Mon. Sep 23rd, 2019

ਨਵੇਂ ਮੋਟਰ ਵਹੀਕਲ ਐਕਟ ਅਧੀਨ, ਇਕ ਸਤੰਬਰ ਤੋਂ ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ

ਨਵੇਂ ਮੋਟਰ ਵਹੀਕਲ ਐਕਟ ਅਧੀਨ, ਇਕ ਸਤੰਬਰ ਤੋਂ ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ

ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਕੇ ਆਪਣੀ ਤੇ ਦੂਜਿਆਂ ਦੀ ਜਾਨ ਖ਼ਤਰੇ ਵਿੱਚ ਪਾਉਣ ਵਾਲੇ ਸਾਵਧਾਨ ਹੋ ਜਾਣ । ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਵੇਂ ਮੋਟਰ ਐਕਟ ਤਹਿਤ ਹੁਣ ਇਨ੍ਹਾਂ ਲੋਕਾਂ ਨੂੰ ਇੱਕ ਸਤੰਬਰ ਤੋਂ ਕਈ ਗੁਣਾ ਜ਼ਿਆਦਾ ਜੁਰਮਾਨਾ ਭਰਨਾ ਪਵੇਗਾ । ਜਿਸਦਾ ਐਲਾਨ ਬੁੱਧਵਾਰ ਨੂੰ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ ਕੀਤਾ ਗਿਆ ।

ਇਸ ਮਾਮਲੇ ਵਿੱਚ ਮੰਤਰਾਲੇ ਦੀ ਨਵੀਂ ਵੈਬਸਾਈਟ ਲਾਂਚ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਨਵੇਂ ਮੋਟਰ ਵਾਹਨ ਐਕਟ, 2019 ਦੇ ਤਹਿਤ 63 ਵਿਵਸਥਾਵਾਂ, ਜਿਨ੍ਹਾਂ ਵਿੱਚ ਨਿਯਮ ਬਣਾਉਣ ਦੀ ਲੋੜ ਨਹੀਂ ਹੈ, ਨੂੰ ਸਤੰਬਰ ਤੋਂ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਨਵੇਂ ਮੋਟਰ ਐਕਟ ਵਿੱਚ ਵੱਖ- ਵੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ‘ਤੇ ਜੁਰਮਾਨੇ ਦੀ ਰਕਮ ਕਈ ਗੁਣਾ ਵਧਾ ਦਿੱਤੀ ਗਈ ਹੈ ।

ਦਰਅਸਲ, ਬਿਨ੍ਹਾਂ ਹੈਲਮਟ ਦੋਪਹੀਆਂ ਵਾਹਨ ਚਲਾਉਣ ਜਾਂ ਬਿਨ੍ਹਾਂ ਸੀਟ ਬੈਲਟ ਦੇ ਕਾਰ ਚਲਾਉਣ ‘ਤੇ ਹੁਣ 100 ਰੁਪਏ ਦੀ ਬਜਾਏ 1,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ । ਜਦਕਿ ਬਿਨ੍ਹਾਂ ਲਾਇਸੈਂਸ ਗੱਡੀ ਚਲਾਉਣ ‘ਤੇ 500 ਰੁਪਏ ਦੀ ਬਜਾਏ 5,000 ਰੁਪਏ ਦਾ ਜੁਰਮਾਨਾ ਲੱਗੇਗਾ । ਇਸ ਤੋਂ ਇਲਾਵਾ ਨਿਰਧਾਰਤ ਤੋੋਂ ਜ਼ਿਆਦਾ ਰਫ਼ਤਾਰ ‘ਤੇ ਗੱਡੀ ਚਲਾਉਣ ‘ਤੇ 400 ਰੁਪਏ ਦੀ ਬਜਾਏ ਵਾਹਨ ਹੁਣ 1000 ਰੁਪਏ ਜਾਂ 2,000 ਰੁਪਏ ਦੀ ਰਸੀਦ ਕੱਟੀ ਜਾਵੇਗੀ । ਇਸ ਐਕਟ ਦੇ ਤਹਿਤ ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ 2,000 ਰੁਪਏ ਦੀ ਬਜਾਏ 10 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ ।

ਇਸ ਸਬੰਧੀ ਜਾਣਕਰੀ ਦਿੰਦਿਆਂ ਗਡਕਰੀ ਨੇ ਕਿਹਾ ਕਿ ਮੰਤਰਾਲੇ ਨੇ ਜੁਰਮਾਨੇ ਨਾਲ ਸਬੰਧਿਤ ਸਾਰੀਆਂ ਵਿਵਸਥਾਵਾਂ ਨੂੰ ਕਾਨੂੰਨ ਮੰਤਰਾਲੇ ਕੋਲ ਰਾਏ ਲਈ ਭੇਜਿਆ ਹੈ । ਜਿਸ ਵਿੱਚ ਦੋ-ਚਾਰ ਦਿਨਾਂ ਵਿੱਚ ਉੱਥੋਂ ਮਨਜ਼ੂਰੀ ਮਿਲਣ ਦੀ ਉਮੀਦ ਹੈ । ਜਿਸਦੇ ਬਾਅਦ ਇਕ ਸਤੰਬਰ ਤੋਂ ਇਸ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਜਾਵੇਗਾ ।

ਇਸ ਦੌਰਾਨ ਗਡਕਰੀ ਨੇ ਨਵੀਂ ਟਰਾਂਸਪੋਰਟ ਨੀਤੀ ਲਿਆਉਣ ਦੇ ਵੀ ਸੰਕੇਤ ਵੀ ਦਿੱਤੇ ਹਨ । ਉਨ੍ਹਾਂ ਕਿਹਾ ਕਿ ਦੇਸ਼ ਦੇ ਵਧੇਰੇ ਸੂਬੇ ਟਰਾਂਸਪੋਰਟ ਨਿਗਮ ਘਾਟੇ ਵਿੱਚ ਚੱਲ ਰਹੇ ਹਨ । ਇਸ ਨੂੰ ਠੀਕ ਕਰਨ ਲਈ ਅਸੀਂ ਨਵੀਂ ਟਰਾਂਸਪੋਰਟ ਨੀਤੀ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ ।

Leave a Reply

Your email address will not be published. Required fields are marked *

%d bloggers like this: