ਨਸੀਰੂਦੀਨ ਸ਼ਾਹ ਨੂੰ ਕੋਟਿ ਕੋਟਿ ਨਮਨ

ਨਸੀਰੂਦੀਨ ਸ਼ਾਹ ਨੂੰ ਕੋਟਿ ਕੋਟਿ ਨਮਨ
ਬੌਲੀਵੁੱਡ ਦਾ ਸ਼ਾਹਕਾਰ ਕਲਾਕਾਰ ਨਸੀਰੂਦੀਨ ਸ਼ਾਹ ਆਪਣੀ ਫ਼ਿਲਮੀ ਕਲਾਕਾਰੀ ਸਦਕਾ ਕਿਸੇ ਵੀ ਜਾਣ ਦਾ ਮੁਹਤਾਜ ਨਹੀਂ ਹੈ , ਉਹ ਆਪਣੀ ਮਿਸਾਲ ਆਪ ਹੈ, ਹਿੰਦੀ ਫਿਲਮਾਂ ਵਿੱਚ ਬਹੁਤ ਹੀ ਸੰਜੀਦਾ ਤੇ ਅਤੀ ਉਤਕਿ੍ਰਸਟ ਭੂਮਿਕਾ ਨਿਭਾਅ ਕੇ ਅਸਮਾਨ ਦੀ ਬੁਲੰਦੀ ਤੱਕ ਨਾਮਣਾ ਖੱਟਣ ਵਾਲਾ ਇਹ ਨਾਇਕ ਅੱਜਕਲ ਬੇਸ਼ੱਕ ਫਿਲਮਾਂ ਚ ਬਹੁਤ ਘੱਟ ਦੇਖਿਆ ਜਾਂਦਾ ਹੈ, ਪਰ ਆਪਣੀ ਜ਼ਿੰਦਗੀ ਵਿੱਚ ਜੋ ਮੀਲ ਪੱਥਰ ਉਸ ਨੇ ਸਥਾਪਤ ਕੀਤੇ ਹਨ, ਉਹ ਅੱਜ ਦੇ ਨਵੇਂ ਫ਼ਿਲਮੀ ਸਿਤਾਰਿਆਂ ਨੂੰ , ਦੰਦਾਂ ਚ ਉਂਗਲਾਂ ਲੈ ਕੇ ਸੋਚਣ ਵਾਸਤੇ ਮਜਬੂਰ ਕਰਦੇ ਹਨ ।
ਪਿਛਲੇ ਦਿਨੀਂ ਕਿਸਾਨ ਅੰਦੋਲਨ ਦੇ ਹੱਕ ਚ ਸੰਸਾਰ ਪਰਸਿੱਧ ਅਮਰੀਕੀ ਗਾਇਕ ਮਿਸ ਰਿਆਨਾ ਦੇ ਇਕ ਟਵੀਟ ਨਾਲ ਇਸ ਅੰਦੋਲਨ ਨੂੰ ਲੈ ਕੇ ਬੌਲੀਵੁਡ ਸਿਤਾਰਿਆਂ ਚ ਵੱਡੇ ਪੱਧਰ ‘ਤੇ ਪ੍ਰਤਿਕਿਰਿਆ ਹੋਈ । ਕਿਸਾਨ ਅੰਦੋਲਨ ਨੂੰ ਲੈ ਕੇ ਹੱਕ ਤੇ ਵਿਰੋਧ ਚ ਕਤਾਰਬੰਦੀ ਸਾਹਮਣੇ ਆਈ ।
ਜੋ ਕਥਿਤ ਫਿਲਮੀ ਸਿਤਾਰੇ ਲੰਮੇ ਸਮੇਂ ਤੋਂ ਮੂੰਹ ਚ ਘੁੰਗਣੀਆ ਪਾਈ ਬੈਠੇ ਸਨ , ਰਿਆਨਾ ਦੇ ਟਵੀਟ ਨਾਲ, ਆਪਣੀ ਅਸਲੀ ਓਕਾਤ ਚ ਸਾਹਮਣੇ ਆਏ । ਬਹੁਤ ਸਾਰੇ ਕਿਸਾਨਾਂ ਦੇ ਹੱਕ ਚ ਨਿੱਤਰੇ ਤੇ ਬਹੁਤ ਸਾਰੇ ਵਿਰੋਧ ਚ ਬੋਲਦੇ ਹੋਏ ਸਰਕਾਰੀ ਬੋਲੀ ਬੋਲਣ ਲੱਗੇ । ਕਈਆ ਨੂੰ ਕਿਸਾਨਾਂ ਦੀਆਂ ਮੰਗਾਂ ਜਾਇਜ ਤੇ ਹੱਕੀ ਲੱਗੀਆ ਜਦ ਕਿ ਕਈਆ ਨੁੰ ਕਿਸਾਨ ਅੱਤਵਾਦੀ ਤੇ ਵੱਖਵਾਦੀ ਨਜਰ ਆਏ । ਜਿਥੇ ਕਈਆ ਨੇ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਤੇ ਸਰਕਾਰ ਉਹਨਾ ਦੀ ਅਵਾਜ ਨੂੰ ਜ਼ਰੂਰ ਸੁਣੇ ਉਥੇ ਕੋਈਆਂ ਨੂੰ ਇਸ ਤਰਾਂ ਵੀ ਲੱਗਾ ਕਿ ਕਿਸਾਨਾ ਦੇ ਨਾਮ ‘ਤੇ ਵਿਰੋਧੀ ਪਾਰਟੀਆਂ ਸਿਆਸਤ ਕਰਕੇ ਸਰਕਾਰ ‘ਤੇ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆ ਹਨ, ਪਰ ਇਸ ਸਭ ਕਾਸੇ ‘ਚ ਬੌਲੀਵੁੱਡ ਦੇ ਘਾਗ ਕਲਾਕਾਰ ਨਸੀਰੂਦੀਨ ਸ਼ਾਹ ਦੇ ਬੋਲ ਦਿਲ ਨੂੰ ਟੁੰਬਣ ਵਾਲੇ ਹਨ ।
ਉਸ ਨੇ ਸੱਚ ਬੋਲਣ ਦੀ ਬੇਬਾਕ ਹਿੰਮਤ ਦਿਖਾਈ ਹੈ ਤੇ ਕਿਹਾ ਹੈ ਕਿ ਕਿਸਾਨ ਅੰਦੋਲਨ ਸਿਰਫ ਕਿਸਾਨਾ ਦਾ ਹੀ ਨਹੀਂ ਸਗੋ ਇਹ ਅੰਦੋਲਨ ਜਨ ਅੰਦੋਲਨ ਹੈ, ਜੋ ਲੋਕ ਇਸ ਨੂੰ ਸਿਰਫ ਕਿਸਾਨ ਅੰਦੋਲਨ ਸਮਝਦੇ ਹੋਏ ਚੁੱਪ ਧਾਰਕੇ ਬੈਠੇ ਹਨ, ਜੇਕਰ ਹੁਣ ਵੀ ਆਪਣੇ ਘਰਾਂ ਤੋਂ ਬਾਹਰ ਨਾ ਆਏ ਤਾਂ ਉਹਨਾ ਨੁੰ ਭਵਿਖ ਚ ਬਹੁਤ ਵੱਡਾ ਖਮਿਆਜਾ ਭੁਗਤਣਾ ਪਵੇਗਾ ।
ਸ਼ੋਸ਼ਲ ਮੀਡੀਏ ‘ਤੇ ਵਾਇਰਲ ਨਸੀਰੂਦੀਨ ਸ਼ਾਹ ਦੀਆਂ ਵੀਡੀਓ ਕਲਿਪਸ ਵਿਚ ਦੇਸ਼ ਦੇ ਲੋਕਾਂ ਨੂੰ ਖੁੱਲ੍ਹੇ ਮਨ ਨਾਲ ਕਿਸਾਨ ਅੰਦੋਲਨ ਦੀ ਹਿਮਾਇਤ ਕਰਨ ਦੀ ਅਪੀਲ ਕੀਤੀ ਗਈ ਹੈ । ਇਸ ਤੋ ਵੀ ਅੱਗੇ ਸ਼ਾਹ ਨੇ ਸਰਕਾਰ ਵਲੋਂ ਕਿਸਾਨ ਅੰਦੋਲਨ ਨੂੰ ਫਿਰਕੂ ਰੰਗਣ ਦੇਣ ਦੀ ਜੋ ਕੋਸ਼ਿਸ਼ ਕੀਤੀ ਗਈ ਹੈ, ਉਸ ਦੀ ਵੀ ਖੁੱਲੇਆਮ ਅਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ, “ਜੇ ਕੇਸਰੀ ਪੱਗਾਂ ਬੰਨ ਬੰਨ੍ਹਕੇ ਫ਼ਿਲਮਾਂ ਹਿੱਟ ਕੀਤੀਆਂ ਜਾ ਸਕਦੀਆਂ ਹਨ, ਸਰਹੱਦਾਂ ‘ਤੇ ਕੇਸਰੀ ਨਿਸ਼ਾਨ ਸਾਹਿਬ ਝੂਲ ਸਕਦਾ ਹੈ ਤਾਂ ਕੁਝ ਕੋ ਲੋਕਾਂ ਨੂੰ ਲਾਲ ਕਿਲੇ ‘ਤੇ ਨਿਸ਼ਾਨ ਸਾਹਿਬ ਦੇ ਝੂਲਣ ਦੀ ਤਕਲੀਫ ਕਿਉਂ ਹੈ ? ਮੈਂ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਕੇਸਰੀ ਧਵਜ਼ ਨੂੰ ਸਲਾਮ ਕਰਦਾ ਹਾਂ ਤੇ ਮਾਣ ਕਰਦਾ ਹਾਂ । ਅੱਗੇ ਚੱਲਕੇ ਉਹ ਇਹ ਵੀ ਆਖਦਾ ਹੈ ਕਿ ਸਿੱਖ ਕੌਂਮ ਤੇ ਜਿਨਾਂ ਨੇ ਹਰ ਮੁਸਕਲ ਚ ਦੇਸ਼ ਲਈ ਜਾਨਾਂ ਵਾਰੀਆਂ, ਪਰ ਅੱਜ ਉਨਾਂ ਨੂੰ ਸੜਕਾਂ ਤੇ ਦੇਖ ਕੇ, ਮੈਂ ਦਿਲੋਂ ਰੋ ਰਿਹਾ ਹਾਂ, ਮੇਰਾ ਇਹ ਰੌਣਾ ਕੋਈ ਫਿਲਮੀ ਨਹੀਂ, ਰੂਹ ਦਾ ਰੋਣਾ ਹੈ, ਮੇਰਾ ਦਿਲ ਬਹੁਤ ਦੁਖੀ ਹੈ ਤੇ ਸ਼ਰਮ ਆਉਣੀ ਚਹੀਦੀ ਉਨ੍ਹਾਂ ਬੋਲੀਬੁਡ ਕਲਾਕਾਰਾਂ ਨੂੰ ਜੋ ਭੋਲੇ ਭਾਲੇ ਪੰਜਾਬੀਆਂ ਦਾ ਵਿਰੋਧ ਕਰ ਰਹੇ ਹਨ !”
ਨਸੀਰੂਦੀਨ ਸ਼ਾਹ ਦੇ ਉਕਤ ਬੋਲ ਸਿੱਧੋ ਤੌਰ ‘ਤੇ ਹਿਰਦੇ ਨੂੰ ਧੂਹ ਪਾਉਣ ਵਾਲੇ ਹਨ । ਇਹਨਾਂ ਬੋਲਾਂ ਚ ਸੜਕਾਂ ‘ਤੇ ਰੁਲ ਰਹੇ ਅਨਦਾਤੇ ਨਾਲ ਗਹਿਰੀ ਹਮਦਰਦੀ ਹੈ, ਕਿਸਾਨ ਅੰਦੋਲਨ ਦੇ ਹੱਕ ਚ ਚੁਕੀ ਅਵਾਜ ਹੈ, ਸਰਕਾਰ ਨੂੰ ਲਾਹਨਤਾਂ ਹਨ ਤੇ ਕਿਸਾਨ ਅੰਦੋਲਨ ਨੂੰ ਫਿਰਕੂ ਰੰਗਣ ਦੇ ਕੇ ਹੋਰ ਦਿਸ਼ਾ ਵੱਲ ਮੋੜਨ ਵਾਲਿਆ ਦੀਆ ਚਾਲਾਂ ਦਾ ਪਰਦਾਫਾਸ਼ ਕੀਤਾ ਗਿਆ ਹੈ, ਸ਼ਾਹ ਦੇ ਉਕਤ ਬੋਲਾਂ ਚ ਕਿਸਾਨ ਅੰਦੋਲਨ ਪ੍ਰਤੀ ਗਹਿਰੀ ਚਿੰਤਾ ਵੀ ਝਲਕ ਰਹੀ ਹੈ, ਅੰਦੋਲਨਕਾਰੀਆ ਨੂੰ ਚੌਕੰਨੇ ਰਹਿ ਕੇ ਵਿਚਰਨ ਦੀ ਅਪੀਲ ਹੈ ਤੇ ਬੌਲੀਵੁੱਡ ਦੇ ਸਿਤਾਰਆਂ ਨੂੰ ਉਹਨਾ ਦੇ ਮਾਨਸਿਕ ਦੀਵਾਲੀਏਪਨ ਕਰਕੇ ਬਿਨਾਂ ਸੋਚੇ ਸਮਝੇ ਭਾੜੇ ਦੇ ਟੱਟੂ ਜਾਂ ਝੋਲੀ ਚੁੱਕ ਬਣਕੇ ਦਿੱਤੀਆਂ ਗਈਆ ਸਟੇਟਮੈਂਟਾਂ ਤੇ ਟਵੀਟਾਂ ਵਾਸਤੇ ਲਾਹਨਤਾਂ ਹਨ ।
ਇਥੇ ਜਿਕਰ ਕਰਨਾ ਬਣਦਾ ਹੈ ਕਿ ਨਸੀਰੁਦੀਨ ਸ਼ਾਹ ਦੀ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਗਈ ਉਕਤ ਟਿੱਪਣੀ ਦਾ ਬੌਲੀਵੁੱਡ ਕਲਾਕਾਰ ਤੇ ਭਾਰਤੀ ਜਨਤਾ ਪਾਰਟੀ ਦੇ ਪਿੱਠੂ ਅਨੁਪਨ ਖੇਰ ਨੇ ਵਿਰੋਧ ਕਰਦਿਆ ਉਸ ਨੂੰ ਸ਼ਰਾਬੀ ਤੇ ਨਸ਼ੇੜੀ ਕਿਹਾ ਹੈ ਜਦ ਕਿ ਇਹ ਗੱਲ ਬਿਲਕੁਲ ਸ਼ਪੱਸ਼ਟ ਹੈ ਕਿ ਸ਼ਾਹ ਵਰਗੇ ਮਝੇ ਹੋਏ ਇਨਸਾਨ ਦੁਆਰਾ ਕਹੇ ਗਏ ਬੋਲਾਂ ਇਸ ਤਰਾਂ ਕਹਿ ਕੇ ਕਦੇ ਵੀ ਨਕਾਰਿਆ ਨਹੀਂ ਜਾ ਸਕਦਾ ।
ਦੂਜੇ ਪਾਸੇ ਬੌਲੀ ਵੁੱਡ ਕਲਾਕਾਰ ਸ਼ਤਰੂਘਨ ਸਿਨਹਾ ਵੀ ਹਿਕ ਤਾਣ ਕੇ ਕਿਸਾਨ ਅੰਦੋਲਨ ਦੇ ਹੱਕ ਚ ਡਟੇ ਹਨ ।
ਸਾਬਕਾ ਕਿਰਕਟ ਖਿਡਾਰੀ ਸਚਿਨ ਤੈਂਦਲਕਰ, ਅਕਸ਼ੈ ਕੁਮਾਰ ਤੇ ਕੁਜ ਕੁ ਹੋਰ ਸਰਕਾਰੀ ਪਿੱਠੂ ਵਜੋ ਸਾਹਮਣੇ ਆਏ ਹਨ ਤੇ ਬਹੁਤ ਸਾਰੇ ਅਜੇ ਵੀ ਘੁਗੂ ਬਣੇ ਹੋਏ ਹਨ । ਇਥੇ ਜਿਕਰ ਕਰਨਾ ਜਰੂਰੀ ਹੈ ਕਿ ਬਹੁਤੀਆ ਹਿੰਦੀ ਫਿਲਮਾਂ, ਅੱਜ ਤੱਕ ਪੰਜਾਬੀ ਤੜਕੇ ਨਾਲ ਹੀ ਹਿੱਟ ਹੋਈਆ ਹਨ । ਇਸੇ ਤਰਾਂ ਬਹੁਤੇ ਫਿਲਮੀ ਐਕਟਰ ਸਿਰ ‘ਤੇ ਪੱਗੜੀ ਪਹਿਨਕੇ ਤੇ ਪੰਜਾਬੀ ਪਟਕਥਾਵਾਂ ਵਾਲੀਆਂ ਫਿਲਮਾਂ ਚ ਭੂਮਿਕਾ ਨਿਭਾ ਕੇ ਸਫਲ ਹੋਏ ਹਨ ਪਰ ਇਸ ਵੇਲੇ ਕਿਸਾਨ ਅੰਦੋਲਨ ਨੂੰ ਹਿਮਾਇਤ ਕਰਨ ਦੀ ਬਜਾਏ ਚੁੱਪ ਧਾਰੀ ਬੈਠੇ ਹਨ ਜਦ ਕਿ ਕੌਮਾਂਕਰੀ ਪੱਧਰ ‘ਤੇ ਕਿਸਾਨ ਅੰਦੋਲਨ ਨੁੰ ਬਹੁਤ ਵੱਡਾ ਸਮਰਥਨ ਮਿਲ ਰਿਹਾ ਹੈ ਜਿਸ ਕਾਰਨ ਭਾਰਤ ਸਰਕਾਰ ਦੀ ਅੰਤਰ ਰਾਸ਼ਟਰੀ ਪੱਧਰ ‘ਤੇ ਬਹੁਤ ਕਿਰਕਿਰੀ ਹੋ ਰਹੀ ਹੈ ।
ਕਿਸਾਨਾ ਦੇ ਇਸ ਔਖੇ ਸਮੇ ਚ ਨਸੀਰੂਦੀਨ ਸ਼ਾਹ ਤੇ ਹੋਰ ਵੱਡੀਆ ਨਾਮੀ ਗਰਾਮੀ ਹਸਤੀਆ ਦਾ ਡਟਕੇ ਖੜ੍ਹੇ ਹੋਣਾ, ਕਿਸਾਨਾਂ ਦੀ ਬਹੁਤ ਵੱਡੀ ਹੌਂਸਲਾ ਅਫਜਾਈ ਤੇ ਸੁਪੋਰਟ ਹੈ ਜਿਸ ਵਾਸਤੇ ਨਸੀਰੂਦੀਨ ਵਰਗੀਆਂ ਦਿਗਜ ਹਸਤੀਆਂ ਨੂੰ ਸਮੂਹ ਕਿਸਾਨ ਹਿਤੈਸ਼ੀਆ ਵਲੋਂ ਹਾਰਦਿਕ ਧਨਵਾਦ ਕਰਨਾ ਚਾਹੀਦਾ ਹੈ । ਅਸਲ ਵਿਚ ਇਹ ਲੋਕ ਹੀ ਕਿਸਾਨਾ ਦੀ ਤਾਕਤ ਹਨ, ਉਹਨਾਂ ਦੀ ਅਵਾਜ ਨੂੰ ਉੱਚਾ ਤੇ ਹੋਰ ਉੱਚਾ ਬੁਲੰਦ ਕਰਨ ਵਾਲੇ ਹਨ । ਇਹ ਰੂਹਦਾਰ ਇਨਸਾਨ ਹਨ ਜੋ ਜਮੀਰ ਨੂੰ ਹਾਜਰ ਨਾਜਰ ਮੰਨਕੇ, ਜੋ ਵੀ ਬੋਲਦੇ ਹਨ, ਡੰਕੇ ਦੀ ਚੋਟ ‘ਤੇ ਬੋਲਦੇ ਹਨ । ਨਸੀਰੂਦੀਨ ਸ਼ਾਹ ਵਰਗੀਆਂ ਹਸਤੀਆਂ ਨੂੰ ਕਿਸਾਨ ਅੰਦੋਲਨ ਵਾਸਤੇ ਦਿੱਤੀ ਗਈ ਹਿਮਾਇਤ ਵਾਸਤੇ ਤਾਰੀਖ ਹਮੇਸ਼ਾ ਯਾਦ ਰੱਖੇਗੀ । ਸਾਡੇ ਵਲੋਂ ਉਹਨਾਂ ਨੂੰ ਕੋਟਿ ਕੋਟਿ ਨਮਨ ਹੈ ।
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
09/02/2021