Wed. Apr 24th, 2019

ਨਸ਼ਿਆਂ ਦੇ ਭੇਟ ਚੜ ਗਈ ਪੰਜਾਬ ਦੀ ਸਰਦਾਰੀ

ਨਸ਼ਿਆਂ ਦੇ ਭੇਟ ਚੜ ਗਈ ਪੰਜਾਬ ਦੀ ਸਰਦਾਰੀ,

ਸਰਕਾਰ ਬੇਫਿਕਰ ਮਾਪੇ ਚੁਰ ਰਹੇ ਨੇ ਚਿੰਤਾਂ ‘ਚ

5-7

(ਸੰਗਰੂਰ) ਦਿੜ੍ਹਬਾ ਮੰਡੀ 04 ਜੂਨ(ਰਣ ਸਿੰਘ ਚੱਠਾ) ਪੰਜਾਬ ਦੀ ਕੰਚਨ ਵਰਗੀ ਸੰਦਲੀ ਜਵਾਨੀ ਨੂੰ ਨਸ਼ੇ ਘੁਣ ਵਾਂਗ ਖਾ ਗਏ ਹਨ,ਨਸ਼ਿਆਂ ਨੇ ਕਈ ਘਰਾਂ ਦੇ ਚੁੱਲ੍ਹੇ ਠੰਡੇ ਕਰ ਦਿੱਤੇ ਨੇ, ਸੈਂਕੜੇ ਕਿੱਲਿਆਂ ਦੇ ਮਾਲਕ ਨਸ਼ਿਆਂ ਵਿਚ ਝੁੱਗਾ ਚੌੜ ਕਰਵਾ ਕੇ ਦਰ-ਦਰ ਦੀਆਂ ਠੋਕਰਾਂ ਖਾ ਰਹੇ ਨੇ,ਨਸ਼ੱਈਆਂ ਦੇ ਮਾਪਿਆਂ ਨੂੰ ਹੁਣ ਦਿਲਾਸੇ ਵੀ ਧਰਵਾਸ ਨਹੀਂ ਦਿੰਦੇ। ਨਿਰਾਸ਼ਤਾ ’ਚ ਬੁੱਤ ਬਣੇ ਉਹ ਆਪਣੇ ਅੱਥਰੂ ਪੂੰਝਣ ਜੋਗੇ ਵੀ ਨਹੀਂ ਰਹੇ। ਜਿਸ ਘਰ ਨਸ਼ੇ ਦਾ ਵਾਸਾ ਹੋਵੇ ਉੱਥੇ ਪਹਿਲਾਂ ਧਰਿਆ-ਢਕਿਆ ਵਿਕਦਾ ਏ, ਫਿਰ ਗਹਿਣਾ-ਗੱਟਾ, ਫਿਰ ਜ਼ਮੀਨਾਂ, ਫਿਰ ਭਾਂਡੇ-ਟੀਂਡੇ ਨਸ਼ੱਈਆਂ ਦੇ ਬੱਚੇ ਖੇਡਾਂ-ਖਿਡੌਣਿਆਂ, ਚੰਗੀ ਖੁਰਾਕ, ਲੀੜੇ-ਲੱਤੇ ਤੇ ਪੜ੍ਹਾਈ ਲਈ ਤਰਸਦੇ ਨੇ ਅਤੇ ਉੱਨਾ ਦੇ ਲੜ ਲੱਗੀਆਂ ਦੀਆਂ ਰੀਝਾਂ-ਸੱਧਰਾਂ ਸਹਿਕ-ਸਹਿਕ ਦਮ ਤੋੜ ਦਿੰਦੀਆਂ ਨੇ,ਨਸ਼ੱਈ ਸਰੀਰ ਬਣਦੇ ਨੇ ਮੁਰਦੇਹਾਣੀ ਦੇ ਸ਼ਿਕਾਰ – ਨਾ ਹਿੰਮਤ, ਨਾ ਹੌਸਲਾ ਤੇ ਉਤਸ਼ਾਹ ਚਿਰਾਂ ਦਾ ਮਰ ਮੁੱਕਿਆ ਸਵੇਰ ਤੋਂ ਸੰਝ ਤੀਕ ਦੇ ਸਮੇਂ ਵਿਚੋਂ ਇਕ ਪਲ ਵੀ ਵਿਉਂਤਿਆ ਹੋਇਆ ਨਹੀਂ। ਨਾ ਸ਼ੁੱਭ ਸਮਾਂ, ਨਾ ਉਤਸ਼ਾਹ ਦੀ ਜਗਮਗਾਹਟ, ਫਿਰ ਚੜ੍ਹਦੀ ਕਲਾ ਕਿਵੇਂ ਹੋਵੇ,ਪਹਿਲਾਂ ਛੇਵੇਂ ਦਰਿਆ ਨੇ ਜਵਾਨੀ ਰੋੜ੍ਹੀ, ਫਿਰ ਸਮੈਕ ਨੇ ਪਿੰਜਰ ਕੀਤੀ, ਫਿਰ ਹੈਰੋਇਨ ਨੇ ਹੱਡੀਆਂ ਨੂੰ ਖਾਧਾ ਤੇ ਹੁਣ ਉੱਤੋਂ ‘ਮੈਥਾਫੀਟਾਮਾਇਨ’ ਨਾਂ ਦੇ ਨਵੇਂ ਮਹਿੰਗੇ ਨਸ਼ੇ ਦੀ ਆਦਤ ਕਾਰਨ ਕਿਸੇ ਵੇਲੇ ਸਰਦਾਰ ਕਹਾਉਣ ਵਾਲੇ ਕੱਖੋਂ ਹੌਲੇ ਹੋਏ ਫਿਰਦੇ ਨੇ ਤੇ ਰਿਸ਼ਤੇਦਾਰ ਵੀ ਇਨ੍ਹਾਂ ਨੂੰ ਘਰੇ ਵਾੜ ਕੇ ਖੁਸ਼ ਨਹੀਂ।

ਕੁੰਡੀਆਂ ਮੁੱਛਾਂ, ਫੜਕਦੇ ਡੌਲੇ, ਚੌੜੀਆਂ ਛਾਤੀਆਂ ਵਾਲੇ ਮਝੈਲ, ਮਲਵੱਈ, ਦੁਆਬੀਏ ਤੇ ਪੁਆਧੀਏ ਫੂਕ ਮਾਰਿਆਂ ਉੱਡਦੇ ਨਜ਼ਰ ਆਉਂਦੇ ਨੇ,ਜਿਹੜੇ ਚੰਦ ਕੁ ਨੌਜਵਾਨ ਨਸ਼ਿਆਂ ਤੋਂ ਬਚ ਗਏ ਨੇ,ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਜਵਾਨੀ ਦਾ ਡਰ ਅੰਦਰੋ-ਅੰਦਰੀ ਖਾ ਰਿਹਾ ਏ ਤੇ ਉਹ ਜਵਾਨ ਪੁੱਤਰਾਂ ਨੂੰ ਕੀਮਤੀ ਗਹਿਣਿਆਂ ਵਾਂਗ ਲੁਕੋ-ਲੁਕੋ ਕੇ ਰੱਖ ਰਹੇ ਨੇ ਤਾਂ ਕਿ ਨਸ਼ੇ ਦੇ ਸੌਦਾਗਰਾਂ ਦੀ ਉਨ੍ਹਾਂ ’ਤੇ ਨਜ਼ਰ ਨਾ ਪੈ ਜਾਵੇ,ਨਸ਼ੇ ਦੇ ਸੌਦਾਗਰ ਮਾਲਾ ਮਾਲ ਹੋ ਰਹੇ ਹਨ,ਕਈ ਜ਼ਿੰਦਗੀਆਂ ਤਬਾਹ ਹੋ ਗਈਆਂ ਤੇ ਕਈ ਹੋ ਰਹੀਆਂ ਹਨ ਪਰ ਚਿੰਤਾ ਕਿਸ ਨੂੰ,ਪੰਜਾਬ ਵਿਚ ਸਿੱਖਿਆ ਵਿਭਾਗ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੀ ਗੱਲ ਤੋਰੀ ਗਈ ਹੈ ਤੇ ਹੁਣ ਸਕੂਲਾਂ ਵਿਚ ਨਸ਼ਿਆਂ ਖਿਲਾਫ਼ ਇਕ ਵੱਖਰੀ ਕਲਾਸ ਲੱਗੇਗੀ ਤਾਂ ਜੋ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਸਕੇ। ਇਹ ਕਲਾਸ ਅਜਿਹੀ ਹੋਵੇਗੀ ਜਿਸ ਵਿਚ ਬੱਚਿਆਂ ਨੂੰ ਨਸ਼ੇ ਕਾਰਨ ਸਰੀਰਕ ਤੇ ਮਾਨਸਿਕ ਸਿਹਤ ’ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਇਸ ਤੋਂ ਪ੍ਰਹੇਜ਼ ਕਰਨ ਦੀ ਪ੍ਰੇਰਨਾ ਦਿੱਤੀ ਜਾਵੇਗੀ,ਸਰਕਾਰ ਦਾ ਇਹ ਕਦਮ ਬੇਹੱਦ ਸ਼ਲਾਘਾਯੋਗ ਹੈ, ਪਰ ਸੋਚਣ ਵਾਲੀ ਗੱਲ ਹੈ ਕਿ ਕੀ ਜਿਹੜੇ ਲੋਕ ਨਸ਼ਾ ਕਰ ਰਹੇ ਨੇ ਉਹ ਜਾਗਰੂਕ ਨਹੀਂ, ਕੀ ਉਹ ਨਹੀਂ ਜਾਣਦੇ ਕਿ ਨਸ਼ੇ ਮਾੜੇ ਹਨ, ਹਾਨੀਕਾਰਕ ਹਨ, ਸਾਰੇ ਜਾਗਰੂਕ ਹਨ ਤੇ ਸਾਰਿਆਂ ਨੂੰ ਨਸ਼ੇ ਦੇ ਨਤੀਜਿਆਂ ਦਾ ਪਤਾ ਹੈ, ਪਰ ਫਿਰ ਵੀ ਨਸ਼ੇ ਵਿਕ ਰਹੇ ਨੇ ਤੇ ਕੀਤੇ ਜਾ ਰਹੇ ਨੇ। ਇਸ ਸਭ ਦਾ ਵੱਡਾ ਕਾਰਨ ਰੂੜ੍ਹੀਵਾਦੀ ਵਿਚਾਰਧਾਰਾ ਤੇ ਸਿਆਸਤ ਦੀ ਲਾਪ੍ਰਵਾਹੀ ਹੈ, ਜੋ ਸੱਤਾ ਵਿਚ ਹੁੰਦੇ ਹੋਏ ਵੀ ਢੁੱਕਵੇਂ ਕਦਮ ਉਠਾਉਣ ਤੋਂ ਗੁਰੇਜ਼ ਕਰਦੀ ਹੈ,ਪੰਜਾਬ ਵਿਚ ਨਸ਼ੇੜੀਆਂ, ਗੋਲੀਬਾਜ਼ਾਂ , ਚਰਸੀਆਂ-ਭੰਗੀਆਂ, ਅਮਲੀਆਂ ਜਾਂ ਸ਼ਰਾਬੀਆਂ ਦੀ ਕੋਈ ਕਮੀ ਨਹੀਂ, ਸਗੋਂ ਹਰ ਚੜ੍ਹਦੇ ਦਿਨ ਇਨ੍ਹਾਂ ਦੀ ਗਿਣਤੀ ਵਧਦੀ ਹੀ ਚਲੀ ਜਾ ਰਹੀ ਏ। ਗੁਰੂਆਂ ਦੀ ਸਰ-ਜ਼ਮੀਨ ਪੰਜਾਬ ਵਿਚ ਅਜਿਹੇ ਲੋਕ ਵੀ ਨੇ, ਜੋ ਪੂਰੀ ਬੋਤਲ ਇਕੋ ਡੀਕ ਵਿਚ ਪੀ ਕੇ ਠੇਕੇ ਤੋਂ ਨਮਕ ਚੱਟ ਕੇ ਰਾਹ ਲੱਗਦੇ ਨੇ।

ਸਦਕੇ ਜਾਈਏ ਉਸ ਸਰਕਾਰ ਦੇ ਜੋ ਇਕ ਪਾਸੇ ਜਾਗਰੂਕਤਾ ਮੁਹਿੰਮ ਚਲਾ ਰਹੀ ਏ, ਸਿਹਤ ਕੇਂਦਰਾਂ ਵਿਚ ਨਸ਼ਿਆਂ ਵਿਰੁੱਧ ਵਿੰਗ ਸਥਾਪਿਤ ਕਰ ਰਹੀ ਏ, ਨਸ਼ਾ ਛੁਡਾਊ ਕੇਂਦਰ ਸਥਾਪਿਤ ਕਰ ਰਹੀ ਏ ਤੇ ਦੂਜੇ ਪਾਸੇ ਉਸ ਨੇ ਐਤਕੀਂ ਸ਼ਰਾਬ ਦੇ ਕੋਟੇ ਵਿਚ ਕਰੋੜਾਂ ਰੁਪਏ ਦਾ ਵਾਧਾ ਕੀਤਾ ਹੈ,ਸਥਿਤੀ ਨੂੰ ਦੇਖਦਿਆਂ ਲੱਗਦਾ ਹੈ ਕਿ ਪੰਜਾਬ ਅਣ-ਐਲਾਨੀ ਸਰਾਬ-ਕ੍ਰਾਂਤੀ ਦੇ ਦੌਰ ਵਿਚੋਂ ਲੰਘ ਰਿਹਾ ਹੈ। ਖੇਤੀ-ਕ੍ਰਾਂਤੀ ਨਾਲ ਸਰਾਬ-ਕ੍ਰਾਂਤੀ ਦਾ ਮੁਕਾਬਲਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬੀਆਂ ਦੀ ਦਾਰੂ ਦਾ ਬਜਟ ਇਕ ਸੀਜ਼ਨ ਦੀ ਅਨਾਜ ਪੈਦਾਵਾਰ ਦੇ ਬਰਾਬਰ ਹੀ ਹੈ। ਲਗਭਗ 65 ਫੀਸਦੀ ਸਕੂਲੀ ਵਿਦਿਆਰਥੀ ਨਸ਼ਿਆਂ ਦੇ ਆਦੀ ਹਨ,ਪੰਜਾਬ ਵਿਚ ਨਸ਼ਿਆਂ ਨੇ ਇਕ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਨਸ਼ਾ ਕਰਨ ਵਾਲਿਆਂ ਵਿਚ ਹਰ ਵਰਗ, ਧਰਮ, ਜਾਤ ਦੇ ਲੋਕ ਸ਼ਾਮਲ ਹਨ,ਅੱਜ ਦੇ ਰੰਗਲੇ ਪੰਜਾਬ ਵਿੱਚ ਸਰਕਾਰੀ ਸਕੂਲ,ਸਰਕਾਰੀ ਹਸਪਤਾਲ ਘੱਟ ਹਨ ਅਤੇ ਸਰਾਬ ਦੇ ਠੇਕੇ ਵੱਧ ਹਨ,ਹੁਣ ਆਖਰ ਨੂੰ ਗੱਲ ਇੱਥੇ ਮੁੱਕਦੀ ਏ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ।

Share Button

Leave a Reply

Your email address will not be published. Required fields are marked *

%d bloggers like this: