Mon. Mar 30th, 2020

ਨਮੂਨਾਂ ਨਹੀਂ ਉਦਾਹਰਣ ਬਣ ਜਾਓ

ਨਮੂਨਾਂ ਨਹੀਂ ਉਦਾਹਰਣ ਬਣ ਜਾਓ

ਬੇ ਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ।(ਬਾਬਾ ਨਜ਼ਮੀ ਜੀ)

ਦੁਨੀਆਂ ਵਿੱਚ ਮਿਸਾਲ ਪੈਦਾ ਕਰਨ ਲਈ ਸਖਤ ਮਿਹਨਤ ਦੀ ਲੋੜ ਹੁੰਦੀ ਹੈ।ਨਹੀਂ ਤਾਂ ਢਿੱਡ ਦੀ ਖਾਤਰ ਤਾਂ ਸਭ ਤੁਰੇ ਹੀ ਫਿਰਦੇ ਹਨ।ਐਨੀਆਂ ਸੌਖੀਆ ਨਹੀਂ ਹੁੰਦੀਆ ਜਿੰਦਗੀ ਦੀਆਂ ਜੰਗਾਂ ਜਿੱਤਣੀਆਂ।ਮੰਜ਼ਿਲਾਂ ਤੇ ਪਹੁੰਚਣ ਲਈ ਜ਼ਜਬਾ ਹੋਣਾ ਬਹੁਤ ਜਰੂਰੀ ਹੈ।ਬੁੱਧੀਮਾਨ ਅਤੇ ਬਹਾਦਰ ਲੋਕ ਤਾਂ ਆਪਣਾ ਰਸਤਾ ਖੁਦ ਬਣਾਉਂਦੇ ਹਨ।ਜਿੰਦਗੀ ਅਸਾਨ ਨਹੀਂ ਹੁੰਦੀ ਅਸਾਨ ਬਣਾਉਣੀ ਪੈਂਦੀ ਹੈ।ਕੁਝ ਬਰਦਾਸ਼ਤ ਕਰਨਾ ਪੈਂਦਾ ਹੈ ਅਤੇ ਬਹੁਤ ਕੁਝ ਨਜ਼ਰ ਅੰਦਾਜ਼।ਦੁਨੀਆਂ ‘ਚ ਕਿੰਨਾ ਭੀੜ ਭੜੱਕਾ ਹੈ ਪਰ ਕਿਸੇ ਦਾ ਨਾਮ ਨਹੀਂ।ਜਿਸਦਾ ਨਾਮ ਹੈ ਉਹ ਭੀੜ ਵਿੱਚ ਨਹੀਂ ਹੈ।ਜਿਨ੍ਹਾਂ ਰਸਤਿਆ ਤੇ ਭੀੜ ਹੁੰਦੀ ਹੈ,ਉਹ ਰਸਤੇ ਆਮ ਹੋ ਜਾਂਦੇ ਹਨ।ਉਹਨਾਂ ਨਾਲ ਮਿਹਨਤ ਦਾ ਕੋਈ ਬਹੁਤਾ ਸਬੰਧ ਨਹੀਂ ਹੁੰਦਾ ਸਗੋਂ ਆਸਥਾ ਅਤੇ ਆਸ ਹੁੰਦੀ ਹੈ ਪਰ ਕੁਝ ਵਿਲੱਖਣ ਕਰਨ ਲਈ ਰਸਤੇ ਹੀ ਵੱਖਰੇ ਹੁੰਦੇ ਹਨ।ਪੈੜਾਂ ਕਦੇ ਰਸਤਿਆਂ ਵਿੱਚ ਨਹੀਂ ਹੁੰਦੀਆਂ ਸਗੋਂ ਪੈੜਾਂ ਤੋਂ ਪੰਗਡੰਡੀਆਂ ਤੇ ਪੰਗਡੰਡੀਆਂ ਤੋਂ ਰਸਤੇ ਬਣਦੇ ਹਨ ਪਰ ਨਾਮ ਉਸਦਾ ਹੀ ਹੁੰਦਾ ਹੈ ਜਿਸ ਨੇ ਸ਼ੁਰੂਆਤ ਕੀਤੀ ਹੁੰਦੀ ਹੈ।ਸੁਰਜੀਤ ਪਾਤਰ ਜੀ ਨੇ ਮਿਹਨਤ ਦੇ ਸੰਦਰਭ ਵਿੱਚ ਲਿਖਿਆ ਹੈ ਕਿ:-

ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ,
ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ।
ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ,
ਇਹ ਸੜਦੇ ਪੈਰ,ਠਰਦੇ ਦਿਲ,ਮੇਰੇ ਸੱਚ ਦੇ ਗਵਾਹ ਬਣਦੇ।
ਜੋ ਲੋ ਮੱਥੇ ‘ਚੋਂ ਫੁੱਟਦੀ ਹੈ ਉਹ ਅਸਲੀ ਤਾਜ ਹੁੰਦੀ ਹੈ,
ਤਵੀ ਦੇ ਤਖ਼ਤ ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ।

ਮਿਹਨਤ ਕਰਨ ਵਾਲੇ ਦਾ ਮੁੱਲ ਪੈਂਦਾ ਹੈ।ਬਸ ਬੰਦੇ ਦੇ ਗੁਣਾ ਨੂੰ ਸਲਾਮਾਂ ਹੁੰਦੀਆਂ ਹਨ।ਜੋ ਵਿਹਲੜ ਹੁੰਦੇ ਹਨ,ਉਹਨਾਂ ਨੂੰ ਕੋਈ ਵੀ ਮੂੰਹ ਲਾ ਕੇ ਰਾਜ਼ੀ ਨਹੀਂ ਹੁੰਦਾ ਪਰ ਜਿਸ ਨੇ ਮਿਹਨਤ ਕਰਕੇ ਕੁਝ ਹਾਸਲ ਕੀਤਾ ਹੁੰਦਾ ਹੈ,ਉਸਨੂੰ ਦੁਨੀਆਂ ਪੂਜਦੀ ਹੈ।ਕੋਇਲੇ ਨੂੰ ਕੋਈ ਗਲ ਵਿੱਚ ਨਹੀਂ ਪਾਉਂਦਾ ਪ੍ਰੰਤੂ ਜਦ ਉਹੀ ਕੋਇਲਾ ਤਪਸ਼ ਝੱਲ ਕੇ ਸੋਨਾ ਬਣਦਾ ਹੈ ਤਾਂ ਗਲ ਦਾ ਸ਼ਿੰਗਾਰ ਬਣ ਜਾਂਦਾ ਹੈ।
ਟਿੱਚਰਾਂ ਉਹੀ ਲੋਕ ਕਰਦੇ ਹਨ ਜੋ ਨਿਕੰਮੇ ਹੁੰਦੇ ਹਨ।ਜੋ ਜਗਿਆਸੂ ਹੁੰਦੇ ਹਨ,ਉਹਨਾਂ ਦੇ ਦਿਲਾਂ ਵਿੱਚ ਕੁਝ ਨਵਾਂ ਕਰਨ ਦੀ ਤਾਂਘ ਹੁੰਦੀ ਹੈ ਪਰ ਚੁੱਪ ਹੁੰਦੇ ਹਨ ਅਤੇ ਰਸਤਾ ਲੱਭਣ ਦੀ ਭਾਲ ‘ਚ ਹੁੰਦੇ ਹਨ।ਜਿਹਨਾਂ ਦੀ ਜਗਿਆਸਾ ਜਾਗ ਜਾਂਦੀ ਹੈ,ਉਹ ਬਿਨਾਂ ਪ੍ਰਵਾਹ ਕੀਤੇ ਆਪਣਾ ਰਸਤਾ ਫੜ ਲੈਂਦੇ ਹਨ।ਸਿਆਣੇ ਲੋਕ ਹਮੇਸ਼ਾ ਹੌਸਲਾ ਅਫਜ਼ਾਈ ਕਰਦੇ ਹਨ ਅਤੇ ਜੀਵਨ ਦੇ ਉਦੇਸ਼ ਦੀ ਪ੍ਰਾਪਤੀ ਲਈ ਅਸ਼ੀਰਵਾਦ ਦਿੰਦੇ ਹਨ।ਦੁਨੀਆਂ ਗਵਾਹ ਹੈ ਕਿ ਜਿੰਦਗੀ ਦੇ ਮਿਥੇ ਨਿਸ਼ਾਨੇ ਤੱਕ ਉਹੀ ਪਹੁੰਚਦੇ ਹਨ ਜਿਨ੍ਹਾਂ ਦੇ ਇਰਾਦੇ ਦ੍ਰਿੜ ਅਤੇ ਆਤਮਵਿਸ਼ਵਾਸੀ ਹੁੰਦੇ ਹਨ।“ਲੋਕਾਂ ਦਾ ਕੀ ਐ ਲੋਕ ਤਾਂ ਹੱਸਦੇ ਨੇ, ਜਿਨ੍ਹਾਂ ਦੇ ਅੰਦਰ ਹੈ ਵਿਸ਼ਵਾਸ਼ ਉਹੀ ਇਤਿਹਾਸ ਰਚਦੇ ਨੇ”।
ਦੂਜਿਆਂ ਦਾ ਨਾਮ ਜਿਉਂਦਿਆ ਵੀ ਕੋਈ ਲੈ ਕੇ ਖੁਸ਼ ਨਹੀਂ ਹੁੰਦਾ,ਮਰਿਆਂ ਤਾਂ ਬੜੇ ਦੂਰ ਦੀ ਗੱਲ ਹੈ।ਕਈ ਇਨਸਾਨ ਸੰਕਲਪੀ ਨਹੀਂ ਹੁੰਦੇ।ਮਿਹਨਤ ਸ਼ੁਰੂ ਕਰ ਲੈਂਦੇ ਹਨ ਪਰ ਜਦੋਂ ਕੋਈ ਕਹਿ ਦੇਵੇ ਕਿ ਇਹ ਤਾਂ ਤੇਰੀ ਗਲਤੀ ਹੈ,ਤੇਰੇ ਵੱਸ ਦਾ ਰੋਗ ਨਹੀਂ ਤਾਂ ਉਹ ਹੌਸਲਾ ਹਾਰਦੇ ਹੋਏ ਆਪਣੇ ਉਦੇਸ਼ ਦੀ ਪੂਰਤੀ ਲਈ ਯਤਨ ਕਰਨੇ ਛੱਡ ਦਿੰਦੇ ਹਨ।ਗਲਤੀ ਵੀ ਉਸ ਤੋਂ ਹੀ ਹੁੰਦੀ ਹੈ ਜੋ ਮਿਹਨਤ ਕਰਦਾ ਹੈ।ਨਿਕੰਮਿਆਂ ਦੀ ਜਿੰਦਗੀ ਤਾਂ ਦੂੁਜਿਆਂ ਦੀਆਂ ਗਲਤੀਆਂ ਕੱਢਣ ਵਿੱਚ ਹੀ ਲੰਘ ਜਾਂਦੀ ਹੈ।
ਜਿੰਦਗੀ ਵਿੱਚ ਕੁਝ ਬਣਨਾ ਮਾਤਾ ਪਿਤਾ ਤੇ ਬਹੁਤ ਨਿਰਭਰ ਕਰਦਾ ਹੈ।ਜਿਹੜੇ ਮਾਪੇ ਬੱਚਿਆਂ ਦੇ ਮਨਾਂ ਵਿੱਚ ਕਿਸਮਤ ਆਸਥਾ ਦਾ ਭੈਅ ਪੈਦਾ ਕਰ ਦਿੰਦੇ ਹਨ ਤੇ ਹੱਥੀ ਕੰਮ ਕਰਨ ਦੀ ਆਦਤ ਨਹੀਂ ਪਾਉਂਦੇ,ਉਹਨਾਂ ਦੇ ਬੱਚੇ ਕਦੀ ਆਪਣੀ ਜਿੰਦਗੀ ਵਿੱਚ ਕੁਝ ਵੀ ਨਹੀਂ ਬਣਦੇ ਸਗੋਂ ਬੁਜ਼ਦਿਲ ਹੁੰਦੇ ਹਨ ਅਤੇ ਹੋਰਨਾਂ ਦੇ ਵੀ ਹੌਂਸਲੇ ਤੋੜਦੇ ਹਨ।ਜੋ ਮਿਹਨਤ ਕਰਨ ਦੇ ਸਮੇਂ ਵਿੱਚ ਸ਼ੁਰੂਆਤੀ ਜਿੰਦਗੀ ਐਸ਼ੋ ਅਰਾਮ ਦੀ ਗੁਜ਼ਾਰਦੇ ਹਨ।ਉਹ ਵੇਲਾ ਗੁਆ ਕੇ ਸਾਰੀ ਉਮਰ ਧੱਕੇ ਖਾਂਦੇ ਹਨ।
ਕਈ ਮਾਂਵਾ ਕਹਿ ਦਿੰਦੀਆਂ ਹਨ ਕਿ ਪੁੱਤ ਤੇਰੇ ਪੇਪਰਾਂ ‘ਚੋਂ ਪਾਸ ਹੋਣ ਦਾ ਪ੍ਰਸ਼ਾਦਿ ਫਲਾਣੇ ਬਾਬੇ ਦੇ ਕਰਵਾ ਦਿੱਤਾ,ਬਾਬੇ ਦੀ ਕਿਰਪਾ ਹੋ ਜਾਣੀ ਹੈ ਪਰ ਕੀ ਬਾਬਾ ਸਿਰਫ ਪ੍ਰਸ਼ਾਦਿ ਖਾ ਕੇ ਹੀ ਪਾਸ ਕਰ ਦੇਵੇਗਾ।ਫਿਰ ਦਿਨ ਰਾਤ ਮਿਹਨਤ ਕਰਨ ਦਾ ਕੀ ਫਾਇਦਾ ਜੇ ਬਾਬਾ ਵੀ ਲਾਲਚੀ ਹੋ ਗਿਆ।ਮੰਨਦੇ ਹਾਂ ਕਿ ਆਸਥਾ ਹੋਣੀ ਚਾਹੀਦੀ ਹੈ ਪਰ ਬਿਨਾਂ ਮਿਹਨਤ ਇੱਕਲੀ ਆਸਥਾ ਸਫਲਤਾ ਨਹੀਂ ਦਿੰਦੀ ।ਇਹ ਜਿੰਦਗੀ ਦੇ ਨਿਸ਼ਾਨਿਆਂ ਨੂੰ ਇੱਕ ਢਾਹ ਹੈ ਜੋ ਵਿਹਲੜ ਅਤੇ ਨਿਕੰਮੇਪਣ ਵੱਲ ਲੈ ਜਾਂਦੀ ਹੈ।ਇਨਸਾਨ ਨੂੰ ਅੰਦਰੋਂ ਖੋਖਲਾ ਕਰਦੀ ਹੈ ਅਤੇ ਉਹ ਸ਼ੰਘਰਸ਼ ਦੀ ਬਜਾਏ ਸਾਰੀ ਉਮਰ ਹੀ ਆਸਥਾ ਵਿੱਚ ਡੁੱਬਾ ਕਿਸਮਤ ਨੂੰ ਕੋਸਦਾ ਰਹਿੰਦਾ ਹੈ।ਪੇਪਰਾਂ ਵੇਲੇ ਇਹ ਕਹਿ ਦੇਣਾ ਕਿ ਮੈਂ ਤੇਰੇ ਮਾਸਟਰਾਂ ਨੂੰ ਕਹਿ ਦੇਉਂਗਾ ਨੰਬਰ ਵਧੀਆਂ ਆ ਜਾਣਗੇ।ਇਹ ਤਰੱਕੀ ਅਤੇ ਮਨੋਬਲ ਵਿੱਚ ਰੋੜਾ ਹੈ।ਜੋ ਸਹਾਰਾ ਲੈ ਕੇ ਚੱਲਣਾ ਸਿੱਖ ਗਿਆ,ਉਹ ਸਾਰੀ ਉਮਰ ਹਰ ਕੰਮ ਵਿੱਚ ਸਹਾਰਾ ਹੀ ਭਾਲਦਾ ਰਹੇਗਾ ਅਤੇ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ।ਸਾਡੇ ਗੁਰੂਆਂ ਨੇ ਸਾਨੂੰ ਆਪਣੇ ਹੱਥੀ ਘਾਲਣਾ ਘਾਲਣ ਦੀ ਸਿੱਖਿਆ ਦਿੱਤੀ ਹੈ।ਉਹਨਾਂ ਕਦੀ ਨਹੀ ਕਿਹਾ ਕਿ ਬਿਨ੍ਹਾਂ ਮਿਹਨਤ ਸਭ ਕੁਝ ਮਿਲ ਜਾਵੇਗਾ।ਉਹਨਾਂ ਖੁਦ ਹੱਥੀ ਕਿਰਤ ਕੀਤੀ।ਜੇ ਬਿਨ੍ਹਾਂ ਮਿਹਨਤ ਸਰਦਾ ਹੁੰਦਾ ਜਾਂ ਇੱਕਲੇ ਬਾਬੇ ਦੇ ਪ੍ਰਸ਼ਾਦਿ ਚੜਾਇਆਂ ਹੀ ਕੰਮ ਹੋ ਜਾਂਦੇ ਤਾਂ ਗੁਰੂ ਨਾਨਕ ਪਰਮਾਤਮਾ ਸਰੂਪ ਹੋਣ ਦੇ ਬਾਵਜੂਦ ਵੀ ਅਠਾਰਾਂ ਸਾਲ ਹੱਥੀ ਖੇਤੀ ਕਿਉਂ ਕਰਦੇ।ਉਹ ਲੈਂਦੇ ਇੱਕ ਮੁੰਝ ਦੇ ਵਾਣ ਵਾਲਾ ਮੰਜਾਂ ਤੇ ਇੱਕ ਸ਼ਨੀਲ ਦੇ ਗਿਲਾਫ ਵਾਲੀ ਤਲਾਈ,ਰਜ਼ਾਈ ਤੇ ਕਰਦੇ ਅਰਦਾਸ।
ਅੱਜ ਵੀ ਤੇ ਕੱਲ ਰੱਬਾ,ਪੱਕੀਆਂ ਪਕਾਈਆਂ ਘੱਲ ਰੱਬਾ।
ਉਹਨਾਂ ਨੇ ਵੀ ਸਾਨੂੰ ਰੱਬ ਦੇ ਅਸੂਲਾਂ ਵਿੱਚ ਰਹਿ ਕੇ ਸਖ਼ਤ ਮਿਹਨਤ ਕਰਨੀ ਸਿਖਾਈ ਹੈ।ਮਨੁੱਖ ਜੋ ਬੀਜੇਗਾ ਉਹੀ ਵੱਡੇਗਾ।
ਉਹ ਰੁੱਖ ਕਦੇ ਹਨੇਰੀਆਂ ਦੇ ਬੁਲ੍ਹੇ ਨਹੀਂ ਝੱਲਦੇ,ਜਿਹਨਾਂ ਦੇ ਤਣੇ ਖੋਖਲੇ ਹੁੰਦੇ ਹਨ।ਏਸੇ ਤਰ੍ਹਾਂ ਉਹ ਮਨੁੱਖ ਵੀ ਕਦੇ ਕਾਮਯਾਬ ਨਹੀਂ ਹੁੰਦੇ ਜੋ ਸਿਰਫ ਆਪਣੇ ਮੁਕੱਦਰਾਂ ਤੇ ਨਿਰਭਰ ਹੋ ਕੇ ਬੈਠ ਜਾਂਦੇ ਹਨ।ਸਿਆਣਿਆ ਨੇ ਕਿਹਾ ਹੈ ਕਿ ਹਿੰਮਤੇ ਮਰਦਾ ਤੇ ਮਦਦੇ ਖੁਦਾ।
ਰੱਬ ਵੀ ਹਿੰਮਤੀ ਬੰਦੇ ਦੀ ਮਦਦ ਕਰਦਾ ਹੈ।ਰਜਾਈ ਦਾ ਨਿੱਘ ਸਭ ਨੂੰ ਚੰਗਾ ਲੱਗਦਾ ਹੈ।ਕੌਣ ਚਾਹੁੰਦਾ ਹੈ ਕਿ ਮੈਂ ਠੰਡ ਵਿੱਚ ਠਰਾਂ ਪਰ ਜਿਹਨਾਂ ਦੇ ਸਰੀਰ ਵਿੱਚ ਜਿੰਦਗੀ ਚ’ ਕੁੱਝ ਬਣਨ ਦੀ ਅੱਗ ਬਲਦੀ ਹੈ ਉਹਨਾਂ ਨੂੰ ਕਦੇ ਠੰਡ ਨਹੀਂ ਲੱਗਦੀ।ਕਿਸ ਦਾ ਜੀਅ ਕਰਦਾ ਹੈ ਕਿ ਮੈਂ ਧੁੱਪ ਵਿੱਚ ਸੜਾ ਪਰ ਸਿਰੜੀ ਬੰਦੇ ਇਹਨਾਂ ਸਥਿਤੀਆਂ ਚ’ਗੁਜਰਦੇ ਹਨ।
ਮੱਥੇ ਤੇ ਹੱਥ ਰੱਖ ਕੇ ਸਿਰਫ ਕਿਸਮਤ ਦੀਆਂ ਲਕੀਰਾਂ ਨੂੰ ਕੋਸਣ ਵਾਲੇ ਤਾਂ ਕਾਇਰ ਹੀ ਹੁੰਦੇ ਹਨ।
ਕਿਸੇ ਨੇ ਠੀਕ ਹੀ ਕਿਹਾ ਹੈ ਕਿ “ਕੋਈ ਸ਼ਿਕਵਾਂ ਨਾ ਕਰ ਹੱਥਾ ਦੀਆਂ ਲਕੀਰਾਂ ਤੇ ਐ ਬੰਦੇ,ਕਿਸਮਤ ਤੇ ਉਸਦੀ ਵੀ ਹੁੰਦੀ ਹੈ ਜਿਹਨਾਂ ਦੇ ਹੱਥ ਨਹੀਂ ਹੁੰਦੇ”।
ਜਾਨਵਰਾਂ ਦੇ ਬੱਚੇ ਵੀ ਡਿੱਗ ਕੇ ਉੱਠਣਾ ਤੇ ਉੱਠ ਕੇ ਚੱਲਣਾ ਸਿੱਖਦੇ ਹਨ ਪਰ ਜੇ ਇਹ ਸੋਚ ਕੇ ਬੈਠ ਜਾਣ ਕਿ ਉਹ ਉੱਡ ਨਹੀਂ ਸਕਦੇ ਤਾਂ ਉਹਨਾਂ ਦੇ ਖੰਭ ਹੁੰਦਿਆਂ ਹੋਇਆਂ ਵੀ ਉਡਾਰੀ ਨਹੀਂ ਲਾ ਸਕਣਗੇ।ਹੌਸਲੇ ਦੇ ਜੋਰ ਨਾਲ ਹੀ ਖੰਭਾਂ ਨੇ ਉਡਾਰੀ ਮਾਰਨੀ ਹੈ।ਇਨਸਾਨ ਨੂੰ ਤਾਂ ਫਿਰ ਵੀ ਪ੍ਰਮਾਤਮਾ ਨੇ ਸਭ ਪ੍ਰਾਣੀਆਂ ਤੋਂ ਵੱਖਰੀ ਸੋਚ ਦਿੱਤੀ ਹੈ ਜੋ ਆਸਮਾਨ ਛੂਹ ਸਕਦੀ ਹੈ।
“ਮੰਜ਼ਿਲ ਭੀ ਉਨਹੀ ਕੋ ਮਿਲਤੀ ਹੈ ਜਿਨਕੇ ਸਪਨੋਂ ਮੇ ਜਾਨ ਹੋਤੀ ਹੈ।ਸਿਰਫ ਪੰਖੋ ਸੇ ਕੁਛ ਨਹੀਂ ਹੋਤਾ ਦੋਸਤੋ ਹੋਸਲੇ ਮੇਂ ਉਡਾਨ ਹੋਤੀ ਹੈ”।
ਅੱਜਕੱਲ੍ਹ ਦੀ ਤੇਜ਼ ਰਫਤਾਰ ਦੀ ਜਿੰਦਗੀ ਵਿੱਚ ਯੋਜਨਾਬੰਦੀ ਬਹੁਤ ਜ਼ਰੂਰੀ ਹੈ ਭਾਵੇ ਉਹ ਕਿਸੇ ਵੀ ਪੱਖ ਦੀ ਹੋਵੇ।ਬਿਨ੍ਹਾ ਯੋਜਨਾ ਤੋਂ ਇੱਕ ਦਿਸ਼ਾਹੀਣ ਜਹਾਜ਼ ਦੀ ਤਰ੍ਹਾਂ ਕਦੀ ਵੀ ਆਪਣੀ ਮਿਥੀ ਹੋਈ ਮੰਜਿਲ ‘ਤੇ ਨਹੀਂ ਪਹੁੰਚਿਆ ਜਾ ਸਕਦਾ।ਕਹਿੰਦੇ ਹਨ ਕਿ “ਠੀਕ ਢੰਗ ਨਾਲ ਦੌੜ ਰਿਹਾ ਲੰਗੜਾ ਗਲਤ ਢੰਗ ਨਾਲ ਦੌੜ ਰਹੇ ਦੌੜਾਕ ਨੂੰ ਵੀ ਪਿੱਛੇ ਛੱਡ ਸਕਦਾ ਹੈ”।
ਸੰਘਰਸ਼ੀ ਨੂੰ ਹਮੇਸ਼ਾ ਪੌੜੀਆਂ ਦੀ ਤਰ੍ਹਾਂ ਉਦੇਸ਼ ਵੱਲ ਵਧਦੇ ਰਹਿਣਾ ਚਾਹੀਦਾ ਹੈ ਜੋ ਇੱਕ ਇੱਕ ਕਰਕੇ ਅਖ਼ੀਰ ਉਪਰ ਪਹੁੰਚ ਹੀ ਜਾਂਦੀਆਂ ਹਨ।ਪਰ ਕਿਸਮਤ ਇੱਕ ਲਿਫਟ ਦੀ ਤਰ੍ਹਾਂ ਹੈ ਜਿਸ ਤੇ ਮਕਸਦ ਦੀ ਪੂਰਤੀ ਦਾ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ ਕਿ ਕਦੋਂ ਰੁਕ ਜਾਵੇ ਕਿਉਂਕਿ ਲਿਫਟ ਹਮੇਸ਼ਾ ਬਿਜਲੀ ਦਾ ਸਹਾਰਾ ਲੈ ਕੇ ਚਲਦੀ ਹੈ ਤੇ ਸਹਾਰਾ ਲੈਣ ਵਾਲਾ ਮਨੁੱਖ ਡਾਵਾਂ ਡੋਲ ਹੀ ਰਹਿੰਦਾ ਹੈ।ਮਿਹਨਤ ਏਨੀ ਕਰੋ ਕਿ ਰੱਬ ਵੀ ਸੋਚੇ ਕਿ ਮੈਂ ਇਸਦੀ ਕਿਸਮਤ ਵਿੱਚ ਕੀ ਲਿਖਿਆ ਸੀ ਤੇ ਇਸ ਨੇ ਕੀ ਲਿਖਵਾ ਲਿਆ।
“ਖੁਦੀ ਕੋ ਕਰ ਬੁਲੰਦ ਇਤਨਾਂ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੂਛੇ ਕਿ ਬਤਾ ਤੇਰੀ ਰਜ਼ਾ ਕਿਆ ਹੈ”।(ਇਕਬਾਲ)
ਜਿੰਦਗੀ ਨਾਲ ਸੰਘਰਸ਼ ਕਰਕੇ ਆਪਣੀ ਮਿਹਨਤ ਸਦਕਾ ਐਸਾ ਮੀਲ ਪੱਥਰ ਕਾਇਮ ਕਰੋ ਕਿ ਲੋਕਾਂ ਲਈ ਉਦਾਹਰਣ ਬਣ ਜਾਵੇ।ਆਪਣੇ ਉਦੇਸ਼ ਦੀ ਪ੍ਰਾਪਤੀ ਦੇ ਜਗਿਆਸੂ ਲੋਕਾਂ ਲਈ ਇਹੀ ਕਿਹਾ ਜਾ ਸਕਦਾ ਹੈ ਕਿ “ਜੇ ਰਸਤੇ ਵਿੱਚ ਕਠਨਾਈਆਂ ਨੇ,ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ ਜਿਹਨਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ,ਉਹਨਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ”।

ਸ਼ਿਨਾਗ ਸਿੰਘ ਸੰਧੂ , ਸ਼ਮਿੰਦਰ ਕੌਰ ਰੰਧਾਵਾ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
ਮੋ: 97816-93300

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: