Wed. Jul 17th, 2019

ਨਸ਼ਿਆਂ ਦੀ ਦਲਦਲ ‘ਚ ਧਸਿਆ ਪੰਜਾਬ

ਨਸ਼ਿਆਂ ਦੀ ਦਲਦਲ ‘ਚ ਧਸਿਆ ਪੰਜਾਬ

ਪੰਜਾਬ +ਆਬ ਭਾਵ ਪੰਜ ਦਰਿਆਵਾਂ ਦੀ ਧਰਤੀ ਜਿਸ ਨੂੰ ਅਨੇਕਾਂ ਪੀਰਾਂ ਫਕੀਰਾਂ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਜਿਸ ਕਰਕੇ ਅੱਜ ਵੀ ਪੰਜਾਬ ਵੱਸ ਰਿਹਾ ਹੈ। ਪਰ ਕੁਝ ਬੁਰਾਈਆਂ ਇਸ ਪੰਜਾਬ ਨੂੰ ਉਖਾੜਨ ਤੇ ਤੁਲੀਆਂ ਹੋਈਆਂ ਹਨ। ਅਜਿਹੀਆਂ ਬੀਮਾਰੀਆਂ ਚਿੰਬੜੀਆਂ ਹੋਈਆਂ ਹਨ ਕਿ ਜਿੰਨ੍ਹਾਂ ਵਿੱਚੋਂ ਨਾ ਚਾਹੁੰਦੇ ਹੋਏ ਵੀ ਅੱਜ ਦੇ ਮਾਹੌਲ ਮੁਤਾਬਕ ਬਚਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਬੱਸ ਬਚ ਉਹੀ ਰਿਹਾ ਹੈ ਜੋ ਕਿਸੇ ਪੂਰਨ ਗੁਰੂ, ਮਹਾਤਮਾ ਦੇ ਲੜ ਲੱਗਿਆ ਹੋਇਆ ਜਾਂ ਗੁਰੂਆਂ ਦੇ ਬਚਨਾਂ ਤੇ ਅਮਲ ਕਰ ਰਿਹਾ ਹੈ ਨਹੀਂ ਤਾਂ ਇਹ ਜਿੱਲਤ ਭਰੀਆਂ ਬਿਮਾਰੀਆਂ ਦਿਨੋ-ਦਿਨ ਪੰਜਾਬ ਦੀ ਜਵਾਨੀ ਨੂੰ ਅੰਦਰੋਂ-ਅੰਦਰੀ ਖੋਖਲਾ ਕਰੀਆਂ ਜਾ ਰਹੀਆਂ ਹਨ। ਬਜ਼ੁਰਗਾਂ ਕੋਲੋਂ ਸੁਣੀਦਾ ਕਿ ਇਹ ਪੰਜਾਬ ਜਿਸ ਵਿੱਚ ਮੇਲੇ ਲੱਗਦੇ ਮੇਲੇ ਚ ਭੰਗੜੇ, ਗਿੱਧਾ ਤੇ ਕੁਸ਼ਤੀਆਂ ਆਦਿ ਕਰਵਾਈਆਂ ਜਾਂਦੀਆਂ ਤੇ ਕਿਧਰੇ ਅਲਗੋਜ਼ੇ, ਢੋਲਕੀਆਂ, ਛੈਣੇ ਤੇ ਕਿਧਰੇ ਸਾਰੰਗੀਆਂ ਵੱਜਦੀਆਂ ਤੇ ਰੂਹ ਖਿੜ ਉੱਠਦੀ ਸੀ। ਪਰ ਅੱਜ ਦੇ ਮਾਹੌਲ ਨੂੰ ਵੇਖਕੇ ਇਹ ਬਜ਼ੁਰਗ ਵੀ ਵਿਚਾਰੇ ਮਾਯੂਸ ਹੋ ਜਾਂਦੇ ਹਨ।
ਕਹਿੰਦੇ ਹਨ ਕਿ ਪੁਰਾਤਨ ਲੋਕ ਕਿਹਾ ਕਰਦੇ ਸਨ ਕਿ ” ਦੱਬ ਕੇ ਵਾਹੀਏ ਅਤੇ ਰੱਜਕੇ ਖਾਈਏ” ਭਾਵ ਜ਼ਿੰਦਗੀ ਵਿੱਚ ਆਪਣੇ ਸਰੀਰ ਨੂੰ ਠੀਕ ਤੇ ਤੰਦਰੁਸਤ ਰੱਖਣ ਲਈ ਰੱਜ ਕੇ ਖੁਰਾਕ ਖਾਣੀ ਚਾਹੀਦੀ ਹੈ, ਪਰ ਅੱਜ ਦੀ ਪੀੜ੍ਹੀ ਤੰਦਰੁਸਤੀ ਲਈ ਖੁਰਾਕ ਖਾਣ ਦੀ ਬਜਾਏ ਜ਼ਿੰਦਗੀ ਨੂੰ ਖ਼ਤਮ ਕਰਦੇ ਸ਼ਰਾਬ, ਅਫੀਮ, ਡੋਡੇ, ਸਮੈਕ, ਬੀੜੀ, ਸਿਗਰਟ, ਜਰਦਾ, ਗੋਲੀਆਂ, ਕੈਪਸੂਲ ਇੱਥੋਂ ਤੱਕ ਕੇ ਬ੍ਰੈੱਡਾਂ ਤੇ ਆਇਓਡੈਕਸ ਲਗਾਕੇ ਸੜੀਆਂ ਹੋਈਆਂ ਗੰਦੀਆਂ ਜ਼ਰਾਬਾਂ ਦਾ ਪਾਣੀ ਕੱਢ ਕੇ ਪੀ ਰਹੇ ਹਨ, ਜੋ ਕਿ ਪੰਜਾਬ ਦੀ ਜਵਾਨੀ ਨੂੰ ਤਬਾਹੀ ਦੇ ਰਸਤੇ ਵੱਲ ਲਿਜਾ ਜਾ ਰਹੀਆਂ। ਇਹ ਵੇਖ ਕੇ ਡਰ ਲੱਗਦਾ ਕਿ ਆਉਣ ਵਾਲੀ ਪੀੜ੍ਹੀ ਦਾ ਕੀ ਬਣੇਗਾ ਜੋ ਅੱਜ ਹੀ ਇਹ ਨੌਜਵਾਨ ਨਸ਼ਿਆਂ ਦੇ ਦਲਦਲ ਵਿੱਚ ਫਸੇ ਬੈਠੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਇੱਕ ਸਾਲ ਵਿੱਚ ਤਕਰੀਬਨ 40 ਲੱਖ ਦੇ ਕਰੀਬ ਲੋਕ ਨਸ਼ਿਆਂ ਕਾਰਨ ਮੌਤ ਦੇ ਮੂੰਹ ਵੱਲ ਜਾ ਰਹੇ ਹਨ। ਜੇਕਰ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ 100 ਵਿੱਚੋਂ 70 ਫ਼ੀਸਦੀ ਨੌਜਵਾਨ, 20 ਫ਼ੀਸਦੀ ਕੁੜੀਆਂ ਤੇ ਪੰਜ ਫ਼ੀਸਦੀ ਬੱਚੇ ਨਸ਼ਿਆਂ ਦੀ ਦਲਦਲ ਵਿੱਚ ਧਸੇ ਹੋਏ ਹਨ। ਜੇਕਰ ਨਸ਼ਿਆਂ ਦੇ ਵਧਣ ਦੇ ਕਾਰਨਾਂ ਦਾ ਪਤਾ ਕਰੀਏ ਤਾਂ ਇਸਦਾ ਸਿਹਰਾ ਸਿੱਧਾ ਦੇਸ਼ ਦੀਆਂ ਸਰਕਾਰਾਂ, ਅਧਿਆਪਕਾਂ ਤੇ ਮਾਪਿਆਂ ਨੂੰ ਜਾਂਦਾ ਹੈ। ਸਭ ਤੋਂ ਮਾਰੂ ਪੱਖ ਸਿੱਖਿਆ ਭਾਗ ਦਾ ਹੈ ਜੋ ਇਸ ਅਮਲ ਤੋਂ ਅੱਖਾਂ ਮਿੱਟੀ ਬੈਠਾ ਹੈ। ਜਿਸ ਵਜ੍ਹਾਂ ਨਾਲ ਛੋਟੀਆਂ -ਛੋਟੀਆਂ ਕਲਾਸਾਂ ਅੱਠਵੀਂ, ਨੌਵੀਂ ਆਦਿ ਦੇ ਬੱਚੇ ਕਈ ਤਰ੍ਹਾਂ ਦੇ ਨਸ਼ਿਆਂ ਦੇ ਸ਼ਿਕਾਰ ਹੋਏ ਬੈਠੇ ਹਨ ਨਾਲ ਹੀ ਕਈ ਸਕੂਲਾਂ ਤੇ ਕਾਲਜਾਂ ਦੇ ਅਧਿਆਪਕ ਸਾਹਿਬਾਨ ਵੀ ਸ਼ਰਾਬ ਅਤੇ ਸਿਗਰਟ ਨੋਸ਼ੀ ਦੇ ਆਦੀ ਹਨ ਜੋ ਅਧਿਆਪਕ ਖੁਦ ਹੀ ਸ਼ਰਾਬ ਅਤੇ ਸਿਗਰਨੋਸ਼ੀ ਦੀ ਬਿਮਾਰੀ ਵਿੱਚ ਫਸੇ ਹਨ ਭਲਾ ਉਹ ਕਿੱਦਾਂ ਸਕੂਲ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਹਟਾ ਸਕਦੇ ਹਨ। ਹੋਰ ਤਾਂ ਹੋਰ ਇਹ ਅਧਿਆਪਕ ਸਹਿਬਾਨ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਵੀ ਦਾਰੂ ਦੀਆਂ ਬੋਤਲਾਂ ਅੱਗੇ ਰੱਖਕੇ ਫੋਟੋਆਂ ਖਿਚਵਾ ਖਿਚਵਾ ਪਾਉਂਦੇ ਹਨ। ਹਰ ਬੱਚਾ ਸ਼ੋਸ਼ਲ ਮੀਡੀਆ ਨਾ ਜੁੜਿਆ ਹੁੰਦਾ ਏ ਆਪਣੇ ਅਧਿਆਪਕ ਨੂੰ ਸਰਾਬ ਪੀਦੇਂ ਵੇਖ ਡਰ ਕੱਢ ਫਿਰ ਅਧਿਆਪਕ ਮਗਰ ਹੀ ਹੋ ਤੁਰਦੇ ਹਨ।
ਪਰ ਜੇਕਰ ਸਰਕਾਰਾਂ ਚਾਹੁਣ ਤਾਂ ਨਸ਼ਿਆਂ ਦਾ ਵਧਦਾ ਰੁਝਾਨ ਬਿਲਕੁਲ ਖ਼ਤਮ ਕਰ ਸਕਦੀਆਂ ਹਨ। ਨਸ਼ਿਆਂ ਦੇ ਪੈਕਟਾਂ ਤੇ ਦਾਰੂ ਦੀਆਂ ਬੋਤਲਾਂ ਤੇ ਲਿਖਣਾ ਕਿ” ਇਹ ਸਿਹਤ ਲਈ ਹਾਨੀਕਾਰਕ ਹੈ” ਆਦਿ ਨਾਲ ਕੁੱਝ ਨਹੀਂ ਹੁੰਦਾ। ਜਿਸ ਨਾਲ ਨਾ ਤਾਂ ਨਸ਼ਾ ਵੇਚਣ ਵਾਲੇ ਖ਼ਤਮ ਹੋਣ ਨਾ ਨਸ਼ਾ ਖਤਮ ਹੋਵੇ। ਪਰ ਹਾਂ ਨਸ਼ਾ ਕਰਨ ਵਾਲੇ ਜ਼ਰੂਰ ਖ਼ਤਮ ਹੁੰਦੇ ਜਾ ਰਹੇ ਹਨ। ਜੇ ਸਰਕਾਰ ਚਾਹੇ ਤਾਂ ਨਸ਼ਿਆਂ ਦੀ ਫੈਕਟਰੀ ਬੰਦ ਕਰਵਾ ਸਕਦੀ ਹੈ ਪਰ ਨਹੀਂ ਫਿਰ ਲੀਡਰਾਂ ਦੀਆਂ ਜੇਬਾਂ ਨੋਟਾਂ ਨਾਲ ਕਿਵੇਂ ਭਰਨਗੀਆਂ। ਜੇਕਰ ਫ਼ੈਕਟਰੀਆਂ ਬੰਦ ਹੋ ਗਈਆਂ ਤਾਂ ਚੋਣਾਂ ਕਿਵੇਂ ਜਿੱਤੀਆਂ ਜਾਣਗੀਆਂ। ਅਫਸੋਸ ਕਿ ਸਰਕਾਰਾਂ ਨੂੰ ਆਪਣਾ ਫ਼ਿਕਰ ਹੈ ਸਮਾਜ ਦਾ ਨਹੀਂ। ਮੈਂਨੂੰ ਯਾਦ ਹੈ 2007 ਦੀਆਂ ਅਸੈਂਬਲੀ ਚੋਣਾਂ ਮੌਕੇ ਸ਼ਰਾਬ ਦੇ ਖੁੱਲ੍ਹੇ ਲੰਗਰ ਲਗਾਏ ਹੋਏ ਸਨ। ਇੱਥੋਂ ਤੱਕ ਕਿ ਅਫੀਮ ਖਾਣ ਵਾਲਿਆਂ ਨੂੰ ਅਫੀਮ ਤੱਕ ਵੰਡੀ ਗਈ ਸੀ। ਲਾਹਣਤ ਅਜਿਹੀਆਂ ਸਰਕਾਰਾਂ ਦੇ ਜੋ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਾ ਨਾਮ ਕਮਾਉਂਦੀਆਂ ਨੇ ਭਲੇਮਾਣਸੋ ਜੇਕਰ ਦੁਨੀਆਂ ਵਿੱਚ ਨਾਮ ਕਮਾਉਣਾ ਹੀ ਹੈ ਤਾਂ ਸਮਾਜ ਨੂੰ ਨਸ਼ਿਆਂ ਦੇ ਕੌਹੜ ਤੋਂ ਬਾਹਰ ਕੱਢਕੇ ਕਮਾਓ। ਸਰਕਾਰਾਂ ਨਸ਼ੇ ਵੰਡਦੀਆਂ ਹਨ ਲੋਕ ਖਾਂਦੇ ਹਨ ਤੇ ਇਸ ਤੋਂ ਬਾਅਦ ਜੋ ਨਤੀਜਾ ਆਉਂਦਾ ਹੈ ਕਿ ਸਰਕਾਰ ਬਣਨ ਤੋਂ ਬਾਅਦ ਉਹਨਾਂ ਲੋਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਨ੍ਹਾਂ ਨਸ਼ਿਆਂ ਦੇ ਖਾਣ ਨਾਲ ਰੋਜ਼ ਸੈਂਕੜੇ ਲੋਕ ਅਣਿਆਈ ਮੌਤ ਮਰ ਜਾਂਦੇ ਹਨ ਤੇ ਪਿੱਛੋਂ ਪਰਿਵਾਰਾਂ ਦੇ ਪੱਲੇ ਰੋਣਾਂ, ਕੁਰਲਾਉਣਾਂ ਹੀ ਰਹਿ ਜਾਂਦਾ ਹੈ। ਕਈ ਪਰਿਵਾਰਾਂ ਦਾ ਤਾਂ ਉਸ ਤੋਂ ਬਿਨਾਂ ਕੋਈ ਸਹਾਰਾ ਵੀ ਨਹੀਂ ਹੁੰਦਾ ਜੋ ਸਹਾਰਾ ਹੁੰਦਾ ਹੈ ਉਹ ਨਸ਼ੇ ਦੀ ਦਲਦਲ ਦੇ ਵਿੱਚ ਪੈ ਕੇ ਉਨ੍ਹਾਂ ਨੂੰ ਅਲਵਿਦਾ ਆਖ ਚੁੱਕਿਆ ਹੁੰਦਾ ਹੈ। ਨਿੱਤ ਦੇ ਕਲੇਸ਼- ਝਗੜੇ ਪਿਓ ਨੇ ਪੁੱਤ ਮਾਰ ਤਾ, ਪੁੱਤ ਨੇ ਪਿਓ ਮਾਰ ਤਾ, ਭਰਾ ਨੇ ਭੈਣ ਮਾਰ ਦਿੱਤੀ ਆਦਿ ਨਸ਼ਿਆਂ ਦੀ ਵਜ੍ਹਾ ਨਾਲ ਹੋਏ ਅਖਬਾਰਾਂ ਦੀਆਂ ਸੁਰੱਖੀਆਂ ਬਣਦੇ ਹਨ। ਜੇਕਰ ਅਸਲੀਅਤ ਜਾਣੀ ਜਾਵੇ ਤਾਂ ਇਹ ਸਭ ਹਾਦਸਿਆਂ ਦੇ ਪਿੱਛੇ ਸਰਕਾਰਾਂ ਹੀ ਤਾਂ ਜ਼ਿੰਮੇਵਾਰ ਹਨ।
ਜੇਕਰ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਪੁਲਿਸ ਫੜ ਲੈਂਦੀ ਹੈ ਤਾਂ ਇਨ੍ਹਾਂ ਤਸਕਰਾਂ ਦੀ ਪਹੁੰਚ ਉੱਪਰ ਤਕ ਹੋਣ ਦੇ ਕਾਰਨ ਇਹ ਅਧਿਕਾਰੀਆਂ ਨੂੰ ਗੂੰਠਾ ਦਿਖਾ ਕੇ ਨਿਕਲ ਜਾਂਦੇ ਹਨ। ਸਾਡੀ ਸਰਕਾਰ ਦਾ ਫ਼ਰਜ਼ ਬਣਦਾ ਕਿ ਜਾਣੇ -ਅਣਜਾਣੇ ਵਿੱਚ ਇਨ੍ਹਾਂ ਕੋਹੜ ਭਰੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਨੂੰ ਨਸ਼ਾ ਰਹਿਤ ਕਰਕੇ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇ। ਸਰਕਾਰ ਨੂੰ ਨਸ਼ਿਆਂ ਦੀਆਂ ਫੈਕਟਰੀਆਂ ਬੰਦ ਕਰਕੇ ਨਸ਼ਾ ਛੁਡਾਊ ਕੇਂਦਰ ਜ਼ਿਆਦਾ ਖੋਲਣੇ ਚਾਹੀਦੇ ਹਨ। ਸਰਕਾਰ ਵੱਲੋਂ ਵੱਖ ਵਿਭਾਗਾਂ ਨੂੰ ਹੁਕਮ ਚੜਾ ਦਿੱਤੇ ਜਾਂਦੇ ਹਨ ਕਿ ਨਸ਼ਿਆਂ ਖਿਲਾਫ਼ ਸੈਮੀਨਾਰ, ਨਾਟਕ ਕਰਵਾਓ। ਪਰ ਸ਼ਾਇਦ ਇਹ ਸਭ ਕੀਤੇ ਯਤਨ ਬੇਕਾਰ ਸਾਬਿਤ ਹੋ ਰਹੇ ਹਨ ਜਦੋਂ ਨਸ਼ਿਆਂ ਦੀ ਪੂਰਤੀ ਨਾ ਹੋਣ ਕਾਰਨ ਨੋਜਵਾਨ ਸੜਕਾਂ ਤੇ ਮਰ ਰਹੇ ਦੀਆਂ ਵਾਇਰਲ ਵੀਡੀਓ ਤੇ ਖਬਰਾਂ ਪ੍ਰਕਾਸ਼ਿਤ ਹੋਈਆਂ ਵੇਖਦੇ ਹਾਂ। ਇਹਨਾਂ ਨਸ਼ਿਆਂ ਖਿਲਾਫ਼ ਕੀਤੇ ਸਮਾਗਮਾਂ ਵਿੱਚ ਜਿਆਦਾਤਰ ਸੱਤਾ ਧਾਰੀ ਪਾਰਟੀ ਦੇ ਹੀ ਵਰਕਰ ਤੇ ਆਗੂ ਮੌਜੂਦ ਹੁੰਦੇ ਹਨ। ਮੇਰੇ ਆਪਣੇ ਸਰਵੇਖਣ ਦੇ ਮੁਤਾਬਕ 100 ਫ਼ੀਸਦੀ ਬੱਚਿਆਂ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਮਾਪੇ ਨਸ਼ਿਆਂ ਵਿਚ ਲਗਾਉਂਣ ਲਈ ਮੂਹਰੀ ਰੋਲ ਅਦਾ ਕਰਦੇ ਹਨ। ਕਈ ਵਾਰ ਤਾਂ ਅਖ਼ਬਾਰਾਂ ਵਿੱਚ ਪੜ੍ਹਿਆ ਕਿ ਪਿਓ ਪੁੱਤ, ਮਾਂ ਪੁੱਤ ਦੋਵੇਂ ਤਸਕਰੀ ਕਰਦੇ ਕਾਬੂ। ਹੁਣ ਜੇਕਰ ਪਿਓ ਜਾਂ ਮਾਂ ਹੀ ਨਸ਼ਿਆਂ ਦੀ ਤਸਕਰੀ ਕਰਦੇ ਹੋਣ ਜਾਂ ਸੇਵਨ ਕਰਦੇ ਹੋਣ ਤਾਂ ਬੱਚੇ ਅਤੇ ਨੌਜਵਾਨ ਕਿਵੇਂ ਭਲਾ ਬਚ ਜਾਣਗੇ।
ਪਿੰਡਾਂ ਸ਼ਹਿਰਾਂ ਵਿੱਚ ਜਿਆਦਾਤਰ ਬੀੜੀ, ਡੋਡੇ, ਅਫੀਮ, ਸ਼ਰਾਬ, ਕੈਪਸੂਲ ਸੇਵਨ ਹੁੰਦਾ ਹੈ, ਇਸ ਦਲਦਲ ਵਿੱਚ ਫਸਣ ਲਈ ਬੱਚਿਆਂ ਨੌਜਵਾਨਾਂ ਤੋਂ ਬਜ਼ੁਰਗ ਵੀ ਮਗਰ ਨਹੀਂ ਹਨ। ਬੜੀ ਸ਼ਰਮ ਆਉਂਦੀ ਏ ਕਿ ਚਿੱਟੀ ਦਾੜ੍ਹੀ ਤੇ ਮੂੰਹ ਵਿੱਚ ਡੋਡੇ, ਬੀੜੀ, ਜਰਦਾ ਹੋਰ ਤਾਂ ਹੋਰ ਮੈਡੀਕਲ ਸਟੋਰਾਂ ਤੇ ਗੋਲੀਆਂ ਖਾਂਦਿਆਂ ਨੂੰ ਵੀ ਆਮ ਵੇਖਿਆ ਜਾਂਦਾ ਹੈ ਤਾਂ ਫਿਰ ਇਹੋ ਜਿਹੇ ਮਾਪੇ ਆਪਣੀ ਔਲਾਦ ਨੂੰ ਵੀ ਕੀ ਸਿੱਖਿਆ ਹੀ ਦੇ ਸਕਦੇ ਹਨ। ਜਦੋਂ ਮਾਪੇ ਹੀ ਅਜਿਹੇ ਨਸ਼ਿਆਂ ਵਿਚ ਫਸੇ ਹੋਏ ਹਨ। ਤੁਸੀਂ ਭਲਾ ਦੱਸ ਸਕਦੇ ਹੋ ਕਿ ਫਿਰ ਕੀ ਉਮੀਦ ਰੱਖੀ ਜਾ ਸਕਦੀ ਹੈ ਅਜਿਹੇ ਮਾਪਿਆਂ ਤੋਂ ?? ਕਈ ਮਾਪੇ ਨਾਜਾਇਜ਼ ਆਪਣੇ ਬੱਚਿਆਂ ਤੇ ਸ਼ੱਕ ਕਰਦੇ ਨੇ ਕਿ ਉਨ੍ਹਾਂ ਦੀ ਔਲਾਦ ਨਸ਼ੇ ਕਰਦੀ ਹੈ ਤੇ ਫਿਰ ਹੌਲੀ-ਹੌਲੀ ਸ਼ੱਕ ਦੀ ਬਦੌਲਤ ਚੰਗੀ ਔਲਾਦ ਵੀ ਨਸ਼ਿਆਂ ਦੇ ਹੜ੍ਹ ‘ਚ ਵਹਿ ਤੁਰਦੀ ਹੈ। ਫਿਰ ਮਾਪਿਆਂ ਕੋਲ ਪਛਤਾਵਾ ਰਹਿ ਜਾਂਦਾ ਹੈ। ਕਦੇ ਵੀ ਬੱਚਿਆਂ ਨੂੰ ਵਾਰ ਵਾਰ ਨਹੀਂ ਕਹਿਣਾ ਚਾਹੀਦਾ ਤੇ ਨਾ ਹੀ ਨਾਜਾਇਜ਼ ਸ਼ੱਕ ਕਰਨਾ ਚਾਹੀਦਾ ਹੈ। ਮੇਰੀ ਮਾਪਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਮਾਪੇ ਨਸ਼ਿਆਂ ਦੀ ਵਰਤੋਂ ਕਰ ਰਹੇ ਹਨ ਉਹ ਖੁਦ ਨਸ਼ਾ ਛੱਡ ਕੇ ਆਪਣੀ ਔਲਾਦ ਨੂੰ ਕੁਰਾਹੇ ਪੈਣ ਤੋਂ ਬਚਾਉਣ। ਹਾਲਾਂਕਿ ਕੋਈ ਮਾਂ ਬਾਪ ਨਹੀਂ ਚਾਹੁੰਦਾ ਹੁੰਦਾ ਕਿ ਮੇਰੀ ਔਲਾਦ ਨਸ਼ਿਆਂ ਦੇ ਹੜ੍ਹ ਵਿੱਚ ਵਹਿ ਤੁਰੇ। ਆਓ ਅੱਜ ਆਪਾਂ ਸਭ ਰਲ ਮਿਲ ਕੇ ਇਸ ਸੋਹਣੇ ਪੰਜਾਬ ਨੂੰ ਨਸ਼ਿਆਂ ਦੀ ਗੰਦੀ ਦਲਦਲ ਵਿੱਚੋਂ ਬਾਹਰ ਕੱਢੀਏ ਤੇ ਸੋਹਣਾ ਬਣਾਉਣ ਲਈ ਹੰਭਲਾ ਮਾਰੀਏ ਤੇ ਫਿਰ ਤੋਂ ਨਸ਼ਾ ਮੁਕਤ ਪੰਜਾਬ ਬਣਾ ਕੇ ਮੇਲਿਆਂ ਵਿੱਚ ਢੱਡ -ਸਾਰੰਗੀ, ਅਲਗੋਜ਼ੇ, ਢੋਲਕੀਆਂ ਤੇ ਸ਼ਹਿਣੇ ਖੜਕਾਈਏ ਤੇ ਪੰਜਾਬ ਦਾ ਕਲਚਰ, ਭੰਗੜਾ ਤੇ ਗਿੱਧਾ ਪਾਈਏ।

” ਦੇਈਂ ਵੇ ਰੱਬਾ ਹਿੰਮਤ ਪੰਜਾਬ ਵਿੱਚੋਂ ਨਸ਼ਿਆਂ ਨੂੰ ਮਾਰ ਮੁਕਾਉਣ ਦੀ.. ਸੋਹਣਾ ਹੱਸਦਾ ਵੱਸਦਾ ਨਸ਼ਿਆਂ ਤੋਂ ਮੁਕਤ ਪੰਜਾਬ ਬਣਾਉਣ ਦੀ….”

ਨਾਮਪ੍ਰੀਤ ਸਿੰਘ ਗੋਗੀ
ਆਈ.ਈ.ਵੀ ਅਧਿਆਪਕ
ਸ.ਪ੍ਰ ਸਕੂਲ
ਰਾਏਕੋਟ (ਲੁਧਿਆਣਾ)
ਫੋਨ ਨੰਬਰ : 81959-69968

Leave a Reply

Your email address will not be published. Required fields are marked *

%d bloggers like this: