Thu. Jun 20th, 2019

ਨਵਜੋਤ ਸਿੱਧੂ ਦਾ ਐਲਾਨ – ਪੰਜਾਬ ‘ਚ ਇਸ ਸੀਜ਼ਨ ‘ਚ ਲਗਾਏ ਜਾਣਗੇ 5 ਲੱਖ ਨਵੇਂ ਰੁੱਖ

ਨਵਜੋਤ ਸਿੱਧੂ ਦਾ ਐਲਾਨ – ਪੰਜਾਬ ‘ਚ ਇਸ ਸੀਜ਼ਨ ‘ਚ ਲਗਾਏ ਜਾਣਗੇ 5 ਲੱਖ ਨਵੇਂ ਰੁੱਖ

ਆਲੇ ਦੁਆਲੇ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣਾ ਹਰੇਕ ਇਨਸਾਨ ਦਾ ਪਹਿਲਾ ਫਰਜ -: ਨਵਜੋਤ ਸਿੰਘ ਸਿੱਧੂ

”ਆਪਣੇ ਆਲੇ ਦੁਆਲੇ ਦੀ ਸਾਂਭ ਸੰਭਾਲ ਅਤੇ ਸਫਾਈ ਨੂੰ ਯਕੀਨੀ ਬਣਾਉਣਾ ਹਰੇਕ ਨਾਗਰਿਕ ਦਾ ਪਹਿਲਾ ਫਰਜ ਹੈ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇੱਕ ਸਾਫ ਸੁਥਰਾ ਚੌਗਿਰਦਾ ਤੋਹਫੇ ਵਜੋਂ ਦੇ ਸਕੀਏ”। ਇਹਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰ, ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਸ੍ਰ: ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਮਿਊਂਸਪਲ ਭਵਨ ਵਿਖੇ ਵਿਸ਼ਵ ਵਾਤਾਵਰਣ ਦਿਵਸ ਮੌਕੇ  ਮੁਹਾਲੀ ਸ਼ਹਿਰ ਲਈ ਗਿੱਲੇ ਕੂੜੇ ਤੇ ਸੁੱਕੇ ਕੂੜੇ  ਦੀ ਅੱਡ ਅੱਡ ਚੁਕਾਈ ਦੇ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।  ਇਸ ਮੌਕੇ ਉਨ੍ਹਾਂ ਨਗਰ ਨਿਗਮ ਭਵਨ ਵਿਖੇ ਰੁੱਖ ਲਗਾ ਕੇ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਵੀ ਕੀਤਾ।


ਸ੍ਰ: ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਮਿਸ਼ਨ ਹੈ ਕਿ ਸੂਬੇ ਨੂੰ ਸਾਫ-ਸੁਥਰਾ ਅਤੇ ਹਰਿਆਵਲ ਭਰਪੂਰ ਬਣਾਇਆ ਜਾਵੇ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਸੂਬੇ ਭਰ ਵਿੱਚ ਤਕਰੀਬਨ ਸਵਾ ਲੱਖ ਬੂਟੇ ਲਗਾਏ ਜਾਣਗੇ। ਉਨ੍ਹਾਂ ਹੋਰ ਭਵਿੱਖੀ ਯੋਜਨਾਵਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਅਜਿਹੀਆਂ ਅਤਿ-ਆਧੁਨਿਕ ਮਸ਼ੀਨਾਂ ਦੀ ਖਰੀਦ ਕਰੇਗੀ ਜੋ ਕਿ ਰੁੱਖਾਂ ਨੂੰ 20 ਫੁੱਟ ਡੂੰਘਾਈ ਤੋਂ ਪੱਟਣ ਦੀ ਸਮੱਰਥਾ ਰੱਖਣਗੀਆਂ ਅਤੇ ਬਾਅਦ ਵਿੱਚ ਇਨ੍ਹਾਂ ਰੁੱਖਾਂ ਨੂੰ ਹੀ ਹੋਰ ਲੋੜੀਦੀਆਂ ਥਾਵਾਂ ‘ਤੇ ਲਾਉਣ ਦੇ ਸਮਰੱਥ ਹੋਣਗੀਆਂ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਵਿੱਚ ਸੂਬੇ ਭਰ ਦੇ ਸੀਵਰੇਜਾਂ ਦੀ ਸਫਾਈ, ਠੋਸ ਰਹਿੰਦ ਖੂੰਹਦ ਪ੍ਰਬੰਧਨ ਪਲਾਂਟ ਸਥਾਪਿਤ ਕਰਨੇ, ਸਟਰੀਟ ਲਾਈਟਾਂ ਅਤੇ ਬੂਟੇ ਲਾਉਣੇ ਆਦਿ ਸ਼ਾਮਿਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਹਿਰਾਂ ਦੇ ਵਗਦੇ ਪਾਣੀ ਨੂੰ ਇਸਤੇਮਾਲ ਕਰਕੇ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਉਨ੍ਹਾਂ ਤੱਕ ਪੁੱਜਦਾ ਕਰਨ ਹਿੱਤ ਵਿਸ਼ਵ ਬੈਂਕ ਤੋਂ ਕਰਜੇ ਬਾਬਤ ਵੀ ਵਿਚਾਰ ਕੀਤਾ ਜਾ ਰਿਹਾ ਹੈ। ਜਿਸ ਨਾਲ ਲੋਕਾਂ ਨੂੰ ਪੀਣ ਵਾਲੇ ਸਾਫ ਸੂਥਰੇ ਪਾਣੀ ਦੀ ਸਪਲਾਈ ਦੀ ਘਾਟ ਨਹੀਂ ਰਹੇਗੀ।


ਸਥਾਨਕ ਸਰਕਾਰ ਮੰਤਰੀ ਨੇ ਅੱਗੇ ਕਿਹਾ ਕਿ ਵਿਭਾਗ ਵੱਲੋਂ 200 ਗਜ਼ ਤੋਂ ਜਿਆਦਾ ਦੇ ਖੇਤਰ ਵਿੱਚ ਮਕਾਨ ਬਣਾਉਣ ਵਾਲੇ ਨੂੰ ਵਰਤੋਂ ਸਰਟੀਫਿਕੇਟ (ਯੂ.ਸੀ.) ਤਾਂ ਹੀ ਜਾਰੀ ਕੀਤਾ ਜਾਵੇਗਾ ਜੇਕਰ ਉਸ ਵੱਲੋਂ ਜਮੀਨੀ ਪਾਣੀ ਨੂੰ ਇਕੱਠਾ ਕਰਨ ਸਬੰਧੀ ਠੋਸ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰ ਵਿਭਾਗ ਦੀ ਆਪਣੀ ਨੀਤੀ ਹੋਵੇਗੀ ਜਿਸ  ਨੂੰ  ਅਗਲੀ ਕੈਬਨਿਟ ਮੀਟਿੰਗ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਇਸ ਮੌਕੇ ਪਿਛਲੀ ਅਕਾਲੀ ਭਾਜਪਾ ਸਰਕਾਰ ਉੱਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਕਿ ਪੰਜਾਬ ਵਿੱਚ 64 ਸੀਵਰੇਜ ਟਰੀਟਮੈਂਟ ਪਲਾਂਟ ਲਗਾਏ ਗਏ ਸਨ। ਜਿਨ੍ਹਾਂ ਵਿੱਚੋਂ ਕੇਵਲ 3 ਹੀ ਚਾਲੂ ਹੋ ਸਕੇ ਹਨ।

ਉਨ੍ਹਾਂ ਦੱਸਿਆ ਕਿ ਮੁਹਾਲੀ ਵਿਖੇ ਪਾਣੀ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਇੱਕ ਵੱਡਾ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਿਤ ਕੀਤਾ ਜਾਵੇਗਾ ਜਿਸ ਦੇ ਪਾਣੀ ਨੂੰ ਕਿਸਾਨਾਂ ਦੀਆਂ ਫਸਲਾਂ ਅਤੇ ਬਾਗ ਬਗੀਚਿਆਂ ਲਈ ਵਰਤੋਂ ਵਿੱਚ ਲਿਆਂਦਾ ਜਾਵੇਗਾ।

Leave a Reply

Your email address will not be published. Required fields are marked *

%d bloggers like this: