Tue. Jul 23rd, 2019

ਨਵਾਂ ਬਿਕ੍ਰਮੀ (ਵਿਕ੍ਰਮੀ) ਸੰਮਤ 6 ਅਪ੍ਰੈਲ ਨੂੰ

ਨਵਾਂ ਬਿਕ੍ਰਮੀ (ਵਿਕ੍ਰਮੀ) ਸੰਮਤ 6 ਅਪ੍ਰੈਲ ਨੂੰ

ਬਿਕ੍ਰਮੀ ਸੰਮਤ 2076 ਅਰਥਾਤ ਨਵਾਂ ਸੰਮਤ 6 ਅਪ੍ਰੈਲ, 2019 (ਦਿਨ ਸ਼ਨੀਵਾਰ) ਤੋਂ ਸ਼ੁਰੂ ਹੋ ਰਿਹਾ ਹੈ। ਨਵੇਂ ਸੰਮਤ ਦਾ ਆਰੰਭ ਪਹਿਲੇ ਨਵਰਾਤ੍ਰੇ ਤੋਂ ਹੁੰਦਾ ਹੈ। ਆਮ ਕਰਕੇ ਨਵਰਾਤ੍ਰੇ ਮਾਰਚ ਜਾਂ ਅਪ੍ਰੈਲ ਮਹੀਨੇ ਵਿੱਚ ਆਉਂਦੇ ਹਨ। ਲੋਕਾਂ ਵਿੱਚ ਆਮ ਭੁਲੇਖਾ ਰਹਿੰਦਾ ਹੈ ਕਿ ਨਵੇਂ ਸੰਮਤ ਦਾ ਆਰੰਭ ਚੇਤ ਜਾਂ ਵਿਸਾਖ ਦੀ ਸੰਗਰਾਂਦ ਤੋਂ ਹੁੰਦਾ ਹੈ, ਪਰ ਇਹ ਧਾਰਨਾ ਗ਼ਲਤ ਹੈ।
ਬਿਕ੍ਰਮੀ ਸੰਮਤ ਦੀ ਆਰੰਭਤਾ ਬਾਰੇ ਮਹਾਨ ਕੋਸ਼ ਵਿੱਚ ਲਿਖਿਆ ਹੈ ਕਿ ਵੈਸੇ ਤਾਂ ਵਿਕ੍ਰਮਾਦਿਤ ਨਾਂ ਦੇ ਕਈ ਰਾਜੇ ਹੋਏ ਹਨ, ਪਰ ਸਭ ਤੋਂ ਪ੍ਰਸਿੱਧ ਉਜੈਨ ਦਾ ਪਤਿ ਸੀ, ਜਿਸ ਨੇ ਆਪਣਾ ਸੰਮਤ ਸੰਨ ਈਸਵੀ ਤੋਂ 57 ਸਾਲ ਪਹਿਲਾਂ ਸ਼ੁਰੂ ਕੀਤਾ। ਉਹ ਆਪ ਵੱਡਾ ਪੰਡਿਤ ਸੀ ਅਤੇ ਵਿਦਵਾਨਾਂ ਦੀ ਕਦਰ ਕਰਨ ਵਾਲਾ ਸੀ।… ਇਸ ਨੇ ‘ਸ਼ਕ’ ਜਾਤਿ ਨੂੰ ਭਾਰੀ ਹਾਰ ਦਿੱਤੀ, ਜਿਸ ਦਾ ਨਾਂ ਸੰਸਕ੍ਰਿਤ ਗ੍ਰੰਥਾਂ ਵਿੱਚ ‘ਸ਼ਕਾਰੀ’ ਪ੍ਰਸਿੱਧ ਹੈ। ਸ਼ਾਲਿਵਾਹਨ ਨਾਲ ਇਸ ਦੀ ਭਾਰੀ ਸ਼ਤ੍ਰਤਾ ਸੀ।
ਵਿਕ੍ਰਮਾਦਿਤ ਤੋਂ ਬਾਅਦ ਜਦ ਸ਼ਾਲਿਵਾਹਨ ਦੱਖਣ ਵਿੱਚ ਪ੍ਰਤਾਪੀ ਰਾਜਿਆਂ ਵਾਂਗ ਬਲਵਾਨ ਰੂਪ ਧਾਰਨ ਕਰ ਗਿਆ ਤਾਂ ਉਸ ਨੇ ਆਪਣਾ ਨਵਾਂ ਸਾਲ (ਸ਼ਕਾਬਾਦ) ਸੰਨ ਈਸਵੀ ਤੋਂ 78 ਸਾਲ ਬਾਅਦ ਸ਼ੁਰੂ ਕੀਤਾ, ਜਿਸ ਦੀ ਰਾਜਧਾਨੀ ਗੋਦਾਵਰੀ ਦੇ ਕਿਨਾਰੇ ਸੀ।
ਭਾਰਤ ਦੇ ਸਾਰੇ ਪੁਰਾਣੇ ਤੇ ਵਰਤਮਾਨ ਦੇ ਲਿਖੇ ਜਾ ਰਹੇ ਗ੍ਰੰਥਾਂ ਅਤੇ ਦਿੱਤੇ ਜਾਂਦੇ ਹਵਾਲਿਆਂ ਵਿੱਚ ਈਸਵੀ ਸੰਨ ਦੇ ਨਾਲ ਨਾਲ ‘ਮੁਤਾਬਿਕ’ ਲਿਖ ਕੇ ਬਿਕ੍ਰਮੀ ਸੰਮਤ ਦਾ ਜ਼ਿਕਰ ਕੀਤਾ ਜਾਂਦਾ ਹੈ, ਪਰ ਦੇਸ਼ ਦੀ ਵੰਡ ਤੋਂ ਬਾਅਦ ਭਾਰਤ ਸਰਕਾਰ ਨੇ ਬਿਕ੍ਰਮੀ ਸੰਮਤ ਦੀ ਥਾਂ ‘ਸ਼ਕ’ ਸੰਮਤ ਨੂੰ ਅਪਣਾਅ ਲਿਆ ਹੈ।
ਜਿਥੋਂ ਤੱਕ ਭਾਰਤੀ ਸੰਸਕ੍ਰਿਤੀ ਦਾ ਸੰਬੰਧ ਹੈ, ਅੱਜ ਵੀ ਵਿਕ੍ਰਮਾਦਿਤ ਦੇ ਚਲਾਏ ਗਏ ਸੰਮਤ ਨੂੰ ਹੀ ਨਵਾਂ ਸੰਮਤ ਮੰਨਿਆ ਜਾਂਦਾ ਹੈ। ਇਸ ਲਈ ਚਲੀ ਆ ਰਹੀ ਪ੍ਰੰਪਰਾ ਅਨੁਸਾਰ ਸਾਨੂੰ ਇਸ ਵਾਰੀ ਵੀ ਨਵੇਂ ਸੰਮਤ ਨੂੰ ਆਪਣੇ ਆਪਣੇ ਢੰਗ ਤਰੀਕੇ ਤੇ ਰੀਤੀਰਿਵਾਜਾਂ ਨਾਲ 6 ਅਪ੍ਰੈਲ ਨੂੰ ਪੂਰੀ ਸ਼ਰਧਾ ਨਾਲ ਮਨਾਉਣਾ ਚਾਹੀਦਾ ਹੈ।
ਭਾਰਤ ਵਿੱਚ ਸਮੇਂਸਮੇਂ ਹੇਠ ਲਿਖੇ ਵਰਸ਼ ਸ਼ੁਰੂ ਹੋਏ:
1) ਈਸਵੀ ਸੰਨ : ਈਸਾ ਮਸੀਹ ਦੇ ਜਨਮ ਤੋਂ ਸ਼ੁਰੂ ਹੋਇਆ ਹੈ।
2) ਸੰਮਤ ਬਿਕ੍ਰਮੀ : ਰਾਜਾ ਵਿਕ੍ਰਮਾਦਿਤ ਵੱਲੋਂ ਸ਼ੁਰੂ ਕੀਤਾ ਗਿਆ ਸੰਮਤ।
3) ਸੰਮਤ ਸ਼ਕ: ਰਾਜਾ ਸ਼ਾਲਿਵਾਹਨ ਵੱਲੋਂ ਸ਼ੁਰੂ ਕੀਤਾ ਗਿਆ ਸੰਮਤ।
4) ਹਿਜਰੀ ਸੰਨ : ਹਜ਼ਰਤ ਮੁਹੰਮਦ ਸਾਹਿਬ ਦੇ ਈਸਵੀ ਸੰਨ 622 ਵਿੱਚ ਮਦੀਨੇ ਦੀ ਜ਼ਿਆਰਤ ਕਰਨ ਸਮੇਂ ਤੋਂ ਸ਼ੁਰੂ ਹੋਇਆ।
5) ਸੰਮਤ ਨਾਨਕਸ਼ਾਹੀ : ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਸ਼ੁਰੂ ਹੋਇਆ ਸੰਮਤ।
6) ਸੰਮਤ ਖ਼ਾਲਸਾ : ਖ਼ਾਲਸਾ ਪੰਥ ਦੀ ਸੰਨ 1699 ਨੂੰ ਹੋਈ ਸਾਜਨਾ ਤੋਂ ਸ਼ੁਰੂ ਹੋਇਆ ਸੰਮਤ।
ਹੋ ਸਕਦਾ ਹੈ ਕਿ ਵਿਸ਼ਾਲ ਭਾਰਤ ਵਿੱਚ ਕੁਝ ਹੋਰ ਸੰਮਤ ਵੀ ਪ੍ਰਚਲਤ ਹੋਏ ਹੋਣ, ਪਰ ਮੁੱਖ ਤੌਰ ‘ਤੇ ਈਸਵੀ ਸੰਨ ਤੇ ਬਿਕ੍ਰਮੀ ਸੰਮਤ ਹੀ ਜਾਣੇ ਜਾਂਦੇ ਹਨ। ਬਿਕ੍ਰਮੀ ਸੰਮਤ ਕਿਉਂਕਿ ਭਾਰਤੀ ਸੰਸਕ੍ਰਿਤੀ ਨਾਲ ਸੰਬੰਧਤ ਹੈ, ਇਸ ਲਈ ਇਸ ਖ਼ੁਸ਼ੀ ਭਰੇ ਦਿਨ ਨੂੰ 6 ਅਪ੍ਰੈਲ ਵਾਲੇ ਦਿਨ ਸ਼ਰਧਾ ਤੇ ਸ਼ੁਭ ਭਾਵਨਾ ਨਾਲ ਮਨਾਣਾ ਚਾਹੀਦਾ ਹੈ।

ਗੁਰਇੰਦਰ ਸਿੰਘ ਪ੍ਰੀਤ
433, ਗਿ: ਜ਼ੈਲ ਸਿੰਘ ਨਗਰ,
ਰੂਪਨਗਰ140001
9872140042

Leave a Reply

Your email address will not be published. Required fields are marked *

%d bloggers like this: