ਨਵਜੋਤ ਸਿੰਘ ਸਿੱਧੂ ਦੇ ਰਾਜ ਸਭਾ ਦੇ ਮੈਂਬਰ ਤੋਂ ਅਸਤੀਫਾ ਦੇਣ ਦੀ ਅਸਲ ਹਕੀਕਤ ਤੇ ਇੱਕ ਝਾਤ

ss1

ਨਵਜੋਤ ਸਿੰਘ ਸਿੱਧੂ ਦੇ ਰਾਜ ਸਭਾ ਦੇ ਮੈਂਬਰ ਤੋਂ ਅਸਤੀਫਾ ਦੇਣ ਦੀ ਅਸਲ ਹਕੀਕਤ ਤੇ ਇੱਕ ਝਾਤ

ਅੱਜ ਹਰ ਅਖਬਾਰ, ਨਿਊਜ ਚੈਨਲ ਉੱਪਰ ਬਹਿਸ਼ ਦਾ ਭਖਦਾ ਮਸਲਾ ਹੈ ਨਵਜੋਤ ਸਿੰਘ ਸਿੱਧੁ ਦਾ ਰਾਜ ਸਭਾ ਤੋਂ ਅਸਤੀਫਾ ਦੇਣਾ ਅਤੇ ਅਸਤੀਫਾ ਦੇਣ ਉਪਰੰਤ ਭਵਿੱਖ ਵਿੱਚ ਸਿੱਧੂ ਜੋੜੀ ਦੇ ਰਾਜਨੀਤਿਕ ਕੈਰੀਅਰ ਸਬੰਧੀ ਉਠਾਏ ਜਾਣ ਵਾਲੇ ਕਦਮਾਂ ਉੱਪਰ ਲਗਾਤਾਰ ਬਹਿਸ ਦਾ ਭਖਦਾ ਮਸਲਾ ਹੈ । ਜੇਕਰ ਨਵਜੋਤ ਸਿੰਘ ਸਿੱਧੂ ਦੇ ਰਾਜ ਸਭਾ ਤੋਂ ਅਸਤੀਫਾ ਦੇਣ ਦੇ ਅਸਲ ਕਾਰਨਾਂ ਤੇ ਝਾਤ ਪਾਈਏ ਤਾਂ ਉਪਰਲੀ ਦ੍ਰਿਸਟੀ ਤੋਂ ਇਸਦਾ ਕੋਈ ਠੋਸ ਕਾਰਣ ਨਜਰ ਨਹੀਂ ਆਉਦਾਂ ਕਿਉਂਕਿ ਜੇਕਰ ਉਹਨਾਂ ਨੇ ਪਾਰਟੀ ਤੋਂ ਨਰਾਜ ਹੋ ਕੇ ਅਸਤੀਫਾ ਦਿੱਤਾ ਹੁੰਦਾ ਤਾਂ ਉਹਨਾਂ ਨੇ ਰਾਜ ਸਭਾ ਦੀ ਇਹ ਸੀਟ ਲੈਣੀ ਹੀ ਨਹੀਂ ਸੀ । ਉਸਨੇ ਇਹ ਪਾਰਟੀ 13ਵੀਂ ਲੋਕ ਸਭਾ ਦੀਆਂ ਦੀਆਂ 2014 ਵਿੱਚ ਹੋਈਆਂ ਚੋਣਾਂ ਦੌਰਾਨ ਲੋਕ ਸਭਾ ਹਲਕਾ ਸ਼੍ਰੀ ਅਮ੍ਰਿਤਸਰ ਸਾਹਿਬ ਤੋਂ ਆਪਣੀ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਦੀ ਉਮੀਦਵਾਰੀ ਦੀ ਟਿਕਟ ਕੱਟੇ ਜਾਣ ਉਪਰੰਤ ਹੀ ਆਪਣਾ ਅਸਤੀਫਾ ਦੇ ਦੇਣਾ ਸੀ । ਪਰੰਤੂ ਉਸ ਸਮੇਂ ਦੌਰਾਨ ਤਾਂ ਨਵਜੋਤ ਸਿੰਘ ਸਿੱਧੂ ਵੱਲੋਂ ਭਾਰਤੀ ਜਨਤਾ ਪਾਰਟੀ ਲਈ ਸਟਾਰ ਪ੍ਰਚਾਰਕ ਦੇ ਤੌਰ ਤੇ ਪ੍ਰਚਾਰ ਕੀਤਾ ਗਿਆ ਸੀ । ਹੁਣ ਵਿਚਾਰ ਕਰਣ ਵਾਲੀ ਗੱਲ ਇਹ ਹੈ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਮਿਲੀ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਦਾ ਮੁੱਖ ਕਾਰਣ ਕੀ ਹੋ ਸਕਦਾ ਹੈ ।

ਸਾਰੇ ਪੱਖਾਂ ਦੀ ਘੋਖ ਕਰਨ ਤੋਂ ਬਾਅਦ ਇਹ ਸਿੱਟਾ ਨਿਕਲਦਾ ਹੈ ਕਿ ਇਹ ਅਸਤੀਫਾ ਭਾਰਤੀ ਜਨਤਾ ਪਾਰਟੀ ਦੀ ਗਿਣੀ ਮਿੱਥੀ ਰਾਜਨੀਤਿਕ ਯੋਜਨਾਬੰਦੀ ਦਾ ਹੀ ਸੋਚ ਸਮਝ ਕੇ ਚੁੱਕਿਆ ਗਿਆ ਕਦਮ ਹੈ । ਜੇਕਰ 2014 ਦੀਆਂ ਲੋਕ ਸਭਾ ਚੋਣਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਚੋਣ ਰਣਨੀਤੀ ਦੇਖੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲਾਂ ਤੋਂ ਦੂਜੀਆਂ ਪਾਰਟੀਆਂ ਨਾਲ ਚੱਲੇ ਆ ਰਹੇ ਗੱਠਜੋੜ ਤੋੜ ਕੇ ਇਕੱਲੇ ਤੌਰ ਤੇ ਹੀ ਚੋਣਾਂ ਲੜਨ ਦੀ ਰਣਨੀਤੀ ਅਪਣਾਈ ਗਈ ਹੈ । ਇਸ ਦੀ ਉਦਾਹਰਣ ਮਹਂਾਰਾਸਟਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਵ ਸੈਨਾ ਤੋਂ ਵੱਖ ਹੋ ਕੇ ਚੋਣਾਂ ਲੜਨਾਂ ਹੇੈ ਅਤੇ ਬਾਅਦ ਵਿੱਚ ਮਹਾਂਰਾਸਟਰ ਦੀਆਂ ਸਾਰੀਆਂ 288 ਵਿਧਾਨ ਸਭਾ ਦੀਆਂ ਸੀਟਾਂ ਤੇ ਇਕੱਲੇ ਤੌਰ ਤੇ ਚੋਣਾਂ ਲੜਨ ਉਪਰੰਤ 122 ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਮੁੜ ਸਿਵ ਸੈਨਾਂ ਦੀਆਂ 63 ਸੀਟਾਂ ਆਉਣ ਤੇ ਉਹਨਾਂ ਨਾਲ ਗੱਠਜੋੜ ਕਰਕੇ ਦਵੇਂਦਰ ਫਡਨਵੀਸ ਦੀ ਅਗਵਾਈ ਵਿੱਚ ਆਪਣੀ ਗੱਠਜੋੜ ਦੀ ਸਰਕਾਰ ਬਣਾਈ ਸੀ । ਇਸ ਤਹਿਤ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਵੀ ਅਲੱਗ ਤੌਰ ਤੇ 2017 ਦੀਆਂ ਆਉਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਤੋਂ ਅਲੱਗ ਹੋ ਕੇ ਲੜਨ ਦੀ ਤਿਆਰੀ ਹੋ ਸਕਦੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਮੁਢਲੀ ਮੈਂਬਰਸਿਪ ਤੋਂ ਅਜੇ ਤੱਕ ਅਸਤੀਫਾ ਦੇਣ ਦਾ ਜਿਕਰ ਸਾਹਮਣੇ ਨਹੀਂ ਆਇਆ ਅਤੇ ਨਾਂ ਹੀ ਪਾਰਟੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਹੀ ਇਸ ਬਾਬਤ ਕੋਈ ਟਿੱਪਣੀ ਕੀਤੀ ਗਈ ਹੈ ।

ਇਸ ਅਸਤੀਫੇ ਵਾਲੇ ਘਟਨਾਂਕ੍ਰਮ ਨਾਲ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਦਾ ਪਿਛੋਕਰ ਕਾਂਗਰਸ ਨਾਲ ਸਬੰਧਤ ਹੋਣ ਕਾਰਣ ਲਗਾਤਾਰ ਕਾਂਗਰਸ ਪਾਰਟੀ ਵਿੱਚ ਸਾਮਿਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਨਵਜੋਤ ਸਿੰਘ ਸਿੱਧੂ ਦੇ ਆਪਣੀ ਪਾਰਟੀ ਵਿੱਚ ਇੱਕ ਹਫਤੇ ਤੱਕ ਸਾਮਿਲ ਹੋਣ ਦਾ ਸੰਜੇ ਸਿੰਘ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਸੋਸਲ ਮੀਡੀਆ ਤੇ ਜੋਰਾਂ ਸੋਰਾਂ ਨਾਲ ਨਵਜੋਤ ਸਿੰਘ ਸਿੱਧੂ ਨੂੰ ਮੱਖ ਮੰਤਰੀ ਦੇ ਕੈਂਡੀਡੇਟ ਦੇ ਦਾਅਵੇਦਾਰ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ । ਜੇਕਰ ਭਾਰਤੀ ਜਨਤਾ ਪਾਰਟੀ ਆਪਣੀ ਸੋਚੀ ਸਮਝੀ ਰਣਨੀਤੀ ਤਹਿਤ ਵੱਖਰੇ ਤੌਰ ਤੇ ਪੰਜਾਬ ਵਿੱਚ ਸ੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋ ਕੇ ਚੋਣ ਲੜਦੀ ਹੈ ਅਤੇ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪਾਰਟੀ ਦਾ ਮੁੱਖ ਮੰਤਰੀ ਦਾ ਦਾਅਵੇਦਾਰ ਘੋਸਿਤ ਕਰਦੀ ਹੈ ਤਾਂ ਵਿਰੋਧੀ ਪਾਰਟੀਆਂ ਕੋਲ ਨਵਜੋਤ ਸਿੰਘ ਸਿੱਧੂ ਦੇ ਵਿਰੁੱਧ ਪ੍ਰਚਾਰ ਕਰਨ ਲਈ ਕੋਈ ਮੁੱਦਾ ਨਹੀਂ ਰਹਿ ਜਾਵੇਗਾ ।ਜਿਸਦਾ ਸਿੱਧੇ ਤੌਰ ਤੇ ਦੋਨਾਂ ਪਾਰਟੀਆਂ ਵੱਲੋਂ ਬਿਨਾਂ ਸੋਚੇ ਸਮਝੇ ਕਾਹਲੀ ਵਿੱਚ ਆਪਣੇ ਵੱਲੋਂ ਪ੍ਰਤੀਕਰਮ ਪ੍ਰਗਟ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ।ਆਪਣੀ ਇਸੇ ਰਣਨੀਤੀ ਤਹਿਤ ਭਾਜਪਾ ਵੱਲੋਂ 2017 ਦੀਆਂ ਆਉਦੀਂਆਂ ਵਿਧਾਨ ਸ਼ਭਾ ਚੋਣਾਂ ਦੋਰਾਨ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ ਆਪਣਾ ਗੱਠਜੋਰ ਤੋੜ ਕੇ ਸਮੁਚੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਉਪਰ ਚੋਣਾਂ ਲੜੀਆਂ ਜਾ ਸਕਦੀਆਂ ਹਨ ਅਤੇ ਸਰਕਾਰ ਪ੍ਰਤੀ ਲੋਕਾਂ ਵਿੱਚ ਜੋ ਵਿਰੋਧੀ ਭਾਵਨਾਂ ਹੈ ਉਸ ਤੋਂ ਬਚਣ ਦੀ ਵੀ ਭਾਜਪਾ ਵੱਲੋਂ ਕੋਸਿਸ਼ ਕੀਤੀ ਜਾ ਸਕਦੀ ਹੈ । ਪਰ ਇਹ ਉਪਰੋਕਤ ਰਾਜਨੀਤਿਕ ਵਿਸ਼ਲੇਸਣ ਸਹੀ ਜਾਂ ਗਲਤ ਸਾਬਤ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ । ਜੇਕਰ ਅਜਿਹਾ ਹੁੰਦਾ ਹੈ ਤਾਂ ਸੱਚਮੁੱਚ ਹੀ ਪੰਜਾਬ ਵਿੱਚ 2017 ਵਿੱਚ ਹੋਣ ਵਾਲੀਆਂ ਚੋਣਾਂ ਬਹੁਤ ਹੀ ਰੋਚਕ ਰੂਪ ਧਾਰਨ ਕਰ ਸਕਦੀਆਂ ਹਨ । ਪੰਜਾਬ ਵਿੱਚ ਇਹਨਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ, ਸ੍ਰੋਮਣੀ ਅਕਾਲੀ ਦਲ, ਭਾਰਤੀ ਰਾਸਟਰੀ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਲੋਕਤੰਤਰੀ ਸਵਰਾਜ ਪਾਰਟੀ ਆਦਿ ਵਿੱਚ ਕਾਂਟੇਦਾਰ ਟੱਕਰ ਵੇਖਣ ਨੂੰ ਮਿਲ ਸਕਦੀ ਹੈ ।

ਕਥਾਵਾਚਕ ਜਸਵਿੰਦਰ ਸਿੰਘ ਕਾਹਨੂੰਵਾਨ
087279-33338

Share Button