ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

ਨਸ਼ਿਆਂ ਦੀ ਹਨੇਰੀ ‘ਚ ਬੁਝਣ ਲੱਗੇ ਘਰਾਂ ਦੇ ਚਿਰਾਗ

ਨਸ਼ਿਆਂ ਦੀ ਹਨੇਰੀ ‘ਚ ਬੁਝਣ ਲੱਗੇ ਘਰਾਂ ਦੇ ਚਿਰਾਗ

ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਅਤੇ ਫਕੀਰਾਂ ਦੀ ਧਰਤੀ ਹੈ।ਜਿੱਥੇ ਵੱਖ-ਵੱਖ ਮਹਾਨ ਯੋਧਿਆਂ ਨੇ ਜਨਮ ਲਿਆ।ਪੰਜਾਬੀਆਂ ਨੇ ਹਮੇਸ਼ਾ ਹੀ ਆਪਣੇ ‘ਤੇ ਆਈਆ ਮੁਸੀਬਤਾਂ ਦਾ ਡੱਟ ਕੇ ਸਾਹਮਣਾ ਕੀਤਾ ਹੈ।ਫਿਰ ਉਹ ਭਾਵੇਂ ਮੁਗਲਾਂ ਦੁਆਰਾ ਕੀਤੇ ਹਮਲੇ ਹੋਣ, 1947 ਦੀ ਵੰਡ ਦਾ ਸੰਤਾਪ ਹੋਵੇ ਜਾਂ ਫਿਰ 1984 ਦਾ ਭਿਆਨਕ ਸਮਾਂ ਹੋਵੇ।ਪੰਜਾਬੀਆਂ ਨੇ ਹਮੇਸ਼ਾ ਹੀ ਆਪਣੇ ‘ਤੇ ਆਈ ਮੁਸੀਬਤ ਸਮੇਂ ਸਮਝਦਾਰੀ ਅਤੇ ਦਲੇਰੀ ਤੋਂ ਕੰਮ ਲੈਂਦੇ ਹੋਏ ਆਪਣੀ ਜਿੱਤ ਦਾ ਝੰਡਾ ਗੱਡਿਆ ਹੈ।ਪੰਜ ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਜਾਣੇ ਜਾਂਦੇ ਪੰਜਾਬ ਵਿੱਚ ਅਜੌਕੇ ਸਮੇਂ ਨਸ਼ਿਆਂ ਦਾ ਛੇਵਾਂ ਦਰਿਆ ਵਗਣ ਲੱਗਾ ਹੈ।ਜਿਸ ਵਿੱਚ ਪੰਜਾਬ ਦੀ ਨੋਜਵਾਨੀ ਡੁੱਬਦੀ ਨਜ਼ਰ ਆ ਰਹੀ ਹੈ।ਕਿਸੇ ਵੀ ਮੁਸੀਬਤ ਦੇ ਬੋਝ ਹੇਠ ਨਾ ਦਬਣ ਵਾਲੇ ਪੰਜਾਬੀ ਨੋਜਵਾਨ ਅੱਜ ਢਾਈ ਇੰਚ ਦੀ ਸਰਿੰਜ਼ ਦੇ ਭਾਰ ਹੇਠ ਦੱਬ ਕੇ ਰਹਿ ਗਏ ਹਨ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਚਾਰ ਹਫਤਿਆਂ ਵਿੱਚ ਨਸ਼ਾ ਮੁਕਤ ਕਰਨ ਦਾ ਵਾਅਦਾ ਕਰਕੇ ਆਈ ਸੱਤਾ ਵਿੱਚ ਆਈ ਕੈਪਟਨ ਸਰਕਾਰ ਵੀ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਪੂਰੀ ਤਰਾਂ ਸਫਲ਼ ਨਹੀਂ ਹੋ ਸਕੀ ਅਤੇ ਆਪਣੇ ਕਾਰਜਕਾਲ ਦੇ ਢਾਈ ਸਾਲ ਬੀਤ ਜਾਣ ਮਗਰੋਂ ਵੀ ਸਰਕਾਰ ਨਸ਼ੇ ਨੂੰ ਰੋਕਣ ਵਿੱਚ ਅਸਫਲ ਰਹੀ ਹੈ।ਪੰਜਾਬ ਪੁਲੀਸ ਵੀ ਨਸ਼ਿਆਂ ਦੇ ਵੱਡੇ ਵਾਪਰੀਆਂ ਨੂੰ ਫੜ੍ਹਨ ਵਿੱੱਚ ਕਾਮਯਾਬ ਨਹੀਂ ਹੋ ਸਕੀ, ਛੋਟੇ ਤਸਕਰਾਂ ਅਤੇ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਨੂੰ ਫੜ੍ਹ ਕੇ ਹੀ ਆਪਣੀ ਪਿੱਠ ਥਪ ਥਪਾ ਰਹੀ ਹੈ।ਸੂਬੇ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਬਣਾਈ ਗਈ ਐਸਟੀਐਫ ਵੀ ਨਸ਼ੇ ਦੇ ਵੱਡੇ ਵਪਾਰ ਦੇ ਨੱਕ ਨਕੇਲ ਪਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ।ਨਸ਼ਿਆਂ ਦੇ ਮੁੱਦੇ ‘ਤੇ ਕਾਂਗਰਸ ਪਾਰਟੀ ਦੇ ਕੁਝ ਵਿਧਾਇਕ ਵੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕਰ ਰਹੇ ਹਨ।

ਜੇਕਰ ਆਲ ਇੰਡੀਆਂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਨਵੀਂ ਦਿੱਲੀ ਦੁਆਰਾ ਕੀਤੇ ਗਏ ਸਰਵੇ ਦੀ ਗੱਲ ਕੀਤੀ ਜਾਵੇਂ ਤਾਂ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ ਅਤੇ ਸਰਹੱਦੀ ਖੇਤਰਾਂ ਵਿੱਚ ਹਲਾਤ ਹੋਰ ਹੀ ਜ਼ਿਆਦਾ ਖ਼ਰਾਬ ਹੋ ਚੁੱਕੇ ਹਨ।ਬੇਸ਼ਕ ਨਸ਼ਿਆਂ ਦਾ ਦੈਂਤ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਹੀ ਆਪਣੇ ਪੈਰ ਪਸਾਰ ਰਿਹਾ ਸੀ ਪਰ ਸਾਡੀਆਂ ਸਰਕਾਰਾਂ ਦੀ ਬੇਧਿਆਨੀ ਤੋਂ ਬਾਅਦ ਹੁਣ ਇਸ ਨੇ ਪੰਜਾਬ ਦੀ ਨੋਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਵੀ ਸ਼ੁਰੂ ਕਰ ਦਿੱਤਾ ਹੈ।ਏਮਜ਼ ਦੀ ਰਿਪੋਰਟ ਅਨੁਸਾਰ ਨਸ਼ਿਆਂ ਦੇ ਮਾਮਲੇ ਵਿੱਚ ਪੰਜਾਬ ਦਾ ਪੂਰੇ ਭਾਰਤ ਵਿੱਚੋਂ ਦੂਸਰਾ ਸਥਾਨ ਹੈ।ਜੇਕਰ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇਂ ਤਾਂ ਪੰਜਾਬ ਦੇ ਲਗਭਗ 10 ਲੱਖ ਨੋਜਵਾਨ ਨਸ਼ਿਆਂ ਦੇ ਝੁੰਗਲ ਵਿੱਚ ਫਸੇ ਹੋਏ ਹਨ ਅਤੇ ਇਨ੍ਹਾਂ ਦਾ ਤੁਰੰਤ ਇਲਾਜ਼ ਕਰਵਾਉਣ ਦੀ ਜ਼ਰੂਰਤ ਹੈ ਤਾਂ ਕਿ ਉਨ੍ਹਾਂ ਦੀ ਜ਼ਿੰਦਗੀ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ।
ਜੇਕਰ ਸਰਕਾਰੀ ਅੰਕੜਿਆਂ ਵੱਲ ਨਿਗ੍ਹਾਂ ਮਾਰੀ ਜਾਵੇਂ ਤਾਂ ਪਿਛਲੇ ਪੰਜ ਸਾਲਾਂ ਵਿੱਚ 609 ਨੋਜਵਾਨਾਂ ਨੂੰ ਨਸ਼ਿਆਂ ਦੇ ਦੈਂਤ ਨੇ ਆਪਣਾ ਸ਼ਿਕਾਰ ਬਣਾਇਆ ਹੈ ਪਰ ਜ਼ਮੀਨੀ ਹਕੀਕਤ ਵੱਲ ਝਾਤ ਮਾਰੀ ਜਾਵੇ ਤਾਂ ਇਹ ਅੰਕੜੇ ਅਸਲੀਅਤ ਤੋਂ ਕੋਹਾਂ ਦੂਰ ਜਾਪਦੇ ਹਨ ਕਿਉਂਕਿ ਸੂਬੇ ਅੰਦਰ ਹਰ ਰੋਜ਼ ਲੱਗਭਗ 2 ਤੋਂ 3 ਨੋਜਵਾਨਾਂ ਦੀ ਨਸ਼ੇ ਦੀ ਓਵਰਡੋਜ ਨਾਲ ਮਰਨ ਦੀਆਂ ਖਬਰਾਂ ਅਖਬਾਰਾਂ ਦੀ ਸੁਰਖੀ ਹੁੰਦੀਆਂ ਹਨ।ਸੂਬੇ ਅੰਦਰ ਨੋਜਵਾਨਾਂ ਤੋਂ ਬਾਅਦ ਨਸ਼ਿਆਂ ਦੇ ਦੈਂਤ ਨੇ ਮੁਟਿਆਰਾਂ ਨੂੰ ਵੀ ਸ਼ਿਕਾਰ ਬਣਾੳਣਾ ਸ਼ੁਰੂ ਕਰ ਦਿੱਤਾ ਹੈ।ਪਿਛਲੇ ਦਿਨਾਂ ਵਿੱਚ ਬਠਿੰਡਾ ਅਤੇ ਲੁਧਿਆਣਾ ‘ਚ ਤਿੰਨ ਮੁਟਿਆਰਾਂ ਦੀ ਨਸ਼ੇ ਦੀ ਓਵਰਡੋਜ ਨਾਲ ਹੋਈ ਮੌਤ ਇਸ ਦੀ ਪ੍ਰਤੱਖ ਉਦਾਹਰਨ ਹਨ।ਇਸ ਦੇ ਨਾਲ ਹੀ ਨਸ਼ੇ ਕਾਰਨ ਸਾਡੀ ਨੋੋਜਵਾਨ ਪੀੜੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ।ਏਡਜ ਵਰਗੀ ਬਿਮਾਰੀ ਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਜੇਕਰ ਨਸ਼ਿਆਂ ਦੇ ਮਾਮਲੇ ਵਿੱਚ ਜ਼ਮੀਨੀ ਪੱਧਰ ਦੇ ਹਲਾਤਾਂ ਨੂੰ ਦੇਖਿਆ ਜਾਵੇ ਤਾਂ ਪੰਜਾਬ ਦੇ ਇੱਕਾ-ਦੁੱਕਾ ਪਿੰਡਾਂ ਨੂੰ ਛੱਡ ਕੇ ਹਰ ਇਕ ਪਿੰਡ ਵਿੱਚ ਲਗਭਗ ਅੱਠ ਤੋਂ ਦਸ ਨੋਜਵਾਨ ਚਿੱਟੇ ਦੇ ਝੁੰਗਲ ਵਿੱਚ ਫਸ ਚੁੱਕੇ ਹਨ।ਨਸ਼ਿਆਂ ਦੇ ਮੁੱਦੇ ‘ਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਨੋਜਵਾਨੀ ਨੂੰ ਹੋਰ ਨਸ਼ੀਲੇ ਪਦਾਰਥਾਂ ਨੇ ਬਹੁਤਾ ਬਰਬਾਦ ਨਹੀਂ ਕੀਤਾ ਸੀ, ਪਰ ਇਸ ਚਿੱਟੇ ਕਾਰਨ ਘਰਾਂ ਦੇ ਘਰ ਉਜੜ ਗਏ ਹਨ।ਕੈਪਟਨ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਕੀਤੀ ਗਈ ਥੋੜੀ ਸਖ਼ਤੀ ਦਾ ਵੱਡੇ ਤਸਕਰ ਲਾਹਾ ਲੈ ਰਹੇ ਹਨ, ਕਿਉਂਕਿ ਇਸ ਨਾਲ ਨਸ਼ਾ ਰੁਕਣ ਦੀ ਬਜਾਏ ਮਹਿੰਗਾ ਹੋ ਗਿਆ ਹੈ।

ਅੱਜ ਕੱਲ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੇਸ਼ੱਕ ਚਿੱਟਾ ਸ਼ਰੇਆਮ ਵਿਕਣ ਦੀਆਂ ਆਡਿਉ ਕਾਲਾਂ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਹੀਆ ਹਨ ਪਰ ਸਰਕਾਰ ਹਾਲ ਦੀ ਘੜੀ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਅਤੇ ਚਿੱਟੇ ਦੇ ਵਪਾਰੀ ਬਿਨਾਂ ਕਿਸੇ ਡਰ ਤੋਂ ਘੁੰਮ ਰਹੇ ਹਨ।ਨਸ਼ਿਆਂ ਦੇ ਝੁੰਗਲ ਤੋਂ ਬਾਹਰ ਆ ਚੁੱਕੇ ਕੁਝ ਨੋਜਵਾਨਾਂ ਦਾ ਕਹਿਣਾ ਹੈ ਕਿ ਚਿੱਟਾ ਸੂਬੇ ਦੇ ਪਿੰਡਾਂ ਅਤੇ ਸ਼ਹਿਰ ਦੀਆਂ ਗਲੀਆਂ ਵਿੱਚ ਚਿੱਟਾ ਟੌਫੀਆਂ ਵਾਂਗ ਵਿਕ ਰਹੀਆਂ ਹੈ, ਪਰ ਸਰਕਾਰ ਵੱਲੋਂ ਚੁੱਕੇ ਕਦਮ ਨਸ਼ਿਆਂ ਨੂੰ ਰੋਕਣ ਵਿੱਚ ਨਾਕਾਮਯਾਬ ਸਾਬਤ ਹੋ ਰਹੇ ਹਨ।ਬੇਸ਼ਕ ਸਰਕਾਰ ਨਸ਼ੇ ਦੇ ਛੋਟੇ ਵਪਾਰੀਆਂ ਨੂੰ ਫੜ੍ਹ ਕੇ ਅਤੇ ਨਸ਼ਾ ਛਡਾਉ ਕੇਂਦਰ ਰਾਹੀਂ ਲੋਕਾਂ ਦਾ ਇਲਾਜ ਕਰਕੇ ਸੂਬੇ ਵਿੱਚੋਂ ਨਸ਼ੇ ਦੇ ਲੱਕ ਤੋੜੇ ਜਾਣ ਦੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਪੱਧਰ ‘ਤੇ ਇਹ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।

ਜੇਕਰ ਨਸ਼ਿਆਂ ਦੇ ਝੁੰਗਲ ਵਿੱਚ ਫਸਣ ਦੇ ਕਾਰਨਾਂ ਵੱਲ ਝਾਤ ਮਾਰੀ ਜਾਵੇਂ ਤਾਂ ਬੇਰੁਜ਼ਗਾਰੀ ਕਾਰਨ ਸੱਭ ਤੋਂ ਵੱਧ ਨੋਜਵਾਨ ਨਸ਼ਿਆਂ ਦੇ ਪ੍ਰਭਾਵ ਹੇਠ ਆ ਰਿਹਾ ਹੈ।ਨੋਜਵਾਨ ਵਰਗ ਆਪਣੀ ਯੋਗਤਾ ਅਨੁਸਾਰ ਨੋਕਰੀ ਨਾ ਮਿਲਣ ਕਾਰਨ ਮਾਨਸਿਕ ਤੌਰ ‘ਤੇ ਤਨਾਅ ਵਿੱਚ ਆ ਜਾਂਦਾ ਹੈ।ਅਜਿਹੇ ਹਲਾਤਾਂ ਵਿੱਚ ਆਪਣੇ-ਆਪ ਮਾਨਸਿਕ ਤਨਾਅ ਵਿੱਚੋਂ ਬਾਹਰ ਕੱਢਣ ਲਈ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਲੱਗ ਜਾਂਦੇ ਹਨ ਅਤੇ ਹੌਲੀ-ਹੌਲੀ ਇਸ ਦੇ ਆਦੀ ਹੋ ਜਾਂਦੇ ਹਨ।ਇਸ ਤੋਂ ਇਲਾਵਾ ਘਰਾਂ ਦਾ ਮਹੌਲ ਅਤੇ ਨੋਜਵਾਨਾਂ ਆਪਣੀ ਸੰਗਤ ਰਾਹੀਂ ਵੀ ਨਸ਼ਿਆਂ ਦਾ ਸੇਵਨ ਕਰਨ ਦੇ ਆਦੀ ਹੋ ਜਾਂਦੇ ਹਨ।

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਅਤੇ ਪੁਲੀਸ ਨੂੰ ਮਿਲ ਕੇ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਸਖ਼ਤ ਕਦਮ ਚੁੱਕਣ ਦੀ ਲੋੜ ਹੈ।ਨਸ਼ਿਆਂ ਨੂੰ ਰੋਕਣ ਲਈ ਸਪਲਾਈ ਚੇਨ ਨੂੰ ਤੋੜ ਕੇ ਪੀੜਤ ਦਾ ਮੁਫ਼ਤ ਇਲਾਜ ਅਤੇ ਕਾਊਂਸਲਿੰਗ ਕਰਵਾਈ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਮਰੱਥਾ ਅਨੁਸਾਰ ਕੰਮ ਮੁਹਾਇਆ ਕਰਵਾਉਣਾ ਚਾਹੀਦਾ ਹੈ।ਇਸ ਤਰਾਂ ਨਾਲ ਪੀੜਤ ਵਿਅਕਤੀਆਂ ਨੂੰ ਦੁਆਰਾ ਤੋਂ ਨਸ਼ਿਆਂ ਦੇ ਝੁੰਗਲ ਵਿੱਚ ਫਸਣ ਤੋਂ ਬਚਾਇਆ ਜਾ ਸਕਦਾ ਹੈ।ਇਸ ਤੋਂ ਇਲਾਵਾ ਸਮਾਜ ਭਲਾਈ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਨਸ਼ੇ ਤੋ ਪੀੜਤ ਵਿਅਕਤੀ ਨਾਲ ਸਕਰਾਤਮਕ ਵਿਵਹਾਰ ਕਰਦੇ ਹੋਏ ਉਨ੍ਹਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਸੂਬੇ ਦੇ ਮੌਜੂਦਾ ਹਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ, ਪੁਲੀਸ ਅਤੇ ਸਿਹਤ ਵਿਭਾਗ ਨੂੰ ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਪੰਜਾਬ ਦੀ ਖ਼ਤਮ ਹੋ ਰਹੀ ਨੋਜਵਾਨੀ ਨੂੰ ਬਚਾਇਆ ਜਾ ਸਕੇ।ਇਸਦੇ ਨਾਲ ਸਮਾਜ ਭਲਾਈ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਇਕੱਠੇ ਹੋ ਕੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਹੰਭਲਾ ਮਾਰਨ ਦੀ ਲੋੜ ਹੈ।ਨਹੀਂ ਤਾਂ ਪੰਜਾਬੀ ਦੀ ਕਹਾਵਤ ਅਨੁਸਾਰ “ਸੱਪ ਲੰਘਣ ਪਿੱਛੋਂ ਲਕੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਹੋਵੇਗਾ”

ਗੁਰਵਿੰਦਰ ਸਿੰਘ ਸਿੱਧੂ
ਪਿੰਡ ਤੇ ਡਾਕ ਭਗਵਾਨਪੁਰਾ
ਤਹਿ. ਤਲਵੰਡੀ ਸਾਬੋ (ਬਠਿੰਡਾ)
ਮੋਬਾਇਲ 94658-26040

Leave a Reply

Your email address will not be published. Required fields are marked *

%d bloggers like this: