ਨਸ਼ਿਆਂ ਨੂੰ ਰੋਕਣ ਲਈ ਵਟਸਐਪ ਹੈਲਪਲਾਈਨ ਸ਼ੁਰੂ

ਨਸ਼ਿਆਂ ਨੂੰ ਰੋਕਣ ਲਈ ਵਟਸਐਪ ਹੈਲਪਲਾਈਨ ਸ਼ੁਰੂ

ਰੂਪਨਗਰ (ਪ੍ਰਿੰਸ): ਵਿਧਾਨ ਸਭਾ ਚੋਣਾਂ 2017 ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲਾ ਰੂਪਨਗਰ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਖੇਤਰ ਤੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ ਅਤੇ ਅਪਰਾਧਿਕ ਗਤੀਵਿਧਿਆਂ ਵਾਲੇ ਮਾੜੇ ਅਨਸਰਾਂ ਤੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਲਈ ਇੰਟਰਸਟੇਟ ਕੋਆਰਡੀਨੇਸ਼ਨ ਮੀਟਿੰਗ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਿੰਦਰਪਾਲ ਸਿੰਘ ਸੀਨੀਅਰ ਪੁਲਸ ਕਪਤਾਨ ਰੂਪਨਗਰ ਨੇ ਦੱਸਿਆ ਕਿ ਮੀਟਿੰਗ ‘ਚ ਜ਼ਿਲੇ ਦੇ ਗਜ਼ਟਿਡ ਅਫਸਰਾਂ, ਮੁੱਖ ਅਫਸਰ ਥਾਣਾ ਤੋਂ ਇਲਾਵਾ ਜ਼ਿਲਾ ਰੂਪਨਗਰ ਦੀ ਹੱਦ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪੁਲਸ ਜ਼ਿਲਾ ਬੱਦੀ ਦੇ ਪੁਲਸ ਕਪਤਾਨ ਤੋਂ ਇਲਾਵਾ ਬਿਲਾਸਪੁਰ ਅਤੇ ਜ਼ਿਲਾ ਊਨਾ ਦੇ ਆਲਾ ਪੁਲਸ ਅਧਿਕਾਰੀ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ ਭਗੌੜਿਆਂ ਦੀਆਂ ਲਿਸਟਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।
ਪ੍ਰਮੁੱਖ ਹੱਦਾਂ ‘ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣ ਦਾ ਫੈਸਲਾ- ਰੂਪਨਗਰ ਜ਼ਿਲੇ ਦੇ ਹਿਮਾਚਲ ਪ੍ਰਦੇਸ਼ ਨਾਲ ਪੈਂਦੇ ਖੇਤਰ ਦੀਆਂ ਪ੍ਰਮੁੱਖ ਹੱਦਾਂ ‘ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣ ਦਾ ਵੀ ਫੈਸਲਾ ਲਿਆ ਗਿਆ ਅਤੇ ਹਿਮਾਚਲ ਪ੍ਰਦੇਸ਼ ਪੁਲਸ ਨਾਲ ਮੀਟਿੰਗ ਦੌਰਾਨ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਤਾਂ ਜੋ ਅੰਤਰਰਾਜੀ ਨਸ਼ਿਆਂ ਦੀ ਸਮੱਗਲਿੰਗ ਕਰਨ ਵਾਲੇ ਜਾਂ ਅਪਰਾਧਿਕ ਗਤੀਵਿਧਿਆਂ ਨੂੰ ਅੰਜਾਮ ਦੇਣ ਵਾਲੇ ਭੈੜੇ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ। ਮੀਟਿੰਗ ਦੌਰਾਨ ਪੁਲਸ ਅਫਸਰਾਂ ਨੂੰ ਆਪਸੀ ਤਾਲਮੇਲ ਕਰ ਕੇ ਡਰੱਗ ਸਮੱਗਲਰਾਂ/ਪੈਰੋਲ ਜੰਪਰਾਂ/ਮੁਜਰਿਮ ਇਸ਼ਤਿਹਾਰੀਆਂ ਆਦਿ ਨੂੰ ਕਾਬੂ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਜੁਰਮ ਕਰਨ ਵਾਲੇ ਵਿਅਕਤੀਆਂ ਨਾਲ ਨਜਿੱਠਣ ਲਈ ਇਕ ਸਾਂਝੀ ਖਾਸ ਯੋਜਨਾ ਤਿਆਰ ਕੀਤੀ ਗਈ।
ਇਸ ਮੀਟਿੰਗ ਦਾ ਮੁੱਖ ਮੰਤਵ ਇਹ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੂਜੇ ਸੂਬਿਆਂ ਤੋਂ ਨਸ਼ੇ ਦੀ ਸਮੱਗਲਿੰਗ ਦੇ ਨਾਜਾਇਜ਼ ਕਾਰੋਬਾਰ ਨੂੰ ਰੋਕਣਾ, ਅਪਰਾਧਿਕ ਗਤੀਵਿਧੀਆਂ ਵਾਲੇ ਅਨਸਰਾਂ ‘ਤੇ ਨਜ਼ਰ ਰੱਖਣੀ ਅਤੇ ਪੁਲਸ ਨੂੰ ਲੋੜੀਂਦੇ ਗੈਂਗਸਟਰਾਂ ਅਤੇ ਮੁਜਰਿਮ ਇਸ਼ਤਿਹਾਰੀਆਂ ਨੂੰ ਗ੍ਰਿਫਤਾਰ ਕਰਨਾ ਹੈ। ਵਰਿੰਦਰਪਾਲ ਸਿੰਘ ਸੀਨੀਅਰ ਪੁਲਸ ਕਪਤਾਨ ਰੂਪਨਗਰ ਨੇ ਦੱਸਿਆ ਕਿ ਜ਼ਿਲਾ ਰੂਪਨਗਰ ਦੀ ਪੁਲਸ ਵੱਲੋਂ ਨਸ਼ਿਆਂ ਅਤੇ ਸ਼ਰਾਬ ਦੀ ਨਾਜਾਇਜ਼ ਤਸਕਰੀ ਨੂੰ ਰੋਕਣ ਲਈ ਵਟਸਐਪ ‘ਤੇ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ, ਜਿਸ ਦਾ ਨੰਬਰ 9115901632 ਹੈ। ਉਨ੍ਹਾਂ ਜ਼ਿਲਾ ਰੂਪਨਗਰ ਪੁਲਸ ਵੱਲੋਂ ਅਪੀਲ ਕੀਤੀ ਕਿ ਨਸ਼ਿਆਂ ਅਤੇ ਸ਼ਰਾਬ ਦੀ ਨਾਜਾਇਜ਼ ਸਮੱਗਲਿੰਗ ਸਬੰਧੀ ਜਾਣਕਾਰੀ ਕਿਸੇ ਵੀ ਵਿਅਕਤੀ ਵੱਲੋਂ ਉਕਤ ਨੰਬਰ ‘ਤੇ ਵਟਸਐਪ ਰਾਹੀਂ ਦਿੱਤੀ ਜਾ ਸਕਦੀ ਹੈ ਅਤੇ ਉਸ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: