ਨਵ-ਨਿਯੁਕਤ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਲੱਖੇਵਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ss1

ਨਵ-ਨਿਯੁਕਤ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਲੱਖੇਵਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
ਅਕਾਲੀ ਦਲ ਇਸ ਵਾਰ ਸਾਰੇ ਸ਼ਹੀਦੀ ਜੋੜ ਮੇਲਿਆ ਦੌਰਾਨ ਭਰਵੀਆਂ ਕਾਨਫਰੰਸਾਂ ਕਰੇਗਾ: ਚੰਦੂਮਾਜਰਾ

ਸ਼੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਦਵਿੰਦਰਪਾਲ ਸਿੰਘ/ਅੰਕੁਸ਼):ਅਕਾਲੀ ਦਲ ਇਸ ਵਾਰ ਸਾਰੇ ਸ਼ਹੀਦੀ ਜੋੜ ਮੇਲਿਆ ਦੌਰਾਨ ਭਰਵੀਆਂ ਕਾਨਫਰੰਸਾਂ ਕਰੇਗਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਲੱਖੇਵਾਲ ਦੇ ਬਣਨ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਉਪਰੰਤ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ।
ਇਸ ਮੌਕੇ ਚੰਦੂਮਾਜਰਾ ਨੇ ਕਿਹਾ ਕਿ ਅੱਜ ਨਵੇਂ ਬਣੇ ਪ੍ਰਧਾਨ ਦੀ ਅਗਵਾਈ ‘ਚ ਸਮੂੰਹ ਵਰਕਰਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਇਹ ਫੈਸਲਾ ਕੀਤਾ ਹੈ ਕਿ ਸ਼ਹੀਦੀ ਜੋੜ ਮੇਲਿਆਂ ਦੌਰਾਨ ਗੁਰਦੁਆਰਾ ਪ੍ਰੀਵਾਰ ਵਿਛੋੜਾ ਸਰਸਾ ਨੰਗਲ ਵਿਖੇ ੧੫ ਦਸੰਬਰ ਨੂੰ ੧੨ ਵਜੇ ਅਤੇ ੨ ਵਜੇ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ, ੧੭ ਦਸੰਬਰ ਨੂੰ ਗੁਰਦੁਆਰਾ ਭੱਠਾ ਸਾਹਿਬ ਰੂਪਨਗਰ, ੨੦ ਦਸੰਬਰ ਨੂੰ ਕਿਲਾ ਅਨੰਦਗੜ੍ਹ ਸਾਹਿਬ, ੨੧ ਦਸੰਬਰ ਨੂੰ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਅਤੇ ੨੬ ਦਸੰਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵਰਕਰਾਂ ਦਾ ਲਾਮਿਸਾਲ ਇਕੱਠ ਕਰਕੇ ਇਤਿਹਾਸਿਕ ਅਕਾਲੀ ਕਾਨਫਰੰਸਾਂ ਕਰੇਗਾ।
ਚੰਦੂਮਾਜਰਾ ਨੇ ਲੱਖੇਵਾਲ ਨੂੰ ਪ੍ਰਧਾਨ ਬਣਨ ਤੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਬਨਾਉਣ ‘ਤੇ ਅਸੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਧੰਨਵਾਦ ਕਰਦੇ ਹਾਂ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਬੇਸ਼ੱਕ ਪਹਿਲਾਂ ਜ਼ਿਲ੍ਹਾ ਰੂਪਨਗਰ ਅੰਦਰ ਪਾਰਟੀ ਵੱਲੋਂ ਦੋ ਸ਼ਹਿਰੀ ਤੇ ਪੇਂਡੂ ਪ੍ਰਧਾਨ ਬਣਾਏ ਗਏ ਸਨ ਪਰ ਹੁਣ ਪਾਰਟੀ ਨੇ ਇਹ ਫੈਸਲਾ ਕੀਤਾ ਹੈ ਕਿ ਭਵਿੱਖ ‘ਚ ਜ਼ਿਲ੍ਹਾ ਰੂਪਨਗਰ ਅੰਦਰ ਕੋਈ ਵੀ ਸ਼ਹਿਰੀ ਪ੍ਰਧਾਨ ਨਹੀਂ ਬਣੇਗਾ।
ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਵਰ੍ਹਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੂੰ ਹਾਈਜੈਕ ਕੀਤਾ ਹੋਇਆ ਹੈ ਅਤੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।ਨੰਗੇ ਚਿੱਟੇ ਰੂਪ ‘ਚ ਕੌਂਸਲ ਚੋਣਾਂ ਦੌਰਾਨ ਕਾਗਜ਼ ਭਰਨ ਵਾਲਿਆਂ ਨੂੰ ਰੋਕਿਆ ਜਾ ਰਿਹਾ ਹੈ ਜਦਕਿ ਖੇਮਕਰਨ ‘ਚ ਤੜਕਸਾਰ ਅਕਾਲੀ ਉਮੀਦਵਾਰਾਂ ਨੂੰ ਪੁਲੀਸ ਦਾ ਘਰੋਂ ਚੁੱਕਣਾ ਲੰਕਤੰਤਰ ਦੇ ਮੱਥੇ ‘ਤੇ ਕਲੰਕ ਹੈ।
ਇਸ ਮੌਕੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਪਰਮਜੀਤ ਸਿੰਘ ਲੱਖੇਵਾਲ ਨੇ ਕਿਹਾ ਕਿ ਪਾਰਟੀ ਨੇ ਜੋ ਸੇਵਾ ਮੈਨੂੰ ਦਿੱਤੀ ਹੈ ਮੈਂ ਉਸਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗਾ। ਜਦਕਿ ਬੀਤੇ ਸਮਿਆਂ ਦੌਰਾਨ ਕਿਸੇ ਨਾ ਕਿਸੇ ਗੱਲੋਂ ਨਰਾਜ਼ ਹੋ ਕੇ ਘਰਾਂ ‘ਚ ਬੈਠੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਜ਼ਿਲ੍ਹੇ ਅੰਦਰ ਹੇਠਾਂ ਜਾ ਚੁੱਕੇ ਪਾਰਟੀ ਦੇ ਗ੍ਰਾਫ ਨੂੰ ਉੱਚਾ ਚੁੱਕਣ ਲਈ ਪੂਰੀ ਵਾਹ ਲਗਾ ਦੇਵਾਂਗਾ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਪ੍ਰਿੰਸੀਪਲ ਸੁਰਿੰਦਰ ਸਿੰਘ, ਮੈਨੇਜਰ ਰਣਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਬੀਬੀ ਕੁਲਵਿੰਦਰ ਕੌਰ, ਬੀਬੀ ਸਤਵੰਤ ਕੌਰ, ਬੀਬੀ ਪਲਵਿੰਦਰ ਕੌਰ ਰਾਣੀ, ਬੀਬੀ ਤਜਿੰਦਰ ਕੌਰ, ਬੀਬੀ ਹਰਜੀਤ ਕੌਰ, ਬੀਬੀ ਰਜਿੰਦਰ ਕੌਰ, ਬੀਬੀ ਗੁਰਜੀਤ ਕੌਰ, ਬੀਬੀ ਤਰਨਜੀਤ ਕੌਰ, ਰਣਜੀਤ ਸਿੰਘ ਗੁੱਡਵਿੱਲ, ਸੁਰਿੰਦਰ ਸਿੰਘ ਮਟੌਰ, ਬੀਬੀ ਸੁਰਿੰਦਰਪਾਲ ਕੌਰ, ਹਰਜੀਤ ਸਿੰਘ ਅਚਿੰਤ, ਮਨਜੀਤ ਸਿੰਘ ਬਾਸੋਵਾਲ, ਮਨਿੰਦਰਪਾਲ ਸਿੰਘ ਮਨੀ, ਦਵਿੰਦਰ ਸਿੰਘ ਰਾਣਾ ਆਦਿ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *