ਨਵਾਂ ਇਸਵੀ ਸਾਲ ਮੁਬਾਰਕ : ਭਾਈ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਉਰਾ ਅਤੇ ਹਰਮਿੰਦਰ ਸਿੰਘ ਮਿੰਟੂ

ss1

ਨਵਾਂ ਇਸਵੀ ਸਾਲ ਮੁਬਾਰਕ : ਭਾਈ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਉਰਾ ਅਤੇ ਹਰਮਿੰਦਰ ਸਿੰਘ ਮਿੰਟੂ

ਨਵੀਂ ਦਿੱਲੀ 1 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਹਿੰਦੁਸਤਾਨ ਦੀਆਂ ਵੱਖ ਵੱਖ ਜੇਲਾਂ ਵਿਚ ਬੰਦ ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ ਅਤੇ ਭਾਈ ਹਰਮਿੰਦਰ ਸਿੰਘ ਮਿੰਟੂ ਨੇ ਨਵੇਂ ਇਸਵੀ ਸਾਲ ਬਾਰੇ ਸਿੱਖ ਕੌਮ ਦੀ ਆਜ਼ਾਦੀ ਅਤੇ ਚੜਦੀ ਕਲਾ ਲਈ ਭੇਜੇ ਸੁਨੇਹੇ ਵਿਚ ਕਿਹਾ ਕਿ ਸਮੂੰਹ ਪੰਥਕ ਜਥੇਬੰਦੀਆਂ, ਪੰਥਕ ਦਰਦੀਆਂ, ਗੁਰਸਿੱਖ ਪਰਿਵਾਰਾਂ ਸਮੇਤ ਆਪ ਸਭ ਨੂੰ ਨਵੇਂ ਸਾਲ ਦੀ ਆਮਦ ਤੇ (ਲੱਖ ਖੁਸੀਆ ਪਾਤਸਾਹੀਆ ਜੇ ਸਤਿਗੁਰ ਨਦਰਿ ਕਰੇ) ਉਪ੍ਰੰਤ ਸਿੱਖ ਕੌਮ ਦੇ ਹਰਿਆਵਲ ਦਸਤੇ ਸਮੂੰਹ ਬੱਚਿਆਂ ਨੂੰ ਪਿਆਰ। ਪੜ੍ਹਨ ਸੁਣਨ ਵਾਲਿਆਂ ਨੂੰ, ਸਮੇਤ ਸਮੂੰਹ-ਸਬੰਧੀਆਂ-ਰਿਸ਼ਤੇਦਾਰਾਂ-ਸ਼ਰੀਕੇ ਕਬੀਲੇ ਨੂੰ-ਬੀਤੇ ਸਾਲ ਦੇ ਗੁਜਰਨ ਅਤੇ ਨਵੇਂ ਇਸਵੀ ਸਾਲ ਦੀ ਦਰਵਾਜ਼ਿਆਂ ਤੇ ਦਸਤਕ ਨੂੰ ਜੀ ਆਇਆਂ ਆਖਦਿਆਂ ਗੁਰੂ ਫਤਹਿ ਪ੍ਰਵਾਨ ਹੋਵੇ।

ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।

ਨਵੇਂ ਸਾਲ ਦੌਰਾਨ ਆਪਾਂ ਸਭ ਰਲ ਮਿਲ ਕੇ *ਮਨ ਨੀਵਾਂ ਮਤ ਉਚੀ* ਰੱਖਦੇ ਹੋਏ *ਹਮ ਨਹੀਂ ਚੰਗੇ ਬੁਰਾ ਨਹੀਂ ਕੋਏ* ਦੇ ਮਾਰਗ ਤੇ ਚਲਦਿਆਂ *ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ* ਦੀ ਸੋਚ ਦੇ ਧਾਰਨੀ ਬਣੀਏ ਅਤੇ *ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ* ਸਦਾ ਹੀ ਆਪਣੇ ਅੰਦਰ ਅਲਾਪਦੇ ਹੋਇ *ਦੇਗੋ ਤੇਗੋ ਫਤਹਿ ਨੁਸਰਤ ਬੇ ਦਰੰਗ।। ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।।* ਦੇ ਅਰਥਾਂ ਨੂੰ ਆਪਣੇ ਦਿਲ ਔਰ ਦਿਮਾਗ ਵਿੱਚ ਸਦਾ ਵਾਸਤੇ ਵਸਾ ਕੇ *ਖਾਲਸਾ ਸੋਇ ਜੋ ਚੜੈ ਤਰੰਗ ਖਾਲਸਾ ਸੋਇ ਜੋ ਕਰੈ ਨਿਤ ਜੰਗ* ਦੇ ਸਿਧਾਂਤ ਨੂੰ ਸਹੀ ਅਰਥਾਂ ਦੇ ਰੂਪ ਵਿੱਚ ਆਪਣੇ ਜੀਵਨ ਕਾਲ ਅੰਦਰ ਢਾਲ ਕੇ ਖਾਲਸਾ ਪੰਥ ਦੇ ਮਾਰਗ ਦੇ ਧਾਰਨੀ ਬਣੇ ਰਹੀਏ ਤਾਂ ਕਿ ਨਵੇਂ ਸਾਲ ਦੌਰਾਨ ਗੁਰੂ ਨਾਨਕ ਸਾਹਿਬ ਜੀ ਦੇ ਦਸਾਂ ਸਰੂਪਾਂ ਦੀ ਜਗਦੀ ਜੋਤਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖਾਲਸਾ ਪੰਥ ਵੱਲੋਂ ਪ੍ਰਮਾਣਿਤ ਸ਼ਹੀਦ ਰੂਹਾਂ ਆਪਣੀਆਂ ਸਭਨਾਂ ਦੀਆਂ ਦੁੱਖਾਂ ਤਕਲੀਫਾਂ ਮੁਸੀਬਤਾਂ ਔਕੜਾਂ ਦਾ ਨਾਸ ਕਰਦੇ ਹੋਏ ਆਪਣੇ ਸਭਨਾਂ ਦੇ ਮਨਾਂ ਨੂੰ ਸੁੱਖ ਸ਼ਾਂਤੀ ਪ੍ਰਦਾਨ ਕਰਨ।

ਨਵੇਂ ਸਾਲ ਵਿੱਚ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕ੍ਰਿਪਾ ਕਰਨ ਕਿ ਸ਼ੁਧ ਹਵਾ ਦੇ ਬੁੱਲੇ ਆਵਣ, ਜਿਨ੍ਹਾਂ ਰਾਹੀਂ ਮੁੜ ਭਾਈ ਰਣਧੀਰ ਸਿੰਘ ਦੀ ਤਰ੍ਹਾਂ ਹਾਰਮੋਨੀਅਮ ਰਾਹੀਂ ਕੀਰਤਨ ਦੀਆਂ ਗੂੰਜਾਂ ਪੈਣ। ਸੰਤ ਜਰਨੈਲ ਸਿੰਘ ਖਾਲਸਾ ਦੀ ਤਰ੍ਹਾਂ ਕੋਈ ਹਿੰਦੀ ਹਿੰਦੂ ਹਿੰਦੋਸਤਾਨੀ ਜ਼ਬਰ ਜ਼ੁਲਮ ਨੂੰ ਲਲਕਾਰ ਸਕੇ। ਭਾਈ ਫੌਜਾ ਸਿੰਘ ਦੀ ਤਰ੍ਹਾਂ ਕੋਈ ਸਿੰਘ ਫੌਜ ਤਿਆਰ ਕਰਕੇ ਕੌਮੀ ਆਜ਼ਾਦੀ ਖਾਲਸਤਾਨ ਦੀ ਪ੍ਰਾਪਤੀ ਲਈ ਅੱਗੇ ਵੱਧ ਕੇ ਅਗਵਾਈ ਕਰ ਸਕੇ। ਜਥੇਦਾਰ ਅਕਾਲੀ ਫੂਲਾ ਸਿੰਘ ਵਰਗਾ ਕੋਈ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਬਣਕੇ ਅੱਜ ਦੇ ਬਿਖੜੇ ਸਮੇਂ ਅੰਦਰ ਸਿੱਖ ਕੌਮ ਦੀ ਅਗਵਾਈ ਕਰਨ ਦੇ ਯੋਗ ਹੋਵੇ, ਨਾ ਕਿ ਜਥੇਦਾਰ ਅਰੂੜ ਸਿੰਘ ਵਰਗਾ ਹੋਵੇ ਜਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦਿਆਂ ਸਿੱਖ ਕੌਮ ਦੇ ਕਾਤਿਲ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਸੀ, ਨਾ ਹੀ ਐਸਾ ਜਥੇਦਾਰ ਹੋਵੇ ਜੋ ਸਿੱਖ ਹਿਤਾਂ ਨੂੰ ਅੱਖੋਂ ਪਰੋਖੇ ਕਰ ਕੇ ਆਰ ਐਸ ਐਸ ਨਾਲ ਆਪਣੇ ਨਿੱਜੀ ਹਿੱਤ ਪਾਲਦਾ ਫਿਰੇ।

ਨਵੇਂ ਸਾਲ ਵਿੱਚ, ਜਨਰਲ ਸੁਬੇਗ ਸਿੰਘ ਵਰਗਾ ਕੋਈ ਯੋਧਾ, ਭਾਈ ਅਮਰੀਕ ਸਿੰਘ ਜੀ ਵਰਗੇ ਸੱਚੇ ਸਿਪਾਹੀਆਂ ਨੂੰ ਨਾਲ ਲੈ ਕੇ, ਕੌਮ ਦੇ ਗੱਲੋਂ ਹਿੰਦੋਸਤਾਨੀ ਗੁਲਾਮੀ ਲਾਹ ਕੇ, ਖਾਲਸਤਾਨ ਦੀ ਆਜ਼ਾਦੀ ਪ੍ਰਾਪਤ ਕਰਨ ਲਈ, ਨਵੇਂ ਨਕਸ਼ੇ ਉਲੀਕ ਕੇ ਕਮਰ-ਕੱਸੇ ਕਰ ਸਕੇ। ਨਵੇਂ ਸਾਲ ਦੌਰਾਨ, ਇੰਦਰਾ ਤੇ ਬਿਅੰਤੇ ਵਰਗੇ ਇਨਸਾਨੀਅਤ ਦੇ ਕਾਤਿਲ ਮੁਖੀਆਂ ਦੇ ਪਹਿਰੇਦਾਰ ਪੁਲਿਸ ਵਿੱਚ, ਪੰਥਕ ਦਰਦੀ ਪੈਦਾ ਹੋ ਸਕਣ ਤਾਂ ਕਿ ਸ਼ਹੀਦ ਬੇਅੰਤ ਸਿੰਘ-ਸ਼ਹੀਦ ਸਤਵੰਤ ਸਿੰਘ ਤੇ ਸ਼ਹੀਦ ਦਿਲਾਵਰ ਸਿੰਘ ਦੇ ਦਿਖਾਏ ਨਕਸ਼ੇ ਕਦਮਾਂ ਨੂੰ ਸਹੀ ਅਰਥਾਂ ਵਿੱਚ ਸੰਭਾਲਿਆ ਜਾ ਸਕੇ। ਹਿੰਦੋਸਤਾਨੀ ਗੁਲਾਮੀ ਦੇ ਜ਼ੁਲਮ ਦਾ ਭੰਨਿਆ ਕੋਈ ਸਿੱਖ, ਕੌਮ ਦੀ ਆਜ਼ਾਦੀ ਦੇ ਟਪੇ ਗਾਉਂਦਾ, ਭਗਤ ਸਿੰਘ ਤੇ ਊਧਮ ਸਿੰਘ ਦੀਆਂ ਯਾਦਾਂ ਨੂੰ ਮੁੜ ਤਾਜਾ ਕਰ ਸਕੇ। ਕੌਮ ਵਿੱਚ ਮੁੜ੍ਹ ਕੋਈ ਭਾਈ ਕਾਹਨ ਸਿੰਘ ਨਾਭਾ, ਪ੍ਰੋ:ਸਾਹਿਬ ਸਿੰਘ, ਸਿਰਦਾਰ ਕਪੂਰ ਸਿੰਘ ਵਰਗਾ ਦਲੇਰ ਕਲਮ ਦਾ ਧਨੀ ਪੈਦਾ ਹੋਵੇ ਜਿਸ ਨਾਲ ਸਿੱਖ ਸਮਾਜ ਅੰਦਰ ਫੈਲੇ ਗੰਧਲੇ ਲਿਟਰੇਚਰ ਨੂੰ ਠੱਲ ਪਾਈ ਜਾ ਸਕੇ।

ਨਵਾਂ ਸਾਲ ਸਿੱਖ ਕੌਮ ਲਈ ਸੁਹਿਰਦ ਪੰਥਕ ਜਥੇਬੰਦੀਆਂ ਦੀਆਂ ਕਲਮਾਂ ਨੂੰ ਅਤੇ ਸ਼ੁਰੂ ਕੀਤੇ ਆਜ਼ਾਦੀ ਦੇ ਮਿਸ਼ਨ ਨੂੰ ਹੋਰ ਵੀ ਸੁਮੱਤ ਅਤੇ ਤਾਕਤ ਬਖਸ਼ੇ ਤਾਂ ਕਿ ਪੰਜਾਬ ਅੰਦਰ ਮਚੀ ਹੋਈ ਹਿੰਦੋਸਤਾਨੀ ਹਨੇਰਗਰਦੀ, ਨਸ਼ਿਆਂ ਦੀ ਲਾਹਨਤ, ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਉਪ੍ਰੰਤ ਸਿੱਖ ਸਮਾਜ ਅੰਦਰ ਫੈਲ ਰਹੀ ਅਸ਼ਲੀਲ ਫੈਸ਼ਨਪ੍ਰਸਤੀ, ਜਾਤ ਪਾਤ, ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਿਆਈਆਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ, ਸਿੱਖ ਕੌਮ ਦੇ ਗਲੋਂ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਕੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਗੁਰੂ ਗਿਆਨ ਰਾਹੀਂ ਪੂਰਾ ਕੀਤਾ ਜਾ ਸਕੇ। ਸਮੂੰਹ ਸਿੱਖ ਮਾਪੇ ਆਪਣੀਆਂ ਬੱਚੀਆਂ ਦੇ ਜੀਵਨ ਅੰਦਰ, ਸਦਾ ਕੌਰ, ਮਾਈ ਭਾਗੋ, ਦਲੇਰ ਕੌਰ, ਬਘੇਲ ਕੌਰ, ਪੰਜਾਬ ਕੌਰ, ਹਰਿਸ਼ਰਨ ਕੌਰ ਵਰਗਾ ਜੀਵਨ ਮਾਰਗ ਭਰਨ ਦੀ ਕੋਸ਼ਿਸ਼ ਕਰਨ ਤਾਂ ਕਿ ਆਪਣਾ ਕੌਮੀ ਭਵਿੱਖ ਉਜਲਾ ਹੋਵੇ ਅਤੇ ਸਿੱਖ ਪਰਿਵਾਰਾਂ ਦਾ ਨਾਮ ਰੌਸ਼ਨ ਹੋਵੇ।

ਨਵੇਂ ਸਾਲ ਦੀ ਆਮਦ ਮੌਕੇ ਅਤੇ ਬੀਤੇ ਸਾਲ ਦੇ ਸਮੇਂ ਵਿੱਚ, ਮਾਤ ਲੋਕ ਅੰਦਰ ਆਪਣੇ ਚਰਨ ਪਸਾਰ ਚੁੱਕੇ ਪੈਦਾ ਹੋਏ ਬੱਚਿਆਂ ਦੀ ਜ਼ਿੰਦਗੀ ਅੰਦਰ ਸਤਿਗੁਰੂ ਜੀ ਆਪ ਆਪਣੀ ਕ੍ਰਿਪਾ ਦੁਆਰਾ ਸ਼ਹੀਦੀ ਪਹਿਰਾ ਲਗਾ ਕੇ ਹਰ ਪੱਖੋਂ ਰੱਖਿਆ ਕਰਨ ਤਾਂ ਕਿ ਇਹ ਅੱਜ ਦੇ ਸਾਰੇ ਸਿੱਖ ਬੱਚੇ ਆਉਣ ਵਾਲੇ ਕੱਲ੍ਹ ਨੂੰ ਸਿੱਖ ਕੌਮ ਦਾ ਹਰਿਆਵਲ ਦਸਤਾ ਬਣ ਕੇ ਸਿੱਖ ਕੌਮ ਦੀ ਅਗਵਾਈ ਕਰਨ ਦੇ ਯੋਗ ਬਣ ਸਕਣ।

ਅੱਜ ਸਿੱਖ ਸਮਾਜ ਵਿੱਚੋਂ ਸਿੱਖ ਕੌਮ ਦੀ ਮੁੱਖ ਨਿਸ਼ਾਨੀ ਦਾੜ੍ਹੀ ਕੇਸ ਖਤਮ ਹੁੰਦੇ ਜਾ ਰਹੇ ਹਨ ਅਤੇ ਪ੍ਰਦੇਸੀ ਮਜ਼ਹਬ ਦੀ ਨਿਸ਼ਾਨੀ (ਟਾਈ) ਗੱਲ ਵਿੱਚ ਫਾਂਸੀ ਦਾ ਫੰਦਾ ਬਣ ਕੇ ਹਰ ਸਿੱਖ ਪਰਿਵਾਰ ਅੰਦਰ ਆਪਣਾ ਘਰ ਕਰਦੀ ਜਾ ਰਹੀ ਹੈ। ਜਿਤਨੀ ਅੱਜ ਸਿੱਖ ਬੱਚਿਆਂ ਨੂੰ ਵਿਗੜਨ ਤੋਂ ਬਚਾਉਣ ਦੀ ਸਖਤ ਜ਼ਰੂਰਤ ਹੈ ਉਸ ਤੋਂ ਕਿਤੇ ਜਿਆਦਾ ਸਮੂੰਹ ਮਾਪਿਆਂ ਨੂੰ ਆਪਣੇ ਵਿੱਚ ਪਹਿਲਾਂ ਤਬਦੀਲੀ ਲਿਆਉਣ ਦੀ ਸਖਤ ਲੋੜ ਹੈ।

ਅਖੀਰ ਵਿੱਚ ਤਾਂ ਇਹੋ ਭਾਵਨਾ ਭਰੀ ਅਰਦਾਸ ਹੈ ਕਿ ਨਵਾਂ ਸਾਲ ਸਭ ਪੰਥਕ ਧਿਰਾਂ ਨੂੰ ਅਤੇ ਸਮੂੰਹ ਸਿੱਖ ਪਰਿਵਾਰਕ ਮੈਂਬਰਾਂ ਨੂੰ ਏਕਤਾ ਅਤੇ ਇਤਫਾਕ ਦੀ ਮਾਲਾ ਵਿੱਚ ਇੱਕਤਰ ਕਰਨ ਵਾਲਾ ਹੋਵੇ ਅਤੇ ਦੇਸ਼ ਵਿਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦੀ ਸਿੰਘ ਸਿੰਘਣੀਆਂ ਤੇ ਬੱਚਿਆਂ ਦੀ ਬੰਦ ਖਲਾਸੀ ਹੋਵੇ ਤਾਂ ਕਿ ਉਹ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਹੋਰ ਵੀ ਉਪਰਾਲੇ ਕਰ ਸਕਣ। ਦੇਸ਼ ਵਿਦੇਸ਼ ਵਿੱਚ ਵਸਦੇ ਸਮੁੱਚੇ ਖਾਲਸਾ ਪੰਥ ਅੰਦਰ ਕੌਮੀ ਆਜ਼ਾਦੀ ਦੀ ਪ੍ਰਾਪਤੀ ਦੀ ਤੜਪ ਪੈਦਾ ਹੋਵੇ ਤਾਂ ਕਿ ਸਮੁੱਚੀ ਸਿੱਖ ਕੌਮ ਤੰਦਰੁਸਤੀ ਅਤੇ ਚੜ੍ਹਦੀ ਕਲ੍ਹਾ ਵਾਲਾ ਜੀਵਨ ਦੁਨੀਆਂ ਦੇ ਨਕਸ਼ੇ ਤੇ ਰੂਪਵਾਨ ਹੋ ਕੇ ਬਤੀਤ ਕਰ ਸਕੇ।

ਪਰਦੇਸ਼ੀਂ ਬੈਠੇ ਸਿੱਖਾਂ ਲਈ, ਵਤਨ ਪੰਜਾਬ ਖਾਲਸਤਾਨ ਤੋਂ ਆਉਣ ਵਾਲੀ ਹਵਾ ਦੇ ਬੁੱਲੇ ਸੁੱਖ ਸ਼ਾਂਤੀ ਦੇ ਪੈਗਾਮ ਅਤੇ ਸਿੱਖ ਕੌਮ ਦੀ ਆਜ਼ਾਦੀ ਦਾ ਸੰਦੇਸ਼ ਲਿਆਉਣ, ਇਹੋ ਨਵੇਂ ਸਾਲ ਤੋਂ ਦਿਲੀ ਤਮੰਨਾ ਹੈ।
ਅਗੋਂ ਗੁਰੂ ਜੀ ਭਲੀ ਕਰਨ। ਸੋਚ ਸਾਡੀ ਤੁਹਾਡੀ-ਕ੍ਰਿਪਾ ਗੁਰੂ ਕੀ।

Share Button