ਨਵਜੋਤ ਸਿੱਧੂ ਦੀ ਰੁੱਸਣ ਮਨਾਉਣ ਦੀ ਖੇਡ ਬਾਹਲ਼ੀ ਦੇਰ ਨਹੀਂ ਚੱਲੇਗੀ: ਮਜੀਠੀਆ

ss1

ਨਵਜੋਤ ਸਿੱਧੂ ਦੀ ਰੁੱਸਣ ਮਨਾਉਣ ਦੀ ਖੇਡ ਬਾਹਲ਼ੀ ਦੇਰ ਨਹੀਂ ਚੱਲੇਗੀ: ਮਜੀਠੀਆ
ਥਰਮਲ ਪਲਾਂਟ ਚਲਦਾ ਰੱਖਣ ਲਈ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਸੰਘਰਸ਼ ਕੀਤਾ ਜਾਵੇਗਾ
ਕੇਜਰੀਵਾਲ ਨੂੰ ਚੋਣਾਂ ਕਰਾਉਣ ਤੋਂ ਨਹੀਂ ਭਜਣਾ ਚਾਹੀਦਾ, ਦਿਲੀ ‘ਚ ਵੀ ਉਸ ਦਾ ਭੁਲੇਖਾ ਜਲਦ ਦੂਰ ਹੋ ਜਾਵੇਗਾ
ਸ: ਮਜੀਠੀਆ ਨੇ ਮਰਹੂਮ ਸ: ਮਨਜੀਤ ਸਿੰਘ ਕਲਕੱਤਾ ਦੇ ਪੁੱਤਰ ਗੁਰਪ੍ਰੀਤ ਸਿੰਘ ਨਾਲ ਦੁਖ ਸਾਂਝਾ ਕੀਤਾ

ਅੰਮ੍ਰਿਤਸਰ 22 ਜਨਵਰੀ (ਨਿਰਪੱਖ ਆਵਾਜ਼ ਬਿਊਰੋ): ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਸੰਬੰਧੀ ਕਾਂਗਰਸ ਦੀ ਤਰਫ਼ੋਂ ਉਹਨਾਂ ਨੂੰ ਹਨੇਰੇ ਵਿੱਚ ਰੱਖੇ ਜਾਣ ‘ਤੇ ਨਾਰਾਜ਼ਗੀ ਜ਼ਾਹਿਰ ਕਰਨ ਪ੍ਰਤੀ ਪ੍ਰਤੀਕਰਮ ਪ੍ਰਗਟ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਵੇਂ ਉਕਤ ਮਾਮਲਾ ਕਾਂਗਰਸ ਦਾ ਅੰਦਰੂਨੀ ਹੈ ਪਰ ਇਹ ਸਪਸ਼ਟ ਹੈ ਕਿ ਇਹ ਰੁੱਸਣ ਮਨਾਉਣ ਦੀ ਖੇਡ ਬਾਹਲ਼ੀ ਦੇਰ ਨਹੀਂ ਚੱਲੇਗੀ ਅਤੇ ਜਲਦ ਹੀ ਸਿੱਧੂ ਦੀ ਸਥਿਤੀ ਨਾ ਘਰ ਦਾ ਨਾ ਘਾਟ ਦਾ ਵਾਲੀ ਬਣ ਜਾਵੇਗੀ।
ਸ: ਮਜੀਠੀਆ ਅੱਜ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਤੇ ਸਾਬਕਾ ਮੁੱਖ ਸਕੱਤਰ ਸ: ਮਨਜੀਤ ਸਿੰਘ ਕਲਕੱਤਾ ਦੇ ਅਕਾਲ ਚਲਾਣੇ ‘ਤੇ ਉਹਨਾਂ ਦੇ ਪੁੱਤਰ ਸ: ਗੁਰਪ੍ਰੀਤ ਸਿੰਘ ਕਲਕੱਤਾ ਅਤੇ ਪਰਿਵਾਰਕ ਮੈਂਬਰਾਂ ਨਾਲ ਦੁਖ ਸਾਂਝਾ ਕਰਨ ਉਹਨਾਂ ਦੇ ਗ੍ਰਹਿ ਵਿਖੇ ਆਏ ਸਨ ਨੇ ਕਿਹਾ ਕਿ ਇਕ ਬਹੁਪੱਖੀ ਸ਼ਖਸੀਅਤ ਦੇ ਮਾਲਕ ਸ: ਕਲਕੱਤਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਖੇਤਰ ‘ਚ ਨਿਭਾਈਆਂ ਗਈਆਂ ਵਡਮੁੱਲੀਆਂ ਸੇਵਾਵਾਂ ਅਤੇ ਪੰਥ ਨੂੰ ਵੱਡੀ ਦੇਣ ਸਦਕਾ ਉਹਨਾਂ ਦੀ ਘਾਟ ਹਮੇਸ਼ਾਂ ਰੜਕਦੀ ਰਹੇਗੀ।
ਇਸ ਮੌਕੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਾਂਗਰਸ ਸਰਕਾਰ ਵੱਲੋਂ ਬੰਦ ਕੀਤੇ ਗਏ ਥਰਮਲ ਪਲਾਂਟ ਮੁੜ ਚਾਲੂ ਨਾ ਕਰਨ ਸੰਬੰਧੀ ਬਿਆਨ ਨੂੰ ਮੰਦਭਾਗਾ ਅਤੇ ਅਫ਼ਸੋਸਨਾਕ ਠਹਿਰਾਇਆ। ਉਹਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਨੇ ਸਖ਼ਤ ਮਿਹਨਤ ਕਰਦਿਆਂ ਪਿਛਲੀ ਬਾਦਲ ਸਰਕਾਰ ਸਮੇਂ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ। ਉਹਨਾਂ ਕਿਹਾ ਕਿ ਪੰਜਾਬ ਵਿਕਾਸਸ਼ੀਲ ਸੂਬਾ ਹੋਣ ਕਾਰਨ ਬਿਜਲੀ ਦੀ ਮੰਗ ਹਮੇਸ਼ਾਂ ਵੱਧ ਦੀ ਰਹੇਗੀ।ਅਜਿਹੇ ‘ਚ ਇੱਕ ਹੀ ਸਰਕਾਰੀ ਜਾਂ ਪ੍ਰਾਈਵੇਟ ਸੈਕਟਰ ‘ਤੇ ਨਿਰਭਰਤਾ ਦੀ ਸੋਚ ਕੋਈ ਸਿਆਣਪ ਨਹੀਂ ਹੈ। ਉਹਨਾਂ ਮੰਤਰੀ ਮਨਪ੍ਰੀਤ ਬਾਦਲ ਨੂੰ ਯਾਦ ਦੁਆਇਆ ਕਿ ਉਹਨਾਂ ਚੋਣ ਮੈਨੀਫੈਸਟੋ ਅਤੇ ਚੋਣ ਪ੍ਰਚਾਰ ਦੌਰਾਨ ਥਰਮਲ ਪਲਾਂਟ ਬੰਦ ਨਾ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਨਿਭਾਇਆ ਜਾਣਾ ਚਾਹੀਦਾ ਹੈ। ਉਹਨਾਂ ਵਾਅਦਾ ਕੀਤਾ ਸੀ ਕਿ ਕਿਸੇ ਵੀ ਹਾਲਤ ਵਿੱਚ ਇਹ ਪਲਾਂਟ ਬੰਦ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪਲਾਂਟ ਆਦਿ ਨੂੰ ਬੰਦ ਕਰਨ ਦੀ ਥਾਂ ਇਸ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ, ਆਧੁਨਿਕ ਅਤੇ ਨਵੀਨੀਕਰਨ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਪਲਾਂਟ ਦੇ ਮੁਲਾਜਮਾਂ ਦੇ ਨਾਲ ਹੈ। ਕਿਸੇ ਇੱਕ ਦੀ ਵੀ ਨੌਕਰੀ ਖੋਹਣ ਦੀ ਇਜਾਜ਼ਤ ਨਹੀਂ ਦਿਆਂਗੇ । ਪਲਾਂਟ ਚਲਦਾ ਰੱਖਣ ਲਈ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਸੰਘਰਸ਼ ਕੀਤਾ ਜਾਵੇਗਾ। ਵੱਖ ਵੱਖ ਮੁਲਾਜ਼ਮ ਵਰਗਾਂ ਵੱਲੋਂ ਸਰਕਾਰ ਦੀਆਂ ਨੀਤੀਆਂ ਪ੍ਰਤੀ ਰੋਸ ਵੱਜੋ ਸੜਕਾਂ ‘ਤੇ ਉੱਤਰਨ ਪ੍ਰਤੀ ਉਹਨਾਂ ਕਿਹਾ ਕਿ ਵਾਅਦੇ ਅਨੁਸਾਰ ਘਰ ਘਰ ਨੌਕਰੀ ਦੇਣ ਦੀ ਥਾਂ ਘਰ ਘਰ ਤੋਂ ਨੌਕਰੀਆਂ ਖੋਂਹਦਿਆਂ 3000 ਨੌਕਰੀਆਂ ਖੋਹ ਲਈਆਂ ਗਈਆਂ ਹਨ। ਲੋਕ ਅੱਜ ਆਪਣੇ ਆਪ ਨੂੰ ਕਾਂਗਰਸ ਤੋਂ ਠੱਗੇ ਗਏ ਮਹਿਸੂਸ ਕਰ ਰਹੇ ਹਨ।
ਦਿਲੀ ਦੇ ਕੇਜਰੀਵਾਲ ਸਰਕਾਰ ਦੇ 20 ਵਿਧਾਇਕਾਂ ਨੂੰ ਆਯੋਗ ਕਰਾਰ ਦੇਣ ਦੇ ਫੈਸਲੇ ਪ੍ਰਤੀ ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਆਪਣੇ ਵੱਲੋਂ ਕੀਤੀ ਗਈ ਉਕਤ ਗਲਤੀ ਦਾ ਅਹਿਸਾਸ ਸੀ, ਜਿਸ ਪ੍ਰਤੀ ਕਾਨੂੰਨ ‘ਚ ਸੋਧ ਕਰਨ ਦੀਆਂ ਉਸ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ । ਹੁਣ ਰਾਸ਼ਟਰਪਤੀ ਵੱਲੋਂ ਫੈਸਲਾ ਲੈ ਲਿਆ ਗਿਆ ਹੈ ਤਾਂ ਕੇਜਰੀਵਾਲ ਨੂੰ ਚੋਣਾਂ ਕਰਾਉਣ ਤੋਂ ਨਹੀਂ ਭਜਣਾ ਚਾਹੀਦਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਤਾਂ ਉਸ ਦੀ ਲੋਕਪ੍ਰੀਅਤਾ ਦਾ ਭੰਡਾ ਭਜ ਚੁੱਕਿਆ ਹੈ ਹੁਣ ਦਿਲੀ ‘ਚ ਵੀ ਉਸ ਦਾ ਭੁਲੇਖਾ ਦੂਰ ਹੋ ਜਾਵੇਗਾ।
ਇਸ ਮੌਕੇ ਤਲਬੀਰ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਟਿਕਾ, ਸ਼ੁਭਕਰਮਨ ਸਿੰਘ ਕਲਕੱਤਾ, ਮੋਹਨ ਸਿੰਘ ਸ਼ੈਲਾ, ਪ੍ਰਦੀਪ ਸਿੰਘ ਵਾਲੀਆ, ਸੁਰਿੰਦਰ ਸਿੰਘ ਕੈਨੇਡਾ, ਤਰਨਜੀਤ ਸਿੰਘ, ਤਰਲੋਚਨ ਸਿੰਘ, ਮਨਿੰਦਰ ਧੂੰਨਾ, ਹਰਚਰਨ ਸਿੰਘ, ਕੁਲਦੀਪ ਸਿੰਘ, ਗੁਰਮੁਖ ਸਿੰਘ ਗੁਰਬਚਨ ਸਿੰਘ ਸ਼੍ਰੋਮਣੀ ਕਮੇਟੀ, ਬਿੱਟੂ ਐੱਮ ਆਰ, ਗੁਰਪ੍ਰੀਤ ਸਿੰਘ ਰੰਧਾਵਾ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *