Tue. Sep 24th, 2019

ਨਸ਼ੇ ਦੇ ਦੈਂਤ ਨੇ ਪਿਛਲੇ 36 ਘੰਟਿਆਂ ‘ਚ ਉਜਾੜੇ 4 ਘਰ

ਨਸ਼ੇ ਦੇ ਦੈਂਤ ਨੇ ਪਿਛਲੇ 36 ਘੰਟਿਆਂ ‘ਚ ਉਜਾੜੇ 4 ਘਰ

ਪੰਜਾਬ ‘ਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ‘ਚ ਆਏ ਦਿਨ ਪੰਜਾਬ ਦੀ ਜਵਾਨੀ ਰੁੜ ਰਹੀ ਹੈ। ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ‘ਚੋਂ ਚੜਦੀ ਸਵੇਰ ਅਜਿਹੀ ਮੰਦਭਾਗੀ ਖਬਰ ਸੁਣਨ ਨੂੰ ਜ਼ਰੂਰ ਮਿਲ ਜਾਂਦੀ ਹੈ ਕਿ ਮਾਂ ਦੀਆਂ ਅੱਖਾਂ ਦਾ ਤਾਰਾ ਨਸ਼ੇ ਦੀ ਓਵਰਡੋਜ਼ ਨਾਲ ਚੱਲ ਵਸਿਆ। ਬੀਤੇ ਕੱਲ ਪੰਜਾਬ ‘ਚ ਫੈਲੇ ਨਸ਼ੇ ਦੇ ਦੈਂਤ ਨੇ ਚਾਰ ਘਰ ਖਾਲੀ ਕਰ ਦਿੱਤੇ। ਜ਼ੀਰਾ ਦੇ ਪਿੰਡ ਮੇਹਰ ਸਿੰਘ ਵਾਲਾ ‘ਚ 20 ਸਾਲਾ ਨੌਜਵਾਨ ਰਮਨ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।

ਚੜਦੀ ਜਵਾਨੀ ‘ਚ ਪੁੱਤ ਦਾ ਦੁਨੀਆ ‘ਚੋਂ ਚਲ ਜਾਣਾ ਸ਼ਾਇਦ ਇਸ ਦਾ ਦੁੱਖ ਇੱਕ ਮਜ਼ਬੂਰ ਪਿਤਾ ਤੋਂ ਇਲਾਵਾ ਕੋਈ ਨਾ ਹੰਢਾਅ ਪਾਵੇ। ਪਿਤਾ ਦੀਆਂ ਨਮ ਅੱਖਾਂ ਅਤੇ ਨਿਕਲ ਰਹੀਆਂ ਧਾਹਾਂ ਸਰਕਾਰ ਦੇ ਦਰਬਾਰ ਤੱਕ ਤਾਂ ਨਾ ਪਹੁੰਚ ਪਾਈਆਂ ਹੋਣ,ਪਰ ਇੱਕ ਗੁਹਾਰ ਦੇ ਰੂਪ ਵਿੱਚ ਸਭ ਨੇ ਸੁਣੀਆਂ। ਪਿਤਾ ਦਾ ਦਰਦ ਸੀ ਕਿ ਨਸ਼ੇ ਦੇ ਦੈਂਤ ਨੂੰ ਰੋਕਣ ਲਈ ਸਰਕਾਰ ਤੁਰੰਤ ਕਦਮ ਚੁੱਕੇ। ਸਾਡਾ ਮਰ ਗਿਆ ਕਿਸੇ ਹੋਰ ਮਾਂ ਦਾ ਚਿਰਾਗ ਨਾ ਬੁਝੇ। ਕਿਸੇ ਹੋਰ ਬਾਪ ਦਾ ਆਸਰਾ ਨਾ ਖੁੱਸੇ।

ਇਸੇ ਤਰਾਂ ਹੀ ਭਾਈਰੂਪਾ ਦੇ ਨੇੜਲੇ ਪਿੰਡ ਸਲਾਬਤਪੁਰਾ ‘ਚ ਵੀ 30 ਸਾਲਾ ਜਗਸੀਰ ਸਿੰਘ ਨਸ਼ੇ ਦੀ ਉਵਰਡੋਜ਼ ਨਾਲ ਫਾਨੀ ਸੰਸਾਰ ਨੂੰ ਅਲ਼ਵਿਦਾ ਆਖ ਗਿਆ। ਇਸੇ ਤਰਾਂ ਦੀ ਹੀ ਇੱਕ ਹੋਰ ਮੰਦਭਾਗੀ ਖਬਰ ਸੁਣਨ ਮਿਲੀ ਮੋਗਾ ਦੇ ਪਿੰਡ ਡਾਲਾ ਤੋਂ ਜਿੱਥੇ 31 ਸਾਲਾ ਨੌਜਵਾਨ ਅਮਰਜੀਤ ਸਿੰਘ ਵੀ ਨਸ਼ੇ ਦੇ ਵੱਧ ਡੋਜ਼ ਲੈਣ ਨਾਲ ਮਰ ਗਿਆ। ਅਜਿਹੀ ਹੀ ਦਿਲ ਨੂੰ ਠੇਸ ਪਹੁੰਚਾਉਣ ਵਾਲੀ ਖਬਰ ਫਿਰੋਜ਼ਪੁਰ ਦੇ ਪਿੰਡ ਰੁਕਨਾ ਬੇਗੂ ਤੋਂ ਆਈ ਇਥੇ ਵੀ ਨਸ਼ੇ ਦੇ ਚਲਦੇ 35 ਸਾਲਾ ਨੌਜਵਾਨ ਕਾਬਲ ਸਿੰਘ ਦੀ ਮੌਤ ਹੋ ਗਈ।

ਪੰਜਾਬ ਵਿਚ ਪਿਛਲੇ 36 ਘੰਟੇ ਦੌਰਾਨ ਨਸ਼ੇ ਨੇ ਚਾਰ ਜਾਨਾਂ ਲੈ ਲਈਆਂ। ਪਰ ਸਵਾਲ ਮਰ ਰਹੇ ਨੌਜਵਾਨਾਂ ਦਾ ਨਹੀਂ ਰਿਹਾ ਹੁਣ ਸਵਾਲਾਂ ਦੇ ਘੇਰੇ ਵਿੱਚ ਸਰਕਾਰ ਵੀ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਚਾਰ ਹਫਤੇ ਚ ਨਸ਼ਾ ਖਤਮ ਕਰਨ ਦੀ ਸਹੁੰ ਤੱਕ ਖਾ ਚੁੱਕੇ ਨੇ। ਪਰ 27 ਮਹੀਨੇ ਦੇ ਕਾਰਜ਼ਕਾਲ ਦੌਰਾਨ ਵੀ ਸਰਕਾਰ ਨਸ਼ੇ ਤੇ ਨਕੇਲ ਪਾਉਣ ਵਿੱਚ ਕਾਮਯਾਬ ਨਹੀਂ ਹੋ ਪਾਈ।

ਸਰਕਾਰ ਦੀ ਇਸ ਨਾਕਾਮੀ ਨੂੰ ਕਈ ਵਾਰ ਸੱਤਾਧਿਰ ਦੇ ਵਿਧਾਇਕ ਵੀ ਮੰਨ ਚੁੱਕੇ ਹਨ। ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਵਰਗੇ ਤਾਂ ਸ਼ਰੇਆਮ ਖੁੱਲੇ ਮੰਚ ਤੋਂ ਮੁੱਖ ਮੰਤਰੀ ਸਮੇਤ ਸਰਕਾਰ ਨੂੰ ਨਸ਼ੇ ਦੇ ਮੁੱਦੇ ਤੇ ਘੇਰ ਚੁੱਕੇ ਹਨ। ਪਰ ਜਦੋਂ ਕਦੇ ਵੀ ਮੁੱਖ ਮੰਤਰੀ ਨੂੰ ਉਨਾਂ ਵਲੋਂ ਚੁੱਕੀ ਸਹੁੰ ਨੂੰ ਚੇਤੇ ਕਰਵਾਇਆ ਜਾਂਦਾ ਹੈ ਤਾਂ ਮੁੱਖ ਮੰਤਰੀ ਸਮੇਤ ਤਮਾਮ ਸੱਤਾਧਿਰ ਨਾਲ ਸਬੰਧਿਤ ਨੇਤਾਵਾਂ ਦਾ ਜਵਾਬ ਵੀ ਹੈਰਾਨੀ ਭਰਿਆ ਹੁੰਦਾ ਹੈ।

ਨਸ਼ੇ ਦੇ ਮੁੱਦੇ ਨਾਕਾਮ ਰਹੀ ਨਸ਼ੇ ਦੇ ਮੁਕੰਮਲ ਖਾਤਮੇ ਦੀ ਬਜਾਏ ਨਸ਼ੇ ਦਾ ਲੱਕ ਤੋੜਨ ਦਾ ਰਟਿਆ ਰਟਾਇਆ ਜਵਾਬ ਦਿੰਦੇ ਹਨ। ਪਰ ਇਹ ਲੱਕ ਕਿੰਨਾ ਟੁੱਟਿਆ ਸਭ ਦੇ ਸਾਹਮਣੇ ਹੈ। ਬੀਤੇ ਕੱਲ ਦੀਆਂ ਘਟਨਾਵਾਂ ਨੇ ਸਾਫ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਨਸ਼ੇ ਦੇ ਮੁੱਦੇ ਤੇ ਸਿਰਫ ਤੇ ਸਿਰਫ ਸਿਆਸਤ ਹੁੰਦੀ ਰਹੀ ਹੈ,ਨੇਤਾ ਲੋਕ ਸਿਰਫ ਨਸ਼ੇ ਦੇ ਮੁੱਦੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਹਨ।

ਪਰ ਇਸ ਨੂੰ ਪੰਜਾਬ ਲਈ ਮੰਦਭਾਗਾ ਹੀ ਕਿਹਾ ਜਾਵੇਗਾ ਕਿ ਅੱਜ ਕਾਂਗਰਸ ਸੱਤਾ ਵਿੱਚ ਹੈ ਤੇ ਆਏ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਚੋਂ ਨਸ਼ੇ ਨਾਲ ਮਰੇ ਨੌਜਵਾਨ ਦੀ ਅਰਥੀ ਉੱਠਦੀ ਹੈ। ਹੁਣ ਤਮਾਮ ਨੇਤਾਵਾਂ ਦੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਤਰਕ ਵੱਖੋ ਵੱਖਰੇ ਹਨ। ਬੇਸ਼ੱਕ ਸੱਤਾਧਿਰ ਨੇ ਨਸ਼ੇ ਦੇ ਮੁੱਦੇ ਤੇ ਐੱਸਟੀਐੱਫ ਦਾ ਗਠਨ ਕੀਤਾ ਪਰ ਐੱਸਟੀਐੱਫ ਵੀ ਉਸ ਤੈਅ ਕੰਮ ਨਹੀਂ ਪਾਈ ਜਿਸ ਦੀ ਜ਼ਰੂਰਤ ਸੀ।

Leave a Reply

Your email address will not be published. Required fields are marked *

%d bloggers like this: