Sun. Aug 18th, 2019

ਨਰਮੇ ਹੇਠ ਇਕ ਲੱਖ ਏਕੜ ਰਕਬਾ ਘਟਿਆ,ਝਾੜ ਵਧਿਆ, ਕਿਸਾਨ ਬਾਗੋ-ਬਾਗ

ਨਰਮੇ ਹੇਠ ਇਕ ਲੱਖ ਏਕੜ ਰਕਬਾ ਘਟਿਆ,ਝਾੜ ਵਧਿਆ, ਕਿਸਾਨ ਬਾਗੋ-ਬਾਗ

fdk-4ਫ਼ਰੀਦਕੋਟ, 21 ਅਕਤੂਬਰ ( ਜਗਦੀਸ਼ ਬਾਂਬਾ ) ਨਰਮੇ ਦੀ ਬੰਪਰ ਫ਼ਸਲ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ 2015 ਵਿੱਚ ਪੰਜਾਬ ਸਰਕਾਰ ਦਾ ਨਰਮੇ ਦੇ ਬੀਜਾਂ ਅਤੇ ਸਪਰੇਆਂ ਦੀ ਕਿਸਮ,ਗੁਣਵੱਤਾ ਅਤੇ ਵਰਤੋਂ ਉੱਪਰ ਕੰਟਰੋਲ ਨਹੀ ਸੀ। ਮਾੜੇ ਬੀਜ ਅਤੇ ਸਪਰੇਆਂ ਤੋਂ ਬਾਅਦ ਵਿਵਾਦਾਂ ਵਿੱਚ ਘਿਰੀ ਸਰਕਾਰ ਨੇ ਇਸ ਵਾਰ ਸਪਰੇਆਂ ਉੱਪਰ ਵਿਸ਼ੇਸ ਕਿਸਮ ਦੀ ਪਾਬੰਦੀ ਲਾਈ ਸੀ,ਜਿਸ ਕਰਕੇ ਨਰਮੇ ਦੀ ਰਿਕਾਰਡ ਤੋੜ ਪੈਦਾਵਾਰ ਹੋਈ ਹੈ। ਇਸ ਵਾਰ ਕਿਸਾਨਾਂ ਨੇ 12 ਸਪਰੇਆਂ ਦੀ ਥਾਂ ਸਿਰਫ ਦੋਂ ਸਪਰੇਆਂ ਹੀ ਕੀਤੀਆਂ ਹਨ। ਖੇਤੀਬਾੜੀ ਵਿਭਾਗ ਦਾ ਅਨੁਮਾਨ ਸੀ ਕਿ 8 ਕੁਇੰਟਲ ਪ੍ਰਤੀ ਏਕੜ ਨਰਮੇ ਦਾ ਝਾੜ ਹੋ ਸਕਦਾ ਹੈ,ਪਰ ਇਸ ਦੇ ਉਲਟ ਨਰਮੇ ਦਾ ਝਾੜ 9 ਤੋਂ 11 ਕੁਇੰਟਲ ਤੱਕ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਇਸ ਵਾਰ ਪੰਜਾਬ ਵਿੱਚ 2 ਲੱਖ 56 ਹਜਾਰ ਏਕੜ ਨਰਮੇਂ ਦੀ ਫ਼ਸਲ ਹੋਈ ਹੈ ਜਦੋਂਕਿ 2015 ਵਿੱਚ 3 ਲੱਖ 39 ਹਜਾਰ ਏਕੜ ਨਰਮਾ ਸੀ। ਪਿਛਲੇ ਸਾਲ ਚਿੱਟੀ ਮੱਖੀ ਦੇ ਹਮਲੇ ਅਤੇ ਨਕਲੀ ਬੀਜਾਂ ਕਾਰਨ 10 ਤੋਂ 12 ਸਪਰੇਆਂ ਦੇ ਬਾਵਜੂਦ ਨਰਮੇ ਦੀ ਫ਼ਸਲ 95 ਫ਼ੀਸਦੀ ਖ਼ਰਾਬ ਹੋ ਗਈ ਸੀ। ਇਸੇ ਖਦਸ਼ੇ ਕਰਕੇ ਇਸ ਸਾਲ ਨਰਮੇ ਹੇਠੋ ਕਰੀਬ 1 ਲੱਖ ਏਕੜ ਰਕਬਾ ਘੱਟ ਗਿਆ ਹੈ ਅਤੇ ਇਹ ਰਕਬਾ ਝੋਨੇ ਹੇਠ ਆ ਗਿਆ ਹੈ। ਜਾਅਲੀ ਬੀਜਾਂ ਅਤੇ ਸਪਰੇਅ ਦਾ ਦਾਗ ਧੋਣ ਲਈ ਸਰਕਾਰ ਨੇ ਅੰਤਰਰਾਜੀ ਕਮੇਟੀ ਦਾ ਗਠਨ ਕੀਤਾ ਸੀ ਅਤੇ ਪੰਜਾਬ ਵਿੱਚ ਇਸ ਕਮੇਟੀ ਦੀ ਅਗਵਾਈ ਡਾਕਟਰ ਸੁਖਦੇਵ ਸਿੰਘ ਨੇ ਕੀਤੀ ਅਤੇ ਹੁਣ ਫ਼ਸਲ ਨੂੰ ਚਿੱਟੀ ਮੱਖੀ ਦੇ ਹਮਲੇ ਅਤੇ ਹੋਰ ਬਿਮਾਰੀਆਂ ਤੋਂ ਬਚਾਅ ਲਿਆ ਗਿਆ । ਸੰਪਰਕ ਕਰਨ ‘ਤੇ ਡਾਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਇਸ ਵਾਰ ਨਰਮਾ ਪੱਟੀ ਵਾਲੇ 8 ਜਿਲਿਆਂ ਵਿੱਚੋ ਕਿਤੇ ਵੀ ਬਿਮਾਰੀ ਦੇ ਹਮਲੇ ਦੀ ਰਿਪੋਰਟ ਨਹੀ ਆਈ । ਪੈਸਟੀਸਾਈਡ ਡੀਲਰ ਅਸ਼ੋਕ ਕੁਮਾਰ ਨੇ ਮੰਨਿਆ ਕਿ ਸਰਕਾਰ ਦੇ ਨਿਰਦੇਸ਼ਾਂ ‘ਤੇ 15 ਜੂਨ ਤੋਂ ਪਹਿਲਾਂ ਕਿਸੇ ਕਿਸਾਨ ਨੂੰ ਪੈਸਟੀਸਾਈਡ ਨਹੀ ਦਿੱਤੀ ਗਈ । ਕਿਸਾਨ ਬਿੰਦਰ ਸਿੰਘ, ਲਛਮਣ ਸਿੰਘ, ਗਮਦੂਰ ਸਿੰਘ ਅਤੇ ਸ਼ਵਿੰਦਰਪਾਲ ਨੇ ਨਰਮੇ ਦਾ ਝਾੜ 9 ਤੋਂ 11 ਕੁਇੰਟਲ ਤੱਕ ਹੋਣ ਦੀ ਸੰਭਾਵਨਾ ਜਤਾਈ ਹੈ। ਨਰਮੇ ਦੀ ਕੀਮਤ 5200 ਤੋਂ ਵਧਕੇ 5500 ਤੱਕ ਚਲੀ ਗਈ ਹੈ।
ਪੈਸਟੀਸਾਈਡ ਕੰਪਨੀਆਂ ਵੱਲੋਂ ਡੀਲਰਾਂ ਦੇ ਟੂਰ ਰੱਦ : ਪੈਸਟੀਸਾਈਡ ਕੰਪਨੀਆਂ ਵੱਲੋਂ ਲੱਖ ਰੁਪਏ ਦੀ ਸਪਰੇਅ ਵੇਚਣ ਵਾਲੇ ਡੀਲਰ ਨੂੰ ਸਿੰਗਾਪੁਰ ਦਾ ਮੁਫਤ ਟੂਰ ਲੁਆਇਆ ਜਾਂਦਾ ਸੀ । ਪੈਸਟੀਸਾਈਡਜ ਦੀ ਵਰਤੋਂ ਘਟਣ ਕਾਰਨ ਇਸ ਵਾਰ ਕੰਪਨੀਆਂ ਨੇ ਡੀਲਰਾਂ ਤੋਂ ਇਹ ਸਹੂਲਤ ਵਾਪਸ ਲੈ ਲਈ ਹੈ। ਡੀਲਰਾਂ ਨੂੰ ਟੂਰ ਲੁਆਉਣ ਵਾਲੀਆਂ ਕੰਪਨੀਆਂ 29 ਅਪ੍ਰੈਲ 2015 ਨੂੰ ਬਾਜਾਖਾਨਾ ਕੋਲ 50 ਲੱਖ ਰੁਪਏ ਨਗਦ ਲੈ ਕੇ ਜਾਂਦੀਆਂ ਪੁਲੀਸ ਹੱਥ ਚੜ ਗਈਆਂ ਸਨ। ਇਹ ਪੈਸਾ ਬੀਜਾਂ ਅਤੇ ਪੈਸਟੀਸਾਈਡਜ ਦੀ ਖੁੱਲੀ ਵਰਤੋਂ ਦੀ ਇਜਾਜਤ ਲਈ ਕਥਿਤ ਤੌਰ ‘ਤੇ ਇੱਕ ਮੰਤਰੀ ਅਤੇ ਕੁਝ ਅਧਿਕਾਰੀਆਂ ਨੂੰ ਦਿੱਤਾ ਜਾਣਾ ਸੀ। ਪੁਲੀਸ ਇਸ ਮਾਮਲੇ ਵਿੱਚ ਡੀਲਰਾਂ ਅਤੇ ਪੈਸੇ ਦੇਣ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕਰ ਚੁੱਕੀ ਸੀ ਪ੍ਰੰਤੂ ਫ਼ਰੀਦਕੋਟ ਜਿਲੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰਨ ਕਾਰਨ ਇਹ ਮਾਮਲਾ ਠੰਢੇ ਬਸਤੇ ਵਿੱਚ ਪੈ ਗਿਆ ।

Leave a Reply

Your email address will not be published. Required fields are marked *

%d bloggers like this: