ਨਵੇਂ ਬਣੇ ਰਜਵਾਹੇ ਵਿੱਚ ਦੂਜੀ ਵਾਰ ਪਿਆ ਪਾੜ

ss1

ਨਵੇਂ ਬਣੇ ਰਜਵਾਹੇ ਵਿੱਚ ਦੂਜੀ ਵਾਰ ਪਿਆ ਪਾੜ
ਫਸਲਾਂ ਦਾ ਭਾਰੀ ਨੁਕਸਾਨ
ਸਰਕਾਰ ਨਹੀਂ ਕਰ ਰਹੀ ਕੋਈ ਗੌਰ, ਨਹਿਰੀ ਵਿਭਾਗ ਦੇ ਅਫਸਰਾਂ ‘ਤੇ ਮਿਲੀ ਭੁਗਤ ਦਾ ਦੋਸ਼

25-23 (2) 25-23 (1) ਤਲਵੰਡੀ ਸਾਬੋ, 24 ਮਈ (ਗੁਰਜੰਟ ਸਿੰਘ ਨਥੇਹਾ)- ਉੱਪ ਮੰਡਲ ਅਧੀਨ ਪੈਂਦੇ ਪਿੰਡ ਸੀਂਗੋ ਮੰਡੀ ਦੇ ਲਹਿਰੀ ਅਤੇ ਨੰਗਲਾ ਪਿੰਡ ਵਾਲੇ ਪਾਸੇ ਦੇ ਰਕਬੇ ਵਿੱਚੋਂ ਲੰਗਦਾ ਰਜਵਾਹਾ ਨਿੱਤ ਦਿਨ ਟੁੱਟਣ ਕਾਰਨ ਚਰਚਾ ਵਿੱਚ ਰਹਿੰਦਾ ਹੈ ਸਵੇਰੇ ਸਵਖਤੇ ਹੀ ਇਹ ਰਜਵਾਹਾ ਨੰਗਲੇ ਪਿੰਡ ਨੂੰ ਜਾਂਦੇ ਰਾਹ ਕੋਲੋਂ ਦੋਵਾਂ ਪਾਸਿਆਂ ਤੋਂ ਟੁੱਟ ਗਿਆ ਜਦਕਿ ਸਥਾਨਕ ਮੰਡੀ ਵਾਲਾ ਪਾਸੇ ਤੋਂ ਵੇਲੇ ਸਿਰ ਭਿਣਕ ਪੈਣ ਕਾਰਨ ਪਾਣੀ ਬੰਦ ਕਰ ਦਿੱਤਾ ਗਿਆ ਜਦਕਿ ਦੂਜੇ ਪਾਸੇ ਪਾਣੀ ‘ਤੇ ਖਬਰ ਲਿਖੇ ਜਾਣ ਤੱਕ ਕੋਈ ਕਾਬੂ ਨਹੀਂ ਕੀਤਾ ਜਾ ਸਕਿਆ ਸੀ ਸਗੋਂ ਉੜੀਸਾ ਦੀ ਮਸ਼ਹੂਰ ਚਿਲਕਾ ਝੀਲ ਵਾਂਗ ਪਾਣੀ ਦੂਰ ਦੂਰ ਤੱਕ ਮਾਰ ਕਰ ਚੁੱਕਿਆ ਹੈ ਅਤੇ ਢੰਗੂਰ ਮਾਰਦੇ ਮਹਿੰਗੇ ਬੀਟੀ ਨਰਮੇ ਦੀ ਫਸਲ ਨੂੰ ਆਪਣੀ ਚਪੇਟ ਵਿੱਚ ਲੈਕੇ ਭਾਰੀ ਨੁਕਸਾਨ ਕਰ ਗਿਆ ਹੈ।
ਪੀੜਤ ਕਿਸਾਨਾਂ ਨੇ ਦੱਸਿਆ ਕਿ ਗੁਰਦੇਵ ਸਿੰਘ ਪੁੱਤਰ ਜੱਗਰ ਸਿੰਘ ਦਾ 3 ਏਕੜ ਤੋਂ ਵੱਧ ਰਕਬੇ ਵਿੱਚ ਬੀਜਿਆਂ ਮਹਿੰਗੇ ਭਾਅ ਦਾ ਬੀਟੀ ਨਰਮਾ ਪਾਣੀ ਨਾਲ ਭਰ ਗਿਆ ਹੈ ਜੋ ਕਿ ਦੀ ਪਾਣੀ ਤਪਸ਼ ਭੜਦਾਅ ਆਦਿ ਕਾਰਨ ਮੱਚ ਜਾਵੇਗਾ।ਮਾਹਲਾ ਸਿੰਘ ਮੌਜੂਦਾ ਪੰਚ ਨੇ ਦੱਸਿਆ ਕਿ ਉਸਦਾ 6 ਏਕੜ ਨਰਮਾ ਪਾਣੀ ਨਾਲ ਭਰ ਗਿਆ ਹੈ ਅਤੇ ਬੇਲੋੜੇ ਪਾਣੀ ਨਾਲ ਮੱਚ ਜਾਵੇਗਾ ਇਸੇ ਤਰ੍ਹਾਂ ਰਾਜ ਸਿੰਘ ਪੁੱਤਰ ਬਿਹਾਰਾ ਸਿੰਘ ਦਾ 24 ਏਕੜ, ਗੁਰਮੀਤ ਸਿੰਘ ਪੁੱਤਰ ਨਾਜੋ ਸਿੰਘ ਦਾ 3 ਏਕੜ ਅਜੈਬ ਸਿੰਘ ਨੰਬਰਦਾਰ ਦਾ 3 ਏਕੜ ਦਰਸ਼ਨ ਸਿੰਘ ਦਾ 6 ਏਕੜ ਨਰਮਾ ਰਜਵਾਹੇ ਦੇ ਬੇਲੋੜੇ ਪਾਣੀ ਨਾਲ ਮਰ ਗਿਆ ਹੈ।ਕਿਸਾਨਾਂ ਨੇ ਦੋਸ਼ ਲਗਾਇਆ ਕਿ ਨਹਿਰੀ ਵਿਭਾਗ ਦੇ ਅਫਸਰਾਂ ਦੀ ਮਿਲੀ ਭੁਗਤ ਦਾ ਨਤੀਜਾ ਹੈ ਕਿ ਠੇਕੇਦਾਰ ਨੇ ਰਜਵਾਹਾ ਬਣਾਉਂਣ ਸਮੇਂ ਘਟੀਆ ਸਾਮਾਨ ਸਮੱਗਰੀ ਵਰਤੀ ਕਿਸਾਨਾਂ ਨੇ ਭਾਰੀ ਰੋਸ ਵਜੋਂ ਕਿਹਾ ਕਿ ਸਰਕਾਰ ਸਾਡੇ ਮਸਲਿਆਂ ਦੀ ਸਾਰ ਨਹੀਂ ਲੈ ਰਹੀ ਜਦਕਿ ਹਲਕਾ ਵਿਧਾਇਕ ਨੂੰ ਪਹਿਲਾਂ ਕਈ ਵਾਰ ਸ਼ਿਕਾਇਤਾਂ ਕੀਤੀਆਂ ਹਨ ਅਤੇ ਲਗਾਤਾਰ ਹੁਣ ਏਸੇ ਵਰ੍ਹੇ ਇਸੇ ਰਜਵਾਹੇ ਦੀ ਚੌਥੀ ਖਬਰ ਛਪ ਰਹੀ ਹੈ।ਰਜਵਾਹੇ ਦੇ ਨਜਦੀਕ ਪੈਂਦੇ ਸੁਰਜੀਤ ਸਿੰਘ ਦੇ ਘਰ ਅੰਦਰ ਪਾਣੀ ਦਾਖਲ ਹੋ ਗਿਆ ਹੈ ਜਿਸ ਕਾਰਨ ਘਰ ਦੀ ਸਥਿਤੀ ਨਾਜੁਕ ਬਣੀ ਹੋਈ ਹੈ ਦੱਸਣਯੋਗ ਹੈ ਕਿ ਇਸੇ ਰਜਵਾਹੇ ਦੇ ਵਿਸਾਖੀ ਤੋਂ ਪਹਿਲਾਂ ਬਣਨ ਸਮੇਂ ਲੋਕਾਂ ਨੇ ਘਟੀਆ ਰੇਤਾ ਸੀਮੇਂਟ ਇੱਟਾਂ ਆਦਿ ਵਰਤਣ ਦਾ ਦੋਸ਼ ਲਗਾਇਆ ਸੀ ਸੰਬੰਧਤ ਮਹਿਕਮੇ ਨੇ ਕੋਈ ਸਾਰ ਨਹੀਂ ਲਈ ਸੀ ਅਤੇ ਹੁਣ ਇਹੋ ਰਜਵਾਹੇ ਵਿੱਚ ਦੂਜੀ ਵਾਰ ਪਾੜ ਪੈ ਗਿਆ ਹੈ।ਗੌਰ-ਏ-ਤਲਬ ਹੈ ਕਿ ਇਸੇ ਰਜਵਾਹੇ ਦੇ ਦੋਵੇਂ ਪੁਲ਼ ਧਸ ਗਏ ਹਨ ਜਿੰਨ੍ਹਾਂ ਵਿੱਚੋਂ ਮੁੱਖ ਮਾਰਗ ‘ਤੇ ਪੈਂਦੇ ਪੁਲ ਦੀ ਤਾਂ ਮੁੜ ਉਸਾਰੀ ਹੋਣ ਲੱਗ ਪਈ ਹੈ ਜਦਕਿ ਦੂਸਰੇ ਦੀ ਕੋਈ ਸਾਰ ਨਹੀਂ ਲਈ ਜਾ ਰਹੀ।
ਜਾਣਕਾਰੀ ਦੇਣ ਸਮੇਂ ਸਰਬਜੀਤ ਸਿੰਘ, ਅਜੈਬ ਸਿੰਘ ਤੋਤਾ ਸਿੰਘ ਅਦਿ ਵਿਆਕਤੀ ਵਾ ਮੌਕਾ ਹਾਜਰ ਸਨ।ਕਿਸਾਨ ਆਗੂ ਦਲਜੀਤ ਸਿੰਘ ਲਹਿਰੀ ਨੇ ਮੰਗ ਕੀਤੀ ਹੈ ਕਿ ਸਰਕਾਰ ਨੁਕਸਾਨੀ ਫਸਲ ਦਾ ਮੁਆਵਜਾ ਦੇਵੇ ਅਤੇ ਰਜਵਾਹੇ ਵਿੱਚ ਪੈਂਦੇ ਨਿੱਤ ਦਿਨ ਦੇ ਪਾੜਾਂ ਦਾ ਕੋਈ ਹੱਲ ਕੱਢੇ।ਇਸ ਸੰਬੰਧੀ ਜਦੋਂ ਨਹਿਰੀ ਵਿਭਾਗ ਦੇ ਐਕਸੀਅਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ ਅਤੇ ਸੰਬੰਧਤ ਮਹਿਕਮੇ ਦੇ ਐੱਸਡੀਓ ਦਾ ਫੋਨ ਬੰਦ ਆ ਰਿਹਾ ਸੀ।

Share Button

Leave a Reply

Your email address will not be published. Required fields are marked *