ਨਸ਼ਿਆਂ, ਵਹਿਮਾਂ ਭਰਮਾਂ ਤੋਂ ਸਮਾਜ ਨੂੰ ਮੁਕਤ ਕਰਨ ਲਈ ਪੰਥਕ ਸੇਵਾ ਲਹਿਰ ਵੱਲੋਂ ਧਾਰਮਿਕ ਫਿਲਮਾਂ ਦਿਖਾਉਣ ਲਈ ਟੀਮਾਂ ਰਵਾਨਾ

ਨਸ਼ਿਆਂ, ਵਹਿਮਾਂ ਭਰਮਾਂ ਤੋਂ ਸਮਾਜ ਨੂੰ ਮੁਕਤ ਕਰਨ ਲਈ ਪੰਥਕ ਸੇਵਾ ਲਹਿਰ ਵੱਲੋਂ ਧਾਰਮਿਕ ਫਿਲਮਾਂ ਦਿਖਾਉਣ ਲਈ ਟੀਮਾਂ ਰਵਾਨਾ

12-44
ਤਲਵੰਡੀ ਸਾਬੋ, 12 ਅਗਸਤ (ਗੁਰਜੰਟ ਸਿੰਘ ਨਥੇਹਾ)- ਅੱਜ ਸਿੱਖ ਸਮਾਜ ਵਿਚ ਜੋ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਨੌਜਵਾਨ ਨਸ਼ਿਆਂ ਅਤੇ ਪਤਿਤਪੁਣੇ ਵਿੱਚ ਗਲਤਾਨ ਹੋ ਰਹੇ ਹਨ ਅਤੇ ਕਿਸਾਨੀ ਕਰਜਿਆਂ ਹੇਠ ਦੱਬਕੇ ਖੁਦਕੁਸ਼ੀਆਂ ਕਰ ਰਹੀ ਹੈ ਤੇ ਸਮਾਜ ਵਹਿਮਾਂ ਭਰਮਾਂ ਪਾਖੰਡਾਂ ਦਾ ਸ਼ਿਕਾਰ ਹੋ ਰਿਹਾ ਹੈ ਇਹ ਅਤਿ ਦੁਖਦਾਈ ਅਤੇ ਚਿੰਤਾ ਦਾ ਵਿਸ਼ਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਥਕ ਸੇਵਾ ਲਹਿਰ ਦੇ ਮੁਖੀ ਤੇ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਕੀਤਾ। ਉਹਨਾਂ ਕਿਹਾ ਕਿ ਪੰਥਕ ਸੇਵਾ ਲਹਿਰ ਵੱਲੋਂ ਸਮਾਜ ਨੂੰ ਕੁਰੀਤੀਆਂ, ਨਸ਼ਿਆਂ, ਵਹਿਮਾਂ ਭਰਮਾਂ ਆਦਿ ਤੋਂ ਮੁਕਤ ਕਰਨ ਦੇ ਮਕਸਦ ਨਾਲ ਪੰਜਾਬ ਹਰਿਆਣਾ ਅਤੇ ਰਾਜਸਥਾਨ ਵਿੱਚ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਧਾਰਮਿਕ ਅਤੇ ਜਾਗਰੂਕਤਾ ਨਾਲ ਭਰਪੂਰ ਫਿਲਮਾਂ ਦਿਖਾ ਕੇ ਉਨ੍ਹਾਂ ਨੂੰ ਸਿੱਖ ਧਰਮ ਦੇ ਨਾਲ ਜੋੜਨ ਲਈ ਟੀਮਾਂ ਨੂੰ ਪ੍ਰਾਜੈਕਟਰ ਦੇ ਕੇ ਪੰਜਾਬ ਹਰਿਆਣਾ ਤੇ ਰਾਜਸਥਾਨ ਲਈ ਅੱਜ ਪੰਥਕ ਸੇਵਾ ਲਹਿਰ ਦੇ ਪੰਜਾਬ ਹਰਿਆਣਾ ਹੱਦ ਤੇ ਸਬ ਡਵੀਜਨ ਤਲਵੰਡੀ ਸਾਬੋ ਨੇੜਲੇ ਮੁੱਖ ਅਸਥਾਨ ਗੁਰਦੁਆਰਾ ਗ੍ਰੰਥਸਰ ਸਾਹਿਬ ਦਾਦੂ ਤੋਂ ਟੀਮਾਂ ਨੂੰ ਰਵਾਨਾ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਇਨ੍ਹਾਂ ਕੁਰੀਤੀਆਂ ਤੋਂ ਸਮਾਜ ਨੂੰ ਰੋਕਣ ਲਈ ਪੰਥਕ ਸੇਵਾ ਲਹਿਰ ਜਥੇਬੰਦੀ ਵੱਲੋਂ ਪੰਜ ਪ੍ਰਾਜੈਕਟਰਾਂ ਸਮੇਤ ਸਾਰੇ ਸਾਜੋ ਸਮਾਨ ਨਾਲ ਲੈਸ ਕਰਕੇ ਜਥੇਬੰਦੀ ਦੇ ਸੇਵਾਦਾਰਾਂ ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਵੱਲ ਤੋਰਿਆ ਗਿਆ ਹੈ ਤਾਂ ਜੋ ਉਹ ਵੱਖ ਵੱਖ ਪਿੰਡਾਂ ਸ਼ਹਿਰਾਂ ਵਿੱਚ ਸੰਗਤਾਂ ਨੂੰ ਧਾਰਮਿਕ ਅਤੇ ਨਸ਼ਾ ਵਿਰੋਧੀ ਫਿਲਮਾਂ ਦਿਖਾਉਣ ਦੇ ਨਾਲ ਨਾਲ ਕਥਾ ਕੀਰਤਨ ਕਰਕੇ ਅੰਮ੍ਰਿਤ ਸੰਚਾਰ ਰਾਂਹੀ ਉਨ੍ਹਾਂ ਨੂੰ ਸ਼ਬਦ ਗੁਰੂ ਨਾਲ ਜੋੜ ਸਕਣ। ਉਨ੍ਹਾਂ ਕਿਹਾ ਕਿ ਸੰਗਤਾਂ ਉਕਤ ਸੇਵਾਦਾਰਾਂ ਤੋਂ ਫਾਰਮ ਹਾਸਲ ਕਰਕੇ ਜਥੇਬੰਦੀ ਦੀਆਂ ਮੈਂਬਰ ਵੀ ਬਣ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਉਕਤ ਟੀਮਾਂ ਦੀ ਅਗਵਾਈ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਜਸਵਿੰਦਰ ਸਿੰਘ ਤਿਉਣਾ, ਬਾਬਾ ਬਲਜੀਤ ਸਿੰਘ ਬੁਰਜ ਨਕਲੀਆ ਅਤੇ ਬਾਬਾ ਹਰਪ੍ਰੀਤ ਸਿੰਘ ਕਮਾਲੂ ਨੂੰ ਸੌਂਪੀ ਗਈ ਹੈ ਜੋ ਫਿਲਮਾਂ ਦਿਖਾਉਣ ਦੇ ਨਾਲ ਨਾਲ ਹਰੇਕ ਜ਼ਿਲ੍ਹੇ ਵਿੱਚ ਜ਼ਿਲ੍ਹਾ ਜਥੇਦਾਰ ਅਤੇ ਪੰਜ ਮੈਂਬਰੀ ਕਮੇਟੀਆਂ ਦਾ ਗਠਨ ਵੀ ਕਰਨਗੇ। ਜਥੇਦਾਰ ਦਾਦੂਵਾਲ ਨੇ ਸਮੁੱਚੀਆਂ ਸੰਗਤਾਂ ਨੂੰ ਉਕਤ ਟੀਮਾਂ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਟੀਮਾਂ ਨੂੰ ਰਵਾਨਾ ਕਰਨ ਮੌਕੇ ਭਾਈ ਜਸਵਿੰਦਰ ਸਿੰਘ ਸਾਹੋਕੇ, ਭਾਈ ਬਲਵਿੰਦਰ ਸਿੰਘ ਟਹਿਣਾ, ਭਾਈ ਜਸਵਿੰਦਰ ਸਿੰਘ ਡੱਲੇਵਾਲਾ, ਬਰਮਾ ਸਿੰਘ ਜਨਾਲ, ਭਾਈ ਸੁਖਪਾਲ ਸਿੰਘ, ਭਾਈ ਰਣਧੀਰ ਸਿੰਘ ਦਕੋਹਾ, ਭਾਈ ਜਗਮੀਤ ਸਿੰਘ ਬਰਾੜ, ਗੁਰਸੇਵਕ ਸਿੰਘ, ਹਰਜਿੰਦਰ ਸਿੰਘ, ਸੋਹਣ ਸਿੰਘ ਗਰੇਵਾਲ, ਕਰਮਜੀਤ ਸਿੰਘ ਧਨੇਠਾ, ਹਰਦੀਪ ਸਿੰਘ ਖਾਲਸਤਾਨੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: