ਨਵਜੋਤ ਸਿੱਧੂ ਕੇਸ ਬਾਰੇ ਪਿਛਲੇ ਸਟੈਂਡ ਨਹੀਂ ਸੀ ਬਦਲ ਸਕਦੇ, ਉਮੀਦ ਹੈ ਦੇਸ਼ ਤੇ ਸਮਾਜ ਪ੍ਰਤੀ ਯੋਗਦਾਨ ਨੂੰ ਵਿਚਾਰੇਗੀ ਅਦਾਲਤ – ਕੈਪਟਨ ਅਮਰਿੰਦਰ ਸਿੰਘ

ss1

ਨਵਜੋਤ ਸਿੱਧੂ ਕੇਸ ਬਾਰੇ ਪਿਛਲੇ ਸਟੈਂਡ ਨਹੀਂ ਸੀ ਬਦਲ ਸਕਦੇ, ਉਮੀਦ ਹੈ ਦੇਸ਼ ਤੇ ਸਮਾਜ ਪ੍ਰਤੀ ਯੋਗਦਾਨ ਨੂੰ ਵਿਚਾਰੇਗੀ ਅਦਾਲਤ – ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਕੇਸ ਵਿੱਚ ਸਰਕਾਰ ਦੇ ਸਟੈਂਡ ਦੀ ਪੈਰਵੀ ਕਰਦਿਆਂ ਆਖਿਆ ਕਿ ਇਸ ਸਬੰਧੀ ਸਰਕਾਰ ਕੋਲ ਇਕੋ-ਇਕ ਕਾਨੂੰਨ ਬਦਲ ਮੌਜੂਦ ਸੀ ਪਰ ਉਨਾਂ ਨੇ ਉਮੀਦ ਪ੍ਰਗਟ ਕੀਤੀ ਕਿ ਸਮਾਜ ਤੇ ਦੇਸ਼ ਲਈ ਸ੍ਰੀ ਸਿੱਧੂ ਦਾ ਯੋਗਦਾਨ ਦੇਖਦੇ ਹੋਏ ਹੀ ਜੱਜ ਆਪਣਾ ਅੰਤਮ ਫੈਸਲਾ ਲੈਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਪਹਿਲਾਂ ਸਰਕਾਰ ਵੱਲੋਂ ਲਏ ਗਏ ਸਟੈਂਡ ਦੇ ਮੱਦੇਨਜ਼ਰ ਹੀ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਕੋਈ ਹੋਰ ਵੱਖਰਾ ਸਟੈਂਡ ਨਹੀਂ ਲਿਆ ਜਾ ਸਕਦਾ। ਉਨਾਂ ਕਿਹਾ ਕਿ ਸ੍ਰੀ ਸਿੱਧੂ ਅਦਾਲਤ ਦੀ ਸਵੱਲੀ ਨਜ਼ਰ ਦਾ ਹੱਕਦਾਰ ਹੈ। ਉਨਾਂ ਕਿਹਾ ਕਿ ਜੇਕਰ ਅਸੀਂ ਅਜਿਹਾ ਕਰ ਲੈਂਦੇ ਤਾਂ ਸਾਡੇ ’ਤੇ ਦੋਸ਼ ਲੱਗਣੇ ਸਨ ਕਿ ਹੁਣ ਝੂਠ ਮਾਰਿਆ ਗਿਆ ਜਾਂ ਪਹਿਲਾਂ। ਉਨਾਂ ਕਿਹਾ ਕਿ ਉਹ ਨਿਆਂਇਕ ਮਾਮਲਿਆਂ ਵਿੱਚ ਸਿਆਸਤ ਖੇਡਣ ’ਚ ਵਿਸ਼ਵਾਸ ਨਹੀਂ ਰੱਖਦੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸ੍ਰੀ ਸਿੱਧੂ ਨੂੰ ਬਚਪਨ ਤੋਂ ਜਾਣਦੇ ਹਨ। ਉਹ ਲੋਕਾਂ ਦੀ ਲੋੜ ਪੈਣ ’ਤੇ ਹੱਦੋਂ ਵੱਧ ਸੇਵਾ ਕਰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਨੂੰ ਪਸੰਦ ਨਾ ਕਰਨ ਦੇ ਦੋਸ਼ਾਂ ਨੂੰ ਰੱਦ ਕੀਤਾ। ਉਨਾਂ ਕਿਹਾ ਕਿ ਉਹ ਕਿਸੇ ਵੀ ਪਾਰਟੀ ਆਗੂ ਨਾਲ ਨਾਰਾਜ਼ ਨਹੀਂ ਹਨ ਜਿਵੇਂ ਕਿ ਮੀਡੀਆ ਦੇ ਇਕ ਹਿੱਸੇ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸ੍ਰੀ ਸਿੱਧੂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਦਾ ਹੀ ਨਿੱਜੀ ਤੌਰ ’ਤੇ ਹਮਾਇਤ ਕਰਦੇ ਰਹੇ ਹਨ।

ਦੋ ਦਿਨ ਪਹਿਲਾਂ ਸ੍ਰੀ ਜਾਖੜ ਵੱਲੋਂ ਮੁੱਖ ਮੰਤਰੀ ਨੂੰ ਮਿਲੇ ਬਿਨਾਂ ਚਲੇ ਜਾਣ ਦੀ ਘਟਨਾ ਦੇ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਉਨਾਂ ਨੂੰ ਮਿਲਣ ਦਾ ਤੈਅ ਪ੍ਰੋਗਰਾਮ ਸੀ ਪਰ ਇਸ ਦੌਰਾਨ ਇਕ ਅਨਿਸ਼ਚਿਤ ਮੀਟਿੰਗ ਆ ਗਈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਨਾਂ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਸ੍ਰੀ ਜਾਖੜ ਨੂੰ ਉਸ ਕਮਰੇ ਵਿੱਚ ਜਾਣ ਲਈ ਆਖਿਆ ਸੀ ਜਿੱਥੇ ਮੀਟਿੰਗ ਕੀਤੀ ਜਾਣੀ ਸੀ ਪਰ ਸ੍ਰੀ ਜਾਖੜ ਨੇ ਉਡੀਕ ਨਾ ਕਰਕੇ ਜਾਣ ਦਾ ਫੈਸਲਾ ਲਿਆ। ਸ਼ਾਇਦ ਉਨਾਂ ਨੂੰ ਕੋਈ ਹੋਰ ਕੰਮ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਹਮੇਸ਼ਾ ਹੀ ਸ੍ਰੀ ਜਾਖੜ ਦਾ ਕੇਸ ਪਾਰਟੀ ਵਿੱਚ ਲੀਡਰਸ਼ਿਪ ਲਈ ਪੇਸ਼ ਕੀਤਾ। ਇੱਥੋਂ ਤੱਕ ਗੁਰਦਾਸਪੁਰ ਜ਼ਿਮਨੀ ਚੋਣ ਲਈ ਉਨਾਂ ਦਾ ਕੇਸ ਪੇਸ਼ ਕੀਤਾ ਸੀ।

ਫ਼ੇਸਬੁੱਕ ਅਤੇ ਯੂ-ਟਿਊਬ ਉਤੇ ਇੰਟਰਵਿਊ ਦੌਰਾਨ ਮੁੱਖ ਮੰਤਰੀ ਨੇ ਸੁਰੇਸ਼ ਕੁਮਾਰ ਦੇ ਮਾਮਲੇ, ਪੰਜਾਬ ਪੁਲਿਸ ਵਿਚਲੀ ਖਿੱਚੋਤਾਣ ਅਤੇ ਅਕਾਲੀਆਂ ਬਾਰੇ ਨਰਮ ਰੁਖ਼ ਅਪਨਾਉਣ ਦੇ ਦੋਸ਼ਾਂ ਅਤੇ ਸੂਬਾਈ ਕੈਬਨਿਟ ਵਿੱਚ ਵਿਸਥਾਰ ਵਰਗੇ ਕਈ ਹੋਰਨਾਂ ਮੁੱਦਿਆਂ ਬਾਰੇ ਵੀ ਗੱਲ ਕੀਤੀ।

ਸੁਰੇਸ਼ ਕੁਮਾਰ ਦੇ ਮਾਮਲੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਆਸ ਜਤਾਈ ਕਿ ਇਹ ਮਾਮਲਾ ਅਦਾਲਤ ਵਿੱਚ ਛੇਤੀ ਹੀ ਹੱਲ ਹੋ ਜਾਵੇਗਾ ਪਰ ਉਨਾਂ ਦਿ੍ਰੜਤਾ ਨਾਲ ਆਖਿਆ ਕਿ ਉਨਾਂ ਕੋਲ ਆਪਣੇ ਅਧਿਕਾਰੀ ਚੁਣਨ ਦਾ ਹੱਕ ਸੀ ਜਿਵੇਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਅਧਿਕਾਰੀ ਚੁਣਦੇ ਰਹੇ ਹਨ। ਕੇਂਦਰ ਵਿੱਚ ਪ੍ਰਧਾਨ ਮੰਤਰੀ ਵੀ ਆਪਣੇ ਅਧਿਕਾਰੀਆਂ ਬਾਰੇ ਖ਼ੁਦ ਫ਼ੈਸਲਾ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੁਰੇਸ਼ ਕੁਮਾਰ ਖ਼ਿਲਾਫ਼ ਸਾਰਾ ਮਾਮਲਾ ਨੌਕਰਸ਼ਾਹੀ ਵਿਚਲੇ ਉਨਾਂ ਅਫ਼ਸਰਾਂ ਦੀ ਦੇਣ ਹੈ ਜਿਹੜੇ ਇਸ ਅਫ਼ਸਰ ਨੰੂ ਪਸੰਦ ਨਹੀਂ ਕਰਦੇ।

ਮੁੱਖ ਮੰਤਰੀ ਨੇ ਕਿਹਾ ਕਿ ਇਸੇ ਤਰਾਂ ਪੰਜਾਬ ਪੁਲਿਸ ਵਿਚਲੀ ਖਿੱਚੋਤਾਣ ਅਸਲ ਵਿੱਚ ਸ਼ਖ਼ਸੀਅਤ ਦਾ ਟਕਰਾਅ ਹੀ ਸੀ। ਉਨਾਂ ਦੋਸ਼ ਲਾਇਆ ਕਿ ਅਜਿਹੀ ਸਥਿਤੀ ਹਥਿਆਰਬੰਦ ਬਲਾਂ ਸਣੇ ਪੁਲਿਸ ਫ਼ੋਰਸ ਵਿਚਲੇ ਇਕਤਰਫ਼ਾ ਢਾਂਚੇ ਕਾਰਨ ਪੈਦਾ ਹੋਈ ਹੈ। ਉਨਾਂ ਕਿਹਾ ਕਿ ਹਰੇਕ ਵਿਅਕਤੀ ਨੰੂ ਬਰਾਬਰ ਤਰੱਕੀਆਂ ਮਿਲਣ ਕਾਰਨ ਰਾਜ ਵਿੱਚ ਅਹੁਦਿਆਂ ਨਾਲੋਂ ਵੱਧ ਡੀ.ਜੀ.ਪੀ. ਅਤੇ ਆਈ.ਜੀ. ਪੱਧਰ ਦੇ ਅਧਿਕਾਰੀ ਹੋ ਗਏ ਹਨ। ਉਨਾਂ ਕਿਹਾ ਕਿ ਜੇ ਇਹੀ ਵਰਤਾਰਾ ਜਾਰੀ ਰਿਹਾ ਤਾਂ 50 ਸਾਲਾਂ ਵਿੱਚ ਸਿਰਫ਼ ਉੱਚ ਅਧਿਕਾਰੀ ਹੀ ਹੋਣਗੇ ਨਾ ਕਿ ਕੋਈ ਸਿਪਾਹੀ।

ਮੰਤਰੀ ਮੰਡਲ ਦੇ ਵਿਸਥਾਰ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਗਲੇ ਕੁਝ ਦਿਨਾਂ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣਗੇ ਅਤੇ ਉਨਾਂ ਨੂੰ ਕੈਬਨਿਟ ਦੇ ਵਿਸਥਾਰ ਕਰ ਲੈਣ ਦੀ ਆਸ ਹੈ। ਉਨਾਂ ਨੇ ਸਪੱਸ਼ਟ ਕੀਤਾ ਕਿ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਜਾਂ ਤਾਂ ਮੰਤਰੀਆਂ ਜਾਂ ਵਿਧਾਨਕ ਸਹਿਯੋਗੀਆਂ ਜਾਂ ਫਿਰ ਬੋਰਡਾਂ/ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਨਿਯਕਤ ਕੀਤਾ ਜਾਵੇਗਾ। ਉਨਾਂ ਨੇ ਆਪਣੀ ਸਰਕਾਰ ਵੱਲੋਂ ਵਿਧਾਨਕ ਸਹਿਯੋਗੀ ਬਣਾਉਣ ਦੇ ਕਦਮ ਦੀ ਪੈਰਵੀ ਕਰਦਿਆਂ ਆਖਿਆ ਕਿ ਸਰਕਾਰ ਦੇ 42 ਵਿਭਾਗ ਹਨ ਅਤੇ ਮੰਤਰੀਆਂ ਵੱਲੋਂ ਇਕੱਲਿਆਂ ਸਾਰੇ ਕੰਮਾਂ ਨਾਲ ਨਜਿੱਠਣਾ ਸੰਭਵ ਨਹੀਂ ਹੈ।

 ਮੰਤਰੀਆਂ ਅਤੇ ਪਾਰਟੀ ਵਿਧਾਇਕਾਂ ਵੱਲੋਂ ਆਪਣੇ ਸਰਕਾਰੀ ਕੰਮਕਾਜ ਨਾਲ ਆਪਣਾ ਕਾਰੋਬਾਰ ਕਰਨ ਦੇ ਆਪਣੇ ਸਟੈਂਡ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਾਈ-ਭਤੀਜਾਵਾਦ ਜਾਂ ਭਿ੍ਰਸ਼ਟਾਚਾਰ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨਾਂ ਇਹ ਵੀ ਕਿਹਾ ਕਿ ਕਿਸੇ ਵੀ ਤਰਾਂ ਦੀਆਂ ਗੈਰ-ਕਾਨੂੰਨੀ ਸਰਗਰਮੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਰੇਤ ਖੱਡਾਂ ਦੇ ਸਬੰਧ ਵਿੱਚ ਉਨਾਂ ਨੇ 50 ਹੈਕਟੇਅਰ ਤੋਂ ਘੱਟ ਖੇਤਰ ਵਾਲੇ ਰੇਤ ਖਣਨ ਵਿੱਚ ਜੇ.ਸੀ.ਬੀ. ਮਸ਼ੀਨਾਂ ’ਤੇ ਪਾਬੰਦੀ ਲਾਉਣ ਵਾਲੇ ਕੇਂਦਰੀ ਕਾਨੂੰਨ ਦੇ ਦੋਸ਼ ਮੜਦੇ ਹੋਏ ਆਖਿਆ ਕਿ ਉਨਾਂ ਦੀ ਸਰਕਾਰ ਇਸ ਮਸਲੇ ਦੇ ਹੱਲ ਲਈ ਕੋਈ ਰਾਹ ਲੱਭੇਗੀ।

ਅਕਾਲੀ ਆਗੂਆਂ ਪ੍ਰਤੀ ਨਰਮ ਰੁਖ ਅਪਨਾਉਣ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਤਰਾਂ ਦੀ ਢਿੱਲ ਜਾਂ ਨਰਮੀ ਵਰਤਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਪਰ ਅਕਾਲੀਆਂ ਵੱਲੋਂ ਕੀਤੇ ਮਾੜੇ ਕੰਮਾਂ ਦਾ ਭਾਵ ਇਹ ਨਹੀਂ ਕਿ ਮੈਨੂੰ ਵੀ ਉਸੇ ਰਾਹ ’ਤੇ ਚੱਲਣਾ ਚਾਹੀਦਾ ਹੈ। ਉਨਾਂ ਕਿਹਾ ਕਿ ਉਹ ਸਿਆਸੀ ਬਦਲਾਖੋਰੀ ਦੇ ਰੂਪ ਵਿੱਚ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕਰਨਗੇ।

ਆਪਣੀ ਸਰਕਾਰ ਦੀਆਂ ਵੱਖ-ਵੱਖ ਉਪਲਬਧੀਆਂ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਜ਼ਾ ਰਾਹਤ ਸਕੀਮ ਪੂਰੀ ਤਰਾਂ ਲੀਹ ਉਤੇ ਹੈ ਅਤੇ ਉਨਾਂ ਨੰੂ ਆਸ ਹੈ ਕਿ ਇਸ ਵਰੇ ਨਵੰਬਰ ਤੱਕ ਇਸ ਨੰੂ ਪੂਰੀ ਤਰਾਂ ਲਾਗੂ ਕਰ ਦਿੱਤਾ ਜਾਵੇਗਾ। ਉਨਾਂ ਕਿਸਾਨਾਂ ਨੂੰ ਕਰਜ਼ੇ ਦੇ ਮੱਕੜ ਜਾਲ ਵਿੱਚੋਂ ਕੱਢਣ ਲਈ ਫ਼ਸਲੀ ਵਿਭਿੰਨਤਾ ਨੰੂ ਹੁਲਾਰਾ ਦੇਣ ਵਾਸਤੇ ਚੁੱਕੇ ਕਦਮ ਵੀ ਗਿਣਾਏ।

ਮੁੱਖ ਮੰਤਰੀ ਨੇ ਪੰਜਾਬ ਵਿੱਚ ਨਿਵੇਸ਼ ਲਈ ਸਨਅਤਾਂ ਵੱਲੋਂ ਵਿਖਾਈ ਜਾ ਰਹੀ ਰੁਚੀ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜ਼ਮੀਨ ਪੱਧਰ ’ਤੇ ਨਿਵੇਸ਼ ਦੇ ਠੋਸ ਨਤੀਜੇ ਪਹਿਲੇ ਹੀ ਦਿਸਣੇ ਸ਼ੁਰੂ ਹੋ ਗਏ ਹਨ ਅਤੇ ਅਗਲੇ ਦੋ-ਤਿੰਨ ਸਾਲਾਂ ਵਿੱਚ ਰਾਜ ਨੰੂ ਇਸ ਖੇਤਰ ਤੋਂ ਫ਼ਾਇਦਾ ਹੁੰਦਾ ਪ੍ਰਤੱਖ ਦਿੱਸੇਗਾ। ਸਨਅਤ ਖੇਤਰ ਦੇ ਸਹਿਯੋਗ ਨਾਲ ਰੁਜ਼ਗਾਰ ਮੇਲੇ ਚੰਗੀ ਤਰਾਂ ਚਲਦੇ ਹੋਣ ਦਾ ਦਾਅਵਾ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਮਝਣ ਲੱਗੇ ਹਨ ਕਿ ਇਹ ਸਰਕਾਰ ਕੰਮ ਕਰਕੇ ਦਿਖਾ ਰਹੀ ਹੈ।

Share Button

Leave a Reply

Your email address will not be published. Required fields are marked *