁਆ ਚੁੱਕਾ ਹੈ। ਪ੍ਰੋ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਇਹ ਕਿਤਾਬ ਪੰਜਾਬੀ ਚੇਤਨਾ ਨੂੰ ਨਵੇਂ ਮੁਕਾਮ ਪ੍ਰਦਾਨ ਕਰਨ ਦੇ ਸਮਰੱਥ ਹੈ। ਡਾ. ਦਰਿਆ ਨੇ ਅਨੁਵਾਦ ਆਪਣੇ ਆਪ ਵਿਚ ਕਠਿਨ ਕਾਰਜ ਹੈ ਪਰ ਅਨੁਵਾਦਕ ਨੇ ਇਹ ਇਹ ਕਾਰਜ ਪੂਰੀ ਨਿਪੁੰਨਤਾ ਸਹਿਤ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਅਕਾਦਮਿਕ ਪ੍ਰਣਾਲੀ ਵਿਦਿਆਰਥੀਆਂ ਨੂੰ ਗਿਆਨ ਤੇ ਸਾਹਿਤ ਨਾਲ ਜੋੜ ਨਹੀਂ ਰਹੀ ਅਤੇ ਲਾਇਬ੍ਰੇਰੀ ਤੇ ਪੁਸਤਕ ਸਭਿਆਚਾਰ ਤੋਂ ਦੂਰ ਕਰ ਰਹੀ ਹੈ।
ਸਮਾਗਮਾਂ ਦੌਰਾਨ ਬਲਰਾਜ ਧਾਰੀਵਾਲ ਵੱਲੋਂ ਅਨੁਵਾਦਤ ਨਿਕੋਸ ਕਜ਼ਾਨਜ਼ਾਕਿਸ ਰਚਿਤ ਪੁਸਤਕ ‘ਜ਼ੋਰਬਾ ਦਾ ਗਰੀਕ’, ਸਵ. ਡਾ. ਬਿਕਰਮ ਸਿੰਘ ਦੀ ਏਕ ਓਅੰਕਾਰ ਦਰਸ਼ਨ ਅਤੇ ਡਾ. ਦੇਵਿੰਦਰ ਸਿੰਘ ਦੀ ਓਅੰਕਾਰੀ ਗੁਰਵਿਧਾਨ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਸਮਾਗਮਾਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ; ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ; ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਦਿੱਲੀ ਯੂਨੀਵਰਸਿਟੀ, ਦਿੱਲੀ; ਆਈ.ਆਈ.ਟੀ. ਦਿੱਲੀ; ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ; ਖਾਲਸਾ ਕਾਲਜ, ਅੰਮ੍ਰਿਤਸਰ, ਖਾਲਸਾ ਕਾਲਜ ਫਾਰ ਵਿਮਨ, ਅੰਮ੍ਰਿਤਸਰ, ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ, ਸਰੂਪ ਰਾਣੀ ਸਰਕਾਰੀ ਕਾਲਜ, ਅੰਮ੍ਰਿਤਸਰ ਤੋਂ ਆਏ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਵਾਨ ਅਤੇ ਪਤਵੰਤੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *